You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ 2019: ਭਾਰਤ ਦੀ ਸੈਮੀ-ਫਾਈਨਲ 'ਚ ਹੋਈ ਹਾਰ ਦੇ 4 ਕਾਰਨ
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਵਿਸ਼ਵ ਕੱਪ ਦਾ ਆਖਰੀ ਲੀਗ ਮੈਚ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਜਾਰੀ ਸੀ। ਭਾਰਤੀ ਟੀਮ ਦੀਆਂ ਨਜ਼ਰਾਂ ਉਸ ਮੈਚ ਉੱਤੇ ਸਨ।
ਜਿਵੇਂ ਪਤਾ ਲਗਿਆ ਕਿ ਮੈਚ ਆਸਟ੍ਰੇਲੀਆ ਹਾਰ ਗਿਆ ਹੈ ਤੇ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਣਾ ਹੈ ਤਾਂ ਉਸੇ ਵੇਲੇ ਤੋਂ ਹੀ ਕਿਆਸਰਾਈਆਂ ਤੇਜ਼ ਹੋ ਗਈਆਂ ਸਨ।
ਜਿਵੇਂ, ਕੀ ਭਾਰਤ ਬਿਨਾਂ ਸੈਮੀ-ਫਾਈਨਲ ਖੇਡੇ ਵੀ ਪਹੁੰਚ ਸਕਦਾ ਹੈ? ਕੀ ਇਹ ਭਾਰਤ ਲਈ ਚੰਗਾ ਹੈ ਕਿ ਭਾਰਤ ਦਾ ਸੈਮੀਫਾਈਨਲ ਵਿੱਚ ਮੁਕਾਬਲਾ ਆਸਟ੍ਰੇਲੀਆ ਜਾਂ ਇੰਗਲੈਂਡ ਵਰਗੀ ਤਾਕਤਵਰ ਟੀਮਾਂ ਨਾਲ ਨਹੀਂ ਹੋਵੇਗਾ?
ਕਿਤੇ ਨਾ ਕਿਤੇ ਭਾਰਤ ਨਿਊਜ਼ੀਲੈਂਡ ਦੇ ਸਾਹਮਣੇ ਕਾਫੀ ਮਜ਼ਬੂਤ ਟੀਮ ਨਜ਼ਰ ਆ ਰਹੀ ਸੀ ਪਰ ਸੈਮੀ-ਫਾਈਨਲ ਵਿੱਚ ਮੈਦਾਨ ਉੱਤੇ ਨਿਊਜ਼ੀਲੈਂਡ ਭਾਰਤ ਉੱਤੇ ਭਾਰੂ ਨਜ਼ਰ ਆਈ।
ਦੋ ਦਿਨਾਂ ਤੱਕ ਚੱਲੇ ਇਸ ਇੱਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਭਾਵੇਂ ਰਵਿੰਦਰ ਜਡੇਜਾ ਦੀ ਸ਼ਾਨਦਾਰ ਪਾਰੀ ਨੇ ਕੁਝ ਟੱਕਰ ਜ਼ਰੂਰ ਦਿੱਤੀ ਪਰ ਸ਼ੁਰੂਆਤੀ ਝਟਕਿਆਂ ਤੋਂ ਭਾਰਤ ਫਿਰ ਵੀ ਉਭਰ ਨਹੀਂ ਸਕਿਆ।
ਇਹ ਵੀ ਪੜ੍ਹੋ:
ਵਿਸ਼ਵ ਕੱਪ ਵਿੱਚ ਪੰਜ ਸੈਂਕੜੇ ਮਾਰਨ ਦਾ ਰਿਕਾਰਡ ਬਣਾਉਣ ਵਾਲੇ ਰੋਹਿਤ ਸ਼ਰਮਾ ਤੋਂ ਭਾਰਤੀ ਟੀਮ ਤੇ ਫੈਨਜ਼ ਨੂੰ ਕਾਫੀ ਉਮੀਦਾਂ ਸਨ। ਪਰ ਹਰ ਮੈਚ ਵਿੱਚ ਸੈਂਕੜਾ ਮਾਰਨਾ ਤਾਂ ਮੁਮਕਿਨ ਨਹੀਂ।
ਪਰ ਰੋਹਿਤ-ਕੋਹਲੀ-ਰਾਹੁਲ ਦਾ 1-1-1 ਦਾ ਸਕੋਰ ਬਣਾ ਕੇ ਆਊਟ ਹੋਣਾ ਭਾਰਤੀ ਫੈਨਜ਼ ਨੂੰ ਨਿਰਾਸ਼ ਕਰ ਗਿਆ। ਸ਼ੋਰ ਖਾਮੋਸ਼ੀ ਵਿੱਚ ਬਦਲ ਗਿਆ।
ਸੁਵਿੰਗ ਹੁੰਦੀਆਂ ਗੇਂਦਾਂ ਫਿਰ ਬਣੀਆਂ ਪ੍ਰੇਸ਼ਾਨੀ
ਇੰਗਲੈਂਡ ਦੀਆਂ ਪਿੱਚਾਂ ਉੱਤੇ ਘੁੰਮਦੀਆਂ ਗੇਂਦਾਂ ਹਮੇਸ਼ਾ ਭਾਰਤੀ ਖਿਡਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹਨ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ, ਮੌਸਮ ਤੇ ਪਿੱਚ ਤਿੰਨਾਂ ਨੇ ਮਿਲ ਕੇ ਪ੍ਰੇਸ਼ਾਨੀ ਫਿਰ ਤੋਂ ਭਾਰਤ ਦੇ ਸਾਹਮਣੇ ਖੜ੍ਹੀ ਕਰ ਦਿੱਤੀ।
ਤੇਜ਼ ਰਫ਼ਤਾਰ ਨਾਲ ਘੁੰਮਦੀਆਂ ਗੇਂਦਾਂ 'ਤੇ ਰੋਹਿਤ ਆਊਟ ਹੋਏ। ਕੋਹਲੀ ਤੋਂ ਫੈਨਜ਼ ਨੂੰ ਉਮੀਦ ਸੀ। ਪਰ ਬੌਲਟ ਤੇ ਹੈਨਰੀ ਦੀਆਂ ਗੇਂਦਾਂ ਨੇ ਭਾਰਤੀ ਕਪਤਾਨ ਨੂੰ ਘੁੰਮਣਘੇਰੀ ਵਿੱਚ ਪਾ ਦਿੱਤਾ।
ਵਿਰਾਟ ਕੋਹਲੀ ਵੀ ਬੌਲਟ ਦੀ ਤੇਜ਼ੀ ਨਾਲ ਅੰਦਰ ਆਉਂਦੀ ਗੇਂਦ ਉੱਤੇ ਐੱਲਬੀਡਬਲਿਊ ਹੋ ਗਏ।
ਉਸ ਤੋਂ ਬਾਅਦ ਕੇ ਐੱਲ ਰਾਹੁਲ ਜਿਨ੍ਹਾਂ ਨੇ ਪਿਛਲੇ ਦੋ ਮੈਚਾਂ ਵਿੱਚ ਕੁਝ ਹੌਂਸਲਾ ਹਾਸਿਲ ਕੀਤਾ ਸੀ, ਉਹ ਵੀ ਸੁਵਿੰਗ ਅੱਗੇ ਨਾਕਾਮ ਸਾਬਿਤ ਹੋਏ। ਯਾਨੀ ਭਾਰਤ ਦੇ ਤਿੰਨੋ ਬੱਲੇਬਾਜ਼ਾਂ ਕੋਲ ਇਸ ਉੱਚ ਪੱਧਰ ਦੀ ਗੇਂਦਬਾਜ਼ੀ ਦਾ ਜਵਾਬ ਨਹੀਂ ਸੀ ਜਾਂ ਕਹੀਏ ਕਿ ਜਵਾਬ ਦੇ ਨਹੀਂ ਸਕੇ
ਮਿਡਲ ਆਡਰ ਦੀ ਨਾਕਾਮੀ?
ਰੋਹਿਤ, ਕੋਹਲੀ ਤੇ ਕੇ ਐੱਲ ਰਾਹੁਲ ਦੀਆਂ ਵਿਕਟਾਂ ਢਹਿਢੇਰੀ ਹੋਣ ਤੋਂ ਬਾਅਦ ਜ਼ਿੰਮੇਵਾਰੀ ਰਿਸ਼ਬ ਪੰਤ ਤੇ ਦਿਨੇਸ਼ ਕਾਰਤਿਕ ਉੱਤੇ ਸੀ। ਦੋਵਾਂ ਨੇ ਪਾਰੀ ਨੂੰ ਕੁਝ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਦਿਨੇਸ਼ ਕਾਰਤਿਕ ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਜਿਸ ਲਈ ਉਨ੍ਹਾਂ ਨੂੰ ਵਿਸ਼ਵ ਕੱਪ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਪਹਿਲੀਆਂ 18-19 ਗੇਂਦਾਂ ਤੱਕ ਤਾਂ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ ਅਤੇ 6 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
ਜਦੋਂ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਚੁਣਿਆ ਗਿਆ ਸੀ ਤਾਂ ਰਿਸ਼ਬ ਦੀ ਥਾਂ ਦਿਨੇਸ਼ ਕਾਰਤਿਕ ਦੀ ਚੋਣ ਹੋਈ ਸੀ।
ਭਾਵੇਂ ਮਹਿੰਦਰ ਸਿੰਘ ਧੋਨੀ ਦੀ ਮੌਜੂਦਗੀ ਕਰਕੇ ਵਿਕਟ ਕੀਪਿੰਗ ਦੇ ਮੌਕੇ ਦਿਨੇਸ਼ ਕਾਰਤਿਕ ਨੂੰ ਆਪਣੇ ਕਰਿਅਰ ਵਿੱਚ ਨਹੀਂ ਮਿਲੇ ਪਰ ਬੈਟਿੰਗ ਦੇ ਕਈ ਮੌਕੇ ਉਨ੍ਹਾਂ ਨੂੰ ਮਿਲੇ ਹਨ, ਜਿਨ੍ਹਾਂ ਵਿੱਚੋਂ ਵਿਸ਼ਵ ਕੱਪ 2019 ਦੀ ਚੁਣੇ ਜਾਣਾ ਵੀ ਸ਼ਾਮਿਲ ਸੀ।
ਇਹ ਵੀ ਪੜ੍ਹੋ:
ਵਿਸ਼ਵ ਕੱਪ 2019 ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਦੇ ਮਿਡਲ ਆਡਰ ਬਾਰੇ ਚਰਚਾ ਜ਼ੋਰਾਂ 'ਤੇ ਸੀ।
ਵਿਜੇ ਸ਼ੰਕਰ ਨੂੰ ਅੰਬਾਤੀ ਰਾਇਡੂ ਦੀ ਥਾਂ ਚੁਣਿਆ ਗਿਆ ਤੇ ਕਿਹਾ ਉਹ 'ਥ੍ਰੀ ਡਾਇਮੈਸ਼ਨਲ ਪਲੇਅਰ' ਹਨ ਅੰਬਾਤੀ ਨਹੀਂ। ਚੌਥੇ ਨੰਬਰ ਲਈ ਕੇ ਐੱਲ ਬਾਰੇ ਵੀ ਸੋਚਿਆ ਜਾ ਰਿਹਾ ਸੀ ਪਰ ਸ਼ਿਖਰ ਧਵਨ ਦੀ ਚੋਟ ਕਾਰਨ ਉਨ੍ਹਾਂ ਨੂੰ ਸਾਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣੀ ਪਈ।
ਬੈਟਿੰਗ ਵਿੱਚ ਵਿਜੇ ਸ਼ੰਕਰ ਤਾਂ ਕੁਝ ਖ਼ਾਸ ਨਹੀਂ ਕਰ ਸਕੇ ਫਿਰ ਉਹ ਵੀ ਜ਼ਖਮੀ ਹੋ ਗਏ। ਪਰ ਉਸ ਤੋਂ ਬਾਅਦ ਮਯੰਕ ਅਗਰਵਾਲ ਨੂੰ ਭਾਰਤ ਤੋਂ ਬੁਲਾਇਆ ਗਿਆ, ਜਿਨ੍ਹਾਂ ਨੇ ਅਜੇ ਇੱਕ ਵੀ ਵਨ ਡੇਅ ਮੈਚ ਨਹੀਂ ਵੀ ਖੇਡਿਆ ਹੈ।
ਭਾਵੇਂ ਇਸ ਤੋਂ ਬਾਅਦ ਅੰਬਾਤੀ ਰਾਇਡੂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਤਾਂ ਮਿਡਲ ਆਡਰ ਵਿੱਚ ਕੋਈ ਅਜਿਹਾ ਬੱਲੇਬਾਜ਼ ਨਹੀਂ ਬਣ ਸਕਿਆ ਜਿਸ ਉੱਤੇ ਸੈਮੀ-ਫਾਈਨਲ ਵਰਗੇ ਵੱਡੇ ਮੈਚ ਮੌਕੇ ਭਰੋਸਾ ਜਤਾਇਆ ਜਾ ਸਕੇ।
ਪੰਤ ਤੇ ਪਾਂਡਿਆ ਦੀ ਲਾਪ੍ਰਵਾਹੀ
ਰਿਸ਼ਬ ਪੰਤ ਤੇਜ਼ੀ ਨਾਲ ਰਨ ਬਣਾਉਣ ਵਾਲੇ ਬੱਲੇਬਾਜ਼ ਮੰਨੇ ਜਾਂਦੇ ਹਨ ਪਰ ਤੇਜ਼ੀ ਨਾਲ ਜ਼ਿੰਮੇਵਾਰੀ ਵੀ ਟੀਮ ਲਈ ਅਹਿਮ ਹੈ। ਸੈਮੀ-ਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ ਉਨ੍ਹਾਂ ਨੂੰ ਸ਼ੁਰੂਆਤ ਮਿਲ ਚੁੱਕੀ ਸੀ। 32 ਦੌੜਾਂ ਦੀ ਸ਼ਾਨਦਾਰ ਪਾਰੀ ਉਹ ਖੇਡ ਚੁੱਕੇ ਸਨ।
ਇਹ ਵੀ ਪੜ੍ਹੋ:
ਉਮੀਦ ਵੀ ਭਾਰਤ ਲਈ ਕੁਝ ਮਜ਼ਬੂਤ ਹੋ ਰਹੀ ਸੀ ਪਰ ਅਚਾਨਕ ਸੈਂਟਨਰ ਦੀ ਗੇਂਦ ਉੱਤੇ ਰਿਸ਼ਬ ਪੰਤ ਨੇ ਹਵਾ ਵਿੱਚ ਸ਼ਾਟ ਮਾਰਿਆ ਜਿੱਥੇ ਸ਼ਾਟ ਮਾਰਿਆ ਉੱਥੇ ਖਿਡਾਰੀ ਮੌਜੂਦ ਸੀ ਤੇ ਉਸ ਨੇ ਆਸਾਨ ਜਿਹਾ ਕੈਚ ਲਪਕ ਲਿਆ।
ਭਾਰਤ ਲਗਾਤਾਰ ਜਿਸ ਤਰ੍ਹਾਂ ਵਿਕਟਾਂ ਗੁਆ ਰਿਹਾ ਸੀ ਉਸ ਵੇਲੇ ਰਿਸ਼ਬ ਪੰਤ ਦਾ ਇਹ ਸ਼ਾਟ ਭਾਰਤੀ ਫੈਨਜ਼ ਦਾ ਦਿਲ ਤੋੜ ਗਿਆ। ਜੇ ਉਸ ਵੇਲੇ ਰਿਸ਼ਬ ਪੰਤ ਕੁਝ ਦੇਰ ਵੀ ਪਿੱਚ ਉੱਤੇ ਟਿਕ ਜਾਂਦੇ ਤਾਂ ਮੈਚ ਕਿਸੇ ਪਾਸੇ ਵੀ ਮੁੜ ਸਕਦਾ ਸੀ।
ਪਾਂਡਿਆ ਵੀ ਜਦੋਂ 32 ਦੇ ਸਕੋਰ ਉੱਤੇ ਪਹੁੰਚੇ ਤਾਂ ਉਹ ਵੀ ਸੈਂਟਨਰ ਦੀ ਗੇਂਦ 'ਤੇ ਗਲਤ ਸ਼ਾਟ ਖੇਡ ਗਏ। ਉਨ੍ਹਾਂ ਦਾ ਕੈਚ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਨੇ ਲਪਕ ਲਿਆ।
ਧੋਨੀ ਹੁਣ ਫਿਨਿਸ਼ਰ ਨਹੀਂ?
ਮਹਿੰਦਰ ਸਿੰਘ ਧੋਨੀ ਨੇ ਜਡੇਜਾ ਨਾਲ ਟੀਮ ਨੂੰ ਇੱਕ ਫਾਈਟ ਬੈਕ ਦਾ ਮੌਕਾ ਭਾਵੇਂ ਦਿੱਤਾ ਪਰ ਇਸ ਵਾਰ ਵੀ ਉਹ ਸਮੇਂ ਸਿਰ ਗੇਅਰ ਬਦਲਣ ਵਿੱਚ ਨਾਕਾਮ ਰਹੇ। ਪਿਛਲੇ ਮੈਚਾਂ ਵਿੱਚ ਵੀ ਧੋਨੀ ਦਾ ਹੌਲੀ ਖੇਡਣਾ ਉਨ੍ਹਾਂ ਦੀ ਨਿੰਦਾ ਦਾ ਕਾਰਨ ਬਣਿਆ ਸੀ।
ਭਾਵੇਂ ਵਿਰਾਟ ਤੋਂ ਲੈ ਕੇ ਬੁਮਰਾਹ ਤੱਕ ਹਰ ਕਿਸੇ ਨੇ ਮਹਿੰਦਰ ਸਿੰਘ ਧੋਨੀ ਦਾ ਬਚਾਅ ਕੀਤਾ।
ਮਹਿੰਦਰ ਸਿੰਘ ਧੋਨੀ ਵਿਕਟਾਂ ਵਿਚਾਲੇ ਤੇਜ਼ੀ ਨਾਲ ਦੌੜਨ ਲਈ ਜਾਣੇ ਜਾਂਦੇ ਹਨ। ਪਰ ਉਸੇ ਧੋਨੀ ਦਾ ਸੈਮੀ-ਫਾਈਨਲ ਵਿੱਚ ਰਨ ਆਊਟ ਹੋਣਾ ਜਿੱਥੇ ਫੈਨਜ਼ ਦੀਆਂ ਆਖਰੀਆਂ ਉਮੀਦਾਂ ਨੂੰ ਵੀ ਤੋੜ ਗਿਆ , ਉੱਥੇ ਉਹ ਸਵਾਲ ਮੁੜ ਖੜ੍ਹੇ ਕਰ ਗਿਆ ਜੋ ਪਿਛਲੇ ਸਮੇਂ ਵਿੱਚ ਕਈ ਵਾਰ ਉਨ੍ਹਾਂ 'ਤੇ ਚੁੱਕੇ ਗਏ ਹਨ।
ਉਹ ਮੈਚ ਫਿਨਿਸ਼ਰ ਵਜੋਂ ਜਾਣੇ ਜਾਂਦੇ ਹਨ, ਯੁਵਰਾਜ ਵੀ ਇਸੇ ਰੋਲ ਵਿੱਚ ਨਜ਼ਰ ਆਉਂਦੇ ਸਨ ਪਰ ਕੀ ਹੁਣ ਇਸ ਭੂਮਿਕਾ ਲਈ ਭਾਰਤ ਨੂੰ ਕਿਸ ਹੋਰ ਖਿਡਾਰੀ ਬਾਰੇ ਸੋਚਣਾ ਹੋਵੇਗਾ?
ਖ਼ੈਰ ਅਗਲੇ ਵਿਸ਼ਵ ਕੱਪ ਤੱਕ ਤਾਂ ਰੋਹਿਤ ਸ਼ਰਮਾ 36 ਸਾਲਾਂ ਦੇ ਵਿਰਾਟ 34 ਤੇ ਸ਼ਿਖ਼ਰ ਧਵਨ 37 ਸਾਲਾਂ ਦੇ ਹੋ ਜਾਣਗੇ। ਵਕਫਾ ਚਾਰ ਸਾਲਾਂ ਦਾ ਹੈ ਤਾਂ ਟੀਮ ਵਿੱਚ ਕਾਫੀ ਬਦਲਾਅ ਵੀ ਹੋਣਗੇ ਪਰ ਨਜ਼ਰਾਂ ਇਨ੍ਹਾਂ ਸੀਨੀਅਰ ਖਿਡਾਰੀਆਂ ਦੇ ਆਲੇ-ਦੁਆਲੇ ਉਭਰਦੇ ਖਿਡਾਰੀਆਂ 'ਤੇ ਰਹਿਣਗੀਆਂ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਵੇਖੋ