You’re viewing a text-only version of this website that uses less data. View the main version of the website including all images and videos.
ਬਰਗਾੜੀ: ਕਾਂਗਰਸੀ ਮੰਤਰੀਆਂ ਦੀ ਮੌਜੂਦਗੀ ਵਿੱਚ ਮੋਰਚਾ ਖ਼ਤਮ
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਦਾ ਇਹ ਮੋਰਚਾ ਖ਼ਤਮ ਹੋ ਚੁੱਕਾ ਹੈ।
ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਵਿਧਾਇਕ ਬਰਗਾੜੀ ਪਹੁੰਚੇ ਸਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਜਥੇਦਾਰ ਧਿਆਨ ਸਿੰਘ ਮੰਡ ਨਾਲ ਖੜ੍ਹੇ ਹਾਂ ਤੇ ਉਹ ਜੋ ਫੈਸਲਾ ਕਰਨਗੇ ਅਸੀਂ ਉਸ ਨੂੰ ਮੰਨਾਂਗੇ।
ਕੋਈ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ- ਬਾਜਵਾ
ਤ੍ਰਿਪਤ ਰਜਿੰਦਰ ਬਾਜਵਾ ਨੇ ਬਰਗਾੜੀ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਆਪਣੀ ਡਿਊਟੀ ਕਰ ਰਹੇ ਹਾਂ। ਵਿਸ਼ੇਸ਼ ਜਾਂਚ ਟੀਮ ਜਿਸ ਖ਼ਿਲਾਫ਼ ਰਿਪੋਰਟ ਦੇਵੇਗੀ , ਉਹ ਮੁੱਖ ਮੰਤਰੀ ਹੋਵੇ ਜਾਂ ਉੱਪ ਮੁੱਖ ਮੰਤਰੀ ਹੋਵੇ ਜਾਂ ਪੁਲਿਸ ਅਫ਼ਸਰ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।''
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਰਗਾੜੀ ਦਾ ਨਾਂ ਬਦਲ ਕੇ ਬਰਗਾੜੀ ਸਾਹਿਬ ਰੱਖਣ ਦਾ ਐਲਾਨ ਕੀਤਾ ਗਿਆ, ਗੋਲੀ ਕਾਂਡ ਦੇ ਜਖ਼ਮੀ ਮੁੜ ਆਪਣਾ ਹਰਜਾਨਾ ਹਾਸਲ ਕਰਨ ਲਈ ਅਰਜੀਆਂ ਦੇ ਸਕਦੇ ਹਾਂ।
''ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਵਾਂਗੇ ਤੇ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਬਾਰੇ ਫ਼ੈਸਲਾ ਲੈਣ।''
ਬਾਦਲ ਹਮੇਸ਼ਾ ਪੰਥ ਨੂੰ ਖ਼ਤਰਾ ਦੱਸਦਾ- ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਅਸੀਂ ਭਰੋਸਾ ਦਿੰਦੇ ਹਾਂ ਕੀ 295-ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਸਾਰੇ ਝੂਠੇ ਕੇਸ ਖ਼ਤਮ ਕਰ ਦੇਵਾਂਗੇ।''
"ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਉੱਤੇ ਅਕਾਲ ਪੁਰਖ ਦੀ ਮੇਹਰ ਰਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ। ਕੇਸਾਂ ਦੀ ਨਜ਼ਰਸਾਨੀ ਲਈ ਮੋਰਚੇ ਦੋ-ਦੋ ਵਕੀਲ ਕੇਸ ਦੇਖਣਗੇ।''
''ਸਜ਼ਾ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ ਵਿਚ ਤਬਦੀਲ ਕਰਵਾਉਣ ਲਈ ਸੂਬਿਆਂ ਨੂੰ ਪੱਤਰ ਲਿਖ ਦਿੱਤੇ ਗਏ ਹਨ। ਪੰਜਾਬ ਦੀ ਨਾਭਾ ਜੇਲ੍ਹ ਵਿਚ ਬੰਦ ਇੱਕ ਸਿੱਖ ਕੈਦੀ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ।''
"ਪ੍ਰਕਾਸ਼ ਸਿੰਘ ਬਾਦਲ ਆਪਣੇ ਕੁਨਬੇ ਦੇ ਖਤਰੇ ਨੂੰ ਪੰਥ ਖ਼ਤਰੇ ਵਿਚ ਦੱਸਦਾ ਹੈ, ਪਰ ਪੰਥ ਹਮੇਸ਼ਾਂ ਚੜ੍ਹਦੀ ਕਲਾਂ ਵਿਚ ਰਹਿੰਦਾ ਹੈ। ਪਰ ਬਾਦਲ ਨੇ ਆਪਣੇ ਪਰਿਵਾਰ ਤੋਂ ਪੰਥ ਵਾਰ ਦਿੱਤਾ। ਮੈਂ ਗੁਰੂ ਦਾ ਸਿੱਖ ਹਾਂ, ਇਨ੍ਹਾਂ ਦਾ ਬਸ ਚੱਲੇ ਤਾਂ ਮੇਰੇ ਸ੍ਰੀ ਸਾਹਿਬ ਲੁਹਾ ਲੈਣ ਕਿ ਇਹ ਤਾਂ ਕਾਂਗਰਸੀ ਹਾਂ। ਬਾਦਲਾਂ ਨੂੰ ਮੋਰਚੇ ਵਿੱਚ ਆਕੇ ਮਾਫ਼ੀ ਮੰਗੀ ਚਾਹੀਦੀ ਹੈ।''
ਦੋਸ਼ੀਆਂ ਨੂੰ ਸਜ਼ਾ ਦੁਆ ਕੇ ਦਮ ਲਵਾਂਗੇ- ਗਿੱਲ
ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ, 'ਮੈਂ ਬਹੁਤ ਸਾਰੇ ਮੋਰਚੇ ਦੇਖੇ ਨੇ , ਕਈਆਂ ਵਿਚ ਹਿੱਸਾ ਵੀ ਲਿਆ ਹੈ। ਪਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸਾਂਤਮਈ ਤਰੀਕੇ ਨਾਲ ਇਹ ਲੜਾਈ ਲੜੀ ਹੈ। ਉਸ ਲਈ ਤੁਸੀਂ ਵਧਾਈ ਦੇ ਪਾਤਰ ਹੋ।''
"ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਘਟਨਾਵਾਂ ਹੋਈਆਂ ਸਨ ਉਦੋਂ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਸੀ।ਅਸੀਂ ਪਹਿਲਾਂ ਸਿੱਖ ਹਾਂ ਫਿਰ ਕਾਂਗਰਸ ਦੇ ਵਰਕਰ। ਅਸੀਂ ਸਾਰੇ ਹੀ ਗੁਰੂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆ ਕੇ ਦਮ ਲਵਾਂਗੇ।''
ਇਹ ਵੀ ਪੜ੍ਹੋ-
ਇਸ ਦੌਰਾਨ ਮੋਰਚੇ ਦੇ ਇੱਕ ਹੋਰ ਪ੍ਰਬੰਧਕ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਬਰਗਾੜੀ ਮੋਰਚਾ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਰਚਾ ਆਗੂਆਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਸੀ।
ਕੀ ਸਨ ਤਿੰਨ ਮੰਗਾਂ?
- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਿਹੜੀਆਂ ਸਾਜ਼ਿਸਾਂ ਸਨ ਤੇ ਕੌਣ ਦੋਸ਼ੀ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰੋ।
- ਬਰਗਾੜੀ ਤੇ ਬਹਿਬਲ ਕਲਾਂ ਦੇ ਗੋਲੀਬਾਰੀ ਕਾਂਡ ਜਿਸ ਵਿਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਮਾਰੇ ਗਏ। ਉਸ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
- ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਅਤੇ ਦੂਜੇ ਸੂਬਿਆਂ ਵਿੱਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾਵੇ।
ਬਰਗਾੜੀ ਇਨਸਾਫ਼ ਮੋਰਚਾ 1 ਜੂਨ 2018 ਨੂੰ ਸ਼ੁਰੂ ਹੋਇਆ ਸੀ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸ਼ਾਂਤਮਈ ਤਰੀਕੇ ਨਾਲ ਚੱਲੇ ਇਸ ਮੋਰਚੇ ਨੂੰ ਅਕਾਲੀ-ਭਾਜਪਾ ਤੋਂ ਇਲਾਵਾ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦਾ ਸਮਰਥਨ ਹਾਸਲ ਹੋਇਆ।
ਇਹ ਵੀ ਪੜ੍ਹੋ-
ਆਮ ਆਦਮੀ ਪਾਰਟੀ ਦੇ ਬਾਗੀ ਧੜ੍ਹੇ ਸੁਖਪਾਲ ਸਿੰਘ ਖਹਿਰਾ ਤੇ ਸਿੱਖ ਜਥੇਬੰਦੀਆਂ ਦੀ ਅਗਵਾਈ ਵਿਚ ਬਰਗਾੜੀ ਮੋਰਚੇ ਦੇ ਹੱਕ ਵਿਚ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਸਾਰੇ ਭਾਈਚਾਰਿਆਂ ਅਤੇ ਸੰਗਠਨਾਂ ਨੇ ਭਰਵਾਂ ਸਹਿਯੋਗ ਦਿੱਤਾ।
ਪੰਜਾਬ ਅਤੇ ਦੇਸ ਵਿਦੇਸ਼ ਤੋਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਲੋਕ ਇਸ ਮੋਰਚੇ ਵਿਚ ਪਹੁੰਚ ਕੇ ਮੰਗਾਂ ਦਾ ਸਮਰਥਨ ਕੀਤਾ ਜਾ ਰਿਹਾ ਸੀ।
ਵਿਧਾਨ ਸਭਾ 'ਚ ਬਹਿਸ
ਇਸ ਮਾਮਲੇ ਉੱਤੇ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਤੇ ਬਹਿਸ ਵੀ ਹੋਈ ਪਰ ਅਕਾਲੀ ਦਲ ਨੇ ਇਸ ਰਿਪੋਰਟ ਨੂੰ ਰੱਦ ਕੀਤਾ।
ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਾਮਲਾ ਦਰਜ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ , ਉੱਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਾਕ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਪਰ ਸਰਕਾਰ ਨੇ ਇੱਕ ਹੋਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜੋ ਮੁੜ ਤੋਂ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਗਈ ਹੈ।
ਜਾਂਚ ਟੀਮ ਨੇ ਬਰਗਾੜੀ ਮੋਰਚੇ ਵਿਚ ਪਹੁੰਚਕੇ ਧਿਆਨ ਸਿੰਘ ਮੰਡ ਸਣੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।