ਕੀ ਹੈ ਇਹ ਘਾਤਕ ਬੁਖ਼ਾਰ ਜਿਸ ਲਈ ਕੋਈ ਟੀਕਾ ਨਹੀਂ?

    • ਲੇਖਕ, ਡਾ. ਚਾਰਲੀ ਵੈਲਰ
    • ਰੋਲ, ਹੈਡ ਆਫ਼ ਵੈਕਸੀਨਜ਼, ਵੈਲਕਮ ਟਰਸਟ

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਨਾਈਜੀਰੀਆ ਨੂੰ ਇੱਕ ਲਾਇਲਾਜ ਬੁਖ਼ਾਰ ਨੇ ਜਕੜਿਆ ਹੋਇਆ ਹੈ। ਲਾਸਾ ਬੁਖ਼ਾਰ ਮਹਾਂਮਾਰੀ ਬਣਨ ਦੀਆਂ ਸਾਰੀਆਂ ਸੰਭਾਵਨਾ ਰੱਖਦਾ ਹੈ ਪਰ ਬਦਕਿਸਮਤੀ ਨਾਲ ਇਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਹੈ।

ਲਾਸਾ ਕੋਈ ਨਵੀਂ ਬਿਮਾਰੀ ਨਹੀਂ ਹੈ ਪਰ ਹੁਣ ਵਰਗਾਂ ਪ੍ਰਕੋਪ ਇਸ ਨੇ ਕਦੇ ਨਹੀਂ ਦਿਖਾਇਆ।

ਸਿਹਤ ਕਰਮੀ ਸੇਵਾ ਵਿੱਚ ਲੱਗੇ ਹੋਏ ਹਨ ਪਰ ਕਈ ਆਪ ਵੀ ਇਸ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਗਏ ਹਨ।

'ਵਾਇਰਲ ਹੈਮੋਰਜਿਕ ਫੀਵਰ' (viral haemorrhagic fever) ਦੇ ਨਾਂ ਨਾਲ ਜਾਣਿਆ ਜਾਂਦਾ ਇਹ ਬੁਖ਼ਾਰ ਸਰੀਰ ਦੇ ਕਈ ਅੰਗਾਂ ਤੇ ਖੂਨ ਦੀਆਂ ਧਮਣੀਆਂ ਨੂੰ ਨਕਾਰਾ ਕਰ ਸਕਦਾ ਹੈ।

ਇਸ ਦਾ ਇਲਾਜ ਬਹੁਤ ਮੁਸ਼ਕਿਲ ਹੈ।

ਬਹੁਤੇ ਮਰੀਜਾਂ ਵਿੱਚ ਬੁਖ਼ਾਰ ਦੇ ਮੱਧਮ ਜਿਹੇ ਲੱਛਣ ਹੀ ਦਿਸਦੇ ਹਨ ਜਿਵੇਂ- ਸਿਰ ਦਰਦ ਅਤੇ ਕਮਜ਼ੋਰੀ।

ਇਬੋਲਾ ਵਾਇਰਸ ਦੇ ਲੱਛਣ ਵੀ ਦਿਖਾਉਂਦਾ

ਗੰਭੀਰ ਹਾਲਾਤ ਵਿੱਚ ਇਹ ਇਬੋਲਾ ਵਾਇਰਸ ਦੇ ਲੱਛਣ ਵੀ ਦਿਖਾਉਂਦਾ ਹੈ ਜਿਵੇਂ- ਨਕਸੀਰ ਚੱਲਣਾ, ਮੂੰਹ ਤੇ ਸਰੀਰ ਦੇ ਹੋਰ ਭਾਗਾਂ ਵਿੱਚੋਂ ਖੂਨ ਚੱਲਣਾ।

ਲਾਸਾ ਬੁਖ਼ਾਰ ਨਾਲ ਆਮ ਤੌਰ 'ਤੇ 1 ਫੀਸਦੀ ਤੋਂ ਵੀ ਘੱਟ ਮੌਤਾਂ ਹੁੰਦੀਆਂ ਹਨ।

ਹਾਲਾਂਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਖ਼ਦਸ਼ਾ ਹੈ ਕਿ ਨਾਈਜੀਰੀਆ ਵਿੱਚ ਇਸ ਵਾਰ ਇਹ 20 ਫ਼ੀਸਦੀ ਜਾਨਾਂ ਲੈ ਲਵੇਗਾ।

ਹੁਣ ਤੱਕ 90 ਵਿਅਕਤੀਆਂ ਦੇ ਮਾਰੇ ਜਾਣ ਦਾ ਅਨੁਮਾਨ ਹੈ ਜਦਕਿ ਅਸਲੀ ਸੰਖਿਆ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਬੁਖ਼ਾਰ ਦੀ ਪਛਾਣ ਨਹੀਂ ਹੋ ਸਕਦੀ।

ਗਰਭ ਦੇ ਅਖ਼ੀਰਲੇ ਦਿਨਾਂ ਵਿੱਚ ਜਿਹੜੀਆਂ ਔਰਤਾਂ ਨੂੰ ਇਹ ਨਾਮੁਰਾਦ ਬੁਖ਼ਾਰ ਹੋ ਜਾਂਦਾ ਹੈ ਉਨ੍ਹਾਂ ਵਿੱਚੋਂ 80 ਫ਼ੀਸਦੀ ਔਰਤਾਂ ਦਾ ਗਰਭਪਾਤ ਹੋ ਜਾਂਦਾ ਹੈ।

ਬਿਮਾਰੀ ਲਈ ਕੋਈ ਵਿਸ਼ੇਸ਼ ਟੈਸਟ ਨਹੀਂ

ਸ਼ੁਰੂਆਤੀ ਪੜਾਅ 'ਤੇ ਤਾਂ ਇਸ ਨੂੰ ਮਲੇਰੀਏ ਤੋਂ ਵੱਖਰਾ ਕਰਨਾ ਵੀ ਮੁਸ਼ਕਿਲ ਹੁੰਦਾ ਹੈ।

ਕੋਈ ਵਿਸ਼ੇਸ਼ ਟੈਸਟ ਨਾ ਹੋਣ ਕਾਰਨ ਇਸ ਦੀ ਜਾਂਚ ਕੁਝ ਚਿਨਿੰਦਾ ਪ੍ਰਯੋਗਸ਼ਾਲਾਵਾਂ ਵਿੱਚ ਹੀ ਹੋ ਸਕਦੀ ਹੈ।

ਇਸ ਦੀ ਜਾਂਚ ਲਈ ਖੂਨ ਜਾਂ ਟਿਸ਼ੂਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ।

ਬਿਮਾਰੀ ਸਭ ਤੋਂ ਪਹਿਲਾਂ ਸੰਨ 1969 ਵਿੱਚ ਨਾਈਜੀਰੀਆ ਦੇ ਸ਼ਹਿਰ ਲਾਸਾ ਵਿੱਚ ਸਾਹਮਣੇ ਆਈ ਸੀ।

ਉਸ ਮਗਰੋਂ ਇਹ ਪੱਛਮੀ ਅਫਰੀਕਾ ਦੇ ਕਈ ਦੇਸਾਂ ਵਿੱਚ ਦੇਖਿਆ ਗਿਆ ਹੈ। ਜਿਵੇਂ- ਘਾਨਾ, ਮਾਲੀ ਅਤੇ ਸਿਆਰਾ ਲਿਓਨ।

ਸਿਹਤ ਅਧਿਕਾਰੀ ਇਸ ਵਾਰ ਇਤਨੇ ਵੱਡੇ ਪ੍ਰਕੋਪ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜੂਝ ਰਹੇ ਹਨ।

ਚੂਹਾ ਹੈ ਬੁਖ਼ਾਰ ਦਾ ਕੁਦਰਤੀ ਵਾਹਕ

ਇਹ ਵਰਤਾਰਾ ਮੌਸਮੀ ਵਾਤਾਵਰਣਿਕ ਹਾਲਾਤਾਂ ਕਰਕੇ ਹੋ ਸਕਦਾ ਹੈ।

ਇਸ ਰੁੱਤ ਵਿੱਚ ਇਸ ਬੁਖ਼ਾਰ ਦੇ ਕੁਦਰਤੀ ਵਾਹਕ ਮਲਟੀਮੈਮੇਟ ਚੂਹੇ ਦੀ ਸੰਖਿਆ ਵਿੱਚ ਵੀ ਵਾਧਾ ਹੁੰਦਾ ਹੈ।

ਪੱਛਮੀਂ ਅਫਰੀਕਾ ਵਿੱਚ ਇਹ ਚੂਹੇ ਆਮ ਪਾਏ ਜਾਂਦੇ ਹਨ ਤੇ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ।

ਲੋਕਾਂ ਵਿੱਚ ਵਧੀ ਚੇਤਨਾ ਵੀ ਇਸ ਬੁਖ਼ਾਰ ਦੇ ਵਧੇਰੇ ਮਾਮਲੇ ਸਾਹਮਣੇ ਆਉਣ ਦਾ ਕਾਰਨ ਹੋ ਸਕਦੀ ਹੈ।

ਇੱਕ ਸੰਭਾਵਨਾ ਇਹ ਵੀ ਹੈ ਕਿ ਵਾਇਰਸ ਵਿੱਚ ਹੀ ਕੋਈ ਤਬਦੀਲੀ ਆ ਗਈ ਹੋਵੇ।

ਜ਼ਿਆਦਾਤਰ ਲੋਕਾਂ ਨੂੰ ਇਹ ਚੂਹੇ ਦੇ ਪਿਸ਼ਾਬ, ਮਲ, ਖੂਨ ਜਾਂ ਲਾਰ ਦੁਆਰਾ ਦੂਸ਼ਿਤ ਕੋਈ ਵੀ ਚੀਜ਼ ਖਾਣ,ਪੀਣ ਜਾਂ ਛੂਹਣ ਨਾਲ ਹੋ ਸਕਦੀ ਹੈ।

ਇਹ ਰੋਗੀ ਤੋਂ ਲਾਗ ਨਾਲ ਵੀ ਫੈਲ ਸਕਦਾ ਹੈ। ਭਾਵ ਕਿ ਰੋਗੀਆਂ ਦੀ ਬਿਨਾਂ ਸੁਰਖਿਆ ਦੇ ਸੰਭਾਲ ਕਰ ਰਹੇ ਸੰਬੰਧੀ ਅਤੇ ਸਿਹਤ ਕਰਮੀਂ ਖ਼ਾਸ ਤੌਰ 'ਤੇ ਇਸ ਦੇ ਸ਼ਿਕਾਰ ਹੋ ਸਕਦੇ ਹਨ।

ਬੁਖ਼ਾਰ ਨੂੰ ਪੂਰੀ ਤਰਾਂ ਵਿਕਸਿਤ ਹੋਣ ਵਿੱਚ ਤਿੰਨ ਹਫਤਿਆਂ ਦਾ ਸਮਾਂ ਲਗਦਾ ਹੈ।

ਕਿਵੇਂ ਫੈਲਦਾ ਹੈ ਬੁਖ਼ਾਰ?

ਰਿਸਰਚਰ ਇਹ ਪਤਾ ਲਗਾਉਣ ਵਿੱਚ ਲੱਗੇ ਹੋਏ ਹਨ ਕਿ ਕੀ ਲਾਸਾ ਬੁਖ਼ਾਰ ਵੀ ਇਬੋਲਾ ਵਾਂਗ ਸਰੀਰ ਵਿੱਚ ਰਹਿ ਸਕਦਾ ਹੈ ਤੇ ਸਰੀਰਕ ਸੰਬੰਧਾਂ ਰਾਹੀਂ ਫੈਲ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਨਾਈਜੀਰੀਆ ਦੀ ਸਰਕਾਰ ਨਾਲ ਮਿਲ ਕੇ ਸਥਿਤੀ ਨਾਲ ਨਜਿੱਠਣ ਵਿੱਚ ਲੱਗਇਆ ਹੋਇਆ ਹੈ।

ਜਦ ਕਿ ਬਰਤਾਨੀਆ ਨੇ ਵੀ ਆਪਣੇ ਸਿਹਤ ਮਾਹਿਰ ਪ੍ਰਭਾਵਿਤ ਖੇਤਰਾਂ ਵਿੱਚ ਭੇਜੇ ਹਨ।

ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਚੂਹਿਆਂ ਦੇ ਰਾਹ ਬੰਦ ਕਰਨ, ਖਾਣਾ ਤੇ ਪਾਣੀ ਢੱਕਣ ਵਾਲੇ ਭਾਂਡਿਆਂ ਵਿੱਚ ਸੰਭਾਲਣ ਲਈ ਕਿਹਾ ਜਾ ਰਿਹਾ ਹੈ।

ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਕੂੜਾ ਢੱਕਣ ਵਾਲੇ ਕੂੜੇਦਾਨਾਂ ਵਿੱਚ ਹੀ ਸੁੱਟਣ।

ਇਨ੍ਹਾਂ ਸਾਰੇ ਕਦਮਾਂ ਦੇ ਹੁੰਦਿਆਂ ਵੀ ਲਾਸਾ ਤੇ ਅਜਿਹੀਆਂ ਹੋਰ ਬਿਮਾਰੀਆਂ ਖਿਲਾਫ ਲੜਾਈ ਜਾਂਚ ਅਤੇ ਇਲਾਜ ਲਈ ਜਰੂਰੀ ਸਾਜੋ-ਸਾਮਾਨ ਦੀ ਘਾਟ ਕਾਰਨ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ।

ਲਾਸਾ ਦੀ ਦਵਾਈ ਲਭਣ ਲਈ ਕੰਮ ਜਾਰੀ

ਇਹ ਸੰਭਾਵਨਾ ਤਾਂ ਹੈ ਕਿ ਲਾਸਾ ਦੀ ਦਵਾਈ ਲੱਭ ਲਈ ਜਾਵੇਗੀ ਤੇ ਇਸ ਨੂੰ ਵਿਸ਼ਵੀ ਮਹਾਂਮਾਰੀ ਬਣਨ ਤੋਂ ਰੋਕ ਲਿਆ ਜਾਵੇਗਾ ਪਰ ਕਿਉਂਕਿ ਇਹ ਬਿਮਾਰੀ ਗਰੀਬ ਮੁਲਕਾਂ ਵਿੱਚ ਵਧੇਰੇ ਹੁੰਦੀ ਹੈ ਇਸ ਲਈ ਇਸ ਦਿਸ਼ਾ ਵਿੱਚ ਕੰਮ ਸੁਸਤੀ ਨਾਲ ਹੀ ਹੋ ਰਿਹਾ ਹੈ।

ਦਵਾਈ ਵਿਕਸਿਤ ਕਰਨਾ, ਲੰਮੀ, ਗੁੰਝਲਦਾਰ ਤੇ ਖਰਚੀਲੀ ਪ੍ਰਕਿਰਿਆ ਹੈ। ਇਹ ਗੱਲ ਉਸ ਸਮੇਂ ਹੋਰ ਵੀ ਸਹੀ ਸਾਬਤ ਹੁੰਦੀ ਹੈ ਜਦੋਂ ਵਿਕਸਿਤ ਕੀਤੀ ਜਾ ਰਹੀ ਦਵਾਈ ਜਾਂਚ ਸਿਰਫ ਬਿਮਾਰੀ ਫੁੱਟਣ 'ਤੇ ਹੀ ਕੀਤੀ ਜਾ ਸਕੇ।

ਵੈਲਕਮ ਟਰਸਟ, ਸਰਕਾਰ ਅਤੇ ਬਿਲ ਐਂਡ ਮੈਲਿੰਡਾ ਫਾਊਂਡੇਸ਼ਨ ਦੀ ਵਿੱਤੀ ਸਹਾਇਤਾ ਨਾਲ 2017 ਵਿੱਚ ਕਾਇਮ ਕੀਤੇ ਗਏ ਸੰਗਠਨ 'ਕੋਲੀਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈਸ ਇਨੋਵੇਸ਼ਨਸ' ਨੂੰ ਉਮੀਦ ਹੈ ਕਿ ਦਵਾਈ ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਤੇਜੀ ਆਵੇਗੀ।

ਲਾਸਾ ਬੁਖ਼ਾਰ ਵੀ ਇਸ ਸੰਗਠਨ ਦੇ ਨਿਸ਼ਾਨੇ 'ਤੇ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੇ ਪੰਜਾਂ ਸਾਲਾਂ ਵਿੱਚ ਸਾਰਥਕ ਦਵਾਈਆਂ ਪਰਖੀਆਂ ਜਾ ਸਕਣਗੀਆਂ।

ਵਿਸ਼ਵ ਸਿਹਤ ਸੰਗਠਨ ਨੇ ਹੋਰ ਵੀ ਬਿਮਾਰੀਆਂ ਦੀ ਸੂਚੀ ਬਣਾਈ ਹੈ, ਜਿਨ੍ਹਾਂ ਬਾਰੇ ਹਾਲੇ ਪੂਰੀ ਖੋਜ ਨਹੀਂ ਹੋ ਸਕੀ।

ਇਹ ਬਿਮਾਰੀਆਂ ਹਨ- ਐਮਈਆਰਐਸ, ਨਿਪਾਹ, ਰਿਫਟ ਵੈਲੀ ਫੀਵਰ ਅਤੇ ਬਿਨਾਂ ਸ਼ੱਕ ਇਬੋਲਾ।

ਵਿਸ਼ਵ ਸਿਹਤ ਸੰਗਠਨ ਇਸ ਦਿਸ਼ਾ ਵਿੱਚ ਸਾਡੇ ਗਿਆਨ ਦੇ ਖੱਪਿਆਂ ਨੂੰ ਉਜਾਗਰ ਕਰਨ ਅਤੇ ਇਸ ਦਿਸ਼ਾ ਵਿੱਚ ਖੋਜ ਅੱਗੇ ਵਧਾਉਣਾ ਚਾਹੁੰਦਾ ਹੈ।

ਇਕੱਲੀ ਖੋਜ ਹੀ ਕਾਫ਼ੀ ਨਹੀਂ ਹੈ।

ਮਹਾਂਮਾਰੀ ਦੇ ਖਦਸ਼ਿਆਂ ਵਾਲੇ ਦੇਸਾਂ ਵਿੱਚ ਮਜ਼ਬੂਤ ਸਿਹਤ ਸਿਸਟਮ ਵੀ ਬੇਹੱਦ ਲੋੜੀਂਦੇ ਹਨ।

ਇਸ ਵਿੱਚ ਸਿਹਤ ਸੇਵਾਵਾਂ ਵਿੱਚ ਸੁਧਾਰ ਅਤੇ ਸਿਹਤ ਮਹਿਕਮੇ ਦੇ ਸਟਾਫ਼ ਦੀ ਸਿਖਲਾਈ ਵੀ ਸ਼ਾਮਲ ਹੈ ਤਾਂ ਕਿ ਉਹ ਸਥਿਤੀ ਮੁਤਾਬਕ ਕਦਮ ਚੁੱਕ ਸਕਣ।

ਇਸ ਵਿੱਚ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਨਾ ਵੀ ਸ਼ਾਮਲ ਹੈ ਤਾਂ ਜੋ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਮਹਾਂਮਾਰੀ ਦਾ ਸ਼ੁਰੂਆਤੀ ਪੱਧਰ 'ਤੇ ਪਤਾ ਕਿਵੇਂ ਲਾਉਣਾ ਹੈ ਤੇ ਰੋਕਥਾਮ ਕਿਵੇਂ ਕਰਨੀ ਹੈ।

ਇਸ ਲੇਖ ਬਾਰੇ

ਇਹ ਵਿਸ਼ਲੇਸ਼ਣੀ ਲੇਖ ਬੀਬੀਸੀ ਨੇ ਇੱਕ ਬਾਹਰੀ ਸੰਸਥਾ ਨਾਲ ਕੰਮ ਕਰਦੇ ਮਾਹਿਰ ਤੋਂ ਲਿਖਵਾਇਆ ਹੈ।

ਡਾ. ਚਾਰਲੀ ਵੈਲਰ, ਵੈਲਕਮ ਟਰਸਟ ਵਿੱਚ ਹੈਡ ਆਫ਼ ਵੈਕਸੀਨਜ਼ ਹਨ, ਜੋ ਆਪਣੇ-ਆਪ ਨੂੰ ਸਭ ਲਈ ਸਿਹਤ ਸਹੂਲਤਾਂ ਸੁਧਾਰਨ ਵਿੱਚ ਲੱਗਿਆ ਇੱਕ ਵਿਸ਼ਵ ਪੱਧਰੀ ਚੈਰੀਟੇਬਲ ਫਾਊਂਡੇਸ਼ਨ ਦਸਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)