ਗਿਰੀਸ਼ ਕਰਨਾਡ ਨੇ ਜਦੋਂ ਐਮਰਜੈਂਸੀ ਵੇਲੇ ਹਾਕਮ ਧਿਰ ਦੇ ਆਗੂਆਂ ਪੱਖੀ ਫ਼ਿਲਮਾਂ ਬਣਾਉਣ ਤੋਂ ਇਨਕਾਰ ਕੀਤਾ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਗਿਰੀਸ਼ ਕਰਨਾਡ ਨੂੰ ਨਾਟਕਕਾਰ, ਲੇਖਕ ਅਤੇ ਨਿਰਦੇਸ਼ਕ ਵਜੋਂ ਜਾਣਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਨਾ ਸਿਰਫ਼ ਕਰਨਾਟਕ ਸਗੋਂ ਦੇਸ ਵਿੱਚ 'ਅੰਤਰਆਤਮਾ ਦੀ ਆਵਾਜ਼ ਸੁਣਨ' ਵਾਲੇ ਦੇ ਰੂਪ ਵਿੱਚ ਜਾਣਿਆ ਜਾਂਦਾ ਰਿਹਾ ਹੈ।

ਇਸ ਦਾ ਕਾਰਨ ਇਹ ਹੈ ਕਿ ਹਾਲ ਦੇ ਕੁਝ ਸਾਲਾਂ ਦੌਰਾਨ ਕਈ ਮੁੱਦਿਆਂ ਤੇ ਉਨ੍ਹਾਂ ਨੇ ਵੱਖਰਾ ਰੁੱਖ ਰੱਖਿਆ। ਫਿਰ ਚਾਹੇ ਉਹ 18ਵੀਂ ਸਦੀ ਦੇ ਟੀਪੂ ਸੁਲਤਾਨ ਦਾ ਮੁੱਦਾ ਰਿਹਾ ਹੋਵੇ ਜਾਂ ਨੋਬਲ ਜੇਤੂ ਸਾਹਿਤਕਾਰ ਵੀਐੱਸ ਨਾਈਪੌਲ ਦਾ ਜਾਂ ਫਿਰ 'ਅਰਬਨ ਨਕਸਲ'।

ਇਸੇ ਕਾਰਨ ਸੋਸ਼ਲ ਮੀਡੀਆ ਤੇ ਕਈ ਲੋਕ ਉਨ੍ਹਾਂ ਦੇ ਆਲੋਚਕ ਅਤੇ ਸਖ਼ਤ ਰੁੱਖ ਲਫ਼ਜ਼ਾ ਦੀ ਵਰਤੋਂ ਰਹੇ ਹਨ।

ਪਰ ਸੱਚ ਤਾਂ ਇਹ ਹੈ ਕਿ ਗਿਰੀਸ਼ ਕਰਨਾਡ ਅਜਿਹੇ ਬੁੱਧੀਜੀਵੀ ਸਨ ਜਿਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ।

ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਆਪਣੇ ਢੰਗ ਨਾਲ ਪੇਸ਼ ਕਰਨ ਵਿੱਚ ਕੋਈ ਗੁਰੇਜ ਨਹੀਂ ਕੀਤਾ, ਫਿਰ ਭਾਵੇਂ ਉਹ ਦੇਸ ਦਾ ਸ਼ਾਸਨ ਚਲਾਉਣ ਵਾਲੀ ਕਾਂਗਰਸ ਦੀ ਸਰਕਾਰ ਹੋਵੇ ਜਾਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਐੱਨਡੀਏ ਸਰਕਾਰ।

ਐਮਰਜੈਂਸੀ ਦਾ ਵਿਰੋਧ

ਅਸਲ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸਖ਼ਤ ਰੁੱਖ 44 ਸਾਲ ਪਹਿਲਾਂ ਅਪਣਾਇਆ ਸੀ ਜਦੋਂ ਉਹ ਫਿਲਮ ਅਤੇ ਟੈਲੀਵਿਜ਼ਨ ਇੰਸਚੀਟਿਊਸ ਆਫ ਇੰਡੀਆ (FTI) ਦੇ ਨਿਰਦੇਸ਼ਕ ਸਨ।

ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਐਫ਼ਟੀਆਈਆਈ ਦੇ ਨਿਦੇਸ਼ਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ:

ਐਮਰਜੈਂਸੀ ਐਲਾਨੇ ਜਾਣ ਤੋਂ ਤੁਰੰਤ ਬਾਅਦ ਉਸ ਵੇਲੇ ਦੀ ਸਰਕਾਰ ਦੇ ਆਗੂਆਂ ਦੀ ਪ੍ਰਸ਼ੰਸਾ 'ਚ ਉਨ੍ਹਾਂ ਨੂੰ ਫਿਲਮਾਂ ਬਣਾਉਣ ਲਈ ਕਿਹਾ ਗਿਆ ਸੀ। ਪਰ ਉਨ੍ਹਾਂ ਨੇ ਇਨਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ 17 ਸਾਲਾਂ ਬਾਅਦ ਸੈਂਟਰਲ ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਵਜੋਂ ਫਿਰਕੂ ਸੰਦਭਾਵਨਾ ਲਈ ਆਯੁੱਧਿਆ 'ਚ ਇੱਕ ਕਾਨਫਰੰਸ ਕਰਵਾਈ।

ਅਜਿਹਾ ਉਨ੍ਹਾਂ ਨੇ ਉਦੋਂ ਕੀਤਾ ਸੀ ਜਦੋਂ ਉਹ ਵਾਜਪੇਈ ਅਤੇ ਰਥ ਯਾਤਰਾ ਦੀ ਅਗਵਾਈ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਨਿੱਜੀ ਤੌਰ ਤੇ ਜਾਣਦੇ ਸਨ।

ਮਸ਼ਹੂਰ ਕੰਨੜ ਲੇਖਕ ਅਤੇ ਕਰਨਾਟਕ ਨਾਟਕ ਅਕਾਦਮੀ ਕੇ ਸਾਬਕਾ ਚੇਅਰਮੈਨ ਮਾਰੂਲਾਸਿਧੱਪਾ ਨੇ ਬੀਬੀਸੀ ਨੂੰ ਦੱਸਿਆ, "ਉਸ ਵੇਲੇ ਅਜੋਕੇ ਸਮੇਂ ਵਾਂਗ ਨਫ਼ਰਤ ਦਾ ਦੌਰ ਨਹੀਂ ਸੀ ਪਰ ਫਿਰ ਵੀ ਉਹ ਸਦਭਾਵਨਾ ਦੇ ਪੱਕੇ ਪੈਰੋਕਾਰ ਸਨ।"

ਕਰਨਾਰਡ ਦੀ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧਤਾ ਵੱਡੇ ਪੈਮਾਨੇ 'ਤੇ ਸੀ। ਉਨ੍ਹਾਂ ਦੇ ਇਤਿਹਾਸ ਦੇ ਡੂੰਘੇ ਅਧਿਐਨ ਦਾ ਵਿਸਥਾਰ ਸੀ। ਜਿੱਥੇ ਉਨ੍ਹਾਂ ਨੇ ਚਿੰਤਨ ਕੀਤਾ ਅਤੇ ਤੁਗ਼ਲਕ, ਡਰੀਮ ਆਫ ਟੀਪੂ ਸੁਲਤਾਨ (ਮੂਲ ਰੂਪ 'ਚ ਬੀਬੀਸੀ ਰੇਡੀਓ ਲਈ), ਤਾਲੇ ਡੰਡਾ ਅਤੇ ਰਕਸ਼ਾ ਤਾਗੜੀ ਵਰਗੇ ਨਾਟਕ ਲਿਖੇ।

ਰੰਗਮੰਚ ਵਿੱਚ ਕ੍ਰਾਂਤੀ

ਕੰਨੜ ਲੇਖਕ ਮਲਿਕਾ ਘਾਂਟੀ ਦਾ ਕਹਿਣਾ ਹੈ, "ਉਨ੍ਹਾਂ ਨੇ ਆਪਣੇ ਨਾਟਕਾਂ ਲਈ ਅਤੇ ਰੰਗਮਚ 'ਤੇ ਕ੍ਰਾਂਤੀ ਪੈਦਾ ਕਰਨ ਲਈ ਇਤਿਹਾਸਕ ਅਤੇ ਮਿੱਥਕ ਵਿਸ਼ਿਆਂ ਦੀ ਵਰਤੋਂ ਕੀਤੀ।"

"ਪਰ ਅਜੋਕਾ ਸੱਭਿਆਚਾਰ, ਸਮਾਜ, ਸਿਆਸੀ ਹਾਲਾਤ ਉਹ ਨਹੀਂ ਹਨ ਜੋ ਉਨ੍ਹਾਂ ਨੇ ਦੇਖੇ ਸਨ। ਇਸ ਲਈ ਉਠਣ ਵਾਲੀਆਂ ਆਵਾਜ਼ਾਂ ਦੀ ਗਿਣਤੀ ਘੱਟ ਗਈ। ਕਰਨਾਰਡ ਹਾਲਾਂਕਿ ਇੱਕ ਇਤਿਹਾਸਕ ਹਸਤੀ ਹਨ। ਇਸ ਬਾਰੇ ਸਮਕਾਲੀ ਅਤੇ ਆਲੋਚਕ ਹਮੇਸ਼ਾ ਸਹਿਮਤ ਰਹਿਣਗੇ। ਉਨ੍ਹਾਂ ਨੇ ਕਰਨਾਟਕ ਦੀ ਆਤਮਾ ਵਜੋਂ ਕੰਮ ਕੀਤਾ ਹੈ।"

ਇਸ ਤਰ੍ਹਾਂ ਉਨ੍ਹਾਂ ਨੇ ਸਾਲ 2003 ਵਿੱਚ ਚਿਕਮੰਗਲੂਰ ਵਿੱਚ ਲੇਖਕਾਂ ਦੇ ਇੱਕ ਸਮੂਹ ਦੀ ਅਗਵਾਈ ਕੀਤੀ, ਜਿਸ ਨੇ ਬਾਬਾਬੁੰਦਗਿਰੀ ਪਹਾੜੀਆਂ 'ਤੇ ਬਣੇ ਤੀਰਥ ਅਸਥਾਨ 'ਤੇ ਦੱਤਾਤ੍ਰੇਅ ਦੀ ਮੂਰਤੀ ਸਥਾਪਿਤ ਕਰਨ ਦੇ ਸੰਘ ਪਰਿਵਾਰ ਦੇ ਯਤਨਾਂ ਦਾ ਵਿਰੋਧ ਕੀਤਾ ਸੀ।

ਸ਼੍ਰੀ ਗੁਰੂ ਦੱਤਾਰਾਏ ਬਾਬਾਬੁਦਨ ਸਵਾਮੀ ਦਰਗਾਹ ਦੇ ਸਮਕਾਲੀ ਮੰਦਿਰ ਵਿੱਚ ਮੁਸਲਮਾਨ ਅਤੇ ਹਿੰਦੂ ਦੋਵੇਂ ਧਰਮਾਂ ਦੇ ਸ਼ਰਧਾਲੂ ਆਉਂਦੇ ਸਨ। ਪਰ ਸੰਘ ਪਰਿਵਾਰ ਉੱਥੇ ਦੱਤਾਰਾਏ ਦੀ ਮੂਰਤੀ ਸਥਾਪਤ ਕਰਨਾ ਚਾਹੁੰਦਾ ਸੀ ਅਤੇ ਇਸ ਨੂੰ ਹਿੰਦੂ ਧਾਰਮਿਕ ਸਥਾਨ ਕਹਿਣਾ ਚਾਹੁੰਦਾ ਸੀ।

ਕੇਂਦਰੀ ਸਾਹਿਤ ਅਕਾਦਮੀ ਲਈ ਕਰਨਾਰਡ ਦੀ ਦਸਤਾਵੇਜੀ ਫ਼ਿਲਮ ਪ੍ਰੋਡਿਊਸ ਕਰਨ ਵਾਲੇ ਚੈਤੰਨਿਆ ਕੇਐਸ ਕਹਿੰਦੇ ਹਨ, "ਅਸੀਂ ਮਹਿਸੂਸ ਕੀਤਾ ਸੀ ਕਿ ਤਤਕਾਲੀ ਸਰਕਾਰ (ਕਾਂਗਰਸ) ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ।"

"ਅਸੀਂ ਸਾਰਿਆਂ ਨੇ ਉੱਥੇ ਜਾਣ ਦਾ ਫੈਸਲਾ ਕੀਤਾ ਪਰ ਪੁਲਿਸ ਨੇ ਕਿਹਾ ਕਿ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ। ਉਦੋਂ ਕਰਨਾਰਡ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ।"

ਚੈਤੰਨਿਆ ਨੇ ਕਿਹਾ, "ਮੈਂ ਉਨ੍ਹਾਂ ਨੂੰ ਬਾਅਦ ਵਿੱਚ ਪੁੱਛਿਆ ਕਿ ਉਹ ਗ੍ਰਿਫ਼ਤਾਰੀ ਲਈ ਰਾਜ਼ੀ ਕਿਉਂ ਹੋ ਗਏ। ਉਨ੍ਹਾਂ ਮੈਨੂੰ ਕਿਹਾ ਕਿ ਸਾਡੇ ਵਿਰੋਧ ਦਾ ਮੂਲ ਆਧਾਰ ਹੈ ਕਿ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ।"

"ਜੋ ਲੋਕ ਧਾਰਮਿਕ ਅਸਥਾਨ 'ਤੇ ਹੰਗਾਮਾ ਕਰ ਰਹੇ ਹਨ, ਉਹ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ। ਇਸੇ ਤਰ੍ਹਾਂ ਸਾਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਦੇਸ ਦੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।"

ਲੇਖਕ ਰਹਿਮਤ ਤਾਰੀਕੇਰੇ ਮੁਤਾਬਕ, "ਉਹ ਰਵਾਇਤੀ ਸਾਂਚੇ ਵਿੱਚ ਬਣੇ ਕਾਰਕੁਨ ਨਹੀਂ ਸਨ। ਮੌਲਿਕ ਤੌਰ 'ਤੇ ਤਾਂ ਕਰਨਾਰਡ ਅਜਿਹੇ ਸਮਾਜਿਕ ਨਾਗਰਿਕ ਸਨ ਜੋ ਕਿ ਉਤੇਜਿਤ ਲੋਕਤੰਤਰ ਵਿੱਚ ਯਕੀਨ ਰੱਖਦੇ ਸਨ। ਉਹ ਹਰ ਉਸ ਸ਼ਾਸਨ ਦਾ ਵਿਰੋਧ ਕਰਦੇ ਸਨ ਜੋ ਕਿ ਪਿੱਛੇ ਵੱਲ ਧੱਕਦੀ ਸੀ।"

ਕਰਨਾਟਕ ਕਮਿਊਨਲ ਹਾਰਮਨੀ ਫੋਰਮ ਦੇ ਪ੍ਰੋ. ਵੀਐਸ ਸ੍ਰੀਧਰ ਮੁਤਾਬਕ, "ਸਮਾਜ ਵਿੱਚ ਜੋ ਵੀ ਹੋ ਰਿਹਾ ਸੀ ਉਨ੍ਹਾਂ ਹਮੇਸ਼ਾ ਉਸ 'ਤੇ ਪ੍ਰਤੀਕਰਮ ਦਿੱਤਾ। ਉਹ ਯਕੀਨੀ ਤੌਰ 'ਤੇ ਸਮਾਜ ਦੇ ਹਿੰਦੂਕਰਨ ਵਿਰੁੱਧ ਸਨ।''

ਨੋਬਲ ਜੇਤੂ ਲੇਖਕ ਦਾ ਵਿਰੋਧ

ਪਰ ਉਹ ਸਿਰਫ਼ ਮੌਜੂਦਾ ਸ਼ਾਸਨ ਪ੍ਰਬੰਧ ਦੇ ਆਲੋਚਕ ਹੀ ਨਹੀਂ ਸਨ। ਕੁਝ ਸਾਲ ਪਹਿਲਾਂ ਮੁੰਬਈ ਦੇ ਲਿਟਰੇਚਰ ਫੈਸਟੀਵਲ ਦੌਰਾਨ ਉਨ੍ਹਾਂ ਨੇ ਪ੍ਰਬੰਧਕਾਂ ਦੀ ਆਲੋਚਨਾ ਕੀਤੀ।

ਉਨ੍ਹਾਂ ਨੋਬਲ ਐਵਾਰਡ ਜੇਤੂ ਵੀਐਸ ਨਾਇਪੋਲ ਨੂੰ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਦਾ ਸਨਮਾਨ ਦੇਣ ਲਈ ਆਲੋਚਨਾ ਕੀਤੀ।

ਉਦੋਂ ਕਰਨਾਰਡ ਦੇ ਹਵਾਲੇ ਨਾਲ ਕਿਹਾ ਗਿਆ ਸੀ, "ਬੇਸ਼ੱਕ ਉਹ (ਨਾਈਪੌਲ) ਅੰਗਰੇਜ਼ੀ ਦੇ ਉੱਘੇ ਲੇਖਕਾਂ ਵਿੱਚੋਂ ਇੱਕ ਹਨ। ਪਰ 'ਇੰਡੀਆ- ਅ ਵੂੰਡੇਡ ਸਿਵੀਲਾਈਜ਼ੇਸ਼ਨ' ਕਿਤਾਬ ਲਿਖਣ ਤੋਂ ਲੈ ਕੇ ਉਨ੍ਹਾਂ ਨੇ ਮੁਸਲਮਾਨਾਂ ਦਾ ਵਿਰੋਧ ਕਰਨ ਦਾ ਕਦੇ ਵੀ ਇੱਕ ਵੀ ਮੌਕਾ ਨਹੀਂ ਛੱਡਿਆ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਮੁਸਲਮਾਨਾਂ ਨੇ 5 ਸਦੀਆਂ ਤੱਕ ਭਾਰਤ ਉੱਤੇ ਤਸ਼ਦਦ ਕੀਤਾ।"

ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਕਰਨਾਰਡ ਨੇ ਇੱਕ ਆਨਲਾਈਨ ਵੈਬਸਾਈਟ 'ਤੇ ਇੱਕ ਇੰਟਰਵਿਊ ਦੌਰਾਨ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਚਲਾਉਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 'ਕਮਜ਼ੂਰ ਦਿਲਵਾਲਾ' ਕਿਹਾ ਸੀ।

ਪਿਛਲੇ ਸਾਲ ਗੌਰੀ ਲੰਕੇਸ਼ ਦੀ ਪਹਿਲੀ ਬਰਸੀ ਮੌਕੇ ਕਰਨਾਰਡ ਨੇ ਮੌਨ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਤਖ਼ਤਾ ਪਾਇਆ ਹੋਇਆ ਸੀ। ਉਸ ਤੇ ਲਿਖਿਆ ਸੀ, "#Metoo ਅਰਬਨ ਨਕਸਲ"।

ਉਨ੍ਹਾਂ ਦਾ ਤਰਕ ਬਿਲਕੁਲ ਸਾਫ਼ ਸੀ, "ਜੇ ਖਿਲਾਫ਼ ਬੋਲਣ ਦਾ ਮਤਲਬ ਹੈ ਨਕਸਲ ਤਾਂ ਮੈਂ ਵੀ ਅਰਬਨ ਨਕਸਲ ਹਾਂ।"

ਚੈਤੰਨਿਆ ਨੇ ਕਿਹਾ, "ਇੱਕ ਜਨਤਕ ਬੁੱਧੀਜੀਵੀ ਹੋਣ ਕਾਰਨ ਉਨ੍ਹਾਂ ਨੇ ਕਿਸੇ ਵੀ ਸਿਆਸੀ ਪਾਰਟੀ ਦਾ ਪੱਖ ਨਹੀਂ ਲਿਆ। ਸੱਤਾ ਵਿੱਚ ਕੋਈ ਵੀ ਹੋਵੇ ਉਨ੍ਹਾਂ ਨੇ ਆਲੋਚਨਾ ਦੀ ਨਜ਼ਰ ਨਾਲ ਦੇਖਿਆ।''

ਰਹਿਮਤ ਦਾ ਕਹਿਣਾ ਹੈ ਕਿ ਯੂਆਰ ਅਨੰਥਮੂਰਤੀ ਅਤੇ ਪੀ ਲੰਕੇਸ਼ ਵਰਗੇ ਜਨਤਕ ਬੁੱਧੀਜੀਵੀਆਂ ਅਤੇ ਲੇਖਕਾਂ ਦੀ ਮੌਤ ਤੋਂ ਬਾਅਦ ਹਾਲ ਹੀ ਦੇ ਸਾਲਾਂ ਵਿੱਚ ਕਰਨਾਰਡ ਲੋਕਾਂ ਦੀਆਂ ਨਜ਼ਰਾਂ ਵਿੱਚ ਹੋਰ ਆ ਗਏ।

"ਕਰਨਾਰਡ ਨੇ ਉਨ੍ਹਾਂ ਦੀ ਥਾਂ ਤਾਂ ਭਰ ਦਿੱਤੀ ਪਰ ਉਨ੍ਹਾਂ ਨੇ ਸਿਆਸੀ ਤੌਰ 'ਤੇ ਕਦੇ ਵੀ ਕਿਸੇ ਪੱਖ ਵਿੱਚ ਝੁਕਣ ਦੀ ਕੋਸ਼ਿਸ਼ ਨਹੀਂ ਕੀਤੀ।''

ਇਹ ਵੀਡੀਓ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)