ਦੇਰ ਰਾਤ ਤੱਕ ਜਾਗਣ ਦੇ ਫਾਇਦੇ ਹਨ ਜਾਂ ਨੁਕਸਾਨ?

    • ਲੇਖਕ, ਅਲੈਕਸ ਥੇਰੀਅਨ
    • ਰੋਲ, ਸਿਹਤ ਪੱਤਰਕਾਰ, ਬੀਬੀਸੀ ਨਿਊਜ਼

ਛੇਤੀ ਅਤੇ ਦੇਰ ਰਾਤ ਸੌਣ ਵਾਲੇ ਲੋਕਾਂ ਦੀ ਸਿਹਤ 'ਤੇ ਇੱਕ ਨਵਾਂ ਅਧਿਐਨ ਹੋਇਆ ਹੈ। ਜਿਸ ਵਿੱਚ ਕਈ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ।

ਇਸ ਅਧਿਐਨ ਨਾਲ ਸਾਹਮਣੇ ਆਇਆ ਹੈ ਕਿ ਦੇਰ ਰਾਤ ਤੱਕ ਜਾਗਣ ਵਾਲਿਆਂ ਨੂੰ ਮੌਤ ਦਾ ਖ਼ਤਰਾ ਹੁੰਦਾ ਹੈ।

ਉਸ ਤੋਂ ਇਲਾਵਾ ਉਨ੍ਹਾਂ ਨੂੰ ਮਨੋਵਿਗਿਆਨਕ ਰੋਗ ਅਤੇ ਸਾਹ ਲੈਣ ਸਬੰਧੀ ਦਿੱਕਤਾਂ ਵੀ ਹੋ ਸਕਦੀਆਂ ਹਨ।

ਪਰ ਕੀ ਦੇਰ ਰਾਤ ਤੱਕ ਜਾਗਣਾ ਸਚਮੁੱਚ ਤੁਹਾਡੇ ਲਈ ਬੁਰਾ ਹੈ? ਕੀ ਇਸ ਦਾ ਮਤਲਬ ਹੈ ਕਿ 'ਰਾਤ ਦੇ ਉਲੂਆਂ' ਨੂੰ ਆਪਣੀ ਆਦਤ ਬਦਲ ਕੇ ਸਵੇਰ ਦੀ ਚਿੜੀ ਵਾਂਗ ਬਣ ਚਾਹੀਦਾ ਹੈ?

'ਸੋਸ਼ਲ ਜੈਟ ਲੈਗ'

ਦਫ਼ਤਰ ਦੇ ਦਿਨਾਂ ਵਿੱਚ ਅਲਾਰਮ ਦੀ ਤਿੱਖੀ ਆਵਾਜ਼ ਤੁਹਾਨੂੰ ਬਿਸਤਰੇ ਤੋਂ ਦੂਰ ਕਰ ਦਿੰਦੀ ਹੈ।

ਸ਼ਨੀਵਾਰ ਆਉਂਦੇ-ਆਉਂਦੇ ਤੁਹਾਡਾ ਸਰੀਰ ਟੁੱਟ ਚੁੱਕਾ ਹੁੰਦਾ ਹੈ ਅਤੇ ਤੁਸੀਂ ਫੇਰ ਆਪਣੇ ਰੋਜ਼ ਦੇ ਸਮੇਂ ਤੋਂ ਵੱਧ ਸੌਂਦੇ ਹੋ।

ਇਹ ਸੁਣਨ ਵਿੱਚ ਤਾਂ ਸਾਧਾਰਨ ਲਗਦਾ ਹੈ ਪਰ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਪੂਰੀ ਨੀਂਦ ਨਹੀਂ ਮਿਲ ਰਹੀ ਅਤੇ ਤੁਸੀਂ 'ਸੋਸ਼ਲ ਜੈਟ ਲੈਗ' ਦੇ ਸ਼ਿਕਾਰ ਹੋ।

'ਸੋਸ਼ਲ ਜੈਟ ਲੈਗ' ਹਫਤੇ ਦੇ ਦਿਨਾਂ ਦੇ ਮੁਕਾਬਲੇ ਛੁੱਟੀ ਵਾਲੇ ਦਿਨ ਦੀ ਨੀਂਦ ਵਿਚਲਾ ਅੰਤਰ ਹੈ, ਜਦੋਂ ਸਾਡੇ ਕੋਲ ਰਾਤ ਨੂੰ ਦੇਰ ਨਾਲ ਸੌਣ ਅਤੇ ਦੇਰ ਨਾਲ ਉੱਠਣ ਦੀ 'ਸਹੂਲਤ' ਹੁੰਦੀ ਹੈ।

'ਸੋਸ਼ਲ ਜੈਟ ਲੈਗ' ਜਿੰਨਾ ਜ਼ਿਆਦਾ ਹੋਵੇਗਾ, ਸਿਹਤ ਦੀਆਂ ਦਿੱਕਤਾਂ ਓਨੀਆਂ ਵਧਣਗੀਆਂ। ਇਸ ਨਾਲ ਦਿਲ ਦੀ ਬਿਮਾਰੀ ਅਤੇ ਮੈਟਾਬੌਲਿਕ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ।

ਮਿਊਨਿਖ ਦੀ ਲੁਡਵਿਗ-ਮੈਕਸਿਮੀਲਨ ਯੂਨੀਵਰਸਿਟੀ ਵਿੱਚ ਕ੍ਰੋਨੋਬਾਇਓਲੋਜੀ ਦੇ ਪ੍ਰੋਫੈਸਰ ਟਿਲ ਰੋਏਨੇਬਰਗ ਮੁਤਾਬਕ, "ਇਹੀ ਉਹ ਚੀਜ਼ ਹੈ, ਜਿਸ ਦੇ ਆਧਾਰ 'ਤੇ ਅਜਿਹੇ ਅਧਿਐਨ ਸਵੇਰੇ ਦੇਰ ਨਾਲ ਉੱਠਣ ਵਾਲਿਆਂ ਦੀ ਸਿਹਤ ਨਾਲ ਜੁੜੇ ਖਤਰੇ ਵੱਧ ਦੱਸਦੇ ਹਨ।"

ਸਲੀਪ ਐਂਡ ਸਕ੍ਰੈਡੀਅਨ ਨਿਊਰੋਸਾਇੰਸ ਇੰਸਟੀਚਿਊਟ ਅਤੇ ਨਫੀਲਡ ਆਫ ਆਫਥਲਮੌਲਾਜੀ ਦੇ ਮੁਖੀ ਰਸੇਲ ਫੋਸਟਰ ਕਹਿੰਦੇ ਹਨ ਕਿ ਜੇਕਰ ਤੁਸੀਂ ਸਵੇਰੇ ਛੇਤੀ ਉਠਣ ਵਾਲਿਆਂ ਕੋਲੋਂ ਦੇਰ ਰਾਤ ਤੱਕ ਕੰਮ ਕਰਵਾਓਗੇ ਤਾਂ ਉਨ੍ਹਾਂ ਨੂੰ ਵੀ ਸਿਹਤ ਦੀਆਂ ਦਿੱਕਤਾਂ ਹੋਣਗੀਆਂ।

'ਇਹ ਇਨਸਾਨ ਜੀਵ ਵਿਗਿਆਨ ਹੈ'

ਤਾਂ ਦੇਰ ਰਾਤ ਜਾਗਣ ਦੇ ਕੀ ਕਰਨ?

ਕੀ ਵੀਕਐਂਡ 'ਤੇ ਮਿਲਣ ਵਾਲੀ ਆਪਣੀ ਬੇਸ਼ਕੀਮਤੀ ਨੀਂਦ ਤਿਆਗ ਦੇਣ?

ਪ੍ਰੋਫੈਸਰ ਰੋਇਨਬਰਗ ਕਹਿੰਦੇ ਹਨ, "ਇਹ ਸਭ ਤੋਂ ਬੁਰੀ ਗੱਲ ਹੋਵੇਗੀ।"

ਉਹ ਮੰਨਦੇ ਹਨ ਕਿ ਦੇਰ ਰਾਤ ਤੱਕ ਜਾਗਣਾ ਆਪਣੇ ਆਪ ਵਿੱਚ ਬਿਮਾਰੀਆਂ ਪੈਦਾ ਨਹੀਂ ਕਰਦਾ।

ਉਹ ਕਹਿੰਦੇ ਹਨ, "ਜੇਕਰ ਤੁਸੀਂ 5 ਦਿਨ ਘੱਟ ਸੌਂਦੇ ਹੋ ਤਾਂ ਤੁਸੀਂ ਆਪਣੀ ਨੀਂਦ ਦੀ ਭਰਪਾਈ ਕਰੋਗੇ ਹੀ ਅਤੇ ਅਜਿਹਾ ਤੁਸੀਂ ਉਦੋਂ ਕਰ ਸਕੋਗੇ ਜਦੋਂ ਤੁਹਾਡੇ ਕੋਲ ਸਮਾਂ ਹੋਵੇਗਾ।"

ਅਜਿਹਾ ਇਸ ਲਈ ਵੀ ਹੈ ਕਿ ਸਾਡੇ ਸੌਣ ਅਜੇ ਜਾਗਣ ਦਾ ਸਮਾਂ ਸਿਰਫ਼ ਆਦਤ ਜਾਂ ਅਨੁਸ਼ਾਸਨ ਦਾ ਮਸਲਾ ਨਹੀਂ ਹੈ। ਇਹ ਸਾਡੀ ਬੌਡੀ ਕਲੌਕ 'ਤੇ ਨਿਰਭਰ ਕਰਦਾ ਹੈ ਜਿਸਦਾ 50 ਫੀਸਦ ਹਿੱਸਾ ਸਾਡੇ ਜੀਨ ਤੈਅ ਕਰਦੇ ਹਨ।

ਬਾਕੀ 50 ਫੀਸਦ ਹਿੱਸਾ ਸਾਡਾ ਵਾਤਾਵਰਣ ਅਤੇ ਉਮਰ ਤੈਅ ਕਰਦੇ ਹਨ। ਇਨਸਾਨ ਵੀਹ ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਦੇਰ ਨਾਲ ਸੌਂਦਾ ਹੈ ਅਤੇ ਉਮਰ ਵਧਣ ਦੇ ਨਾਲ ਸਾਡਾ ਸਰੀਰ ਕਲੌਕ ਪਹਿਲਾਂ ਵੱਲ ਖਿਸਕਦਾ ਜਾਂਦਾ ਹੈ।

ਯੂਨੀਵਰਸਿਟੀ ਆਫ਼ ਸਰੇ ਵਿੱਚ ਕ੍ਰੋਨੋਬਾਇਓਲਾਜੀ ਦੇ ਪ੍ਰੋਫੇਸਰ ਮੈਲਕਮ ਵੌਨ ਸ਼ਾਂਤਜ਼ ਕਹਿੰਦੇ ਹਨ, "ਅਸੀਂ ਇਹ ਮੰਨ ਲਿਆ ਹੈ ਕਿ ਦੇਰ ਤੱਕ ਜਾਗਣ ਵਾਲੇ ਲੋਕ ਕਿਸੇ ਕੰਮ ਦੇ ਨਹੀਂ ਹੁੰਦੇ ਅਤੇ ਆਲਸੀ ਹੁੰਦੇ ਹਨ ਪਰ ਅਸਲ ਵਿੱਚ ਇਹ ਇਨਸਾਨੀ ਜੀਵ-ਵਿਗਿਆਨ ਹੈ।

ਇਹੀ ਵਿਗਿਆਨ ਹੈ ਜੋ ਉਲੂਆਂ ਅਤੇ ਸਵੇਰੇ ਚਹਿਕਣ ਵਾਲੇ ਪੰਛੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਸ ਤਰ੍ਹਾਂ ਬੌਡੀ ਕਲੌਕ ਨੂੰ ਭਟਕਾ ਸਕਦੇ ਹੋ

ਜਾਣਕਾਰ ਮੰਨਦੇ ਹਨ ਕਿ ਵੀਕਐਂਡ 'ਤੇ ਜਲਦੀ ਉਠਣ ਨਾਲ ਤੁਸੀਂ ਆਪਣੀ ਜੈਨੇਟਿਕ ਪ੍ਰਵਿਰਤੀਆਂ ਤੋਂ ਨਹੀਂ ਨਿਕਲ ਸਕਦੇ ਬਲਕਿ ਇਸ ਨਾਲ ਤੁਸੀਂ ਖ਼ੁਦ ਆਪਣੀ ਨੀਂਦ ਤੋਂ ਹੋਰ ਦੂਰ ਹੋ ਜਾਵੋਗੇ।

ਸਗੋਂ ਆਪਣੇ ਬੌਡੀ ਕਲੌਕ ਨੂੰ ਭਟਕਾਉਣ ਦਾ ਸਹੀ ਤਰੀਕਾ ਰੌਸ਼ਨੀ ਨਾਲ ਜੁੜਿਆ ਹੋਇਆ ਹੈ। ਸਾਡਾ ਬਾਡੀ ਕਲੌਕ ਸੂਰਜ ਦੇ ਉੱਗਣ ਅਤੇ ਛਿਪਣ ਨਾਲ ਪ੍ਰਭਾਵਿਤ ਹੁੰਦਾ ਹੈ।

ਪਰ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਸੂਰਜ ਦੀ ਰੌਸ਼ਨੀ ਨਸੀਬ ਨਹੀਂ ਹੁੰਦੀ ਅਤੇ ਰਾਤ ਵੇਲੇ ਬਨਾਵਟੀ ਰੌਸ਼ਨੀ ਵੱਧ ਮਿਲਦੀ ਹੈ।

ਇਸ ਨਾਲ ਸਾਨੂੰ ਛੇਤੀ ਨੀਂਦ ਨਹੀਂ ਆਉਂਦੀ, ਇਹ ਦੇਰ ਰਾਤ ਜਾਗਣ ਵਾਲਿਆਂ ਦੀ ਆਮ ਪ੍ਰੇਸ਼ਾਨੀ ਹੈ, ਜੋ ਪਹਿਲਾਂ ਤੋਂ ਹੀ ਆਪਣੇ ਜੀਵ ਵਿਗਿਆਨ ਕਾਰਨ 'ਦੇਰੀ' ਦੇ ਸ਼ਿਕਾਰ ਹਨ।

ਸਵੇਰੇ ਸੂਰਜ ਦੀ ਰੌਸ਼ਨੀ ਲੈ ਕੇ ਅਤੇ ਰਾਤ ਵਿੱਚ ਬਣਾਵਟੀ ਰੌਸ਼ਨੀ- ਖ਼ਾਸ ਤੌਰ 'ਤੇ ਸਾਡੇ ਫੋਨ ਅਤੇ ਲੈਪਟੌਪ ਨਾਲ ਆਉਣ ਵਾਲੀ ਨੀਲੀ ਰੌਸ਼ਨੀ ਤੋਂ ਆਪਣੇ ਆਪ ਨੂੰ ਬਚਾ ਕੇ ਅਸੀਂ ਆਪਣੇ ਸਰੀਰਕ ਕਲੌਕ ਨੂੰ ਛੇਤੀ ਨੀਂਦ ਲਿਆਉਣ ਦੀ ਸਿਖਲਾਈ ਦੇ ਸਕਦੇ ਹਾਂ।

ਸਮਾਜ ਦੀ ਜ਼ਿੰਮੇਵਾਰੀ

ਨੀਂਦ ਦਾ ਵਿਗਿਆਨ ਅਧਿਐਨ ਕਰਨ ਵਾਲੇ ਕਹਿੰਦੇ ਹਨ ਕਿ ਇਸ ਵਿੱਚ ਦਫ਼ਤਰ, ਸਕੂਲ ਅਤੇ ਸਮਾਜ ਦੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਰਾਤ ਵਿੱਚ ਜਾਗਣ ਵਾਲਿਆਂ ਨੂੰ ਸਵੀਕਾਰ ਕਰਨ।

ਇਸ ਦੀ ਸ਼ੁਰੂਆਤ ਇੰਜ ਹੋ ਸਕਦੀ ਹੈ ਕਿ ਜ਼ਿਆਦਾਤਰ ਕਰਮੀਆਂ ਨੂੰ ਸ਼ਾਮ ਦੇਰ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਇਸ ਤੋਂ ਇਲਾਵਾ, ਪ੍ਰੋਫੈਸਰ ਫੌਸਟਰ ਮੁਤਾਬਕ ਲੋਕ ਆਪਣੇ ਬੌਡੀ ਕਲੌਕ ਦੇ ਹਿਸਾਬ ਨਾਲ ਦਫ਼ਤਰਾਂ ਵਿੱਚ ਕੰਮ ਕਰਨਗੇ ਤਾਂ ਇਹ ਜ਼ਿਆਦਾ ਤਰਕਪੂਰਨ ਹੋਵੇਗਾ।

ਇਸ ਨਾਲ ਕਰਮੀਆਂ ਦਾ ਪ੍ਰਦਰਸ਼ਨ ਵੀ ਬਿਹਤਰ ਹੋ ਹੋਵੇਗਾ ਅਤੇ 24 ਘੰਟੇ ਚੱਲਣ ਵਾਲੇ ਵਪਾਰੀਆਂ ਨੂੰ ਇਸ ਨਾਲ ਲਾਭ ਹੀ ਹੋਵੇਗਾ।

ਪ੍ਰੋਫੈਸਰ ਰੋਇਨਬਰਗ ਇੱਕ ਕਦਮ ਅੱਗੇ ਵਧ ਕੇ ਕਹਿੰਦੇ ਹਨ, "ਇਹ ਸਮਾਜ ਦਾ ਕੰਮ ਹੈ ਕਿ ਉਹ ਇਸ ਦਾ ਖ਼ਿਆਲ ਰੱਖਣ। ਇਹ ਸਮਾਜ ਦਾ ਕੰਮ ਹੈ ਕਿ ਉਹ ਇਮਾਰਤਾਂ ਵਿੱਚ ਰੌਸ਼ਨੀ ਵਧਾਉਣ, ਨਾਲ ਹੀ ਨੀਲੀ ਰੌਸ਼ਨੀ ਘੱਟ ਕਰਨ ਤਾਂ ਜੋ ਲੋਕ ਆਪਣੇ ਬੌਡੀ ਕਲੌਕ ਨੂੰ ਬਿਨਾਂ ਬਦਲੇ ਟੀਵੀ ਦੇਖ ਸਕਣ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)