ਬਰਗਾੜੀ ਮੋਰਚਾ ਹੋਵੇਗਾ ਖ਼ਤਮ, ਦਾਦੂਵਾਲ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ - 5 ਅਹਿਮ ਖਬਰਾਂ

ਦਿ ਟ੍ਰਿਬਿਊਨ ਮੁਤਾਬਕ 6 ਮਹੀਨਿਆਂ ਤੋਂ ਬਰਗਾੜੀ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਐਤਵਾਰ ਨੂੰ ਖ਼ਤਮ ਹੋਣ ਜਾ ਰਿਹਾ ਹੈ।

ਇਸ ਦਾ ਐਲਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਬੇਅਦਬੀ ਅਤੇ ਪੁਲਿਸ ਫਾਈਰਿੰਗ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹਨ।

ਸਰਕਾਰ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਸਭ ਤੋਂ ਅਨੁਸ਼ਾਸਨ ਅਤੇ ਸ਼ਾਂਤੀ ਵਾਲਾ ਮੋਰਚਾ ਕਰਾਰ ਦਿੰਦਿਆਂ ਬਰਗਾੜੀ ਮੋਰਚੇ ਦੇ ਆਗੂਆਂ ਦੀ ਸ਼ਲਾਘਾ ਕੀਤੀ।

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੈਅ ਕਰਨਗੇ ਕਿ ਬਰਗਾੜੀ ਵਿੱਚ ਕਿਸ ਨੂੰ ਭੇਜਣਾ ਹੈ ਜਾਂ ਫਿਰ ਕਿਸੇ ਨੂੰ ਭੇਜਣ ਦੀ ਲੋੜ ਵੀ ਹੈ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਖਿਆ ਹੈ ਕਿ ਧਰਨੇ 'ਤੇ ਬੈਠੇ ਆਗੂਆਂ ਨੇ ਕਦੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਖਾਲਿਸਤਾਨ ਜਾਂ ਰੈਫ਼ਰੈਂਡਮ 2020 ਦਾ ਸਮਰਥਨ ਕੀਤਾ।

ਮਨਜੀਤ ਸਿੰਘ ਜੀਕੇ ਸਣੇ 14 ਮੈਂਬਰਾਂ ਦਾ ਦਿੱਲੀ ਕਮੇਟੀ ਤੋਂ ਅਸਤੀਫ਼ਾ

ਹਿੰਦੁਸਤਾਨ ਟਾਈਮਜ਼ ਮੁਤਾਬਕ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ 'ਚ ਘਿਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀਰਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰੀਬ ਤਿੰਨ ਮਹੀਨੇ ਪਹਿਲਾਂ ਕਰਾਉਣ ਦਾ ਐਲਾਨ ਵੀ ਕਰ ਦਿੱਤਾ।

ਇਹ ਵੀ ਪੜ੍ਹੋ:

ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਬਾਦਲ ਧੜੇ ਦੇ 14 ਮੈਂਬਰਾਂ ਨੇ ਆਪਣੇ ਅਸਤੀਫ਼ੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤੇ ਹਨ।

ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਸਿਰਸਾ ਨੇ ਕਾਰਜਕਾਰਨੀ ਬੋਰਡ ਦੀ ਬੈਠਕ ਸੱਦੀ ਸੀ। ਦਿੱਲੀ ਕਮੇਟੀ ਦੇ ਕਾਨਫਰੰਸ ਹਾਲ ਵਿਖੇ ਬੈਠਕ ਦੌਰਾਨ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ ਸੀ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਆਪਣੇ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋਣ ਤੱਕ ਕਮੇਟੀ ਵਿੱਚ ਕੋਈ ਅਹੁਦਾ ਨਹੀਂ ਲੈਣਗੇ। ਉਨ੍ਹਾਂ ਐਲਾਨ ਕੀਤਾ ਕਿ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਤੈਅ ਸਮੇਂ ਤੋਂ ਪਹਿਲਾਂ 27-29 ਦਸੰਬਰ ਜਾਂ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਰੀਕ ਨੂੰ ਕਰਵਾਈਆਂ ਜਾਣਗੀਆਂ।

ਡਿਫਰੈਂਟਲੀ ਏਬਲਡ ਬੱਚਿਆਂ ਲਈ 'ਵਿਕਲਾਂਗ' ਜਾਂ 'ਹੈਂਡੀਕੈਪਟਡ' ਸ਼ਬਦ ਨਾ ਵਰਤਣ ਦੇ ਨਿਰਦੇਸ਼

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਦੇ ਸਿੱਖਿਆ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ 'ਡਿਫਰੈਂਟਲੀ ਏਬਲਡ' ਲੋਕਾਂ ਦੇ ਲਈ 'ਹੈਂਡੀਕੈਪਡ' ਜਾਂ 'ਵਿਕਲਾਂਗ' ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ।

ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤੇ ਗਏ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ 'ਡਿਫਰੈਂਟਲੀ-ਏਬਲਡ' ਬੱਚਿਆਂ ਦੇ ਲਈ 'ਪਰਸਨਸ ਵਿੱਦ ਡਿਸੇਬਲਟੀਜ਼' ਅਤੇ ਹਿੰਦੀ ਜਾਂ ਪੰਜਾਬੀ ਵਿੱਚ 'ਦਿਵਿਆਂਗਜਨ' ਸ਼ਬਦ ਵਰਤਿਆ ਜਾਵੇ।

ਹਾਲਾਂਕਿ ਕੁਝ ਕਾਰਕੁਨਾਂ ਦਾ ਕਹਿਣਾ ਹੈ ਕਿ ਪੰਜਾਬੀ ਵਿੱਚ ਦਿਵਿਆਂਗ ਦੀ ਥਾਂ ਤੇ ਪੰਜਾਬੀ ਦਾ ਹੀ ਕੋਈ ਢੁੱਕਵਾਂ ਸ਼ਬਦ ਹੋਣਾ ਚਾਹੀਦਾ ਹੈ।

ਮੈਂ ਸਿਰਫ਼ ਵਿਜ਼ੀਟਿੰਗ ਕਾਰਡ 'ਤੇ ਸੀਬੀਆਈ ਡਾਇਰੈਕਟਰ-ਆਲੋਕ ਵਰਮਾ

ਸੁਪਰੀਮ ਕੋਰਟ ਵਿੱਚ ਸੀਬੀਆਈ ਮੁਖੀ ਆਲੋਕ ਵਰਮਾ ਦਾ ਪੱਖ ਰੱਖਦੇ ਹੋਏ ਸੀਨੀਅਰ ਵਕੀਲ ਫਲੀ ਐਸ ਨਰੀਮਨ ਨੇ ਕਿਹਾ, "ਸੀਬੀਆਈ ਚੀਫ਼ ਉਹ ਅਹੁਦਾ ਨਹੀਂ ਹੈ ਜੋ ਸਿਰਫ਼ ਵਿਜ਼ੀਟਿੰਗ ਕਾਰਡ 'ਤੇ ਹੋਵੇ।"

ਉਨ੍ਹਾਂ ਨੇ ਕਿਹਾ ਕਿ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜਣ ਤੋਂ ਬਾਅਦ ਸਰਕਾਰ ਦਾ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਆਲੋਕ ਵਰਮਾ ਹੁਣ ਵੀ ਡਾਇਰੈਕਟਰ ਹਨ।

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਮਾਮਲੇ ਵਿੱਚ ਸੁਣਵਾਈ ਪੂਰੀ ਕਰਦੇ ਹੋਏ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਜਦੋਂ ਇਹ ਵਿਵਾਦ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਤਾਂ ਅਚਾਨਕ ਅਜਿਹੇ ਕਿਹੜੇ ਹਾਲਾਤ ਪੈਦਾ ਹੋ ਗਏ ਕਿ ਸੀਬੀਆਈ ਡਾਇਰੈਕਟਰ 'ਤੇ ਰਾਤੋ-ਰਾਤ ਕਾਰਵਾਈ ਕਰਨੀ ਪਈ।

ਹਿੰਸਕ ਪ੍ਰਦਰਸ਼ਨਾਂ ਕਾਰਨ ਆਈਫਲ ਟਾਵਰਰ ਰਹੇਗਾ ਬੰਦ

ਪੈਟਰੋਲ ਅਤੇ ਤੀਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਫਰਾਂਸ ਸਰਕਾਰ ਖਿਲਾਫ਼ ਲਗਾਤਾਰ ਹੋ ਰਹੇ ਮੁਜ਼ਾਹਰਿਆਂ ਦੇ ਕਾਰਨ ਪੈਰਿਸ ਵਿੱਚ ਆਈਫਿਲ ਟਾਵਰ ਸ਼ਨੀਵਾਰ ਨੂੰ ਬੰਦ ਰਹੇਗਾ। ਉਨ੍ਹਾਂ ਨੂੰ ਡਰ ਹੈ ਕਿ ਇਹ ਮੁਜ਼ਾਹਰੇ ਹੋਰ ਹਿੰਸਕ ਹੋ ਸਕਦੇ ਹਨ।

ਪ੍ਰਧਾਨ ਮੰਤਰੀ ਐਡੁਆਰਡ ਦਾ ਕਹਿਣਾ ਹੈ ਕਿ ਫਰਾਂਸ ਵਿੱਚ 89000 ਪੁਲਿਸ ਅਫ਼ਸਰ ਤਾਇਨਾਤ ਰਹਿਣਗੇ ਅਤੇ ਰਾਜਧਾਨੀ ਵਿੱਚ ਹਥਿਆਰਬੰਦ ਗੱਡੀਆਂ ਵੀ ਮੌਜੂਦ ਰਹਿਣਗੀਆਂ।

ਪੁਲਿਸ ਨੇ ਪੈਰਿਸ ਵਿੱਚ ਦੁਕਾਨਾਂ ਅਤੇ ਰੈਸਟੋਰੈਂਟ ਬੰਦ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਕੁਝ ਮਿਊਜ਼ੀਅਮ ਵੀ ਬੰਦ ਰਹਿਣਗੇ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)