ਖਬਰਦਾਰ ! ਪੋਰਨ ਫਿਲਮਾਂ ਦੇਖਣ ਨਾਲ ਇਹ ਹਾਲਤ ਹੋ ਸਕਦੀ ਹੈ?

    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

ਇੱਕ ਮਾਂ ਨੇ ਆਪਣੇ ਹੀ ਪੁੱਤਰ 'ਤੇ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ।

ਘਟਨਾ ਗੁਜਰਾਤ ਦੇ ਪਾਟਨ ਦੀ ਹੈ। ਪਾਟਨ ਦੇ ਪਾਲਨਪੁਰ ਦੀ ਰਹਿਣ ਵਾਲੀ ਲੀਲਾ (ਬਦਲਿਆ ਹੋਇਆ ਨਾਂ) ਨੇ ਆਪਣੇ 22 ਸਾਲ ਦੇ ਪੁੱਤਰ ਖ਼ਿਲਾਫ਼ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ।

ਲੀਲਾ ਅਨੁਸਾਰ 19 ਅਪ੍ਰੈਲ ਦੀ ਰਾਤ ਉਹ ਘਰ ਦੇ ਬਾਹਰ ਸੁੱਤੀ ਪਈ ਸੀ। ਅੱਧੀ ਰਾਤ ਜਦੋਂ ਉਹ ਪਾਣੀ ਪੀਣ ਘਰ ਦੇ ਅੰਦਰ ਗਈ ਤਾਂ ਮੁੰਡੇ ਨੇ ਦਰਵਾਜ਼ਾ ਬੰਦ ਕਰਕੇ ਉਸ ਨਾਲ ਜ਼ਬਰਦਸਤੀ ਕੀਤੀ।

ਲੀਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਨੂੰ ਪੋਰਨ ਦੇਖਣ ਦੀ ਲਤ ਸੀ। ਉਹ ਮਾਂ ਤੇ ਭੈਣ ਦੇ ਸਾਹਮਣੇ ਵੀ ਇਸ ਤਰ੍ਹਾਂ ਦੀ ਹਰਕਤ ਕਰਦਾ ਸੀ।

ਇਹ ਵੀ ਪੜ੍ਹੋ :

ਸਕੇ ਰਿਸ਼ਤਿਆਂ 'ਚ ਰੇਪ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ। ਭਰਾ ਦੇ ਭੈਣ ਦੇ ਨਾਲ ਅਤੇ ਪਿਤਾ ਦੇ ਧੀ ਦੇ ਨਾਲ ਰੇਪ ਕਰਨ ਦੇ ਮਾਮਲੇ ਅਕਸਰ ਖ਼ਬਰਾਂ 'ਚ ਆਉਂਦੇ ਹਨ।

ਪਹਿਲੀ ਵਾਰ 'ਚ ਯਕੀਨ ਕਰਨਾ ਵੀ ਮੁਸ਼ਕਿਲ ਹੁੰਦਾ ਹੈ ਕਿ ਅਜਿਹੀ ਵੀ ਘਟਨਾ ਹੋ ਸਕਦੀ ਹੈ।

ਇਸ ਵਰਤਾਰੇ ਤੋਂ ਇਹ ਵੀ ਸਵਾਲ ਉੱਠਦਾ ਹੈ ਕਿ ਆਖਿਰ ਸਕੇ ਰਿਸ਼ਤਿਆਂ 'ਚ ਵੀ ਅਜਿਹੀਆਂ ਮਾੜੀਆਂ ਵਾਰਦਾਤਾਂ ਕਿਉਂ ਹੁੰਦੀਆਂ ਹਨ?

ਕੀ ਇਹ ਮਾਨਸਿਕ ਰੋਗ ਹੈ?

ਮਨੋਵਿਗਿਆਨੀ ਡਾ. ਅਰੂਣਾ ਬਰੂਟਾ ਕਹਿੰਦੇ ਹਨ, ''ਅਜਿਹੇ ਅਪਰਾਧ ਕਰਨ ਵਾਲਾ ਵਿਅਕਤੀ ਸਾਧਾਰਨ ਜਾਂ ਨੌਰਮਲ ਨਹੀਂ ਹੋ ਸਕਦਾ। ਜ਼ਰੂਰ ਉਹ ਕਿਸੇ ਮਾਨਸਿਕ ਰੋਗ ਤੋਂ ਗ੍ਰਸਤ ਹੁੰਦਾ ਹੈ, ਪਰ ਘਰਵਾਲੇ ਇਸ ਨੂੰ ਸਵੀਕਾਰ ਨਹੀਂ ਕਰਦੇ।''

''ਇਸ ਲਈ ਇਲਾਜ ਨਹੀਂ ਹੁੰਦਾ ਅਤੇ ਇਹ ਨੌਬਤ ਆ ਜਾਂਦੀ ਹੈ। ਉਧਰ, ਅਜਿਹੀਆਂ ਘਟਨਾਵਾਂ ਘਰਾਂ 'ਚ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ, ਪਰ ਸ਼ਰਮ ਕਰਕੇ ਇਹ ਘਟਨਾਵਾਂ ਸਾਹਮਣੇ ਨਹੀਂ ਆਉਂਦੀਆਂ।''

ਮਨੋਚਿਕਿਤਸਕ ਡਾ. ਪ੍ਰਵੀਣ ਤ੍ਰਿਪਾਠੀ ਕਹਿੰਦੇ ਹਨ ਕਿ ''ਅਜਿਹੇ ਵਿਅਕਤੀ ਰਿਸ਼ਤਿਆਂ ਦੀ ਮਰਿਆਦਾ ਨੂੰ ਸਮਝਦਾ ਹੀ ਨਹੀਂ ਹੈ, ਇਨ੍ਹਾਂ ਦੀ ਮਾਨਸਿਕਤਾ ਸਿਹਤਮੰਦ ਨਹੀਂ ਹੁੰਦੀ ਅਤੇ ਦਿਮਾਗ 'ਚ ਵਿਚਾਰ ਦੁਚਿੱਤੀ 'ਚ ਹੁੰਦੇ ਹਨ।''

ਕਈ ਵਾਰ ਅਜਿਹੀਆਂ ਖ਼ਬਰਾਂ ਨੂੰ ਪੜ੍ਹਨ ਵਾਸੇ ਲੋਕ ਗੁੱਸੇ 'ਚ ਕਹਿੰਦੇ ਹਨ ਕਿ ਬੱਚੇ ਵਿਗੜ ਰਹੇ ਹਨ, ਪਰ ਅਜਿਹਾ ਨਹੀਂ ਹੈ।

ਡਾਕਟਰ ਮੰਨਦੇ ਹਨ ਕਿ ਅਜਿਹੀਆਂ ਘਟਨਾਵਾਂ 'ਚ ਸ਼ਾਮਿਲ ਲੋਕਾਂ ਨੂੰ ਕੋਈ ਨਾ ਕੋਈ ਦਿਮਾਗੀ ਬਿਮਾਰੀ ਹੁੰਦੀ ਹੈ।

ਡਾ. ਅਰੂਣਾ ਬਰੂਟਾ ਦੱਸਦੇ ਹਨ, ''ਦੋ ਤਰ੍ਹਾਂ ਦੇ ਮਨੋਰੋਗ ਹੁੰਦੇ ਹਨ, ਇੱਕ ਬਾਇਪੋਲਰ ਡਿਪ੍ਰੈਸਿਵ ਡਿਸਆਰਡਰ ਅਤੇ ਦੂਜਾ ਸਕਿਤਜ਼ੋਫ੍ਰੀਨੀਆ। ਬਾਇਪੋਲਰ ਡਿਸਆਰਡਰ ਦਾ ਇੱਕ ਪੜਾਅ ਹੁੰਦਾ ਹੈ 'ਮੇਨਿਆ', ਜਿਸ 'ਚ ਕਿਸੇ ਵਿਅਕਤੀ ਦੀ ਮਾਨਸਿਕ ਹਾਲਤ ਪਾਗਲਪਨ ਦੀ ਹੱਦ ਤੱਕ ਚਲੀ ਜਾਂਦੀ ਹੈ।''

''ਇਨ੍ਹਾਂ ਬਿਮਾਰੀਆਂ 'ਚ ਵਿਅਕਤੀ ਨੂੰ ਮੂਡ ਡਿਸਆਰਡਰ ਹੁੰਦੇ ਹਨ, ਵਾਰ-ਵਾਰ ਉਸ ਦਾ ਸੁਭਾਅ ਬਦਲਦਾ ਹੈ, ਸੋਚ ਵਿੱਚ ਉਲਝਨ ਰਹਿੰਦੀ ਹੈ, ਦੌਰੇ ਪੈਂਦੇ ਹਨ ਅਤੇ ਇਸ ਹਾਲਤ ਵਿੱਚ ਉਹ ਅਜਿਹੇ ਅਪਰਾਧ ਤੱਕ ਕਰ ਜਾਂਦੇ ਹਨ।''

ਡਾ. ਬਰੂਟਾ ਮੁਤਾਬਕ ਅਜਿਹੇ ਲੋਕ ਕਈ ਵਾਰ ਸਮਾਜ ਤੋਂ ਵੀ ਵੱਖ ਹੋ ਜਾਂਦੇ ਹਨ। ਉਨ੍ਹਾਂ ਨੂੰ ਸਾਧਾਰਣ ਵਿਹਾਰ ਕਿਵੇਂ ਦਾ ਹੁੰਦਾ ਹੈ ਅਤੇ ਸਮਾਜਿਕ ਨਿਯਮ ਕਿਵੇਂ ਕੰਮ ਕਰਦੇ ਹਨ, ਇਹ ਸਮਝ ਹੀ ਨਹੀਂ ਆਉਂਦਾ।

ਆਖਿਰ ਇਹ ਬਿਮਾਰੀ ਪੈਦਾ ਕਿਵੇਂ ਹੁੰਦੀ ਹੈ, ਇਸ ਸਵਾਲ 'ਤੇ ਡਾ. ਪ੍ਰਵੀਣ ਤ੍ਰਿਪਾਠੀ ਕਹਿੰਦੇ ਹਨ, ''ਕਿਸੇ ਵਿਅਕਤੀ 'ਚ ਇਹ ਬਿਮਾਰੀ ਆਪਣੇ ਆਪ ਵੀ ਪੈਦਾ ਹੋ ਸਕਦੀ ਹੈ। ਪਰ, ਅਜਿਹੇ ਪਰਿਵਾਰਾਂ 'ਚ ਵੀ ਇਹ ਬਿਮਾਰੀ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ 'ਚ ਸਮਾਜਿਕ ਮੇਲ-ਮਿਲਾਪ ਘੱਟ ਹੁੰਦੀ ਹੈ।''

''ਇਸ ਨਾਲ ਬੱਚੇ 'ਚ ਵੀ ਸਮਾਜ ਤੇ ਰਿਸ਼ਤਿਆਂ ਦੇ ਨਿਯਮਾਂ ਦੀ ਸਮਝ ਘੱਟ ਹੋ ਸਕਦੀ ਹੈ।''

ਜਮਾਂਦਰੂ (ਜੇਨੇਟਿਕ) ਕਾਰਨ

ਜਾਣਕਾਰ ਦੱਸਦੇ ਹਨ ਕਿ ਅਜਿਹੇ ਮਨੋਰੋਗਾਂ ਪਿੱਛੇ ਜਮਾਂਦਰੂ ਕਾਰਨ ਵੀ ਜਿੰਮੇਦਾਰ ਹੁੰਦੇ ਹਨ। ਅਰੂਣਾ ਬਰੂਟਾ ਮੁਤਾਬਕ ਜੇਕਰ ਪਰਿਵਾਰ 'ਚ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਹੋਰ ਨਜ਼ਦੀਕੀ ਰਿਸ਼ਤੇ 'ਚ ਇਹ ਸਮੱਸਿਆ ਹੈ ਤਾਂ ਆਉਣ ਵਾਲੀ ਪੀੜੀ 'ਚ ਵੀ ਹੋ ਸਕਦੀ ਹੈ।

ਆਪਣੇ ਪੁੱਤਰ ਦੀ ਵਧਦੀ ਸੈਕਸ਼ੁਅਲ ਐਕਟਿਵਿਟੀ ਨੂੰ ਲੈ ਕੇ ਇਲਾਜ ਕਰਵਾਉਣ ਆਈ ਇੱਕ ਔਰਤ ਨੇ ਡਾ. ਬਰੂਟਾ ਨੂੰ ਦੱਸਿਆ ਸੀ ਕਿ ਜਦੋਂ ਉਹ ਵਿਆਹ ਤੋਂ ਹੋ ਕੇ ਆਈ ਸੀ ਤਾਂ ਬੱਚੇ ਦੇ ਦਾਦੇ ਨੇ ਉਨ੍ਹਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ:

ਡਾ. ਬਰੂਟਾ ਦਾ ਕਹਿਣਾ ਹੈ ਕਿ 'ਬੱਚੇ ਦੇ ਦਾਦਾ ਵੀ ਕਿਸੇ ਨਾ ਕਿਸੇ ਮਨੋਰੋਗ ਤੋਂ ਗ੍ਰਸਤ ਰਹੇ ਹੋਣਗੇ।'

'ਪਰ, ਲੋਕ ਸਮਝ ਲੈਂਦੇ ਹਨ ਕਿ ਇਸ ਸ਼ਖ਼ਸ ਦੀ ਨਜ਼ਰ ਬੁਰੀ ਹੈ, ਇਸ ਤੋਂ ਬਚ ਕੇ ਰਹਿਣਾ ਹੈ, ਪਰ ਇਸ ਦਾ ਇਲਾਜ ਕਰਵਾਉਣ ਦੀ ਜ਼ਰੂਰਤ ਹੈ ਇਹ ਉਨ੍ਹਾਂ ਦੇ ਦਿਮਾਗ 'ਚ ਨਹੀਂ ਆਉਂਦਾ।'

'ਫ਼ਿਰ ਹੌਲੀ-ਹੌਲੀ ਮਾਨਸਿਕ ਹਾਲਤ ਖ਼ਰਾਬ ਹੋ ਜਾਂਦੀ ਹੈ ਅਤੇ ਇੱਕ ਦਿਨ ਵੱਡਾ ਅਪਰਾਧ ਹੋ ਜਾਂਦਾ ਹੈ।'

ਪੋਰਨ ਦੀ ਆਦਤ ਕਿੰਨੀ ਜ਼ਿੰਮੇਵਾਰ

ਗੁਜਰਾਤ 'ਚ ਮਾਂ ਦੇ ਰੇਪ ਦੇ ਮਾਮਲੇ 'ਚ ਪੁੱਤਰ ਨੂੰ ਪੋਰਨ ਦੇਖਣ ਦੀ ਆਦਤ ਸੀ। ਅੱਜ ਕੱਲ ਮੋਬਾਈਲ, ਟੀਵੀ ਰਾਹੀਂ ਇਨਾਂ ਚੀਜ਼ਾਂ ਤੱਕ ਪਹੁੰਚ ਵੀ ਸੌਖੀ ਹੋ ਗਈ ਹੈ।

ਪੋਰਨ ਦੇਖਣ ਦੀ ਆਦਤ ਦੀ ਅਜਿਹੇ ਅਪਰਾਧਾ 'ਚ ਕੀ ਭੂਮਿਕਾ ਹੁੰਦੀ ਹੈ? ਕੀ ਇਹ ਆਦਤ ਵਿਅਕਤੀ ਨੂੰ ਅਪਰਾਧ ਵੱਲ ਲੈ ਜਾਂਦੀ ਹੈ?

ਇਸ 'ਤੇ ਸੈਕਸੋਲੌਜਿਸਟ ਡਾ. ਪ੍ਰਕਾਸ਼ ਕੋਠਾਰੀ ਕਹਿੰਦੇ ਹਨ, ''ਲਗਾਤਾਰ ਪੋਰਨ ਦੇਖਣਾ ਅਤੇ ਸੈਕਸ਼ੁਅਲ ਗੇਮ ਖੇਡਣਾ ਵਿਅਕਤੀ ਦੀ ਉਤੇਜਨਾ ਵਧਾ ਦਿੰਦੇ ਹਨ, ਉਨ੍ਹਾਂ 'ਚ ਸੈਕਸ਼ੁਅਲ ਫਰਸਟ੍ਰੇਸਨ ਭਰ ਜਾਂਦੀ ਹੈ।''

''ਇਹ ਪੂਰੀ ਤਰ੍ਹਾਂ ਤਾਂ ਅਪਰਾਧਾਂ ਲਈ ਜ਼ਿੰਮੇਵਾਰ ਨਹੀਂ ਹੁੰਦੇ, ਪਰ ਅਪਰਾਧਿਕ ਭਾਵਨਾ ਨੂੰ ਵਧਾ ਜ਼ਰੂਰ ਦਿੰਦੇ ਹਨ। ਇਸ ਨਾਲ ਗੁਮਰਾਹ ਕਰਨ ਵਾਲੀਆਂ ਹੀ ਜਾਣਕਾਰੀਆਂ ਮਿਲਦੀਆਂ ਹਨ।''

ਇਹ ਵੀ ਪੜ੍ਹੋ:

ਡਾ. ਬਰੂਟਾ ਦੱਸਦੇ ਹਨ ਕਿ ਉਨ੍ਹਾਂ ਕੋਲ ਮੁੰਡੇ ਤੇ ਕੁੜੀਆਂ ਦੋਵਾਂ ਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਪੋਰਨ ਦੇਖਣ ਦੀ ਆਦਤ ਹੁੰਦੀ ਹੈ।

ਜਦੋਂ ਕੋਈ ਲਗਾਤਾਰ ਇਨ੍ਹਾਂ ਚੀਜ਼ਾਂ 'ਚ ਸ਼ਾਮਲ ਰਹਿੰਦਾ ਹੈ ਤਾਂ ਉਸ ਦੀ ਮਾਨਸਿਕ ਹਾਲਤ ਹੋਰ ਵਿਗੜ ਜਾਂਦੀ ਹੈ। ਆਪਾ ਖੋਣ 'ਤੇ ਉਹ ਅਜਿਹੀਆਂ ਚੀਜ਼ਾਂ ਨੂੰ ਹਕੀਕਤ 'ਚ ਉਤਾਰਨਾ ਚਾਹੁੰਦਾ ਹੈ।

15-16 ਸਾਲ ਦੀ ਇੱਕ ਕੁੜੀ ਬਾਰੇ ਉਨ੍ਹਾਂ ਦੱਸਿਆ ਕਿ ਉਸ ਨੂੰ ਪੋਰਨ ਦੇਖਣ ਦੀ ਆਦਤ ਸੀ ਅਤੇ ਉਸ ਨੇ ਇੱਕ ਦਿਨ ਆਪਣੀ ਅੱਧ ਨੰਗੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਸੀ।

ਡਾ. ਬਰੂਟਾ ਅਨੁਸਾਰ ਕਈ ਚੀਜ਼ਾ ਦਾ ਮਿਲਿਆ-ਜੁਲਿਆ ਅਸਰ ਹੁੰਦਾ ਹੈ, ਜਿਹੜਾ ਕਿ ਬਿਮਾਰੀ 'ਚ ਵਾਧਾ ਕਰਦਾ ਹੈ।

ਕੀ ਹੋਵੇ ਹੱਲ?

ਇਸ ਬਾਰੇ ਡਾ. ਪ੍ਰਵੀਣ ਤ੍ਰਿਪਾਠੀ ਕਹਿੰਦੇ ਹਨ ਕਿ ਇਨ੍ਹਾਂ ਮਾਮਲਿਆਂ 'ਚ ਵਿਅਕਤੀ ਦੇ ਵਿਹਾਰ 'ਤੇ ਨਜ਼ਰ ਰੱਖਣ ਦੀ ਲੋੜ ਹੈ। ਜੇਕਰ ਕੋਈ ਇੱਕ ਵਾਰ ਛੇੜਛਾੜ ਦੀ ਹਰਕਤ ਕਰਦੇ ਹੋਏ ਫੜਿਆ ਜਾਂਦਾ ਹੈ ਤਾਂ ਉਸ 'ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

ਹੋ ਸਕਦਾ ਹੈ ਕਿ ਉਹ ਡਰ ਕੇ ਕੁਝ ਸਮਾਂ ਰੁਕ ਜਾਵੇ ਪਰ ਉਸ ਦੇ ਦੁਬਾਰਾ ਅਜਿਹਾ ਕਰਨ ਦੀ ਪੂਰੀ ਸੰਭਾਵਨਾ ਹੁੰਦੀ ਹੈ।

ਅਰੂਣਾ ਬਰੂਟਾ ਦੱਸਦੇ ਹਨ ਕਿ ਇਹ ਸਮੱਸਿਆ ਇੱਕ ਦਮ ਨਹੀਂ ਪੈਦਾ ਹੁੰਦੀ। ਇਹ ਲੱਛਣ ਪਹਿਲਾਂ ਤੋਂ ਦੇਖੇ ਜਾ ਸਕਦੇ ਹਨ। ਜਿਵੇਂ ਉਨ੍ਹਾਂ ਕੋਲ ਇੱਕ 15 ਸਾਲ ਦੇ ਬੱਚੇ ਦਾ ਮਾਮਲਾ ਸਾਹਮਣੇ ਆਇਆ ਸੀ।

ਉਸ ਬੱਚੇ ਨੇ ਆਪਣੀ ਮਾਂ ਨੂੰ ਕੱਪੜੇ ਲਾਹੁਣ ਲਈ ਕਿਹਾ ਸੀ ਕਿਉਂਕਿ ਉਹ ਦੇਖਣਾ ਚਾਹੁੰਦਾ ਸੀ ਕਿ ਔਰਤ ਦਾ ਸਰੀਰ ਕਿਹੋ ਜਿਹਾ ਦਿਖਦਾ ਹੈ। ਉਸ ਦੀ ਮਾਂ ਬੱਚੇ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਸੀ।

ਡਾ. ਅਰੂਣਾ ਬਰੂਟਾ ਨੇ ਦੱਸਿਆ, ''ਖ਼ੂਨ ਦੇ ਰਿਸ਼ਤਿਆਂ ਦੇ ਵਿਚਾਲੇ ਆ ਰਹੇ ਨਿਘਾਰ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ, ਜਿਵੇਂ ਭਰਾ-ਭੈਣ ਦਾ ਲੜਨਾ ਇੱਕ ਆਮ ਗੱਲ ਹੈ ਪਰ ਜੇਕਰ ਇਹ ਬਹੁਤੀ ਵੱਧ ਹੁੰਦੀ ਹੈ ਤਾਂ ਧਿਆਨ ਦੇਣਾ ਜ਼ਰੂਰੀ ਹੈ।''

''ਨਿੱਕੀਆਂ-ਨਿੱਕੀਆਂ ਗੱਲਾਂ ਜਿਵੇਂ ਕੋਈ ਕਿਸੇ ਨੂੰ ਕਿਸ ਨਜ਼ਰ ਨਾਲ ਦੇਖ ਰਿਹਾ ਹੈ, ਉਸ ਨਾਲ ਉਸ ਨਾਲ ਕਿਹੋ ਜਿਹੀ ਨੇੜਤਾ ਹੈ।''

''ਕੀ ਵੱਡਿਆਂ ਦੀਆਂ ਗੱਲਾਂ 'ਚ ਵੱਧ ਦਿਲਚਸਪੀ ਹੈ, ਇਹ ਸਭ ਜਾਣਨਾ ਵੀ ਮਾਅਨੇ ਰੱਖਦਾ ਹੈ।''

''ਜੇ ਤੁਹਾਨੂੰ ਕੁਝ ਵੀ ਅਜਿਹਾ ਲਗਦਾ ਹੈ ਤਾਂ ਉਸ ਵਿਅਕਤੀ ਨਾਲ ਗੱਲ ਕਰੋ ਅਤੇ ਡਾਕਟਰ ਦੀ ਸਲਾਹ ਲਵੋ, ਇਹ ਇੱਕ ਮਨੋਰੋਗ ਹੈ ਜਿਹੜਾ ਦਵਾਈਆਂ ਅਤੇ ਕਾਊਂਸਲਿੰਗ ਨਾਲ ਠੀਕ ਹੋ ਸਕਦਾ ਹੈ।''

''ਸਕਾ ਰਿਸ਼ਤਾ ਨਹੀਂ ਵੀ ਹੈ ਤਾਂ ਵੀ ਅਜਿਹਾ ਵਿਹਾਰ ਹੋਣ 'ਤੇ ਆਵਾਜ਼ ਚੁੱਕਣੀ ਚਾਹੀਦੀ ਹੈ, ਸਾਡੇ ਮੁਲਕ 'ਚ ਮਾਨਸਿਕ ਰੋਗਾਂ 'ਤੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ, ਨਹੀ ਤਾਂ ਲੋਕ ਅਸਲ ਕਾਰਨ ਸਮਝ ਹੀ ਨਹੀਂ ਸਕਣਗੇ।''

ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਹਨ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)