You’re viewing a text-only version of this website that uses less data. View the main version of the website including all images and videos.
ਪ੍ਰੈੱਸ ਰਿਵੀਊ: ਪਾਕਿਸਤਾਨ ਨੂੰ ਫੋਨ ਕੀਤਾ, ਗੱਲ ਕਰਨ ਤੋਂ ਡਰ ਰਹੇ ਸੀ - ਨਰਿੰਦਰ ਮੋਦੀ
ਦਿ ਇੰਡੀਅਨ ਐਕਪ੍ਰੈੱਸ ਵਿੱਚ ਛਪੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੰਡਨ ਸਥਿਤ ਵੈਸਟਮਿੰਸਟਰ ਹਾਲ ਵਿੱਚ 'ਭਾਰਤ ਦੀ ਬਾਤ ਸਭ ਕੇ ਸਾਥ' ਪ੍ਰੋਗ੍ਰਾਮ ਵਿੱਚ ਹਿੱਸਾ ਲਿਆ।
ਇਸ ਦੌਰਾਨ ਸਰਜੀਕਲ ਸਟਰਾਇਕ ਬਾਰੇ ਪੁੱਛੇ ਗਏ ਸਵਾਲ 'ਤੇ ਮੋਦੀ ਨੇ ਕਿਹਾ,''ਇਹ ਮੋਦੀ ਹੈ ਉਸੇ ਭਾਸ਼ਾ ਵਿੱਚ ਜਵਾਬ ਦੇਣਾ ਜਾਣਦਾ ਹੈ।''
''ਮੈਂ ਕਿਹਾ ਭਾਰਤ ਨੂੰ ਪਤਾ ਲੱਗਣ ਤੋਂ ਪਹਿਲਾਂ ਪਾਕਿਸਤਾਨ ਨੂੰ ਫੋਨ ਕਰਕੇ ਦੱਸੀਏ ਕਿ ਅਸੀਂ ਇਹ ਕੀਤਾ ਹੈ ਅਤੇ ਜੇਕਰ ਉਨ੍ਹਾਂ ਕੋਲ ਸਮਾਂ ਹੈ ਤਾਂ ਆ ਕੇ ਆਪਣੀਆਂ ਲਾਸ਼ਾਂ ਲੈਣ ਜਾਣ। ਅਸੀਂ ਉਨ੍ਹਾਂ ਨੂੰ ਸਵੇਰੇ 11 ਵਜੇ ਤੋਂ ਫ਼ੋਨ ਕਰ ਰਹੇ ਸੀ ਪਰ ਉਹ ਫ਼ੋਨ ਚੁੱਕਣ ਤੋਂ ਵੀ ਡਰ ਰਹੇ ਸੀ।''
ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ,''ਟੇਰਰਿਜ਼ਮ ਐਕਸਪੋਰਟ ਕਰਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਭਾਰਤ ਹੁਣ ਬਦਲ ਚੁੱਕਿਆ ਹੈ ਤੇ ਇਹ ਸਭ ਬਰਦਾਸ਼ਤ ਨਹੀਂ ਕਰੇਗਾ।''
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਰਿਆਣਾ ਦੇ ਚਰਚਿਤ ਆਪਣਾ ਘਰ ਮਾਮਲੇ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬੁੱਧਵਾਰ ਨੂੰ ਫ਼ੈਸਲਾ ਸੁਣਾਉਂਦੇ ਹੋਏ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਦੋਸ਼ੀਆਂ ਨੂੰ 24 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।
ਰੋਹਤਕ ਦੇ ਬਾਲ ਸੁਰੱਖਿਆ ਘਰ ਨੂੰ ਚਲਾਉਣ ਵਾਲੀ ਜਸਵੰਤੀ ਦੇਵੀ ਬੱਚਿਆਂ ਦੇ ਸ਼ੋਸ਼ਣ ਮਾਮਲੇ ਵਿੱਚ ਮੁੱਖ ਦੋਸ਼ੀ ਹੈ ਜਿਸ ਸਹਿਤ 9 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਇੱਕ ਮੁਲਜ਼ਮ ਅੰਗ੍ਰੇਜ਼ ਕੋਰ ਹੁੱਡਾ ਨੂੰ ਸਬੂਤਾਂ ਦੀ ਘਾਟ ਕਾਰਨ ਕੋਰਟ ਨੇ ਬਰੀ ਕਰ ਦਿੱਤਾ ਹੈ।
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਬੌਸਟਨ ਕੰਸਲਟਿੰਗ ਗਰੁੱਪ (ਬੀਸੀਜੀ) ਅਤੇ ਕੈਬ ਸੰਚਾਲਕ ਕੰਪਨੀ ਊਬਰ ਦੀ ਇੱਕ ਰਿਪੋਰਟ ਵਿੱਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਰਿਪੋਰਟ ਮੁਤਾਬਕ ਭਾਰਤ ਦੇ 4 ਮੁੱਖ ਸ਼ਹਿਰ ਪੂਰੇ ਏਸ਼ੀਆ ਦੇ ਸ਼ਹਿਰਾਂ ਤੋਂ 149 ਫ਼ੀਸਦ ਵੱਧ ਭੀੜ ਵਾਲੇ ਹਨ।
ਪੀਕ ਟਰੈਫ਼ਿਕ ਆਵਰਸ ਦੌਰਾਨ ਇਨ੍ਹਾਂ ਚਾਰ ਸ਼ਹਿਰਾਂ ਵਿੱਚ ਸਲਾਨਾ 1.43 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਇਹ ਰਿਪੋਰਟ ਦਿੱਲੀ, ਮੁੰਬਈ, ਬੈਂਗਲੌਰ ਅਤੇ ਕੋਲਕੱਤਾ ਵਿੱਚ ਕੀਤੇ ਗਏ ਸਰਵੇ 'ਤੇ ਆਧਾਰਿਤ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਟਾਲਾ ਜ਼ਿਲ੍ਹੇ ਦੇ ਪਿੰਡ ਮਾਨੇਪੁਰ ਦੀ ਲਾਪਤਾ ਨਾਬਾਲਗ ਕੁੜੀ ਦੀ ਲਾਸ਼ ਬੀਤੇ ਦਿਨੀਂ ਭੇਦਭਰੇ ਹਾਲਾਤਾਂ ਵਿੱਚ ਮਿਲੀ। ਪਿੰਡ ਦੇ ਖ਼ਸਤਾਹਾਲ ਪੰਚਾਇਤ ਘਰ ਵਿੱਚੋਂ ਕੁੜੀ ਦੀ ਲਾਸ਼ ਬਰਾਮਦ ਹੋਈ।
ਕੁੜੀ ਦੀ ਧੋਣ 'ਤੇ ਡੂੰਗੇ ਸੱਟਾਂ ਦੇ ਨਿਸ਼ਾਨ ਸੀ। ਪੁਲਿਸ ਮੁਤਾਬਕ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਕੁ਼ੜੀ ਮੰਗਵਾਰ ਦੁਪਹਿਰ ਤੋਂ ਹੀ ਲਾਪਤਾ ਸੀ। ਉਸਦੀ ਉਮਰ 15 ਸਾਲ ਦੇ ਕਰੀਬ ਸੀ।