You’re viewing a text-only version of this website that uses less data. View the main version of the website including all images and videos.
ਡੇਰਾ ਪ੍ਰੇਮੀਆਂ ਦੀਆਂ ਕੈਪਟਨ ਸਰਕਾਰ ਨੇ ਮੰਨੀਆਂ ਇਹ ਮੰਗਾਂ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰਪਾਲ ਦੇ ਨਾਭਾ ਜੇਲ੍ਹ ਵਿੱਚ ਹੋਏ ਕਤਲ ਦੀ ਜਾਂਚ ਲਈ ਐੱਸਆਈਟੀ ਬਣਾਉਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਫੈਸਲਾ ਪੁਲਿਸ ਦੇ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਲਿਆ ਹੈ।
22 ਜੂਨ ਨੂੰ ਬੇਅਦਬੀ ਮਾਮਲਿਆਂ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਸਿੰਘ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਮਹਿੰਦਰਪਾਲ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਸੀ।
ਇਸ ਐੱਸਆਈਟੀ ਨੂੰ ਏਡੀਜੀਪੀ ਲਾਅ ਐਂਡ ਆਡਰ ਈਸ਼ਵਰ ਸਿੰਘ ਹੈੱਡ ਕਰਨਗੇ। ਮੁੱਖ ਮੰਤਰੀ ਦੇ ਬੁਲਾਰੇ ਅਨੁਸਾਰ ਐੱਸਆਈਟੀ ਵੱਲੋਂ ਜੇਲ੍ਹ ਮੁਲਾਜ਼ਮਾਂ ਦੇ ਰੋਲ ਬਾਰੇ ਵੀ ਜਾਂਚ ਕੀਤੀ ਜਾਵੇਗੀ।
ਡੇਰਾ ਪ੍ਰੇਮੀਆਂ ਵੱਲੋਂ ਮਹਿੰਦਰਪਾਲ ਸਿੰਘ ਬਿੱਟੂ ਖਿਲਾਫ਼ ਚੱਲਦਿਆਂ ਮਾਮਲਿਆਂ ਨੂੰ ਖ਼ਤਮ ਕਰਨ ਦੀ ਮੰਗ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ।
ਉਨ੍ਹਾਂ ਕਿਹਾ ਕਿ ਮਹਿੰਦਰਪਾਲ ਬਿੱਟੂ ਖਿਲਾਫ਼ ਰਿਪੋਰਟ ਅਦਾਲਤ ਵਿੱਚ ਪੇਸ਼ ਹੋ ਚੁੱਕੀ ਹੈ ਅਤੇ ਹੁਣ ਇਸ ਬਾਰੇ ਫੈਸਲਾ ਅਦਾਲਤ ਹੀ ਕਰੇਗੀ।
ਮਹਿੰਦਰਪਾਲ ਸਿੰਘ ਬਿੱਟੂ ਦਾ ਸਸਕਾਰ ਹੋਇਆ
ਮਹਿੰਦਰਪਾਲ ਸਿੰਘ ਬਿੱਟੂ ਦੇ ਸਸਕਾਰ ਬਾਰੇ ਡੇਰਾ ਪ੍ਰੇਮੀਆਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਤੋਂ ਬਾਅਦ ਮਰਹੂਮ ਦੀ ਦੇਹ ਦਾ ਸਸਕਾਰ ਹੋ ਚੁੱਕਿਆ ਹੈ।
ਡੇਰਾ ਪ੍ਰੇਮੀਆਂ ਵੱਲੋਂ ਰੋਸ ਵਜੋਂ ਮਹਿੰਦਰਪਾਲ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾ ਰਿਹਾ ਸੀ। ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਮੰਗਾਂ ਰੱਖੀਆਂ ਗਈਆਂ ਸਨ।
ਕਈ ਦੌਰ ਤੱਕ ਚੱਲੀ ਮੀਟਿੰਗ ਤੋਂ ਬਾਅਦ ਡੇਰਾ ਪ੍ਰੇਮੀਆਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਬਣੀ ਹੈ। ਮੀਟਿੰਗਾਂ ਵਿੱਚ ਡੀਸੀ ਫਰੀਦਕੋਟ ਕੁਮਾਰ ਸੌਰਵ ਨੇ ਹਿੱਸਾ ਲਿਆ। ਡੇਰਾ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਆਪਣੀਆਂ ਮੰਗਾਂ ਲਈ ਮੈਮੋਰੈਂਡਮ ਸੌੰਪਿਆ ਗਿਆ ਹੈ।
ਕਿਹੜੀ ਮੰਗਾਂ ’ਤੇ ਪ੍ਰਸ਼ਾਸਨ ਦਾ ਮਿਲਿਆ ਭਰੋਸਾ?
ਪ੍ਰਸ਼ਾਸਨ ਨੇ ਡੇਰਾ ਪ੍ਰੇਮੀਆਂ ਦੀਆਂ ਜਿਨ੍ਹਾਂ ਮੰਗਾਂ ਉੱਤੇ ਸਹਿਮਤੀ ਜਤਾਈ ਹੈ ਉਹ ਇਸ ਪ੍ਰਕਾਰ ਹਨ:
- ਮਹਿੰਦਰ ਪਾਲ ਸਿੰਘ ਦੀ ਨਾਭਾ ਜੇਲ੍ਹ ਵਿੱਚ ਹੋਈ ਮੌਤ ਦੀ ਉੱਚ ਪੱਧਰੀ ਕਮੇਟੀ ਜ਼ਰੀਏ ਜਾਂਚ ਕੀਤੀ ਜਾਵੇਗੀ।
- ਮਾਮਲੇ ਦੀ ਜਾਂਚ ਦੀ ਰਿਪੋਰਟ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਜਾਵੇਗੀ ਅਤੇ ਉਨ੍ਹਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ।
- ਜੋ ਡੇਰਾ ਪ੍ਰੇਮੀ ਜ਼ਮਾਨਤ ’ਤੇ ਹਨ ਜਾਂ ਜੇਲ੍ਹ ਵਿੱਚ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
- ਜਿਨ੍ਹਾਂ ਮਾਮਲਿਆਂ ਵਿੱਚ ਚਾਰਜਸ਼ੀਟ ਫਾਇਲ ਹੋ ਚੁੱਕੀ ਹੈ ਉਨ੍ਹਾਂ ਦੀ ਕਾਰਵਾਈ ਫਾਸਟ ਟਰੈਕ ਕੋਰਟ ਰਾਂਹੀ ਕੀਤੀ ਜਾਵੇਗੀ।
ਕੀ ਸੀ ਡੇਰਾ ਪ੍ਰੇਮੀਆਂ ਦਾ ਰੋਸ?
ਡੇਰਾ ਸੱਚਾ ਸੌਦਾ, ਸਿਰਸਾ ਦੀ 45 ਮੈਂਬਰੀ ਕਮੇਟੀ ਅਤੇ ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੇ ਉਸ ਦੀ ਮੌਤ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਸਨ।
ਕਮੇਟੀ ਨੇ ਪੰਜਾਬ ਸਰਕਾਰ ਅੱਗੇ ਦੋ ਮੰਗਾਂ ਰੱਖੀਆਂ ਸਨ ਅਤੇ ਕਮੇਟੀ ਇਸ ਗੱਲ ’ਤੇ ਅੜੀ ਹੋਈ ਸੀ ਕਿ ਮੰਗਾਂ ਮੰਨੇ ਜਾਣ ਤੱਕ ਮਰਹੂਮ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਮੌਤ ਮਗਰੋਂ ਬਿੱਟੂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਫਰੀਦਕੋਟ ਜ਼ਿਲ੍ਹੇ ਕੋਟਕਪੂਰਾ ਦੇ ਡੇਰੇ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ। ਜਿੱਥੋਂ ਉਨ੍ਹਾਂ ਦੀ ਦੇਹ ਨੂੰ ਸਸਕਾਰ ਸਥਾਨਕ ਸ਼ਮਸ਼ਾਨ ਘਾਟ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ: