ਫ਼ਿਲਮ 'ਕਬੀਰ ਸਿੰਘ' ਨੂੰ ਦੇਖ ਕੇ ਤਾੜੀਆਂ ਕਿਉਂ ਮਾਰ ਰਹੇ ਹਨ ਲੋਕ: ਬਲਾਗ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਫ਼ਿਲਮ 'ਕਬੀਰ ਸਿੰਘ' ਪਿਆਰ ਦੀ ਕਹਾਣੀ ਨਹੀਂ ਹੈ। ਇਹ ਇੱਕ ਆਦਮੀ ਦੇ ਪਾਗਲਪਣ ਦੀ ਕਹਾਣੀ ਹੈ ਕਬੀਰ ਸਿੰਘ ਦਾ ਪਾਗਲਪਨ ਘਿਨਾਉਣਾ ਹੈ ਅਤੇ ਫ਼ਿਲਮ ਉਸੇ ਕਿਰਦਾਰ ਨੂੰ ਹੀਰੋ ਬਣਾ ਦਿੰਦੀ ਹੈ।

ਉਹ ਆਦਮੀ, ਜਿਸ ਨੂੰ ਜਦੋਂ ਆਪਣਾ ਪਿਆਰ ਨਹੀਂ ਮਿਲਦਾ ਉਹ ਕਿਸੇ ਵੀ ਰਾਹ ਜਾਂਦੀ ਕੁੜੀ ਨਾਲ ਬਿਨਾਂ ਜਾਣ-ਪਛਾਣ ਦੇ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਹੈ।

ਇੱਥੋਂ ਤੱਕ ਕਿ ਇੱਕ ਕੁੜੀ ਇਨਕਾਰ ਕਰੇ ਤਾਂ ਚਾਕੂ ਦੀ ਨੋਕ 'ਤੇ ਉਸ ਨੂੰ ਕੱਪੜੇ ਲਾਹੁਣ ਲਈ ਕਹਿੰਦਾ ਹੈ।

ਉਹ ਇਸ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਨਾਲ 450 ਵਾਰ ਸੈਕਸ ਕਰ ਚੁੱਕਿਆ ਹੈ ਅਤੇ ਹੁਣ ਜਦੋਂ ਉਹ ਨਹੀਂ ਹੈ ਤਾਂ ਆਪਣੀ ਗਰਮੀ ਨੂੰ ਸ਼ਾਂਤ ਕਰਨ ਲਈ ਸਰੇਆਮ ਆਪਣੀ ਪੈਂਟ ਵਿੱਚ ਬਰਫ਼ ਪਾਉਂਦਾ ਹੈ।

ਮਰਦਾਨਗੀ ਦੀ ਇਸ ਨੁਮਾਇਸ਼ 'ਤੇ ਸਿਨੇਮਾ ਹਾਲ ਵਿੱਚ ਲੋਕ ਉੱਚੀ-ਉੱਚੀ ਹੱਸਦੇ ਹਨ।

'ਕਬੀਰ ਸਿੰਘ' ਤੇਲੁਗੂ ਫ਼ਿਲਮ 'ਅਰਜੁਨ ਰੈੱਡੀ' ਦੀ ਰੀਮੇਕ ਹੈ। ਇਹ ਫ਼ਿਲਮ ਉਸ ਪ੍ਰੇਮੀ ਦੀ ਕਹਾਣੀ ਹੈ ਜਿਸਦੀ ਪ੍ਰੇਮਿਕਾ ਦਾ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਦੇ ਖ਼ਿਲਾਫ਼ ਹੈ ਅਤੇ ਪ੍ਰੇਮਿਕਾ ਦਾ ਵਿਆਹ ਜ਼ਬਰਦਸਤੀ ਕਿਸੇ ਹੋਰ ਮੁੰਡੇ ਨਾਲ ਕਰਵਾ ਦਿੰਦਾ ਹੈ।

ਇਹ ਵੀ ਪੜ੍ਹੋ:

ਜੰਗਲੀਪੁਣੇ ਦੀ ਸ਼ਕਲ ਲੈਂਦਾ ਵਿਰਲਾਪ

ਇਸ ਤੋਂ ਬਾਅਦ ਪ੍ਰੇਮੀ ਕਬੀਰ ਸਿੰਘ ਦਾ ਵਿਰਲਾਪ ਜੰਗਲੀਪੁਣੇ ਦੀ ਸ਼ਕਲ ਧਾਰਨ ਕਰ ਲੈਂਦਾ ਹੈ। ਕਿਉਂਕਿ ਉਹ ਕਿਰਦਾਰ ਸ਼ੁਰੂ ਤੋਂ ਹੀ ਔਰਤ ਨੂੰ ਆਪਣੀ ਜਾਗੀਰ ਮੰਨਣ ਵਾਲਾ ਅਤੇ 'ਉਹ ਮੇਰੀ ਨਹੀਂ ਤਾਂ ਕਿਸੇ ਹੋਰ ਦੀ ਵੀ ਨਹੀਂ ਹੋਵੇਗੀ' ਵਾਲੀ ਮਾਨਸਿਕਤਾ ਵਾਲਾ ਹੈ।

ਪ੍ਰੇਮਿਕਾ ਹਰ ਵੇਲੇ ਸਲਵਾਰ ਕਮੀਜ਼ ਪਾ ਕੇ ਰੱਖਦੀ ਹੈ ਅਤੇ ਦੁਪੱਟਾ ਲੈ ਕੇ ਰੱਖਦੀ ਹੈ ਪਰ ਉਹ ਉਸ ਨੂੰ ਗਲਾ ਢਕਣ ਨੂੰ ਕਹਿੰਦਾ ਹੈ।

ਉਹ 'ਉਸਦੀ' ਹੈ ਇਹ ਸਾਬਿਤ ਕਰਨ ਲਈ ਪੂਰੇ ਕਾਲਜ ਨੂੰ ਧਮਕਾਉਂਦਾ ਹੈ। ਹੋਲੀ ਦੇ ਤਿਉਹਾਰ 'ਤੇ ਸਭ ਤੋਂ ਪਹਿਲਾਂ ਉਹੀ ਉਸ ਨੂੰ ਰੰਗ ਲਗਾਵੇ, ਇਸ ਲਈ ਲੰਬਾ-ਚੌੜਾ ਇਤਜ਼ਾਮ ਕਰਦਾ ਹੈ।

ਉਸ ਨੂੰ ਇਹ ਵੀ ਕਹਿੰਦਾ ਹੈ ਕਿ ਉਸਦਾ ਕੋਈ ਵਜੂਦ ਨਹੀਂ ਅਤੇ ''ਕਾਲਜ ਵਿੱਚ ਲੋਕ ਉਸ ਨੂੰ ਸਿਰਫ਼ ਇਸ ਲਈ ਜਾਣਦੇ ਹਨ ਕਿਉਂਕਿ ਉਹ ਕਬੀਰ ਸਿੰਘ ਦੀ ਬੰਦੀ ਹੈ।''

ਸ਼ਰੇਆਮ ਸ਼ਰਾਬ ਪੀਣ, ਸਿਗਰੇਟ ਦਾ ਧੂੰਆਂ ਉਡਾਉਣ ਅਤੇ ਦਿੱਲੀ ਵਰਗੇ 'ਅਨਆਰਥੋਡੋਕਸ' ਯਾਨਿ ਖੁੱਲ੍ਹੇ ਵਿਚਾਰਾਂ ਵਾਲੇ ਸ਼ਹਿਰ ਵਿੱਚ ਵਿਆਹ ਤੋਂ ਪਹਿਲਾਂ ਆਮ ਤੌਰ 'ਤੇ ਸੈਕਸ ਕਰਨ ਦਾ ਮਾਹੌਲ, ਇਹ ਸਭ ਦਿਖਾਵਾ ਹੈ।

ਚੰਗੇ ਸਮਾਜ ਦਾ ਦਬੰਗ

ਫ਼ਿਲਮ ਵਿੱਚ ਕੁਝ ਵੀ ਪ੍ਰਗਤੀਸ਼ੀਲ, ਖੁੱਲ੍ਹਾ, ਨਵੀਂ ਸੋਚ ਵਰਗਾ ਨਹੀਂ ਹੈ। ਇਸ ਫ਼ਿਲਮ ਦਾ ਹੀਰੋ ਆਪਣੀ ਪ੍ਰੇਮਿਕਾ ਨੂੰ ਹਰ ਤਰੀਕੇ ਨਾਲ ਆਪਣੇ ਕਾਬੂ ਵਿੱਚ ਕਰਨਾ ਚਾਹੁੰਦਾ ਹੈ ਅਤੇ ਪਸੰਦ ਦੀ ਗੱਲ ਨਾ ਹੋਣ 'ਤੇ ਗੁੱਸੇ ਵਾਲੇ ਸੁਭਾਅ ਦੀ ਆੜ ਵਿੱਚ ਜੰਗਲੀਪੁਣੇ 'ਤੇ ਉਤਰ ਆਉਂਦਾ ਹੈ।

ਉਸਦੇ ਪਿਤਾ ਨਾਲ ਬਦਤਮੀਜ਼ੀ ਕਰਦਾ ਹੈ, ਆਪਣੇ ਦੋਸਤਾਂ ਅਤੇ ਉਨ੍ਹਾਂ ਦੇ ਕੰਮਾਂ ਨੂੰ ਨੀਵਾਂ ਦਿਖਾਉਂਦਾ ਹੈ, ਆਪਣੇ ਕਾਲਜ ਵਿੱਚ ਡੀਨ ਦੀ ਬੇਇੱਜ਼ਤੀ ਕਰਦਾ ਹੈ, ਆਪਣੀ ਦਾਦੀ 'ਤੇ ਚੀਕਦਾ ਹੈ ਅਤੇ ਆਪਣੇ ਘਰ ਵਿੱਚ ਕੰਮ ਕਰਨ ਵਾਲੀ ਬਾਈ ਵੱਲੋਂ ਗ਼ਲਤੀ ਨਾਲ ਕੱਚ ਦਾ ਗਿਲਾਸ ਤੋੜਨ 'ਤੇ ਉਸ ਨੂੰ ਚਾਰ ਮੰਜ਼ਿਲਾਂ ਪੌੜੀਆਂ ਤੋਂ ਦੜਾਉਂਦਾ ਹੈ।

ਦਰਅਸਲ ਕਬੀਰ ਸਿੰਘ ਚੰਗੇ ਸਮਾਜ ਦਾ ਦਬੰਗ ਹੈ। ਬਿਨਾਂ ਲਾਗ-ਲਪੇਟ ਕਹੀਏ ਤਾਂ ਇਹ ਕਿਰਦਾਰ ਇੱਕ ਗੁੰਡਾ ਹੈ।

ਪਿਆਰ ਪਾਉਣ ਦੀ ਜ਼ਿੱਦ ਅਤੇ ਨਾ ਮਿਲਣ ਦੀ ਸੱਟ ਦੋਵੇਂ ਸਿਰਫ਼ ਬਹਾਨੇ ਹਨ। ਇਸ ਕਿਰਦਾਰ ਦੀਆਂ ਹਰਕਤਾਂ ਨੂੰ ਜਾਇਜ਼ ਠਹਿਰਾਉਣ ਦੇ, ਉਸ ਨੂੰ ਹੀਰੋ ਬਣਾਉਣ ਦੇ।

ਇਹ ਵੀ ਪੜ੍ਹੋ:

ਹਿੰਦੀ ਫ਼ਿਲਮ ਦੇ ਹੀਰੋ ਨੂੰ ਸੱਤ ਖ਼ੂਨ ਮਾਫ਼ ਹੁੰਦੇ ਹਨ। ਉਸ ਕਿਰਦਾਰ ਦੀਆਂ ਕਮੀਆਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਦੇਖਣ ਵਾਲਿਆਂ ਦੀ ਨਜ਼ਰ ਵਿੱਚ ਉਹ ਮਜਬੂਰੀ 'ਚ ਕੀਤੀਆਂ ਗਈਆਂ ਗ਼ਲਤੀਆਂ ਲੱਗਣ।

ਕਬੀਰ ਸਿੰਘ ਦਾ ਬੇਹਿਸਾਬ ਗੁੱਸਾ ਹੋਵੇ, ਬਦਜ਼ੁਬਾਨੀ ਹੋਵੇ ਜਾਂ ਆਪਣੀ ਪ੍ਰੇਮਿਕਾ ਦੇ ਨਾਲ ਬਦਸਲੂਕੀ, ਉਸਦੇ ਦੋਸਤ, ਉਸਦਾ ਪਰਿਵਾਰ, ਉਸਦੇ ਨਾਲ ਕੰਮ ਕਰਨ ਵਾਲੇ, ਉਸਦੇ ਕਾਲਜ ਦੇ ਡੀਨ ਅਤੇ ਉਸਦੀ ਪ੍ਰੇਮਿਕਾ ਤੱਕ, ਸਾਰੇ ਉਸ ਨੂੰ ਮਾਫ਼ ਕਰ ਦਿੰਦੇ ਹਨ। ਤਾਂ ਦੇਖਣ ਵਾਲੇ ਕਿਉਂ ਨਾ ਮਾਫ਼ ਕਰਨ?

ਦਹਾਕਿਆਂ ਤੋਂ ਔਰਤ ਨੂੰ ਕਾਬੂ ਵਿੱਚ ਰੱਖਣ ਵਾਲੇ ਮਰਦਾਨਾ ਕਿਰਦਾਰ ਪਸੰਦ ਕੀਤੇ ਗਏ ਹਨ। ਅਜਿਹੀਆਂ ਫ਼ਿਲਮਾਂ ਕਰੋੜਾਂ ਕਮਾਉਂਦੀਆਂ ਹਨ ਅਤੇ ਸੋਚ ਤੋਂ ਪਰੇ ਰੂੜ੍ਹੀਵਾਦੀ ਖਿਆਲਾਂ ਨੂੰ ਜਾਇਜ਼ ਠਹਿਰਾਉਂਦੀ ਹੈ।

ਕਬੀਰ ਸਿੰਘ ਸ਼ਰਾਬੀ ਹੋ ਜਾਂਦਾ ਹੈ ਪਰ ਉਸਦੇ ਦੋਸਤ ਉਸਦਾ ਸਾਥ ਨਹੀਂ ਛੱਡਦੇ ਸਗੋਂ ਇੱਕ ਦੋਸਤ ਦਾ ਸਮੱਸਿਆ ਦੇ ਹੱਲ ਦੇ ਤੌਰ 'ਤੇ ਆਪਣੀ ਭੈਣ 'ਪੇਸ਼' ਕਰਦਾ ਹੈ।

"ਮੇਰੀ ਭੈਣ ਤੇਰੇ ਬਾਰੇ ਸਭ ਜਾਣਦੀ ਹੈ ਪਰ ਫਿਰ ਵੀ ਤੈਨੂੰ ਬਹੁਤ ਪਸੰਦ ਕਰਦੀ ਹੈ, ਤੂੰ ਉਸ ਨਾਲ ਵਿਆਹ ਕਰਾਵੇਂਗਾ?"

ਇੱਕ ਔਰਤ ਦੇ ਦਿੱਤੇ ਗਏ ਗ਼ਮ ਵਿੱਚੋਂ ਨਿਕਲਣ ਲਈ ਇੱਕ ਦੂਜੀ ਔਰਤ ਦਾ ਬਲਿਦਾਨ। ਇੱਕ ਸ਼ਰਾਬੀ ਬਦਤਮੀਜ਼ ਆਦਮੀ ਜਿਹੜਾ ਪਿਆਰ 'ਚ ਲੱਗੀ ਸੱਟ ਨੂੰ ਵਜ੍ਹਾ ਬਣਾ ਕੇ ਕਿਸੇ ਵੀ ਕੁੜੀ ਨਾਲ ਸੌਂਦਾ ਹੈ, ਅਜਿਹੀ ਆਦਮੀ ਨੂੰ ਪਸੰਦ ਕਰਨ ਵਾਲੀ ਭੈਣ।

ਇੱਕ ਵਾਰ ਮੁੜ ਇੱਕ ਫ਼ਿਲਮ ਪਿਆਰ ਦੇ ਨਾਮ 'ਤੇ ਹਿੰਸਾ ਦਾ ਜਸ਼ਨ ਮਨਾ ਰਹੀ ਹੈ। ਸਿਨੇਮਾ ਹਾਲ ਵਿੱਚ ਖ਼ੂਬ ਤਾੜੀਆਂ ਵੱਜਦੀਆਂ ਹਨ। ਸੀਟੀਆਂ ਨਾਲ ਹੀਰੋ ਦਾ ਸਵਾਗਤ ਹੋ ਰਿਹਾ ਹੈ।

ਪਰ ਕੁੜੀਆਂ ਨੂੰ ਕਿਸ ਤਰ੍ਹਾਂ ਦੇ ਮੁੰਡੇ ਪਸੰਦ ਹੁੰਦੇ ਹਨ? ਅਜਿਹੇ ਤਾਂ ਨਹੀਂ। ਫਿਲਮ ਦੀ ਕਾਲਪਨਿਕ ਦੁਨੀਆਂ ਵਿੱਚ ਵੀ ਅਜਿਹਾ ਆਦਮੀ ਮੇਰਾ ਹੀਰੋ ਨਹੀਂ ਹੋ ਸਕਦਾ।

ਪ੍ਰੇਮਿਕਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ

ਜਿਹੜਾ ਮੈਨੂੰ ਪਿਆਰ ਕਰੇ ਪਰ ਮੇਰੇ ਵਜੂਦ ਨੂੰ ਨਾਕਾਰ ਦੇਵੇ, ਮੈਨੂੰ ਹਰ ਵੇਲੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇ, ਜਿਸ ਨੂੰ ਨਾ ਮੇਰੇ ਨਜ਼ਰੀਏ ਦੀ ਸਮਝ ਹੋਵੇ ਅਤੇ ਨਾ ਪਰਵਾਹ।

ਫਿਰ ਮੈਂ ਨਾ ਮਿਲਾ ਤਾਂ ਕਿਤਾਬ ਵਿੱਚ ਲਿਖੀ ਹਰ ਘਿਨਾਉਣੀ ਹਰਕਤ ਕਰੇ ਅਤੇ ਫ਼ਿਲਮ ਵਿੱਚ ਵਾਰ-ਵਾਰ ਉਨ੍ਹਾਂ ਸਾਰੀਆਂ ਹਰਕਤਾਂ ਲਈ, ਉਸਦੀ ਪ੍ਰੇਮਿਕਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।

ਸਾਰੀਆਂ ਪ੍ਰੇਸ਼ਾਨੀਆਂ ਦੀ ਜੜ ਉਸ ਨੂੰ ਬਣਾ ਦਿੱਤਾ ਜਾਵੇ। ਕਬੀਰ ਸਿੰਘ ਦਾ ਗੁੱਸਾ, ਸ਼ਰਾਬ ਦੇ ਪ੍ਰਤੀ ਦੀਵਾਨਾਪਨ, ਮਰਨ ਦੀਆਂ ਕੋਸ਼ਿਸ਼ਾਂ, ਇਸ ਸਭ ਦੀ ਕਸੂਰਵਾਰ ਉਹ ਪ੍ਰੇਮਿਕਾ ਬਣਾ ਦਿੱਤੀ ਜਾਵੇ।

ਇਹ ਵੀ ਪੜ੍ਹੋ:

ਉਸ ਪ੍ਰੇਮਿਕਾ ਦੀ ਜ਼ਿੰਦਗੀ, ਉਸਦਾ ਇਕੱਲਾਪਣ, ਇਸਦੀ ਕੋਈ ਚਰਚਾ ਨਾ ਹੋਵੇ ਅਤੇ ਆਖ਼ਰੀ ਸੀਨ ਵਿੱਚ ਉਹ ਅਚਾਨਕ ਕਬੀਰ ਸਿੰਘ ਨੂੰ ਹਰ ਗੱਲ ਲਈ ਮਾਫ਼ ਕਰ ਦੇਵੇ ਅਤੇ ਉਹ ਹੀਰੋ ਬਣ ਜਾਵੇ।

ਪਿਆਰ ਵਰਗੇ ਖ਼ੂਬਸੂਰਤ ਰਿਸ਼ਤੇ ਜਿਸ ਵਿੱਚ ਹਿੰਸਾ ਨੂੰ ਕਿਸੇ ਵੀ ਪੱਧਰ 'ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਜਿਸ ਵਿੱਚ ਬਰਾਬਰੀ ਅਤੇ ਆਤਮ ਸਨਮਾਨ ਦੀ ਲੜਾਈ ਔਰਤਾਂ ਦਹਾਕਿਆਂ ਤੋਂ ਲੜ ਰਹੀਆਂ ਹਨ, ਉਸਦੇ ਬਾਰੇ ਸੋਚ ਕਿਵੇਂ ਖੁੱਲ੍ਹੇਗੀ?

ਤੁਹਾਡੇ ਤੋਂ ਹੀ ਸ਼ੁਰੂਆਤ ਹੋਵੇਗੀ। ਬਾਕਸ ਆਫਿਸ 'ਤੇ ਸਫਲਤਾ ਦੇ ਰੌਲੇ ਵਿਚਾਲੇ ਮੈਂ ਲਿਖਾਂਗੀ, ਤੁਸੀਂ ਪੜ੍ਹੋਗੇ ਅਤੇ ਇਸ ਨੂੰ ਬਾਰੀਕੀ ਨਾਲ ਸਮਝ ਕੇ ਨਕਾਰਣ ਦੀ ਗੁੰਜਾਇਸ਼ ਬਣੀ ਰਹੇਗੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)