ਜੇਕਰ ਨਵਜੋਤ ਸਿੱਧੂ ਗਏ ਤਾਂ ਕਿਸ ਨੂੰ ਮਿਲੇਗਾ ਸਕੂਨ ?

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਸੁਪਰੀਮ ਕੋਰਟ ਮੰਗਲਵਾਰ ਨੂੰ ਨਵਜੋਤ ਸਿੱਧੂ ਦੇ ਖ਼ਿਲਾਫ਼ 'ਰੋਡ ਰੇਜ' (ਸੜਕ ਉੱਤੇ ਹੋਏ ਝਗੜੇ ਦੌਰਾਨ ਮੌਤ ) ਦੇ ਮਾਮਲੇ ਵਿਚ ਆਪਣਾ ਫ਼ੈਸਲਾ ਸੁਣਾ ਸਕਦਾ ਹੈ।

ਫ਼ੈਸਲੇ ਕੀ ਹੋਵੇਗਾ ਇਸ ਬਾਰੇ ਤਾਂ ਫਿਲਹਾਲ ਟਿੱਪਣੀ ਨਹੀਂ ਕੀਤੀ ਜਾ ਸਕਦੀ, ਹਾਂ ਜੇਕਰ ਇਸ ਕਾਰਨ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਵਜਾਰਤ ਵਿੱਚੋਂ ਅਸਤੀਫ਼ਾ ਦੇਣਾ ਪੈਂਦਾ ਹੈ ਤਾਂ ਸਿਆਸੀ ਤੌਰ 'ਤੇ ਸਥਿਤੀ ਕਾਫੀ ਦਿਲਚਸਪ ਹੋ ਸਕਦੀ ਹੈ।

ਸਿੱਧੂ ਦਾ ਬੇਬਾਕ ਅੰਦਾਜ਼ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕਲਾ ਦਾ ਲਾਹਾ ਪਿਛਲੇ ਸਾਲ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਖੂਬ ਚੁੱਕਿਆ ਜਿਸ ਦਾ ਪਾਰਟੀ ਨੂੰ ਕਾਫੀ ਫਾਇਦਾ ਵੀ ਹੋਇਆ।

ਪਾਰਟੀ ਨੂੰ ਚੋਣਾਂ ਦੌਰਾਨ ਸਪਸ਼ਟ ਬਹੁਮਤ ਮਿਲਿਆ। ਹਾਲਾਂਕਿ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਨੂੰ ਉਪ ਮੁੱਖ ਮੰਤਰੀ ਦੇ ਵਜੋਂ ਦੇਖਿਆ ਜਾ ਰਿਹਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕਦਿਆਂ ਹੀ ਸਿੱਧੂ ਨੂੰ ਕੈਬਨਿਟ ਮੰਤਰੀ ਵਜੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਸੌਂਪ ਦਿੱਤਾ।

ਇਸ ਦੇ ਨਾਲ ਹੀ ਉਹਨਾਂ ਨੂੰ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਵੀ ਸੌਂਪਿਆ ਗਿਆ।

ਕੈਪਟਨ ਅਮਰਿੰਦਰ ਸਿੰਘ ਦੀ ਵਜਾਰਤ ਦੇ ਤਿੰਨ ਤਾਕਤਵਰ ਮੰਤਰੀਆਂ ਵਿੱਚ ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਲ ਹੈ।

ਨਵਜੋਤ ਸਿੰਘ ਸਿੱਧੂ ਨੇ ਮੰਤਰੀ ਦਾ ਅਹੁਦਾ ਸਾਂਭਦਿਆਂ ਹੀ ਸਭ ਤੋਂ ਪਹਿਲਾਂ ਨਸ਼ੇ ਦੇ ਮੁੱਦੇ 'ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕੇਬਲ ਮਾਫੀਆ ਖਿਲਾਫ ਮੋਰਚਾ ਖੋਲ੍ਹ ਕੇ ਸੁਰਖੀਆਂ ਇਕੱਠੀ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਕਹਿਣ ਨੂੰ ਤਾਂ ਭਾਵੇਂ ਨਗਰ ਨਿਗਮ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਅਧੀਨ ਆਉਂਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਚਾਰ ਮੇਅਰਾਂ ਦੀ ਖੁਦ ਚੋਣ ਕਰਕੇ ਆਪਣੇ ਇਰਾਦੇ ਨਵਜੋਤ ਸਿੰਘ ਸਿੱਧੂ ਨੂੰ ਸਪਸ਼ਟ ਕਰ ਦਿੱਤੇ।

ਸਿੱਧੂ ਨੇ ਇਸ ਮੁੱਦੇ ਉੱਤੇ ਆਪਣੀ ਨਰਾਜ਼ਗੀ ਵੀ ਪ੍ਰਗਟਾਈ ਪਰ ਕੈਪਟਨ ਅਮਰਿੰਦਰ ਸਿੰਘ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

'ਕੈਪਟਨ ਵਾਸਤੇ ਰਾਹਤ'

ਇਸ ਸਬੰਧ ਵਿਚ ਇੰਡੀਅਨ ਐਕਸਪ੍ਰੈੱਸ ਅਖ਼ਬਾਰ, ਚੰਡੀਗੜ੍ਹ ਦੇ ਸਾਬਕਾ ਸੰਪਾਦਕ ਵਿਪਿਨ ਪੱਬੀ ਦਾ ਕਹਿਣਾ ਹੈ ਕਿ "ਜੇ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਵਜਾਰਤ ਵਿੱਚੋਂ ਆਊਟ ਹੋ ਜਾਂਦੇ ਹਨ ਤਾਂ ਕੈਪਟਨ ਲਈ ਬਹੁਤ ਵੱਡੀ ਰਾਹਤ ਹੋਵੇਗੀ।"

ਉਨ੍ਹਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦਾ ਬੜਬੋਲਾਪਣ ਹੀ ਕੈਪਟਨ ਅਮਰਿੰਦਰ ਸਿੰਘ ਲਈ ਖ਼ਤਰਾ ਹੈ। ਆਪਣੀ ਗੱਲ ਨਾਲ ਦਲੀਲ ਪੇਸ਼ ਕਰਦਿਆਂ ਪੱਬੀ ਨੇ ਕਿਹਾ, "ਇੱਕ-ਦੋ ਵਾਰੀ ਤਾਂ ਉਹ ਅਮਰਿੰਦਰ ਨੂੰ ਸ਼ਰਮਿੰਦਾ ਵੀ ਕਰ ਚੁੱਕੇ ਹਨ, ਖ਼ਾਸ ਤੌਰ 'ਤੇ ਬਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ।"

ਵਿਪਿਨ ਪੱਬੀ ਮੁਤਾਬਕ, "ਸਿੱਧੂ ਉਹਨਾਂ ਕਾਂਗਰਸੀਆਂ ਵਿੱਚੋਂ ਇੱਕ ਹਨ ਜੋ ਨਸ਼ੋ ਦੇ ਮਾਮਲੇ 'ਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਚਾਹੁੰਦੇ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਉੱਤੇ ਚੁੱਪ ਵੱਟੀ ਹੋਈ ਹੈ।"

ਵਿਪਿਨ ਪੱਬੀ ਅਨੁਸਾਰ, "ਅਮਰਿੰਦਰ ਵਾਸਤੇ ਮਨਪ੍ਰੀਤ ਵੀ ਭਾਵੇਂ ਇੱਕ ਖ਼ਤਰਾ ਹਨ ਪਰ ਉਹ ਆਪਣੇ ਆਪ 'ਤੇ ਕਾਬੂ ਰੱਖਣ ਵਾਲੇ ਮੰਤਰੀ ਹਨ ਅਤੇ ਸੋਚ ਸਮਝ ਕੇ ਬੋਲਦੇ ਹਨ, ਜਿਸ ਕਾਰਨ ਸਿੱਧੂ ਉਨ੍ਹਾਂ ਦੇ ਮੁਕਾਬਲੇ ਕੈਪਟਨ ਲਈ ਜਿਆਦਾ ਖ਼ਤਰਨਾਕ ਹਨ।"

ਅੰਗ੍ਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੇ ਸਾਬਕਾ ਐਸੋਸੀਏਟ ਸੰਪਾਦਕ ਨਿਰਮਲ ਸੰਧੂ ਦਾ ਕਹਿਣਾ ਹੈ, "ਜੇ ਸੁਪਰੀਮ ਕੋਰਟ ਦਾ ਫੈਸਲਾ ਸਿੱਧੂ ਦੇ ਖਿਲਾਫ ਆਉਂਦਾ ਹੈ ਅਤੇ ਉਨ੍ਹਾਂ ਨੂੰ ਕੈਬਿਨਟ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਇਸ ਸਭ ਤੋਂ ਵੱਧ ਫ਼ਾਇਦਾ ਕੈਪਟਨ ਅਮਰਿੰਦਰ ਨੂੰ ਹੀ ਹੋਵੇਗਾ।"

ਸੰਧੂ ਅਨੁਸਾਰ "ਸਾਰੇ ਜਾਣਦੇ ਹਨ ਕਿ ਕੈਪਟਨ, ਸਿੱਧੂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਅਤੇ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪਸੰਦ ਹਨ।''

"ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਦਲੀਲ ਤੋਂ ਇਹ ਪਹਿਲਾਂ ਹੀ ਸਪਸ਼ਟ ਹੋ ਚੁੱਕਾ ਹੈ।"

ਸੰਧੂ ਅਨੁਸਾਰ ਕੈਪਟਨ ਉਸ ਵਿਅਕਤੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਜਿਹੜਾ ਉਨ੍ਹਾਂ ਤੋਂ ਜ਼ਿਆਦਾ 'ਸਮਾਰਟ' ਹੋਵੇ।

ਅੰਮ੍ਰਿਤਸਰ ਤੋ ਬੀਬੀਸੀ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਆਖਿਆ ਕਿ ਸਿੱਧੂ ਨੂੰ ਵਿਧਾਇਕਾਂ ਵਿੱਚ ਵੀ ਕੋਈ ਖ਼ਾਸ ਸਮਰਥਨ ਪ੍ਰਾਪਤ ਨਹੀਂ ਹੈ, ਇਸ ਕਰਕੇ ਕਿਸੇ ਨੂੰ ਸਿਆਸੀ ਤੌਰ 'ਤੇ ਸਿੱਧੂ ਦੇ ਬਾਹਰ ਜਾਣ ਨਾਲ ਕੋਈ ਫ਼ਰਕ ਨਹੀਂ ਪਵੇਗਾ।

'ਸਿੱਧੂ ਕੋਈ ਚੁਣੌਤੀ ਨਹੀਂ'

ਚੰਡੀਗੜ੍ਹ ਦੀ ਸੰਸਥਾ ਸੀਆਰਆਰਆਈਡੀ (ਕਰਿਡ) ਦੇ ਸਾਬਕਾ ਡਾਇਰੈਕਟਰ ਜਨਰਲ ਸੁੱਚਾ ਸਿੰਘ ਗਿੱਲ ਦੀ ਦਲੀਲ ਹੈ ਕਿ ਸਿੱਧੂ ਦੇ ਜਾਣ ਨਾਲ ਕੋਈ ਖ਼ਾਸ ਫ਼ਰਕ ਨਹੀਂ ਪਵੇਗਾ।

ਗਿੱਲ ਅਨੁਸਾਰ "ਅਮਰਿੰਦਰ ਦੀ ਸੱਤਾ ਉੱਤੇ ਸਿੱਧੂ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ।"

ਉਨ੍ਹਾਂ ਕਿਹਾ, "ਜੇਕਰ ਕੈਪਟਨ ਨੂੰ ਕਿਸੇ ਨੇ ਚੁਣੌਤੀ ਦਿੱਤੀ ਹੈ ਤਾਂ ਉਹ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹਨ ਜਿਨ੍ਹਾਂ ਨੂੰ ਹਟਾ ਕੇ ਉਹ ਪਹਿਲਾਂ ਕਾਂਗਰਸ ਦੀ ਸੂਬਾ ਇਕਾਈ ਦੇ ਪਹਿਲਾਂ ਪ੍ਰਧਾਨ ਬਣੇ ਅਤੇ ਬਾਅਦ ਵਿਚ ਮੁੱਖ ਮੰਤਰੀ।"

ਗਿੱਲ ਅਨੁਸਾਰ ਮੌਜੂਦਾ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪਲੜਾ ਜ਼ਿਆਦਾ ਭਾਰੂ ਹੈ।

"ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮਾਝਾ ਖੇਤਰ ਦੀ ਬਜਾਏ ਮਾਲਵੇ ਤੋਂ ਹੁੰਦੇ ਤਾਂ ਨਿਸਚਿਤ ਤੌਰ 'ਤੇ ਇਸ ਦਾ ਅਸਰ ਪੈਣਾ ਸੀ।"

ਅਕਾਲੀ ਤੇ ਸਿੱਧੂ

ਖ਼ੈਰ ਅਦਾਲਤ ਦਾ ਰੁਖ ਇਸ ਮਾਮਲੇ ਵਿਚ ਕੀ ਹੋਵੇਗਾ, ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋ ਵੇਗਾ ਪਰ ਅਕਾਲੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੰਗ ਕਰਕੇ ਆਪਣਾ ਮੋਰਚਾ ਖੋਲ੍ਹ ਵੀ ਦਿੱਤਾ ਹੈ।

ਦੂਜਾ ਇਸ ਮਾਮਲੇ ਵਿਚ ਸ਼ਾਇਦ ਸਭ ਤੋਂ ਵੱਧ ਖੁਸ਼ੀ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇਗੀ ਕਿਉਂਕਿ ਸਿੱਧੂ ਦਾ ਜਿਆਦਾਤਰ ਨਿਸ਼ਾਨਾ ਇਨ੍ਹਾਂ ਦੋਹਾਂ 'ਤੇ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)