You’re viewing a text-only version of this website that uses less data. View the main version of the website including all images and videos.
ਬ੍ਰਿਟੇਨ 'ਚ 10 ਲੋਕਾਂ ਨੂੰ HIV ਦਾ ਰੋਗੀ ਬਣਾਉਣ ਵਾਲਾ ਸਲਾਖਾਂ ਪਿੱਛੇ
ਲੰਡਨ ਦੇ ਸਸੈਕਸ ਵਿੱਚ ਇੱਕ ਐੱਚਆਈਵੀ ਪੀੜਤ ਵਿਅਕਤੀ ਨੂੰ 10 ਲੋਕਾਂ ਨੂੰ ਐੱਚਆਈਵੀ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਲਈ ਉਮਰ ਕੈਦ ਦੀ ਸਜ਼ਾ ਹੋਈ ਹੈ। ਇਹ ਸਜ਼ਾ ਘੱਟੋ-ਘੱਟ 12 ਸਾਲਾਂ ਦੀ ਤਾਂ ਹੋਵੇਗੀ ਹੀ।
27 ਸਾਲਾਂ ਡੈਰਿਅਲ ਰੋਵ ਨੇ ਬ੍ਰਾਈਟਨ ਅਤੇ ਨੋਰਥੰਬਰਲੈਂਡ ਵਿੱਚ 5 ਲੋਕਾਂ ਨਾਲ ਅਸੁਰੱਖਿਅਤ ਜਿਨਸੀ ਸਬੰਧ ਬਣਾਏ।
ਉਸਨੇ ਬਾਕੀ ਹੋਰ 5 ਵਿਆਕਤੀਆਂ ਨੂੰ ਨੁਕਸਾਨੇ ਹੋਏ ਕੰਡੋਮ ਵਰਤ ਕੇ ਅੱਚਆਈਵੀ ਨਾਲ ਪ੍ਰਭਾਵਿਤ ਕੀਤਾ।
ਇਸ ਮੁਲਕ ਵਿੱਚ ਵਿੱਚ ਰੋਵ ਪਹਿਲਾ ਆਦਮੀ ਹੈ ਜਿਸ ਨੂੰ ਜਾਣਬੁਝ ਕੇ ਅਜਿਹੀ ਬਿਮਾਰੀ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ।
ਉਸ ਦੇ ਇਸ ਜੁਰਮ ਨੂੰ "ਜਾਣਬੁਝ ਕੇ ਚਲਾਕੀ ਭਰਿਆ ਕਾਰਾ" ਕਹਿ ਕੇ ਸੰਬੋਧਨ ਕੀਤਾ ਗਿਆ ਹੈ।
ਅਪ੍ਰੈਲ 2015 ਵਿੱਚ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਰੋਵ ਗੇਅ ਡੇਟਿੰਗ ਐਪ ਰਾਹੀਂ ਕਈ ਪੁਰਸ਼ਾਂ ਦੇ ਸੰਪਰਕ ਵਿੱਚ ਆਇਆ।
ਉਸ ਨੇ ਅਕਤੂਬਰ 2015 ਤੋਂ ਫਰਵਰੀ 2016 ਤੱਕ 8 ਨਾਲ ਬ੍ਰਾਈਟਨ ਵਿੱਚ ਹੀ ਜਿਨਸੀ ਸਬੰਧ ਬਣਾਏ।
ਪੁਲਿਸ ਤੋਂ ਬਚਣ ਲਈ ਉੱਤਰੀ-ਪੂਰਬ ਵੱਲ ਫਰਾਰ ਹੋਣ ਤੋਂ ਪਹਿਲਾਂ ਤੱਕ ਉਸ ਨੇ ਦੋ ਹੋਰ ਵਿਆਕਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਸੀ।
ਉਸ ਨੇ ਕੁਝ ਪੁਰਸ਼ਾਂ ਨਾਲ ਸਬੰਧ ਬਣਾਉਣ ਤੋਂ ਬਾਅਦ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਵੀ ਸੀ ਕਿ "ਹਾਏ! ਮੈਨੂੰ ਤਾਂ ਐੱਚਆਈਵੀ ਹੈ ਅਤੇ ਇਹ ਮੈਥੋਂ ਕੀ ਹੋ ਗਿਆ।"
ਬ੍ਰਾਈਟਨ ਦੇ ਕ੍ਰਾਊਨ ਕੋਰਟ ਵਿੱਚ ਰੋਵ ਨੂੰ ਸਜ਼ਾ ਸੁਣਾਉਂਦਿਆਂ ਜੱਜ ਕ੍ਰਿਸਟੀਨ ਹੈਨਸਨ ਕਿਊਸੀ ਨੇ ਕਿਹਾ, "ਜੋ ਸੰਦੇਸ਼ ਤੁਸੀਂ ਭੇਜੇ ਉਸ ਨਾਲ ਬਿਲਕੁਲ ਸਪੱਸ਼ਟ ਹੈ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਸੀ ਕਿ ਤੁਸੀਂ ਅਸਲ 'ਚ ਕੀ ਕੀਤਾ ਸੀ।"
"ਸਰੀਰਕ ਹੀ ਨਹੀਂ ਬਲਕਿ ਪ੍ਰਭਾਵਿਤ ਵਿਅਕਤੀਆਂ ਲਈ ਇਹ ਵੱਡਾ ਮਾਨਸਿਕ ਤਸ਼ਦੱਦ ਵੀ ਹੈ।"
"ਤੁਹਾਡੇ ਇਸ ਕਾਰੇ ਨਾਲ ਜ਼ਿੰਦਗੀ ਭਰ ਉਨ੍ਹਾਂ ਨੂੰ ਇਸ ਨਾਲ ਜਿਊਣਾ ਪੈਣਾ ਹੈ। ਪੀੜਤਾਂ ਵਿਚੋਂ ਵਧੇਰੇ ਨੌਜਵਾਨ ਹਨ, ਜੋ ਕਿ ਆਪਣੀ ਉਮਰ ਦੇ 20ਵਿਆਂ ਵਿੱਚ ਸਨ ਅਤੇ ਉਹ ਉਨ੍ਹਾਂ ਦੀ ਬਦਕਿਸਮਤੀ ਸੀ ਕਿ ਉਹ ਰੋਵ ਨੂੰ ਮਿਲੇ।"
ਜੱਜ ਨੇ ਕਿਹਾ, "ਇਹ ਬਰਦਾਸ਼ਤ ਨਹੀਂ ਹੋਵੇਗਾ ਕਿ ਤੁਸੀਂ ਗੇਅ ਭਾਈਚਾਰੇ ਲਈ ਹੋਰ ਖ਼ਤਰਾ ਬਣੋ।"
ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ, "ਮੈਂ ਇਸ ਦੇ ਨਾਲ ਹੀ ਸਪੱਸ਼ਟ ਕਰਦੀ ਹਾਂ ਕਿ ਇਸ ਫੈਸਲੇ ਦਾ ਮੰਤਵ ਕਿਸੇ ਹੋਰ ਐੱਚਆਈਵੀ ਪੀੜਤ ਨੂੰ ਕਲੰਕਿਤ ਕਰਨਾ ਨਹੀਂ ਹੈ।"
ਬ੍ਰਾਈਟਨ ਅਦਾਲਤ ਵੱਲੋਂ ਰੋਵ 'ਤੇ 5 ਵਿਅਕਤੀਆਂ ਨੂੰ ਗੰਭੀਰ ਤੌਰ 'ਤੇ ਬਿਮਾਰੀ ਦੇ ਸ਼ਿਕਾਰ ਬਣਾਉਣ ਅਤੇ ਪੰਜਾਂ ਨਾਲ ਅਜਿਹੀ ਕੋਸ਼ਿਸ਼ ਦੇ ਦੋਸ਼ ਆਇਦ ਹੋਏ ਸਨ।
'ਭਿਆਨਕ ਆਧਿਆਇ'
ਰੋਵ ਦੇ ਪੀੜਤਾਂ ਵਿਚੋਂ ਬਹੁਤਿਆਂ ਨੇ ਕਿਹਾ ਕਿ ਕਿਵੇਂ ਉਨ੍ਹਾਂ ਨੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੱਡੀ ਸੱਟ ਖਾਣ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਨ੍ਹਾਂ ਨੂੰ ਰੋਜ਼ ਦਵਾਈਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਇੱਕ ਨੇ ਕਿਹਾ, "ਡੈਰਿਅਲ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਇਸ ਤਰ੍ਹਾਂ ਜਿਊਣ ਨਾਲੋਂ ਚੰਗਾ ਤਾਂ ਉਹ ਮੈਨੂੰ ਮਾਰ ਦਿੰਦਾ।"
ਇੱਕ ਹੋਰ ਨੇ ਕਿਹਾ ਕਿ ਮੈਂ ਕੂੜੇਦਾਨ ਵਿੱਚ ਉਪਰੋਂ ਕੱਟਿਆ ਹੋਇਆ ਕੰਡੋਮ ਦੇਖਿਆ ਅਤੇ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ "ਭਿਆਨਕ ਆਧਿਆਇ" ਸੀ।
ਰੋਵ ਦੀ ਜਮਾਨਤ ਦੌਰਾਨ ਉਸ ਨਾਲ ਸਬੰਧਾਂ 'ਚ ਰਹਿਣ ਵਾਲੇ ਅਤੇ ਪ੍ਰਭਾਵਿਤ ਨਾ ਹੋਣ ਵਾਲੇ ਇੱਕ ਆਦਮੀ ਨੇ ਬੀਬੀਸੀ ਲੁੱਕ ਨੌਰਥ ਨੂੰ ਦੱਸਿਆ, "ਜੇਕਰ ਤੁਹਾਡੇ ਕੋਲ ਕੁੱਤਾ ਹੋਵੇ ਤੇ ਉਸ ਨੂੰ ਰੇਬੀਜ਼ ਹੋਵੇ ਤੇ ਉਹ ਕਿਸੇ ਨੂੰ ਕੱਟ ਲਵੇ ਤੁਸੀਂ ਉਸ ਨੂੰ ਮਾਰ ਦਿੰਦੇ ਹੋ।"
"ਠੀਕ ਅਜਿਹਾ ਹੀ ਹੁਣ ਮੈਂ ਉਸ ਲਈ ਸੋਚਦਾ ਹਾਂ।"
ਸਸੈਕਸ ਪੁਲਿਸ ਦੇ ਡਿਕੈਟਿਵ ਇੰਸਪੈਕਟਰ ਐਂਡੀ ਵੋਲਸਟੈਨਹੋਲਮ ਦਾ ਕਹਿਣਾ ਹੈ, "ਰੋਵ ਨੂੰ ਸਜ਼ਾ ਹੋਣਾ ਉਸ ਦੇ ਪੀੜਤਾਂ ਅਤੇ ਜਾਣਬੁਝ ਕੇ ਆਪਣਾ ਸ਼ਿਕਾਰ ਬਣਾਉਣ ਵਾਲੇ ਗੇਅ ਭਾਈਚਾਰੇ ਲਈ ਵਧੇਰੇ ਜਰੂਰੀ ਸੀ।"