ਵਿਸ਼ਵ ਕੱਪ 2019: ਇਹ ਗਿੱਲੀਆਂ ਡਿੱਗਦੀਆਂ ਕਿਉਂ ਨਹੀਂ

ਕਿਸੇ ਵੀ ਗੇਂਦਬਾਜ਼ ਲਈ ਬੱਲੇਬਾਜ਼ ਨੂੰ ਕਿਸੇ ਮੈਚ ਵਿੱਚ ਆਊਟ ਕਰਨ ਲਈ ਇੱਕ ਸੌਖਾ ਤਰੀਕਾ ਹੁੰਦਾ ਹੈ ਸਿੱਧਾ ਵਿਕਟਾਂ 'ਤੇ ਗੇਂਦ ਮਾਰਨੀ।

ਹਾਲਾਂਕਿ ਇਸ ਵਾਰ ਦੇ ਵਿਸ਼ਵ ਕੱਪ ਵਿੱਚ ਅਜਿਹਾ ਨਹੀਂ ਹੈ।

ਇਸ ਵਾਰ ਦੇ ਕ੍ਰਿਕਟ ਵਿਸ਼ਪ ਕੱਪ ਟੂਰਨਾਮੈਂਟ ਵਿੱਚ ਪੰਜ ਵਾਰੀ ਗੇਂਦਬਾਜ਼ ਵੱਲੋਂ ਸਿੱਧਾ ਸਟੰਪਸ (ਵਿਕਟਾਂ) 'ਤੇ ਗੇਂਦ ਮਾਰੀ ਗਈ। ਇਲੈਕਟ੍ਰੌਨਿਕ ਗਿੱਲੀਆਂ ਦੀ ਲਾਈਟ ਤਾਂ ਜ਼ਰੂਰ ਜਗੀ ਪਰ ਉਹ ਆਪਣੀ ਥਾਂ 'ਤੇ ਟਿਕੀਆਂ ਰਹੀਆਂ।

ਭਾਰਤ ਤੇ ਆਸਟਰੇਲੀਆ ਵਿਚਾਲੇ ਹੋਏ ਮੈਚ ਦੌਰਾਨ ਆਸਟਰੇਲੀਆ ਦੀ ਪਾਰੀ ਦਾ ਦੂਜਾ ਓਵਰ ਸੀ ਅਤੇ ਗੇਂਦ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਹੱਥਾਂ ਵਿੱਚ ਸੀ।

ਕ੍ਰਿਕਟ ਵਿਸ਼ਵ ਕੱਪ 2019 ਨਾਲ ਜੁੜੀਆਂ ਹੋਰ ਦਿਲਚਸਪ ਖ਼ਬਰਾਂ ਲਈ ਇੱਥੇ ਕਲਿੱਕ ਕਰੋ।

ਇਹ ਵੀ ਜ਼ਰੂਰ ਪੜ੍ਹੋ:

ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦੇ ਬੱਲੇ ਤੋਂ ਲਗ ਕੇ ਗੇਂਦ ਸਟੰਪਸ ਨੂੰ ਛੂਹ ਗਈ ਅਤੇ ਬੁਮਰਾਹ ਖ਼ੁਸ਼ੀ ਵਿੱਚ ਉੱਛਲ ਪਏ ਸਨ ਕਿ ਇਹ ਕੀ! ਇਹ ਗਿੱਲੀਆਂ ਫ਼ਿਰ ਨਹੀਂ ਡਿੱਗੀਆਂ।

ਨਹੀਂ ਡਿੱਗੀਆਂ ਜਾਂ ਫ਼ਿਰ ਤੋਂ ਨਹੀਂ ਡਿੱਗੀਆਂ।

ਵਿਸ਼ਵ ਕੱਪ 2019 'ਚ ਹੁਣ ਵਿਕਟਾਂ ਦੀਆਂ ਗਿੱਲੀਆਂ ਚਰਚਾ ਵਿੱਚ ਆ ਗਈਆਂ ਹਨ। ਗਿੱਲੀਆਂ ਡਿੱਗੇ ਬਿਨਾਂ ਬੱਲੇਬਾਜ਼ ਨੂੰ ਆਊਟ ਨਹੀਂ ਮੰਨਿਆ ਜਾ ਸਕਦਾ, ਭਾਵੇਂ ਗੇਂਦ ਵਿਕਟਾਂ ਨਾਲ ਕੁਸ਼ਤੀ ਲੜ ਕੇ ਆਈ ਹੋਵੇ।

ਅਜਿਹੀ ਕਿਉਂ ਹੋ ਰਿਹਾ ਹੈ?

ਇਸਦੀ ਵਜ੍ਹਾ ਹੈ ਇਸ ਵਿਸ਼ਵ ਕੱਪ 'ਚ ਖ਼ਾਸ ਤੌਰ 'ਤੇ ਵਰਤੀਆਂ ਜਾ ਰਹੀਆਂ ਜ਼ਿੰਗ ਗਿੱਲੀਆਂ ਜਿਨ੍ਹਾਂ ਅੰਦਰ ਫਲੈਸ਼ਿੰਗ ਲਾਈਟਸ ਹਨ। ਕਿਹਾ ਜਾ ਰਿਹਾ ਹੈ ਕਿ ਇਸ ਵਜ੍ਹਾ ਕਰਕੇ ਇਨ੍ਹਾਂ ਗਿੱਲੀਆਂ ਦਾ ਭਾਰ ਵੱਧ ਹੈ।

ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨੇ ਇਸ ਬਾਰੇ ਕਿਹਾ ਸੀ, ''ਮੈਨੂੰ ਲਗਦਾ ਹੈ ਕਿ ਨਵੀਂ ਲਾਈਟ ਵਾਲੇ ਸਟੰਪਸ (ਵਿਕਟਾਂ) ਦੇ ਨਾਲ ਗਿੱਲੀਆਂ ਕੁਝ ਵੱਧ ਭਾਰੀ ਹੋ ਗਈਆਂ ਹਨ। ਇਸ ਲਈ ਉਨ੍ਹਾਂ ਨੂੰ ਹੇਠਾਂ ਲਿਆਉਣ ਵਿੱਚ ਕੁਝ ਜ਼ਿਆਦਾ ਹੀ ਤਾਕਤ ਦੀ ਲੋੜ ਪੈਂਦੀ ਹੈ।''

ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਵਿਕਟਾਂ ਦੇ ਸਿਖ਼ਰ 'ਤੇ ਜਿਨ੍ਹਾਂ ਖੱਡਿਆਂ ਵਿੱਚ ਗਿੱਲੀਆਂ ਫਸੀ ਰਹਿੰਦੀਆਂ ਹਨ, ਉਹ ਖੱਡੇ ਇਸ ਵਾਰ ਕੁਝ ਵੱਧ ਡੂੰਘੇ ਬਣਾ ਦਿੱਤੇ ਗਏ ਹਨ। ਇਸ ਲਈ ਗੇਂਦ ਦੀ ਤੇਜ਼ ਹਿੱਟ ਤੋਂ ਬਾਅਦ ਵੀ ਗਿੱਲੀਆਂ ਉਨ੍ਹਾਂ ਖੱਡਿਆਂ ਵਿੱਚ ਫਸੀਆਂ ਰਹਿ ਜਾਂਦੀਆਂ ਹਨ।

ਹਾਲਾਂਕਿ ਆਈਸੀਸੀ ਇਨ੍ਹਾਂ ਗਿੱਲੀਆਂ ਨੂੰ ਸਮੱਸਿਆ ਮੰਨ ਰਿਹਾ ਹੈ। ਉਸਦਾ ਕਹਿਣਾ ਹੈ ਕਿ ਇਨ੍ਹਾਂ ਦਾ ਭਾਰ ਆਮ ਗਿੱਲੀਆਂ ਅਤੇ ਤੇਜ਼ ਹਵਾ ਵਾਲੇ ਦਿਨਾਂ ਦੇ ਲਈ ਰੱਖੀ ਜਾਣ ਵਾਲੀ ਵਜ਼ਨਦਾਰ ਗਿੱਲੀਆਂ ਦੇ ਦਰਮਿਆਨ ਦਾ ਹੈ।

ਇਹ ਵੀ ਜ਼ਰੂਰ ਪੜ੍ਹੋ:

ਪਰ ਕਿਉਂਕਿ ਇਸ ਵਿਸ਼ਵ ਕੱਪ ਦੇ 14 ਮੁਕਾਬਲਿਆਂ ਵਿੱਚ ਪੰਜ ਵਾਰ ਗਿੱਲੀਆਂ ਡਿੱਗਣ ਤੋਂ ਮਨ੍ਹਾਂ ਕਰ ਚੁੱਕੀਆਂ ਹਨ, ਇਸ ਲਈ ਸਵਾਲ ਉੱਠ ਰਹੇ ਹਨ।

ਇੱਕ ਨਜ਼ਰ ਜਦੋਂ ਵਿਸ਼ਵ ਕੱਪ ਦੌਰਾਨ ਗਿੱਲੀਆਂ ਡਿੱਗੀਆਂ ਹੀ ਨਹੀਂ:

1. ਇੰਗਲੈਂਡ ਬਨਾਮ ਦੱਖਣੀ ਅਫ਼ਰੀਕਾ

ਦੱਖਣੀ ਅਫ਼ਰੀਕਾ ਦੀ ਪਾਰੀ ਦਾ 11ਵਾਂ ਓਵਰ।

ਲੈੱਗ ਸਪਿਨਰ ਆਦਿਲ ਰਸ਼ੀਦ ਨੇ ਦੱਖਣੀ ਅਫ਼ਰੀਕੀ ਬੱਲੇਬਾਜ਼ ਕਿੰਕਟਨ ਡਿਕੌਕ ਨੇ ਗੇਂਦ ਸੁੱਟੀ।

ਕੀ ਹੋਇਆ ਕੁਝ ਸਮਝ ਨਹੀਂ ਆਇਆ। ਲੈੱਗ ਸਟੰਪ ਦੇ ਪਿੱਛੇ ਡਿੱਗੀ ਗੇਂਦ ਨੂੰ ਡਿਕੌਕ ਨੇ ਰਿਵਰਸ ਸਵੀਪ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੱਲੇ ਨਾਲ ਲਗ ਕੇ ਆਫ਼ ਸਟੰਪ ਨਾਲ ਲੱਗੀ ਅਤੇ ਫ਼ਿਰ ਪਿੱਛੇ ਚਲੀ ਗਈ।

ਇੰਗਲੈਂਡ ਨੂੰ ਲੱਗਿਆ ਕਿ ਉਨ੍ਹਾਂ ਨੇ ਡਿਕੌਕ ਨੂੰ ਬੋਲਡ ਕਰ ਦਿੱਤਾ ਹੈ। ਪਰ ਗਿੱਲੀਆਂ ਡਿੱਗੀਆਂ ਨਹੀਂ ਸੀ। ਇਸ ਲਈ ਡਿਕੌਕ ਨੂੰ ਚੌਕਾ ਮਿਲਿਆ।

2. ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ

ਸ਼੍ਰੀਲੰਕਾ ਦੀ ਪਾਰੀ ਦਾ 6ਵਾਂ ਓਵਰ

ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਸ੍ਰੀ ਲੰਕਾ ਦੇ ਬੱਲੇਬਾਜ਼ ਕਰੂਣਾਰਤ੍ਰੇ ਨੂੰ ਗੇਂਦ ਸੁੱਟ ਰਹੇ ਸਨ। ਕਰੂਣਾਰਤ੍ਰੇ ਨੇ ਗੇਂਦ ਦੇ ਕੋਣ ਨਾਲ ਉਲਟ ਕੱਟ ਕਰਨ ਦੀ ਕੋਸ਼ਿਸ਼ ਕੀਤੀ।

ਗੇਂਦ ਅੰਦਰੂਨੀ ਕਿਨਾਰਾ ਲੈ ਕੇ ਸਟੰਪਸ ਨੂੰ ਛੂੰਹਦੇ ਹੋਏ ਨਿਕਲ ਗਈ। ਰਿਪਲੇਅ 'ਚ ਦਿਖਾ ਕਿ ਗਿੱਲੀਆਂ ਸੁਸਤੀ ਵਿੱਚ ਜ਼ਰਾ ਜਿਹੀ ਹਿੱਲੀ, ਫ਼ਿਰ ਵਾਪਸ ਆਪਣੀ ਥਾਂ 'ਤੇ ਸੈਟਲ ਹੋ ਗਈਆਂ।

3.ਆਸਟਰੇਲੀਆ ਬਨਾਮ ਵੈਸਟਇੰਡੀਜ਼

ਵੈਸਟਇੰਡੀਜ਼ ਦੀ ਪਾਰੀ ਦਾ ਤੀਜਾ ਓਵਰ

ਮਿਚੇਲ ਸਟਾਰਕ ਨੇ ਕ੍ਰਿਸ ਗੇਲ ਦੇ ਖ਼ਿਲਾਫ਼ ਵਿਕੇਟ ਕੀਪਰ ਦੇ ਹੱਥਾਂ ਵਿੱਚ ਆ ਜਾਣ ਦੀ ਅਪੀਲ ਕੀਤੀ, ਅੰਪਾਇਰ ਨੇ ਜ਼ਰੂਰ ਕੁਝ ਸੁਣਿਆ ਸੀ, ਉਨ੍ਹਾਂ ਨੇ ਆਊਟ ਦੇ ਦਿੱਤਾ। ਪਰ ਗੇਲ ਨੇ ਤੁਰੰਤ ਡੀਆਰਐੱਸ ਦਾ ਇਸਤੇਮਾਲ ਕਰ ਫ਼ੈਸਲੇ ਨੂੰ ਚੁਣੌਤੀ ਦਿੱਤੀ।

ਰਿਵਿਊ ਤੋਂ ਪਤਾ ਚਲਦਾ ਹੈ ਕਿ ਗੇਂਦ ਗੇਲ ਦਾ ਬੱਲਾ ਨਹੀਂ, ਆਫ਼ ਸਟੰਪ ਨੂੰ ਛੂਹ ਕੇ ਲੰਘੀ ਸੀ। ਗੇਲ ਮੁਸਕੁਰਾਏ ਅਤੇ ਏਰੋਨ ਫਿੰਚ ਨੂੰ ਸਿਰ ਉੱਤੇ ਹੱਥ ਰਖਦੇ ਦੇਖਿਆ ਗਿਆ।

4.ਇੰਗਲੈਂਡ ਬਨਾਮ ਬੰਗਲਾਦੇਸ਼

ਬੰਗਲਾਦੇਸ਼ੀ ਪਾਰੀ ਦਾ 46ਵਾਂ ਓਵਰ

ਇੰਗਲੈਂਡ ਦੇ ਬੇਨ ਸਟੋਕਸ ਨੇ ਛੋਟੀ ਗੇਂਦ ਸੁੱਟੀ, ਸੈਫ਼ੁਦੀਨ ਸ਼ੌਟ ਲਗਾਉਣ ਦੀ ਕੋਸ਼ਿਸ਼ ਵਿੱਚ ਅਕ੍ਰੌਸ ਦਿ ਲਾਈਨ ਚਲੇ ਗਏ।

ਗੇਂਦ ਉਨ੍ਹਾਂ ਦੇ ਸ਼ਰੀਰ ਨਾਲ ਟਕਰਾਈ ਅਤੇ ਸਟੰਪ ਨਾਲ ਟਕਰਾ ਕੇ ਵਾਪਿਸ ਆ ਗਈ। ਪਰ ਗਿੱਲੀਆਂ ਨਹੀਂ ਡਿੱਗੀਆਂ।

22 ਸਾਲ ਦਾ ਇਹ ਨੌਜਵਾਨ ਆਲਰਾਊਂਡਰ ਵੀ ਕਿਸਮਤਵਾਲਾ ਨਿਕਲਿਆ।

5.ਭਾਰਤ ਬਨਾਮ ਆਸਟਰੇਲੀਆ

ਆਸਟਰੇਲੀਆ ਦੀ ਪਾਰੀ ਦਾ ਦੂਜਾ ਓਵਰ

ਸਟ੍ਰਾਈਕ 'ਤੇ ਡੇਵਿਡ ਵਾਰਨਰ ਸਨ। ਜਸਪ੍ਰੀਤ ਬੁਮਰਾਹ ਦੀ ਗੇਂਦ ਤੇਜ਼ੀ ਨਾਲ ਸਟੰਪ 'ਤੇ ਲੱਗੀ ਪਰ ਗਿੱਲੀਆਂ ਦਾ ਇੱਕ ਵਾਰ ਫ਼ਿਰ ਆਪਣੀਆਂ ਜੜਾਂ ਤੋਂ ਹਿੱਲਣ ਤੋਂ ਇਨਕਾਰ।

ਗੁਡ ਲੈਂਥ ਤੋਂ ਕੁਝ ਛੋਟੀ ਗੇਂਦ ਸੀ, ਵਾਰਨਰ ਨੇ ਰੱਖਿਆਤਮਕ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਅੰਦਰੂਨੀ ਕਿਨਾਰਾ ਲੱਗਿਆ ਅਤੇ ਗੇਂਦ ਲੈੱਗ ਸਟੰਪ 'ਤੇ ਜਾ ਕੇ ਲੱਗੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)