ਬਰਗਾੜੀ ਮੋਰਚਾ: ਜਲਦ ਹੀ ਸੱਚਾ ਤੇ ਸੁੱਚਾ ਅਕਾਲੀ ਦਲ ਆਵੇਗਾ - ਧਿਆਨ ਸਿੰਘ ਮੰਡ

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਜਲਦ ਹੀ ਸੱਚਾ ਦੇ ਸੁੱਚਾ ਅਕਾਲੀ ਦਲ ਹੋਂਦ ਵਿੱਚ ਆਵੇਗਾ।

ਉਨ੍ਹਾਂ ਨੇ ਇਹ ਸ਼ਬਦ ਬਰਗਾੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਇੱਕ ਇਕੱਠ ਵਿੱਚ ਕਹੇ।

ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਧਿਆਨ ਸਿੰਘ ਮੰਡ ਨੇ ਕਿਹਾ, "ਅਸੀਂ ਪੰਥ ਨੂੰ ਇਹ ਭਰੋਸਾ ਦੁਵਾਉਂਦੇ ਹਾਂ ਕਿ ਜਿੱਥੇ ਅਸੀਂ ਬਰਗਾੜੀ ਦਾ ਇਹ ਮੋਰਚਾ ਜਿੱਤਾਂਗੇ ਉੱਥੇ ਹੀ ਪੰਥ ਲਈ ਇੱਕ ਨਵਾਂ ਰਸਤਾ ਵੀ ਤਿਆਰ ਕਰਾਂਗੇ। ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਹੈ ਤੇ ਹੁਣ ਉਹ ਬਾਦਲ ਦਲ ਬਣ ਗਿਆ ਹੈ।''

"ਹੁਣ ਜਲਦ ਹੀ ਅਸੀਂ ਇੱਕ ਸੱਚਾ ਤੇ ਸੁੱਚਾ ਅਕਾਲੀ ਦਲ ਤਿਆਰ ਕਰਾਂਗੇ।''

ਇਹ ਵੀ ਪੜ੍ਹੋ:

ਧਿਆਨ ਸਿੰਘ ਮੰਡ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਫੈਸਲੇ ਨਾਲ ਕਾਫੀ ਖੁਸ਼ੀ ਹੈ। ਦੋਵਾਂ ਦੇਸਾਂ ਵਿਚਾਲੇ ਹਰ ਤਰੀਕੇ ਦੀ ਕੂੜਤਨ ਨੂੰ ਦੂਰ ਕਰਨਾ ਚਾਹੀਦਾ ਹੈ।

19 ਨਵੰਬਰ ਨੂੰ ਹੋਏ ਅੰਮ੍ਰਿਤਸਰ ਬੰਬ ਧਮਾਕੇ ਦੀ ਧਿਆਨ ਸਿੰਘ ਮੰਡ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੇ ਰਾਹ 'ਤੇ ਮੋਰਚਾ ਚਲਾਉਣਾ ਚਾਹੁੰਦੇ ਹਨ।

'ਸਾਡਾ ਵੱਖਰਾ ਮੁਲਕ ਨਹੀਂ ਇਸ ਲਈ ਕਰਦੇ ਮਿੰਨਤਾਂ'

ਪਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦਿੱਤੇ ਬਿਆਨਾਂ 'ਤੇ ਖਦਸ਼ੇ ਪ੍ਰਗਟ ਕੀਤੇ।

ਉਨ੍ਹਾਂ ਕਿਹਾ, "ਅਸੀਂ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਦਾ ਵੀਡੀਓ ਦੇਖਿਆ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਹਮਲਾ ਕਰਨ ਵਾਲੇ ਨੌਜਵਾਨ ਮੌਨੇ ਸਨ ਪਰ ਪੰਜਾਬ ਪੁਲਿਸ ਦੀ ਜਾਂਚ ਵਿੱਚ ਕੁਝ ਹੋਰ ਹੀ ਸਾਹਮਣੇ ਆਇਆ, ਇਸ ਲਈ ਡੀਜੀਪੀ ਦੇ ਬਿਆਨ ਸ਼ੱਕ ਦੇ ਘੇਰੇ ਵਿੱਚ ਹਨ।''

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, "ਕਰਤਾਰਪੁਰ ਸਾਹਿਬ ਸਿੱਖਾਂ ਦਾ ਹੋਮ ਲੈਂਡ ਹੈ ਪਰ ਸਾਡਾ ਵੱਖਰਾ ਮੁਲਕ ਨਾ ਹੋਣ ਕਾਰਨ ਅਸੀਂ ਮਿੰਨਤਾਂ ਕਰ ਰਹੇ ਹਾਂ ਕਿ ਸਾਨੂੰ ਲਾਂਘਾ ਦੇ ਦਿਓ।''

ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਲਾਏ ਇਸ ਮੋਰਚੇ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਹੋ ਕੇ ਦੁਖ ਮਨਾ ਰਹੇ ਹਨ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)