ਪੰਜਾਬ ਸਣੇ ਦੇਸ ਦੇ ਕਈ ਹਿੱਸਿਆਂ ਵਿੱਚ ਤਬਰੇਜ਼ ਦੀ ਮੌਤ ਦਾ ਰੋਸ ਸੜਕਾਂ ’ਤੇ

"ਸਰਕਾਰ ਲੋਕਾਂ ਤੋਂ ਜ਼ਬਰਦਸਤੀ ਮੈਨੂੰ ਪਿਆਰ ਨਹੀਂ ਕਰਵਾ ਸਕਦੀ ਪਰ ਉਹ ਮੈਨੂੰ ਕੁੱਟ ਕੇ ਮਾਰਨ ਤੋਂ ਰੋਕ ਸਕਦੀ ਹੈ।"

ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸ਼ਬਦ ਹਨ ਜੋ ਕਿ ਬੁੱਧਵਾਰ ਨੂੰ ਭਾਰਤ ਦੇ ਕਈ ਸ਼ਹਿਰਾਂ, ਕਈ ਇਲਾਕਿਆਂ ਵਿੱਚ ਗੂੰਜੇ।

ਕਾਰਨ ਸੀ ਝਾਰਖੰਡ ਵਿੱਚ ਮੁਸਲਮਾਨ ਨੌਜਵਾਨ ਤਬਰੇਜ਼ ਅੰਸਾਰੀ ਦੀ ਮੌਬ ਲਿੰਚਿੰਗ ਦੇ ਵਿਰੋਧ ਵਿੱਚ ਥਾਂ-ਥਾਂ ਕੀਤੇ ਗਏ ਵਿਰੋਧ ਪ੍ਰਦਰਸ਼ਨ।

ਹਿੰਦੂਤਵ ਤੇ ਫ਼ਾਸ਼ੀਵਾਦੀ ਵਿਰੋਧੀ ਫੋਰਮ ਵੱਲੋਂ ਜਲੰਧਰ ਵਿੱਚ 26 ਜੂਨ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ। ਉਨ੍ਹਾਂ ਇਸ ਸਮੇਂ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ।

ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਪਹੁੰਚੀਆਂ। ਇਸ ਦੌਰਾਨ ਫੋਰਮ ਦੇ ਆਗੂ ਤਰਸੇਮ ਸਿੰਘ ਪੀਟਰ ਨੇ ਕਿਹਾ, "ਮੋਦੀ ਸਰਕਾਰ ਵੱਲੋਂ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨੂੰ ਭਗਵੇਂ ਅੱਤਵਾਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।"

ਉਨ੍ਹਾਂ ਅੱਗੇ ਕਿਹਾ, "ਯੂਪੀ, ਝਾਰਖੰਡ 'ਚ ਮੁਸਲਮਾਨਾਂ ਨੂੰ ਸਾਜਿਸ਼ੀ ਭੀੜ ਵੱਲੋਂ ਕੁੱਟਣਾ ਤੇ ਮੌਤ ਦੇ ਘਾਟ ਉਤਾਰਨਾ ਹਿੰਦੂਤਵ ਦੇ ਫਾਸ਼ੀਵਾਦੀ ਏਜੰਡੇ ਨੂੰ ਅੱਗੇ ਵਧਾਉਣ ਵੱਲ ਕਦਮ ਪੁੱਟਣਾ ਹੈ।"

ਇਹ ਵੀ ਪੜ੍ਹੋ:

ਦਰਅਸਲ ਕੁਝ ਦਿਨ ਪਹਿਲਾਂ 17 ਜੂਨ ਨੂੰ ਝਾਰਖੰਡ ਦੇ ਘਾਤਕੀਡੀਹ ਪਿੰਡ ਵਿੱਚ ਭੀੜ ਨੇ ਤਬਰੇਜ਼ ਅੰਸਾਰੀ ਨਾਮ ਦੇ ਇੱਕ ਨੌਜਵਾਨ ਨੂੰ ਕਥਿਤ ਚੋਰੀ ਦੇ ਸ਼ੱਕ ਵਿੱਚ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ ਸੀ।

ਭੀੜ ਨੇ ਇਸ ਅਪਰਾਧ ਦਾ ਵੀਡੀਓ ਵੀ ਬਣਾਇਆ ਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਗਿਆ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭੀੜ ਤਬਰੇਜ਼ ਨੂੰ ਕੁੱਟ ਰਹੀ ਹੈ ਅਤੇ ਨਾਲ ਹੀ ਉਸ ਤੋਂ 'ਜੈ ਸ਼੍ਰੀ ਰਾਮ ਅਤੇ ਜੈ ਹਨੂੰਮਾਨ' ਦੇ ਨਾਅਰੇ ਲਗਵਾ ਰਹੀ ਹੈ।

ਇਸ ਘਟਨਾ ਦੀ ਦੇਸ ਭਰ ਵਿੱਚ ਨਿੰਦਾ ਹੋਈ ਸੀ ਅਤੇ ਇਸ ਸਿਲਸਿਲੇ ਵਿੱਚ ਬੁੱਧਵਾਰ ਨੂੰ ਮੌਬ ਲਿੰਚਿੰਗ ਦੇ ਵਿਰੋਧ ਵਿੱਚ ਭਾਰਤ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ।

''ਮੈਂ ਵੀ ਤਬਰੇਜ਼''

ਦੇਸ ਦੇ ਕਈ ਸ਼ਹਿਰਾਂ ਵਿੱਚ ਮਨੁੱਖੀ ਅਧਿਕਾਰ ਅਤੇ ਸਮਾਜਿਕ ਕਾਰਕੁਨ ਵਰਕਰਾਂ, ਸਿਵਲ ਸੋਸਾਇਟੀ ਦੇ ਮੈਂਬਰ, ਵਿਦਿਆਰਥੀ ਅਤੇ ਆਮ ਲੋਕਾਂ ਨੇ ਇਕੱਠੇ ਹੋ ਕੇ ਮੌਬ ਲਿੰਚਿੰਗ ਦੇ ਅਪਰਾਧਾਂ ਖਿਲਾਫ਼ ਆਵਾਜ਼ ਬੁਲੰਦ ਕੀਤੀ।

ਵਿਰੋਧ ਮੁਜ਼ਾਹਰਿਆਂ ਵਿੱਚ ਵਿਰੋਧੀ ਧਿਰ ਦੇ ਕੁਝ ਆਗੂ ਵੀ ਸ਼ਾਮਿਲ ਹੋਏ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਮੁਜ਼ਾਹਰਿਆਂ ਦੀ ਕਾਫ਼ੀ ਚਰਚਾ ਰਹੀ।

#IndiaAgainstLynchTerror ਅਤੇ #JusticeForTabrez ਹੈਸ਼ਟੈਗ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗਰਾਮ 'ਤੇ ਪੋਸਟ ਕੀਤੀ ਗਈ।

ਦਿੱਲੀ ਦੇ ਇੱਕ ਫੋਟੋ ਪੱਤਰਕਾਰ ਨੇ ਜੰਤਰ-ਮੰਤਰ ਦੀ ਤਸਵੀਰ ਪੋਸਟ ਕੀਤੀ ਜਿਸ ਵਿੱਚ ਲੋਕ ਤਖ਼ਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਤੋੜੀ ਚੁੱਪੀ

ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਵੀ ਲਗਾਤਾਰ ਸਵਾਲ ਚੁੱਕ ਰਹੇ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਰਾਜਸਭਾ ਵਿੱਚ ਇਸ ਅਪਰਾਧ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਕਿਹਾ, "ਵਿਰੋਧੀ ਧਿਰ ਕਹਿ ਰਹੀ ਹੈ ਕਿ ਝਾਰਖੰਡ ਮੌਬ ਲਿੰਚਿੰਗ ਦਾ ਅੱਡਾ ਬਣ ਗਿਆ ਹੈ। ਸਾਨੂੰ ਨੌਜਵਾਨ ਦੀ ਮੌਤ ਦਾ ਦੁੱਖ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪਰ ਕੀ ਇਸ ਲਈ ਪੂਰੇ ਝਾਰਖੰਡ ਨੂੰ ਬਦਨਾਮ ਕਰਨਾ ਠੀਕ ਹੈ?"

“ਇਸ ਨਾਲ ਕਿਸੇ ਦਾ ਭਲਾ ਨਹੀਂ ਹੋਵੇਗਾ। ਅਪਰਾਧ ਹੋਣ 'ਤੇ ਉਚਿਤ ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।''

ਇਹ ਵੀ ਪੜ੍ਹੋ:

ਮੋਦੀ ਨੇ ਕਿਹਾ, "ਦੁਨੀਆਂ ਵਿੱਚ ਅੱਤਵਾਦ ਨੂੰ ਚੰਗੇ ਅਤੇ ਮਾੜੇ ਨਜ਼ਰੀਏ ਨਾਲ ਨਹੀਂ ਦੇਖਣਾ ਹੋਵੇਗਾ। ਹਿੰਸਾ ਨੂੰ ਅਸੀਂ ਵੱਖ-ਵੱਖ ਚਸ਼ਮੇ ਨਾਲ ਨਹੀਂ ਦੇਖ ਸਕਦੇ।”

“ਮਨੁੱਖਤਾ ਪ੍ਰਤੀ ਸਾਡੀ ਸੰਵੇਦਨਸ਼ੀਲਤਾ ਰਹਿਣੀ ਚਾਹੀਦੀ ਹੈ। ਅਸੀਂ ਕੇਰਲ ਅਤੇ ਪੱਛਮ ਬੰਗਾਲ ਦੀ ਹਿੰਸਾ ਨੂੰ ਵੱਖ-ਵੱਖ ਨਜ਼ਰੀਏ ਨਾਲ ਨਹੀਂ ਦੇਖ ਸਕਦੇ। ਜਿਸ ਨੇ ਇਹ ਕੰਮ ਕੀਤਾ ਹੈ ਉਸ ਨੂੰ ਸਖ਼ਤ ਸਜ਼ਾ ਮਿਲੇ।"

ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਸਿਆਸੀ ਚਸ਼ਮੇ ਉਤਾਰ ਕੇ ਦੇਖਣਾ ਚਾਹੀਦਾ ਹੈ। ਜੇ ਅਜਿਹਾ ਕਰਾਂਗੇ ਤਾਂ ਭਵਿੱਖ ਚੰਗਾ ਨਜ਼ਰ ਆਏਗਾ। ਜਿਨ੍ਹਾਂ ਲੋਕਾਂ ਨੇ ਦਿੱਲੀ ਦੀਆਂ ਸੜਕਾਂ 'ਤੇ ਗਲੇ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਸਾੜ ਦਿੱਤਾ ਸੀ, ਉਨ੍ਹਾਂ ਵਿੱਚ ਸ਼ੱਕੀ ਰਹੇ ਕਈ ਲੋਕ ਸੰਵਿਧਾਨਿਕ ਅਹੁਦਿਆਂ 'ਤੇ ਬੈਠੇ ਹਨ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)