You’re viewing a text-only version of this website that uses less data. View the main version of the website including all images and videos.
ਯੁਵਰਾਜ ਦਾ ਸੰਨਿਆਸ : ਜਦੋਂ ਯੁਵਰਾਜ, ਨਵਜੋਤ ਸਿੱਧੂ ਦੇ ਟੈਸਟ ਵਿਚ ਫ਼ੇਲ੍ਹ ਹੋ ਗਿਆ ਸੀ
ਕ੍ਰਿਕਟਰ ਯੁਵਰਾਜ ਸਿੰਘ ਨੇ ਕੌੰਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਮੁੰਬਈ ਵਿੱਚ ਪ੍ਰੈੱਸ ਕਾਨਫਰੰਸ ਜ਼ਰੀਏ ਸੰਨਿਆਸ ਲੈਣ ਦਾ ਐਲਾਨ ਕੀਤਾ।
ਯੁਵਰਾਜ ਨੇ 40 ਟੈਸਟ ਮੈਚ ਅਤੇ 304 ਵਨ ਡੇਅ ਮੈਚ ਖੇਡੇ ਹਨ। ਯੁਵਰਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਕ੍ਰਿਕਟ ਤੋਂ ਸਭ ਕੁਝ ਮਿਲਿਆ ਹੈ।
ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਕ੍ਰਿਕਟ ਨੇ ਮੈਨੂੰ ਕਈ ਦੋਸਤ ਤੇ ਸੀਨੀਅਰ ਦਿੱਤੇ। "ਮੈਨੂੰ ਸਚਿਨ ਤੇਂਦੁਲਕਰ ਨਾਲ ਖੇਡਣ ਦਾ ਮੌਕਾ ਮਿਲਿਆ।"
ਇਹ ਵੀ ਜ਼ਰੂਰ ਪੜ੍ਹੋ:
ਯੁਵਰਾਜ ਨੇ ਪ੍ਰੈਸ ਕਾਨਫ਼ਰੰਸ ਵਿੱਚ ਕੀ ਕਿਹਾ
- ਮੈਂ ਕਦੇ ਹਾਰ ਨਹੀਂ ਮੰਨੀ
- 2011 ਵਰਲਡ ਕੱਪ ਇੱਕ ਸੁਪਨੇ ਜਿਹਾ ਰਿਹਾ
- ਮੇਰਾ ਖੇਡ ਨਾਲ ਲਵ-ਹੇਟ ਦਾ ਰਿਸ਼ਤਾ ਰਿਹਾ
- ਮੈਂ ਹੁਣ ਕੈਂਸਰ ਮਰੀਜ਼ਾਂ ਦੀ ਮਦਦ ਕਰਾਂਗਾ
- ਮੈਂ ਪਿਤਾ ਦਾ ਸੁਪਨਾ ਪੂਰਾ ਕੀਤਾ
ਜਦੋਂ ਸਿੱਧੂ ਨੇ ਯੁਵਰਾਜ ਨੂੰ ਫੇਲ੍ਹ ਕੀਤਾ
ਯੁਵਰਾਜ ਸਿੰਘ ਦੀ ਕ੍ਰਿਕਟ ਪ੍ਰਤਿਭਾ ਪਰਖ਼ਣ ਦੇ ਮੰਤਵ ਨਾਲ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਉਨ੍ਹਾਂ ਨੂੰ ਪਟਿਆਲਾ ਲੈ ਗਏ, ਜਿੱਥੇ ਯੁਵਰਾਜ ਸਿੰਘ ਨੇ ਨਵਜੋਤ ਸਿੰਘ ਨੂੰ ਖੇਡ ਕੇ ਦਿਖਾਉਣਾ ਸੀ।
ਯੁਵਰਾਜ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ, "ਜਦੋਂ ਮਹਾਰਾਣੀ ਕਲੱਬ ਵਿੱਚ ਸਿੱਧੂ ਮੇਰਾ ਮੁਲਾਂਕਣ ਕਰ ਰਹੇ ਸਨ ਤਾਂ ਮੈਂ ਪੂਰੀ ਤਰ੍ਹਾਂ ਸਹਿਜ ਨਹੀਂ ਸੀ। ਮੈਂ ਜਿਸ ਕਿਸਮ ਦਾ ਬੱਚਾ ਸੀ, ਆਪਣੇ ਹਿਸਾਬ ਨਾਲ ਸ਼ਾਟ ਖੇਡਦਾ ਸੀ, ਲੇਕਿਨ ਮੈਨੂੰ ਇਹ ਸਮਝ ਨਹੀਂ ਸੀ ਕਿ ਮੇਰਾ ਲਾਂਗ ਸਟੰਪ ਕਿੱਥੇ ਹੈ।”
“13 ਸਾਲਾਂ ਦੀ ਉਮਰ ਵਿੱਚ ਮੈਂ 13 ਸਾਲਾਂ ਦੇ ਬੱਚੇ ਵਰਗਾ ਹੀ ਸੀ, 13 ਸਾਲਾਂ ਦੇ ਸਚਿਨ ਤੇਂਦੂਲਕਰ ਵਰਗਾ ਨਹੀਂ ਸੀ।''
ਸਿੱਧੂ ਨੇ ਯੁਵਰਾਜ ਨੂੰ ਰਿਜੈਕਟ ਕਰ ਦਿੱਤਾ ਤੇ ਪਿਓ-ਪੁੱਤਰ ਵਾਪਸ ਚੰਡੀਗੜ੍ਹ ਆ ਗਏ।
ਇਸ ਤੋਂ ਪਹਿਲਾਂ ਯੁਵਰਾਜ ਨੂੰ ਸਕੇਟਿੰਗ ਦਾ ਸ਼ੌਂਕ ਸੀ ਤੇ ਉਨ੍ਹਾਂ ਨੇ 11 ਸਾਲ ਦੀ ਉਮਰ ਵਿੱਚ ਅੰਡਰ 14 ਸਟੇਟ ਟੂਰਨਾਮੈਂਟ ਵਿੱਚ ਸਪੀਡ ਸਕੇਟਿੰਗ ਕੰਪੀਟੀਸ਼ਨ ਵਿੱਚ ਗੋਲਡ ਮੈਡਲ ਵੀ ਜਿੱਤਿਆ।
ਪਿਤਾ ਨੇ ਵਗਾਹ ਕੇ ਮਾਰਿਆ ਗੋਲਡ ਮੈਡਲ
ਆਪਣੀ ਸਵੈ-ਜੀਵਨੀ 'ਦਿ ਟੈਸਟ ਆਫ਼ ਮਾਈ ਲਾਈਫ਼' ਵਿੱਚ ਯੁਵਰਾਜ ਸਿੰਘ ਲਿਖਦੇ ਹਨ, "ਉਸ ਸ਼ਾਮ ਮੇਰੇ ਪਿਤਾ ਬੁਰੀ ਤਰ੍ਹਾਂ ਗੁੱਸੇ ਵਿੱਚ ਸਨ। ਉਨ੍ਹਾਂ ਨੇ ਮੇਰੇ ਹੱਥੋਂ ਮੈਡਲ ਖੋਹ ਲਿਆ ਤੇ ਕਿਹਾ ਕਿ ਇਹ ਕੁੜੀਆਂ ਦੀ ਖੇਡ ਖੇਡਣੀ ਬੰਦ ਕਰ ਤੇ ਮੈਡਲ ਖੋਹ ਕੇ ਵਗਾਹ ਕੇ ਮਾਰਿਆ।"
ਉਨ੍ਹਾਂ ਦੇ ਪਿਤਾ ਯੁਵਰਾਜ ਨੂੰ ਇੱਕ ਹਰਫ਼ਲ ਮੌਲਾ ਕ੍ਰਿਕਟ ਖਿਡਾਰੀ ਬਣਾਉਣਾ ਚਾਹੁੰਦੇ ਸਨ। ਇਸ ਲਈ ਸਿੱਧੂ ਵੱਲੋਂ ਫੇਲ੍ਹ ਕੀਤੇ ਜਾਣ ਮਗਰੋਂ ਪਿਤਾ ਨੇ ਉਨ੍ਹਾਂ ਨੂੰ ਦਿੱਲੀ ਸਥਿਤ ਬਿਸ਼ਨ ਸਿੰਘ ਬੇਦੀ ਦੀ ਕ੍ਰਿਕਟ ਅਕੈਡਮੀ ਦੇ ਸਮਰ ਕੈਂਪ ਵਿੱਚ ਪਾ ਦਿੱਤਾ।
ਯੁਵਰਾਜ ਲਿਖਦੇ ਹਨ, "ਦਿੱਲੀ ਦੀ ਗਰਮੀ ਵਿੱਚ ਹਾਲਤ ਖ਼ਰਾਬ ਸੀ। ਉਹ ਤਾਂ ਭਾਅ ਜੀ ਦਾ ਭਲਾ ਹੋਵੇ ਕਿ ਉਹ ਅਗਲੇ ਸਾਲ ਕੈਂਪ ਹਿਮਾਚਲ ਦੇ ਚੈਹਲ ਲੈ ਗਏ। ਮੈਨੂੰ ਬਿਸ਼ਨ ਸਿੰਘ ਬੇਦੀ ਤੋਂ ਬਾਅਦ ਉੱਭਰਦੇ ਹੋਏ ਤੇਜ਼ ਗੇਦਬਾਜ਼ ਵਜੋਂ ਭੇਜਿਆ ਗਿਆ ਸੀ।”
“ਮੈਂ ਆਪਣੀ ਉਮਰ ਦੇ ਮੁੰਡਿਆਂ ਦੇ ਮੁਕਾਬਲੇ ਲੰਬਾ ਤੇ ਮਜ਼ਬੂਤ ਕੱਦ-ਕਾਠੀ ਦਾ ਸੀ। ਮੈਂ ਤੇਜ਼ ਗੇਂਦਬਾਜ਼ੀ ਦੀ ਕੋਸ਼ਿਸ਼ ਕਰਦਾ ਸੀ ਅਤੇ ਅੱਠਵੇਂ ਨੰਬਰ 'ਤੇ ਬੈਟਿੰਗ ਕਰਦਾ ਸੀ।"
ਜਦੋਂ ਬੇਦੀ ਨੇ ਮੈਨੂੰ ਗੇਂਦਬਾਜ਼ੀ ਕਰਦੇ ਦੇਖਿਆ ਤਾਂ ਉਹ ਚੀਖੇ—ਤੂੰ ਕੀ ਕਰ ਰਿਹਾ ਹੈਂ। ਉਨ੍ਹਾਂ ਨੂੰ ਪਹਿਲੀ ਨਜ਼ਰੇ ਹੀ ਪਤਾ ਲੱਗ ਗਿਆ ਕਿ ਤੇਜ਼ ਗੇਂਦਬਾਜ਼ ਬਣਨ ਦਾ ਮੇਰਾ ਆਈਡੀਆ ਗਲਤ ਸੀ। —ਤੂੰ ਸਿਮਰ ਨਹੀਂ ਬਣ ਸਕਦੇ। ਜਾਓ ਬੱਲੇਬਾਜ਼ੀ ਕਰੋ। ਮੈਨੂੰ ਨਹੀਂ ਲਗਦਾ ਕਿ ਉਸ ਸਮੇਂ ਉਨ੍ਹਾਂ ਨੂੰ ਜ਼ਰਾ ਵੀ ਅੰਦਾਜ਼ਾ ਹੋਵੇਗਾ ਕਿ ਇੱਕ ਦਿਨ ਮੈਂ ਖੱਬੇ ਹੱਥ ਦਾ ਕਫ਼ਾਇਤੀ ਗੇਂਦਬਾਜ਼ ਬਣਾਂਗਾ।"
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ