ਸੰਗਰੂਰ : ਫਤਿਹਵੀਰ ਦਾ ਅੰਤਿਮ ਸੰਸਕਾਰ, ਕਈ ਥਾਈਂ ਲੱਗੇ ਧਰਨੇ, ਸਿਤਾਰਿਆ ਨੇ ਵੀ ਜਤਾਈ ਨਰਾਜ਼ਗੀ

"ਲਹੂ ਦਾ ਰਿਸ਼ਤਾ ਤਾਂ ਨਹੀਂ ਸੀ, ਪਰ ਦਿਲ ਰੋਂਦਾ ਤੈਨੂੰ ਅਲਵਿਦਾ ਕਹਿਣ ਲੱਗਿਆਂ।"

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ਅੰਦਰ ਡਿੱਗੇ ਫ਼ਤਿਹਵੀਰ ਸਿੰਘ ਨੂੰ ਛੇ ਦਿਨ ਬਾਅਦ ਬਾਹਰ ਕੱਢਿਆ ਗਿਆ ਪਰ ਉਸ ਦੀ ਜਾਨ ਨਾ ਬਚਾਈ ਜਾ ਸਕੀ।

10 ਜੂਨ ਨੂੰ ਫ਼ਤਿਹਵੀਰ ਦਾ ਦੂਜਾ ਜਨਮ ਦਿਨ ਸੀ, ਪਰ ਇਸ ਤਾਰੀਖ਼ ਤੋਂ ਇੱਕ ਦਿਨ ਬਾਅਦ ਜਦੋਂ ਉਸ ਨੂੰ 100 ਫੁੱਟ ਡੂੰਘੇ ਬੋਰਵੈੱਲ ਵਿੱਚੋਂ ਕੱਢ ਕੇ ਚੰਡੀਗੜ੍ਹ ਦੇ ਪੀਜੀਆਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਨੇ ਦੱਸਿਆ ਕਿ ਫਤਿਹਵੀਰ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ।

ਫਤਿਹਵੀਰ ਨੂੰ ਬਚਾਉਣ ਵਿੱਚ ਨਾਕਾਮ ਹੋਣ 'ਤੇ ਲੋਕਾਂ ਨੇ ਰੋਸ ਵਜੋਂ ਬਠਿੰਡਾ-ਸੰਗਰੂਰ ਰੋਡ, ਪਟਿਆਲਾ-ਮਾਨਸਾ ਰੋਡ ਅਤੇ ਭਗਵਾਨਪੁਰਾ ਰੋਡ 'ਤੇ ਕਈ ਥਾਂਈ ਜਾਮ ਲਾ ਦਿੱਤਾ। ਲੌਂਗੋਵਾਲ ਕਸਬੇ ਦਾ ਬਜਾਰ ਵੀ ਬੰਦ ਹੈ।

ਇਸੇ ਤਰ੍ਹਾਂ ਸੁਨਾਮ ਵਿਚ ਵੀ ਲੋਕਾਂ ਨੇ ਬਜ਼ਾਰ ਅਤੇ ਸੜਕੀ ਆਵਾਜਾਈ ਨੂੰ ਠੱਪ ਕੀਤਾ । ਜਿਸ ਕਾਰਨ ਬੱਸਾ ਨੂੰ ਬਾਹਰੋਂ ਹੀ ਭੇਜਣਾ ਪੈ ਰਿਹਾ ਸੀ।

ਇਹ ਵੀ ਪੜ੍ਹੋ:

ਨਰਾਜ਼ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

ਸਿਤਾਰਿਆਂ ਨੇ ਜਤਾਇਆ ਦੁਖ

ਫ਼ਤਿਹਵੀਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ। ਕਈ ਪੰਜਾਬੀ ਕਲਾਕਾਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟਸ 'ਤੇ ਫ਼ਤਿਹਵੀਰ ਦੀ ਤਸਵੀਰ ਸਾਂਝੀ ਕਰਕੇ ਦੁੱਖ ਜਾਹਿਰ ਕੀਤਾ ਹੈ।

ਦਿਲਜੀਤ ਦੁਸਾਂਝ ਨੇ ਫ਼ਤਿਹਵੀਰ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, "ਓ ਵਾਹਿਗੁਰੂ, ਫ਼ਤਿਹਵੀਰ ਸਿੰਘ ਤੇਰੀ ਆਤਮਾ ਨੂੰ ਸ਼ਾਂਤੀ ਮਿਲੇ।"

ਗਾਇਕ ਕੁਲਵਿੰਦਰ ਬਿੱਲਾ ਨੇ ਲਿਖਿਆ, "ਅਲਵਿਦਾ ਫ਼ਤਿਹ ਸਿਆਂ ਮੁਆਫ਼ ਕਰੀਂ, ਤੇਰੇ ਨਾਲ ਲਹੂ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ ਪਰ ਅੱਜ ਦਿਲ ਰੋਂਦਾ ਤੈਨੂੰ ਅਲਵਿਦਾ ਕਹਿਣ ਲੱਗਿਆਂ।"

"ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾ ਕਰੇ। ਪਰਾਮਤਾ ਸਭ ਦੇ ਬੱਚਿਆਂ ਨੂੰ ਹੱਸਦਿਆਂ-ਵਸਦਿਆਂ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਬਖ਼ਸ਼ੇ ਅਤੇ ਉਹਨਾਂ ਦਾ ਵਿਹੜਾ ਇਹਨਾਂ ਅਨਮੁੱਲੇ ਹੀਰਿਆਂ ਨਾਲ ਸਜਿਆ ਰਹੇ। ਲੱਖ ਲਾਹਨਤਾਂ ਉਸ ਡਿਜੀਟਲ ਸਿਸਟਮ ਦੇ ਜੋ ਤੇਰੇ ਕੰਮ ਨਾਂ ਆ ਸਕਿਆ।"

ਗਾਇਕਾ ਕੌਰ ਬੀ ਨੇ ਲਿਖਿਆ, "ਮੈਂ ਜਿੰਦਗੀ ਵਿੱਚ ਬਹੁਤ ਮਾੜੇ ਟਾਈਮ ਵੇਖੇ ਪਰ ਕਦੀ ਇੰਨਾ ਕਮਜ਼ੋਰ ਮਹਿਸੂਸ ਨਹੀਂ ਹੋਇਆ ਜਿੰਨਾ ਹੁਣ ਹੋ ਰਿਹਾ ਤੇ ਉਹਨਾਂ ਦਾ ਕੀ ਹਾਲ ਹੋਊ ਜਿਨ੍ਹਾਂ ਦੇ ਘਰ ਇਹ ਸਭ ਹੋ ਗਿਆ।"

"ਸਮਾਂ ਪਾ ਕੇ ਸਭ ਕੁਝ ਠੀਕ ਹੋ ਜਾਣਾ ਪਰ ਇਹ ਦੁੱਖ ਉਹ ਹੀ ਸਮਝ ਸਕਦੇ ਹਨ ਜਿਨ੍ਹਾਂ ਨੂੰ ਲੱਗਿਆ। ਅਰਦਾਸ ਉਹ ਸੱਚੇ-ਪਾਤਸ਼ਾਹ ਅੱਗੇ ਇਹ ਬੱਚਾ ਇਹੀ ਮਾਂ ਦੇ ਘਰ ਫਿਰ ਜਨਮ ਲਵੇ।"

ਇਹ ਵੀ ਪੜ੍ਹੋ:

ਗਿੱਪੀ ਗਰੇਵਾਲ ਨੇ ਲਿਖਿਆ, "ਰੂਹ ਨੂੰ ਸ਼ਾਂਤੀ ਮਿਲੇ ਫਤਿਹਵੀਰ, ਪਰ ਜਿੰਮੇਵਾਰ ਕੌਣ ਹੈ?"

ਮਿਸ ਪੂਜਾ ਨੇ ਲਿਖਿਆ ਹੈ, "ਦਿਲ ਤੋੜਨ ਵਾਲਾ! ਇਹ ਨਹੀਂ ਵਾਪਰਨਾ ਚਾਹੀਦਾ ਸੀ, ਰੂਹ ਨੂੰ ਸ਼ਾਂਤੀ ਮਿਲੇ।"

ਸ਼ੈਰੀ ਮਾਨ ਨੇ ਲਿਖਿਆ, "ਰੂਹ ਨੂੰ ਸ਼ਾਂਤੀ ਮਿਲੇ ਫ਼ਤਿਹਵੀਰ, ਪੰਜਾਬ ਲਈ ਸਭ ਤੋਂ ਦੁਖਾਂਤ ਭਰਿਆ ਦਿਨ।"

ਗੁਰਪ੍ਰੀਤ ਘੁੱਗੀ ਨੇ ਲਿਖਿਆ, "ਬਹੁਤ ਦੁੱਖਦਾਈ ਹੈ ਫੁੱਲ ਵਰਗੇ ਬੱਚੇ ਫਤਿਹਵੀਰ ਦਾ ਦੁਨੀਆਂ ਤੋਂ ਤੁਰ ਜਾਣਾ, ਆਮ ਲੋਕਾਂ ਦੀਆਂ ਖੁੱਲ੍ਹੇ ਬੋਰਵੈੱਲ ਵਰਗੀਆਂ ਲਾ-ਪਰਵਾਹੀਆਂ ਅਤੇ ਪ੍ਰਸ਼ਾਸਨ ਦੀ ਨਾ-ਕਾਬਲੀਅਤ ਬਹੁਤ ਅਫ਼ਸੋਸ ਵਾਲੀ ਗੱਲ ਹੈ।"

ਫ਼ਤਿਹਵੀਰ ਦੀ ਤਸਵੀਰ ਸਾਂਝੀ ਕਰਦਿਆਂ ਗਾਇਕ ਪ੍ਰੀਤ ਹਰਪਾਲ ਲਿਖਦੇ ਹਨ, "ਮਾਫ਼ ਕਰੀਂ ਪੁੱਤ।"

ਗਾਇਕ ਗਗਨ ਕੋਕਰੀ ਨੇ ਲਿਖਿਆ, "ਫ਼ਤਿਹਵੀਰ ਲਈ ਬਹੁਤ ਅਫ਼ਸੋਸ ਹੋ ਰਿਹਾ ਹੈ। ਕਾਸ਼ ਸਾਡੇ ਕੋਲ ਇਸ ਰੂਹ ਨੂੰ ਬਚਾਉਣ ਲਈ ਉਚਿਤ ਬਚਾਅ ਯੁਨਿਟ ਹੁੰਦੀ ਅਤੇ ਹੁਣ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਇਸ ਘਟਨਾ ਤੋਂ ਕੁਝ ਸਿੱਖੇ ਅਤੇ ਅਜਿਹੇ ਦੁਖਾਂਤ ਟਾਲਣ ਲਈ ਕੁਝ ਚੰਗੀਆਂ ਬਚਾਅ ਯੁਨਿਟਸ ਲਿਆਵੇ। ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ ਪਰਿਵਾਰ ਨੂੰ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)