You’re viewing a text-only version of this website that uses less data. View the main version of the website including all images and videos.
ਲੁਧਿਆਣਾ ਜੇਲ੍ਹ ਝੜਪਾਂ ਦਾ ਕੀ ਰਿਹਾ ਕਾਰਨ
ਕੇਂਦਰੀ ਜੇਲ੍ਹ ਲੁਧਿਆਣਾ ਵਿਚ ਵੀਰਵਾਰ ਨੂੰ ਉਦੋਂ ਅਚਾਨਕ ਹਾਹਾਕਾਰ ਮਚ ਗਈ ਜਦੋਂ ਕੈਦੀਆਂ ਦੇ ਦੋ ਗੁਟ ਆਪਸ ਵਿਚ ਭਿੜ ਪਏ। ਪੁਲਿਸ ਨੇ ਮਾਮਲੇ ਵਿਚ ਦਖ਼ਲ ਦਿੱਤਾ ਤਾਂ ਪੁਲਿਸ ਮੁਲਾਜ਼ਮਾਂ ਉੱਤੇ ਵੀ ਧਾਵਾ ਬੋਲ ਦਿੱਤਾ ਗਿਆ।
ਇਨ੍ਹਾਂ ਝੜਪਾਂ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ ਹੈ ਅਤੇ 5 ਕੈਦੀ ਜ਼ਖ਼ਮੀ ਹੋਏ ਹਨ। 6-7 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਹਵਾਲਾਤੀ ਗੈਂਗਸਟਰ ਸੰਨੀ ਸੂਦ ਦੀ ਹੋਈ ਮੌਤ ਤੋਂ ਬਾਅਦ ਕੈਦੀਆਂ ਦੇ ਦੋ ਗੁਟ ਆਪਸ ਵਿਚ ਭਿੜ ਪਏ। ਉਨ੍ਹਾਂ ਨੇ ਦੋ ਸਿਲੰਡਰ ਧਮਾਕੇ ਵੀ ਕੀਤੇ ।
ਜੇਲ੍ਹ ਮੰਤਰੀ ਨੇ ਕਿਹਾ ਕਿ ਕਿੰਨੇ ਕੈਦੀ ਜ਼ਖ਼ਮੀ ਹੋਏ ਹਨ ਤੇ ਕਿੰਨੇ ਪੁਲਿਸ ਵਾਲੇ ਇਸ ਦੀ ਡਿਟੇਲ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ:
ਪੁਲਿਸ ਨੇ ਵੀ ਹਾਲਾਤ ਪੂਰੀ ਤਰ੍ਹਾਂ ਕਾਬੂ ਹੋਣ ਦਾ ਦਾਅਵਾ ਕੀਤਾ। ਪਰ ਲੜਾਈ ਦੇ ਕਾਰਨਾਂ ਅਤੇ ਹੋਏ ਨੁਕਸਾਨ ਬਾਰੇ ਜਾਣਕਾਰੀ ਸ਼ਾਮ ਤੱਕ ਦੇਣ ਦੀ ਗੱਲ ਹੀ ਕਹੀ।
ਝੜਪਾਂ ਦੌਰਾਨ ਕਿੰਨੇ ਕੈਦੀ ਫਰਾਰ ਹੋਏ, ਜਿਨ੍ਹਾਂ ਵਿਚੋਂ ਕੁਝ ਨੂੰ ਪੁਲਿਸ ਨੇ ਫੜ ਲਿਆ ਅਤੇ ਕੁਝ ਅਜੇ ਵੀ ਫਰਾਰ ਹਨ। ਇਹ ਗਿਣਤੀ ਕਿੰਨੀ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ।
ਝੜਪਾਂ ਦਾ ਕਾਰਨ
ਜੇਲ੍ਹ ਵਿਚ ਝੜਪਾਂ ਦੌਰਾਨ ਕੁਝ ਕੈਦੀਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ। ਜਿਸ ਵਿਚ ਉਹ ਪੁਲਿਸ ਉੱਤੇ ਗੋਲੀਬਾਰੀ ਕਰਨ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਮਾਰਨ ਦੇ ਵੀ ਦਾਅਵੇ ਕਰ ਰਹੇ ਸਨ।
ਇਸ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੜਾਈ ਦੌਰਾਨ ਕੋਈ ਮੌਤ ਨਹੀਂ ਹੋਈ ਹੈ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਕੈਦੀ ਨੂੰ ਬਿਮਾਰ ਹੋਣ ਕਾਰਨ ਹਸਪਤਾਲ ਭੇਜਿਆ ਗਿਆ ਅਤੇ 26 ਜੂਨ ਨੂੰ ਉਸ ਦੀ ਪਟਿਆਲਾ ਦੇ ਹਸਪਤਾਲ ਵਿਚ ਮੌਤ ਹੋ ਗਈ ਸੀ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ 11 ਵਜੇ ਇਹ ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਵੀਰਵਾਰ ਸਵੇਰੇ ਸੰਦੀਪ ਸੂਦ ਨਾਂ ਦੇ ਇੱਕ ਹਵਾਲਾਤੀ ਦੀ ਹੱਤਿਆ ਹੋਈ ਹੈ।
ਸੰਦੀਪ ਸੂਦ ਇੱਕ ਗੈਂਗਸਟਰ ਦੱਸਿਆ ਜਾਂਦਾ ਹੈ ਅਤੇ ਉਸ ਦੇ ਵਿਰੋਧੀ ਗੁਟ ਨੇ ਇੱਟਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਜਿਸ ਤੋਂ ਬਾਅਦ ਦੋ ਗੁੱਟਾਂ ਤੋਂ ਬਾਅਦ ਇਹ ਲੜਾਈ ਹੋਈ ਹੈ। ਜਦੋਂ ਪੁਲਿਸ ਨੇ ਦਖ਼ਲ ਦਿੱਤਾ ਤਾਂ ਪੁਲਿਸ ਮੁਲਾਜ਼ਮਾਂ ਉੱਤੇ ਵੀ ਹਮਲਾ ਬੋਲ ਦਿੱਤਾ ਗਿਆ।
ਜੇਲ੍ਹ ਪ੍ਰਸ਼ਾਸਨ ਅਨੁਸਾਰ ਜੇਲ੍ਹ ਵਿੱਚ ਉਸਾਰੀ ਦੇ ਕੰਮ ਕਰਕੇ ਪੱਥਰ ਵੀ ਪਏ ਸਨ ਜਿਨ੍ਹਾਂ ਦਾ ਇਸਤੇਮਾਲ ਕੈਦੀਆਂ ਨੇ ਪੱਥਰਬਾਜ਼ੀ ਦੌਰਾਨ ਕੀਤਾ।
ਗੋਲੀਬਾਰੀ ਵਿਚ ਮੌਤ ਤੋਂ ਇਨਕਾਰ
ਡਿਪਟੀ ਕਮਿਸ਼ਨਰ ਮੁਤਾਬਕ ਉਸ ਕੈਦੀ ਦੇ ਧੜੇ ਦੇ ਕੈਦੀ ਕੱਲ ਤੋਂ ਹੀ ਗੁੱਸੇ ਵਿਚ ਸਨ। ਉਨ੍ਹਾਂ ਨੇ ਹੀ ਭਗਦੜ ਮਚਾਈ ਅਤੇ ਪੁਲਿਸ ਦੇ ਡਾਇਨਿੰਗ ਹਾਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਡੀਸੀ ਮੁਤਾਬਕ ਕੈਦੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹਵਾਈ ਫਾਇਰਿੰਗ ਕਰਨੀ ਪਈ ਅਤੇ ਭੜਕੇ ਕੈਦੀਆਂ ਨੂੰ ਕਾਬੂ ਕਰਕੇ ਜੇਲ੍ਹਾਂ ਅੰਦਰ ਭੇਜ ਦਿੱਤਾ ਗਿਆ ।
ਇਨ੍ਹਾਂ ਝੜਪਾਂ ਦੌਰਾਨ 5 ਕੈਦੀ ਅਤੇ ਇੱਕ ਡੀਐਸਪੀ ਸਣੇ 4 ਪੁਲਿਸਕਰਮੀ ਜਖ਼ਮੀ ਹੋਏ ਹਨ।
ਗੈਂਗਵਾਰ ਪਰ ਹਾਲਾਤ ਠੀਕ-ਠਾਕ
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੁਧਿਆਣਾ ਜੇਲ੍ਹ ਹੋਈਆਂ ਝੜਪਾਂ ਨੂੰ ਗੈਂਗਵਾਰ ਦਾ ਨਤੀਜਾ ਕਿਹਾ।
ਉਨ੍ਹਾਂ ਕਿਹਾ, 'ਇੱਕ ਕੈਦੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕੈਦੀਆਂ ਦੇ ਦੋ ਗੁੱਟ ਆਪਸ ਵਿਚ ਭਿੜ ਪਏ'।
'ਇਸ ਦੌਰਾਨ ਦੋ ਗੈਸ ਦੇ ਸਿੰਲਡਰ ਵੀ ਫਟੇ ਹਨ, ਪਰ ਇਸ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਸ ਸਿੰਲਡਰ ਪੁਲਿਸ ਕੋਲ ਹਨ'।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਦਿੱਲੀ ਵਿਚ ਸਨ। ਉਨ੍ਹਾਂ ਇਹ ਗੱਲ ਸਵਿਕਾਰ ਕੀਤੀ ਕਿ ਝਗੜਾ ਕੈਦੀ ਦੀ ਮੌਤ ਤੋਂ ਬਾਅਦ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਜੇਲ੍ਹ ਵਿਚ ਹੋਈ ਘਟਨਾ ਹੈ। ਇਸ ਦਾ ਬਾਹਰੀ ਅਮਨ ਕਾਨੂੰਨ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਜੇਲ੍ਹ ਅਮਲੇ ਨੇ ਇਸ ਨੂੰ ਮੌਕੇ ਨਾਲ ਸੰਭਾਲ ਲਿਆ।
ਜੇਲ੍ਹ ਮੰਤਰੀ ਦੇ ਅਸਤੀਫ਼ੇ ਤੋਂ ਇਨਕਾਰ
ਗੋਲੀਬਾਰੀ ਦੇ ਮਾਮਲੇ ਉੱਤੇ ਪ੍ਰਤੀਕਰਮ ਦਿੰਦਿਆ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।
ਜੰਗਲ ਵਰਗਾ ਰਾਜ ਹੈ ਅਤੇ ਸਰਕਾਰ ਨੇ ਖ਼ੁਦ ਮੰਨ ਲਿਆ ਕਿ ਉਹ ਫੇਲ੍ਹ ਹੋ ਚੁੱਕੇ ਹਨ। ਇਸ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ।ਅਕਾਲੀ ਆਗੂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜੇਲ੍ਹ ਮੰਤਰੀ ਤੋਂ ਤੁਰੰਤ ਅਸਤੀਫ਼ਾ ਲਿਆ ਜਾਵੇ।
ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੀ ਲੋੜ ਨਹੀਂ ਹੈ, ਅਕਾਲੀ ਆਗੂ ਸਿਰਫ਼ ਬਿਆਨਬਾਜ਼ੀ ਹੀ ਕਰ ਸਕਦੇ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ