'ਖੌਫ਼ਨਾਕ ਐਪ' ਜੋ ਔਰਤਾਂ ਦੀਆਂ ਫੋਟੋਆਂ ਨੂੰ ਇਤਰਾਜ਼ਯੋਗ ਢੰਗ ਨਾਲ ਪੇਸ਼ ਕਰਦੀ ਹੈ, ਡਿਵੈਲਪਰਾਂ ਨੇ ਕੀਤੀ ਆਫਲਾਈਨ

ਇੱਕ ਅਜਿਹਾ ਐਪ ਜੋ ਔਰਤਾਂ ਦੀ ਫੋਟੋ ਤੋਂ ਡਿਜ਼ੀਟਲ ਤਰੀਕੇ ਨਾਲ ਕੱਪੜੇ ਲਾਹ ਕੇ ਉਨ੍ਹਾਂ ਨੂੰ ਨਗਨ ਦਿਖਾ ਸਕਦਾ ਹੈ। ਇਸ ਨੂੰ ਬਣਾਉਣ ਵਾਲਿਆਂ ਨੇ ਇਸ ਐਪ ਨੂੰ ਆਫ਼ ਲਾਇਨ ਕਰ ਦਿੱਤਾ ਹੈ।

ਟੈੱਕ ਨਿਊਜ਼ ਸਾਇਟ ਮਦਰਬੋਰਡ ਉੱਤੇ 50 ਡਾਲਰ ਦੀ ਕੀਮਤ ਦੇ ਇਸ ਐਪ ਸਬੰਧੀ ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਦੀ ਚਰਚਾ ਅਤੇ ਆਲੋਚਨਾ ਦੋਵੇਂ ਹੋ ਰਹੀਆਂ ਹਨ।

ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਤਕਨੀਕੀ ਭਾਸ਼ਾ ਵਿਚ ਰਿਵੈਂਜ ਪੋਰਨ ਕਿਹਾ ਜਾਂਦਾ ਹੈ ਅਤੇ ਇਸ ਖ਼ਿਲਾਫ਼ ਕੰਮ ਕਰਨ ਵਾਲੇ ਇੱਕ ਕਾਰਕੁਨ ਨੇ ਇਸ ਨੂੰ 'ਦਹਿਸ਼ਤ ਫੈਲਾਉਣ' ਵਾਲਾ ਕਰਾਰ ਦਿੱਤਾ ਹੈ।

ਇਹ ਐਪ ਬਣਾਉਣ ਵਾਲਿਆਂ ਨੇ ਇਹ ਕਹਿ ਕੇ ਇੰਟਰਨੈੱਟ ਤੋਂ ਸੌਫ਼ਟਵੇਅਰ ਹਟਾ ਲਿਆ ਹੈ ਕਿ ਦੁਨੀਆਂ ਅਜੇ ਇਸ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ:

ਇਸ ਐਪ ਦੇ ਪ੍ਰੋਗਰਾਮਰ ਨੇ ਟਵੀਟ ਕਰਕੇ ਮੰਨਿਆ, "ਇਸ ਐਪ ਦੀ ਦੁਰਵਰਤੋਂ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੈ। ਅਸੀਂ ਇਸ ਤਰੀਕੇ ਨਾਲ ਪੈਸੇ ਨਹੀਂ ਕਮਾਉਣਾ ਚਾਹੁੰਦੇ ਹਾਂ।"

ਉਨ੍ਹਾਂ ਅੱਗੇ ਕਿਹਾ ਕਿ ਜਿਸ ਨੇ ਇਹ ਐਪ ਖਰੀਦਿਆ ਹੈ ਉਸ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਅਤੇ ਇਸ ਦਾ ਹੋਰ ਕੋਈ ਵਰਜਨ ਉਪਲੱਬਧ ਨਹੀਂ ਹੋਵੇਗਾ। ਇਸ ਦੀ ਵਰਤੋਂ ਦੇ ਸਾਰੇ ਅਧਿਕਾਰ ਵਾਪਸ ਲਏ ਜਾ ਰਹੇ ਹਨ।

ਮਨੋਰੰਜਨ ਲਈ ਬਣਾਇਆ ਸੀ ਐੱਪ

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਇਹ ਐਪ ਖਰੀਦ ਲਿਆ ਹੈ ਉਹ ਇਸ ਨੂੰ ਅੱਗੇ ਸ਼ੇਅਰ ਨਾ ਕਰਨ ਕਿਉਂ ਕਿ ਇਹ ਅਜੇ ਵੀ ਕੰਮ ਕਰ ਰਿਹਾ ਹੈ।

ਟੀਮ ਦਾ ਕਹਿਣਾ ਹੈ ਕਿ ਇਹ ਐਪ ਕੁਝ ਮਹੀਨੇ ਪਹਿਲਾਂ ਵੈਸੇ ਹੀ ਮਨੋਰੰਜਨ ਲਈ ਬਣਾਇਆ ਗਿਆ ਸੀ।

ਉਨ੍ਹਾਂ ਨੇ ਇੱਕ ਵੈਬਸਾਈਟ ਬਣਾਈ ਸੀ ਜੋ ਇਸ ਐਪ ਦਾ ਵਿੰਡੋਜ਼ ਤੇ ਲਿਊਨਿਕਸ ਵਰਜ਼ਨ ਆਫਰ ਕਰ ਰਹੀ ਸੀ। ਇਹ ਪ੍ਰੋਗਰਾਮ ਦੋ ਵਰਜ਼ਨ 'ਚ ਉਪਲੱਬਧ ਕਰਵਾਇਆ ਗਿਆ। ਮੁਫ਼ਤ ਵਾਲੇ ਐਪ ਉੱਤੇ ਵੱਡਾ ਸਾਰਾ ਵਾਟਰ ਮਾਰਕ ਲਗਾਇਆ ਗਿਆ ਹੈ। ਜਦਕਿ ਮੁੱਲ ਦੇ ਐਪ ਉੱਤੇ ਫੇਕ ਦੀ ਛੋਟੀ ਜਿਹੀ ਸਟੈੱਪ ਕੋਨੇ ਉੱਤੇ ਦਿਖਾਈ ਦਿੰਦੀ ਹੈ।

ਆਪਣੇ ਬਿਆਨ ਵਿਚ ਡਿਵੈਲਪਰਾਂ ਨੇ ਕਿਹਾ, "ਇਮਾਨਦਾਰੀ ਨਾਲ ਕਹਿੰਦੇ ਹਾਂ ਕਿ ਇਹ ਐਪ ਕੋਈ ਮਹਾਨ ਕੰਮ ਨਹੀਂ ਹੈ। ਇਹ ਸਿਰਫ਼ ਕੁਝ ਖਾਸ ਤਰ੍ਹਾਂ ਦੀਆਂ ਫੋਟੋਆਂ ਉੱਤੇ ਕੰਮ ਕਰਦਾ ਹੈ।"

ਇਸ ਦੇ ਬਾਵਜੂਦ ਮਦਰਬੋਰਡ ਦੇ ਲੇਖ ਨੇ ਲੋਕਾਂ 'ਚ ਅਜਿਹੀ ਲਾਲਸਾ ਜਗਾਈ ਕਿ ਐਪ ਨੂੰ ਡਾਉਨਲੋਡ ਕਰਨ ਲਈ ਇੰਨੇ ਲੋਕ ਲੱਗ ਪਏ ਕਿ ਡਿਵੈਲਪਰਾਂ ਦੀ ਸਾਈਟ ਕਰੈਸ਼ ਕਰ ਗਈ।

ਮਦਰਬੋਰਡ ਨਾਲ ਗੱਲ ਕਰਦਿਆਂ ਐਂਟੀ ਪੋਰਨ ਰਿਵੈਂਜ਼ ਕਾਰਕੁਨ ਕੇਂਟਲੇ ਬੋਡਨ ਨੇ ਇਸ ਐਪ ਨੂੰ ਦਹਿਸ਼ਤ ਫੈਲਾਉਣ ਵਾਲਾ ਕਿਹਾ।

"ਬਿਨਾਂ ਨਗਨ ਫੋਟੋ ਖਿਚਵਾਏ ਹੁਣ ਹਰ ਕੋਈ ਪੋਰਨ ਰਿਵੈਂਜ਼ ਦਾ ਸ਼ਿਕਾਰ ਬਣ ਸਕਦਾ ਹੈ। ਇਹ ਤਕਨੀਕ ਜਨਤਕ ਨਹੀਂ ਹੋਣੀ ਚਾਹੀਦੀ।"

ਰਿਪੋਰਟਾਂ ਮੁਤਾਬਕ ਇਹ ਪ੍ਰੋਗਰਾਮ ਅਲ-ਬੇਸਡ ਨਿਊਰਲ ਨੈੱਟਵਰਕ ਦੀ ਵਰਤੋਂ ਨਾਲ ਔਰਤਾਂ ਦੀਆਂ ਤਸਵੀਰਾਂ ਤੋਂ ਕੱਪੜੇ ਲਾਹ ਦਿੰਦਾ ਹੈ ਤੇ ਅਸਲ ਵਰਗੀਆਂ ਨਗਨ ਤਸਵੀਰਾਂ ਨਜ਼ਰ ਆਉਂਦੀਆਂ ਹਨ।

ਇਹ ਨੈਟਵਰਕ ਫੋਟੋਆਂ 'ਤੇ ਮਾਸਕ ਲਗਾ ਕੇ ਚਮੜੀ ਨਾਲ ਰੰਗ ਮਿਲਾ ਦਿੰਦਾ ਹੈ। ਲਾਇਟਾਂ ਅਤੇ ਪਰਛਾਵਿਆਂ ਦੀ ਮਦਦ ਨਾਲ ਸਰੀਰਕ ਨਕਸ਼ ਬਣਾ ਲਏ ਜਾਂਦੇ ਹਨ।

ਇਹੀ ਤਕਨੀਕ ਕਥਿਤ ਡੀਪ ਫੇਕਸ 'ਚ ਵੀ ਵਰਤੀ ਜਾਂਦੀ ਹੈ। ਜਿਨ੍ਹਾਂ ਤੋਂ ਵੀਡੀਓ ਕਲਿੱਪ ਤੱਕ ਬਣ ਲਏ ਜਾਂਦੇ ਹਨ। ਪਹਿਲਾਂ ਡੀਪਫੇਕ ਤਕਨੀਕ ਦੀ ਵਰਤੋਂ ਪ੍ਰਸਿੱਧ ਹਸਤੀਆਂ ਦੇ ਪੋਰਨ ਕਲਿੱਪ ਬਣਾਉਣ ਲਈ ਵਰਤੀ ਜਾਂਦੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)