ਬਾਲੀਵੁੱਡ ਦੀ ਸੈਕਸੀ ਟੀਚਰ ਤੇ ਹਕੀਕਤ ’ਚ ਫ਼ਰਕ – ਨਜ਼ਰੀਆ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਸ਼ਿਫੌਨ ਦੀ ਸਾੜੀ, ਲਾਲ ਸੁਰਖ ਰੰਗ ਵਾਲੀ, ਸਲੀਵਲੈਸ ਬਲਾਊਜ਼, ਗਲਾ ਅੱਗੇ ਤੋਂ ਵੀ ਡੁੰਘਾ ਅਤੇ ਪਿੱਛੋਂ ਵੀ। ਖੁਲੇ ਵਾਲ ਹਵਾ ਵਿੱਚ ਉੱਡਦੇ ਹੋਏ ਅਤੇ ਖੁੱਲਿਆ ਪੱਲਾ ਮੋਢੇ ਤੋਂ ਡਿੱਗਦਾ ਹੋਇਆ।

ਮੈਂ ਅੱਖਾਂ ਬੰਦ ਕੀਤੀਆਂ, ਦਿਮਾਗ ਦੇ ਘੋੜੇ ਦੌੜਾਏ ਅਤੇ ਆਪਣੇ ਸਕੂਲ-ਕਾਲਜ ਦੀ ਹਰ ਉਮਰ ਦੀ ਟੀਚਰ ਨੂੰ ਯਾਦ ਕੀਤਾ।

ਪਰ ਕੋਈ ਵੀ 2004 ਵਿੱਚ ਰਿਲੀਜ਼ ਹੋਈ 'ਮੈਂ ਹੂ ਨਾ' ਦੀ ਲਾਲ ਸਾੜੀ ਵਾਲੀ ਟੀਚਰ ਚਾਂਦਨੀ ਦੇ ਇਸ ਰੂਪ ਵਿੱਚ ਫਿੱਟ ਨਹੀਂ ਹੋਈ।

ਕੌਟਨ ਦੀ ਸਾੜੀ, ਸੇਫਟੀ ਪਿਨ ਨਾਲ ਟਿਕਿਆ ਪੱਲਾ ਅਤੇ ਸਿਮਟੇ ਵਾਲਾਂ ਵਾਲੀ ਟੀਚਰ ਤੋਂ ਅੱਗੇ ਦੀ ਕਲਪਨਾ ਤੱਕ ਵੀ ਜਾਣ ਦੀ ਹਿੰਮਤ ਨਹੀਂ ਕਰ ਰਹੀ ਸੀ।

ਇਹ ਵੀ ਪੜ੍ਹੋ:

ਸ਼ਾਇਦ ਮੈਂ ਮਰਦ ਹੁੰਦੀ ਤਾਂ ਕਲਪਨਾ ਦੀ ਉਡਾਨ ਕੁਝ ਹੋਰ ਹੁੰਦੀ ਜਾਂ ਸ਼ਾਇਦ ਨਹੀਂ।

ਸਕੂਲ-ਕਾਲਜ ਵਿੱਚ ਟੀਚਰ ਮਰਦ ਵੀ ਹੁੰਦੇ ਹਨ ਪਰ ਬਾਲੀਵੁੱਡ ਨੇ ਉਨ੍ਹਾਂ ਦੇ ਕਿਰਦਾਰ ਨੂੰ ਇੰਨਾ ਸੈਕਸੀ ਕਦੇ ਵੀ ਨਹੀਂ ਦਿਖਾਇਆ।

ਆਮਿਰ ਖ਼ਾਨ ਵੀ ਸਨ ਟੀਚਰ ਵਜੋਂ

'ਮੈਂ ਹੂ ਨਾ' ਦੇ ਤਿੰਨ ਸਾਲ ਬਾਅਦ ਰਿਲੀਜ਼ ਹੋਈ ਫਿਲਮ 'ਤਾਰੇ ਜ਼ਮੀਨ ਪਰ' ਦੇ ਨਿਕੁੰਭ ਸਰ ( ਆਮਿਰ ਖ਼ਾਨ) ਸਮਾਰਟ ਸਨ ਪਰ ਸੈਕਸੀ ਨਹੀਂ।

ਨਾ ਉਨ੍ਹਾਂ ਦੀ ਸ਼ਰਟ ਦੇ ਉੱਤੇ ਦੇ ਬਟਨ ਖੁੱਲ੍ਹੇ ਸਨ, ਨਾ ਕਦੇ ਮਦਹੋਸ਼ ਅੱਖਾਂ ਨਾਲ ਉਨ੍ਹਾਂ ਨੇ ਕਿਸੇ ਟੀਚਰ ਜਾਂ ਵਿਦਿਆਰਥੀ ਨੂੰ ਦੇਖਿਆ ਸੀ।

ਪਰ ਕੀ ਟੀਚਰ ਸਨ ਉਹ! ਉਨ੍ਹਾਂ ਲਈ ਮਨ ਵਿੱਚ ਹਰ ਤਰੀਕੇ ਦੀ ਭਾਵਨਾ ਆਈ।

ਲੱਗਿਆ ਕਿ ਉਨ੍ਹਾਂ ਦੀ ਗੋਦ ਵਿੱਚ ਸਿਰ ਰੱਖ ਦੇਵਾਂ ਤਾਂ ਹਰ ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਜੇ ਉਹ ਗਲੇ ਲਗਾ ਲੈਣ ਤਾਂ ਮਨ ਦਾ ਦਰਦ ਘੱਟ ਹੋ ਜਾਵੇਗਾ ਤੇ ਜੇ ਉਨ੍ਹਾਂ ਨਾਲ ਦੋਸਤੀ ਹੋ ਜਾਵੇ ਤਾਂ ਦਿਲ ਦੀ ਹਰ ਗੱਲ ਦੱਸ ਦੇਵਾਂਗੀ।

ਸ਼ਰਮ ਨਹੀਂ ਆਵੇਗੀ, ਕਿਉਂਕਿ ਉਹ ਸਮਝਣਗੇ, ਮੇਰੀ ਨਾਦਾਨੀ ਨੂੰ ਵੀ, ਲੜਕਪਨ ਨੂੰ ਵੀ।

ਟੀਚਰ ਵੱਲ ਪਿਆਰ ਦੀ ਕਲਪਨਾ ਬੇਸ਼ਕ ਹੁੰਦੀ ਹੈ। ਸਕੂਲ ਦੇ ਵਿਦਿਆਰਥੀਆਂ ਦੀ ਉਮਰ ਨਾਲ ਇਸ ਕਲਪਨਾ ਦਾ ਹੋਰ ਰੰਗੀਨ ਹੋਣਾ ਵੀ ਪੂਰੀ ਤਰ੍ਹਾਂ ਸਹਿਜ ਹੈ।

ਪਰ ਪਿਛਲੇ ਦਹਾਕਿਆਂ ਵਿੱਚ ਬਾਲੀਵੁੱਡ ਦੀਆਂ ਔਰਤਾਂ ਦੇ ਸਰੀਰ 'ਤੇ ਰਹਿਣ ਵਾਲੀ ਪੈਣੀ ਨਜ਼ਰ ਤੋਂ ਵੱਖ, ਅਸਲ ਜ਼ਿੰਦਗੀ ਵਿੱਚ ਇਹ ਕਲਪਨਾ, ਕੱਪੜਿਆਂ ਜਾਂ ਸ਼ਿੰਗਾਰ ਦੀ ਮੁਹਤਾਜ਼ ਨਹੀਂ ਹੁੰਦੀ ਹੈ।

ਸ਼ੋਧ 'ਚ 'ਆਕਰਸ਼ਕ' ਦੀ ਪਰਿਭਾਸ਼ਾ ਹੋਰ

ਸੋਝੀ ਸੰਭਲਦਿਆਂ ਹੀ ਮਨ ਦੀ ਬੇਚੈਨੀ ਹੋਵੇ, ਮਾਪਿਆਂ ਨਾਲ ਨਾ ਖੁੱਲ੍ਹ ਪਾਉਣ ਕਾਰਨ, ਇੱਕ ਵੱਡੀ ਉਮਰ ਦੇ ਦੋਸਤ ਦੀ ਲੋੜ ਜਾਂ ਉਂਜ ਸਮਾਰਟ ਬਣਨ ਦੀ ਚਾਹ।

ਕਈ ਕਾਰਨ ਹੁੰਦੇ ਹਨ ਜੋ ਪੜ੍ਹਾਈ ਤੋਂ ਇਲਾਵਾ ਵੀ ਵਿਦਿਆਰਥੀ ਦੇ ਮਨ ਵਿੱਚ ਟੀਚਰ ਲਈ ਕਈ ਭਾਵਨਾਵਾਂ ਪੈਦਾ ਕਰਦੇ ਹਨ।

ਪਿਛਲੇ ਸਾਲ ਅਮਰੀਕਾ ਦੀ ਨਵਾਡਾ ਯੂਨੀਵਰਸਿਟੀ ਵਿੱਚ 131 ਵਿਦਿਆਰਥੀਆਂ ਨਾਲ ਇੱਕ ਰਿਸਰਚ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਟੀਚਰਜ਼ ਆਕਰਸ਼ਕ ਹੋਵੇ ਤਾਂ ਸਕੂਲ ਦੇ ਵਿਦਿਆਰਥੀਆਂ 'ਤੇ ਕੀ ਅਸਰ ਪੈਂਦਾ ਹੈ।

ਰਿਸਰਚ ਵਿੱਚ ਪਤਾ ਲੱਗਿਆ ਕਿ ਵੱਧ ਆਕਰਸ਼ਕ ਟੀਚਰਜ਼ ਦਾ ਪੜ੍ਹਾਇਆ ਗਿਆ ਪਾਠ ਵਿਦਿਆਰਥੀਆਂ ਨੂੰ ਵੱਧ ਸਮਝ ਆਉਂਦਾ ਹੈ ਪਰ ਇਹ ਆਕਰਸ਼ਣ ਸੈਕਸੁਅਲ ਨਹੀਂ ਮੰਨਿਆ ਗਿਆ।

ਮਾਹਿਰਾਂ ਅਨੁਸਾਰ ਵਿਦਿਆਰਥੀਆਂ ਨੂੰ ਪਾਠ ਬਿਹਤਰ ਇਸ ਲਈ ਸਮਝ ਆਇਆ ਕਿਉਂਕਿ ਆਕਰਸ਼ਕ ਟੀਚਰ ਕਾਰਨ ਉਨ੍ਹਾਂ ਵਿੱਚ ਦਿਲਚਸਪੀ ਵੱਧ ਸੀ ਅਤੇ ਉਨ੍ਹਾਂ ਦੀਆਂ ਗੱਲਾਂ 'ਤੇ ਧਿਆਨ ਵੀ ਵੱਧ ਦੇ ਰਹੇ ਸਨ।

ਟੀਚਰ ਵੱਲ ਆਕਰਸ਼ਣ ਸੁਭਾਵਿਕ ਹੈ, ਬਸ ਉਸਦੀ ਪਰਿਭਾਸ਼ਾ ਅਤੇ ਦਾਇਰਾ ਵੱਖ ਹੋ ਸਕਦਾ ਹੈ।

ਕਈ ਦੇਸਾਂ 'ਚ ਸਖ਼ਤ ਕਾਨੂੰਨ

ਅਕਸਰ ਉਸ ਦੀ ਜ਼ਿੰਦਗੀ ਕੇਵਲ ਦੋਸਤਾਂ ਨਾਲ ਹੋਣ ਵਾਲੀਆਂ ਗੱਲਾਂ ਅਤੇ ਚੁਟਕਲਿਆਂ ਵਿੱਚ ਹੁੰਦੀ ਹੈ। ਕਦੇ ਉਸ ਤੋਂ ਵੱਧ ਹੋਵੇ ਤਾਂ ਫੈਂਟਸੀ ਜਾਂ ਸੁਫ਼ਨੇ ਦਾ ਰੂਪ ਲੈ ਸਕਦੀ ਹੈ।

ਉਸ ਦੇ ਅੱਗੇ ਹੱਦ ਪਾਰ ਨਾ ਹੋਵੇ ਤਾਂ ਹੀ ਚੰਗਾ ਹੈ ਕਿਉਂਕਿ ਕਈ ਦੇਸਾਂ ਵਿੱਚ ਉਹ ਗੈਰ-ਕਾਨੂੰਨੀ ਹੈ।

ਇਹ ਮੰਨਿਆ ਜਾਂਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਰੀਰਕ ਸਬੰਧ ਬਣਾਉਣ ਲਈ ਸਹਿਮਤੀ ਨਹੀਂ ਦੇ ਸਕਦੇ ਹਨ।

ਭਾਰਤ ਵਿੱਚ ਵੀ ਪੋਕਸੋ ਐਕਟ 2012 ਤਹਿਤ ਨਾਬਾਲਿਗ ਬੱਚੇ ਨਾਲ ਕਿਸੇ ਵੀ ਤਰ੍ਹਾਂ ਕੇ ਸਰੀਰਕ ਸਬੰਧ ਬਣਾਉਣ 'ਤੇ ਘੱਟੋਂ-ਘੱਟ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ। ਕਾਨੂੰਨ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਤਜਵੀਜ਼ ਹੈ।

ਬਰਤਾਨੀਆ ਵਿੱਚ ਟੀਚਰ ਜਾਂ ਨਾਬਾਲਗ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣ ਵਾਲਿਆਂ ਬਾਰੇ ਸਖ਼ਤ ਕਾਨੂੰਨ ਹੈ।

ਇਹ ਵੀ ਪੜ੍ਹੋ:

ਜੇ ਅਜਿਹਾ ਵਿਅਕਤੀ ਉਸ ਬੱਚੇ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ।

ਕਾਲਜਾਂ ਵਿੱਚ ਸੰਭਾਵਨਾ ਵਧਦੀ ਹੈ

ਆਕਰਸ਼ਨ ਦਾ ਇਹ ਮਸਲਾ ਸਕੂਲ ਦੀ ਚਾਰਦੀਵਾਰੀ ਤੱਕ ਸੀਮਿਤ ਨਹੀਂ ਹੈ। ਕਾਲਜ ਵਿੱਚ ਇਸ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ।

ਹੁਣ ਵਿਦਿਆਰਥੀ ਬਾਲਗ ਹੋ ਚੁੱਕਾ ਹੁੰਦਾ ਹੈ ਅਤੇ ਸਾਧਾਰਨ, ਸਹਿਜ ਜਿਹਾ ਲੱਗਣ ਵਾਲਾ ਇਹ ਆਕਰਸ਼ਨ ਸਹਿਮਤੀ ਨਾਲ ਬਣੇ ਇੱਕ ਸੰਜੀਦਾ ਰਿਸ਼ਤੇ ਦਾ ਰੂਪ ਲੈ ਸਕਦਾ ਹੈ।

ਹਰ ਤਰੀਕੇ ਦੇ ਰਿਸ਼ਤਿਆਂ ਅਤੇ ਪਸੰਦ ਬਾਰੇ ਉਦਾਰਵਾਦੀ ਹੁੰਦੀ ਸੋਚ ਵਿਚਾਲੇ, ਵਿਦਿਆਰਥੀ ਅਤੇ ਟੀਚਰ ਦੇ ਰਿਸ਼ਤੇ ਨੂੰ ਲੈ ਕੇ ਦੁਨੀਆਂ ਵਿੱਚ ਅਜੇ ਵੀ ਘਬਰਾਹਟ ਹੈ।

ਸਾਲ 2015 ਵਿੱਚ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਅੰਡਰ ਗ੍ਰੈਜੁਏਟ ਵਿਦਿਆਰਥੀਆਂ ਅਤੇ ਟੀਚਰਾਂ ਵਿਚਾਲੇ ਰੋਮਾਂਟਿਕ ਜਾਂ ਸਰੀਰਕ ਸਬੰਧ ਬਣਾਉਣ 'ਤੇ ਪੂਰੀ ਪਾਬੰਦੀ ਲਗਾ ਦਿੱਤੀ।

ਹਾਰਵਰਡ ਨੇ ਕਿਹਾ ਕਿ ਉਨ੍ਹਾਂ ਦੇ ਨਿਯਮ ਅਨੁਸਾਰ ਜੇ ਕੋਈ ਟੀਚਰ ਪੜ੍ਹਾ ਰਿਹਾ ਹੈ, ਨੰਬਰ ਅਤੇ ਗਰੇਡ ਦੇ ਰਿਹਾ ਹੈ ਤਾਂ ਉਨ੍ਹਾਂ ਨੂੰ ਉਸ ਵਿਦਿਆਰਥੀ ਨਾਲ ਪ੍ਰੇਮ ਸਬੰਧ ਬਣਾਉਣ ਦੀ ਇਜਾਜ਼ਤ ਨਹੀਂ ਹੈ।

ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਜ਼ ਅਜਿਹੀ ਪਾਬੰਦੀ ਦੀ ਵਕਾਲਤ ਤਾਂ ਨਹੀਂ ਕਰਦਾ ਪਰ ਕਹਿੰਦਾ ਹੈ ਕਿ ਅਜਿਹੇ ਰਿਸ਼ਤਿਆਂ ਵਿੱਚ ਸ਼ੋਸ਼ਣ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਅਜਿਹੀ ਤੈਅ ਪਾਬੰਦੀ ਜਾਂ ਨਿਯਮ ਨਹੀਂ ਹੈ ਪਰ ਇਸ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਇਸ ਨੂੰ ਕਿਸੇ ਤਰੀਕੇ ਦੀ ਪ੍ਰਵਾਨਗੀ ਮਿਲੀ ਹੋਵੇ।

ਨੌਜਵਾਨ ਹੁੰਦੇ ਹੀ ਵਿਦਿਆਰਥੀ ਦੀ ਆਪਣੇ ਟੀਚਰ ਪ੍ਰਤੀ ਭਾਵਨਾਵਾਂ ਦੀ ਕਲਪਨਾ ਅਤੇ ਹਕੀਕਤ ਦਾ ਸਫ਼ਰ ਪੇਚੀਦਾ ਜ਼ਰੂਰ ਹੈ ਪਰ ਸੌਖਾ ਨਹੀਂ ਹੈ।

ਸਾਡੇ ਟੀਚਰ ਬਾਲੀਵੁੱਡ ਵਿੱਚ ਦਿਖਾਈ ਜਾਣ ਵਾਲੀ ਮਹਿਲਾ ਟੀਚਰ ਤੋਂ ਵੱਖ ਹਨ ਅਤੇ ਉਨ੍ਹਾਂ ਲਈ ਮਨ ਵਿੱਚ ਉੱਠਣ ਵਾਲੀਆਂ ਭਾਵਨਾਵਾਂ ਅੱਖਾਂ ਤੋਂ ਟਪਕਣ ਵਾਲੀ ਚਾਹਤ ਤੋਂ ਕਿਤੇ ਡੁੰਘੀਆਂ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)