ਲਾਲ ਰਾਜਮਾਂਹ ਤੇ ਸੋਇਆਬੀਨ ਸਣੇ ਖਾਣ ਦੀਆਂ 5 ‘ਖ਼ਤਰਨਾਕ’ ਚੀਜ਼ਾਂ

ਮਨੁੱਖਤਾ ਦੇ ਇਤਿਹਾਸ ਵਿੱਚ ਇਨਸਾਨ ਨੇ ਵੱਖ-ਵੱਖ ਤਰ੍ਹਾਂ ਦੇ ਜੀਵਾਂ, ਵਨਸਪਤੀਆਂ ਨੂੰ ਖਾ ਕੇ ਆਪਣਾ ਜੀਵਨ ਗੁਜ਼ਾਰਿਆ ਹੈ।

ਅੱਜ ਵੀ ਦੁਨੀਆਂ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਖਾਣ ਵਾਲੀਆਂ ਚੀਜ਼ਾਂ ਅਤੇ ਉਨ੍ਹਾਂ ਦੇ ਅਸਰ ਬਾਰੇ ਖੋਜ ਜਾਰੀ ਹੈ।

ਵੱਖ-ਵੱਖ ਭਾਈਚਾਰਿਆਂ ਵਿੱਚ ਵੱਖ-ਵੱਖ ਚੀਜ਼ਾਂ ਨੂੰ ਖਾਣ ਤੋਂ ਮਨਾਹੀ ਕੀਤੀ ਜਾਂਦੀ ਹੈ।

ਕਈ ਵਾਰ ਅਜਿਹਾ ਹੁੰਦਾ ਹੈ ਕਿ ਇੱਕ ਸਮਾਜ ਵਿੱਚ ਕਿਸੇ ਚੀਜ਼ ਨੂੰ ਬੇਹੱਦ ਚਾਅ ਨਾਲ ਖਾਧਾ ਜਾਂਦਾ ਹੈ, ਪਰ ਦੂਜੇ ਸਮਾਜ ਵਿੱਚ ਉਸੇ ਚੀਜ਼ ਨੂੰ ਵਰਜਿਤ ਮੰਨਿਆ ਜਾਂਦਾ ਹੈ। ਸ਼ਾਇਦ ਇਸੇ ਗੱਲੋਂ ਇਹ ਮੁਹਵਾਰਾ ਬਣਿਆ ਹੋਵੇ ਕਿ ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਸਵਾਦੀ।

ਇਸਦੇ ਪਿੱਛੇ ਇਨ੍ਹਾਂ ਚੀਜ਼ਾਂ ਦੇ ਮਨੁੱਖੀ ਸਰੀਰ ਅਤੇ ਮਨ 'ਤੇ ਪੈਣ ਵਾਲੇ ਅਸਰ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਬੀਤੇ ਕੁਝ ਸਾਲਾਂ ਵਿੱਚ ਹੋਈਆਂ ਖੋਜਾਂ ਵਿੱਚ ਵਿਗਿਆਨੀਆਂ ਨੇ ਕਈ ਅਜਿਹੀਆਂ ਚੀਜ਼ਾਂ ਬਾਰੇ ਜਾਣਿਆ ਹੈ ਜਿਨ੍ਹਾਂ ਨੂੰ ਖਾਣ ਨਾਲ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਜਾਨ ਵੀ ਜਾ ਸਕਦੀ ਹੈ।

ਇਹ ਵੀ ਪੜ੍ਹੋ:-

ਇੱਥੇ ਅਜਿਹੀਆਂ ਹੀ ਪੰਜ ਚੀਜ਼ਾਂ ਦਾ ਜ਼ਿਕਰ ਹੈ ਜਿਨ੍ਹਾਂ ਬਾਰੇ ਜੇ ਪੂਰੀ ਜਾਣਕਾਰੀ ਨਾ ਹੋਵੇ ਤਾਂ ਇਨ੍ਹਾਂ ਨੂੰ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।

1. ਪਫ਼ਰ ਮੱਛੀ

ਇਹ ਇੱਕ ਅਜਿਹੀ ਮੱਛੀ ਹੈ ਜਿਸਨੂੰ ਸਾਇਨਾਈਡ ਜ਼ਹਿਰ ਤੋਂ ਵੀ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ।

ਇਸ ਮੱਛੀ ਵਿੱਚ ਟੇਟਰੋਡੌਟਾਕਸਿਨ ਨਾਮਕ ਜ਼ਹਿਰ ਹੁੰਦਾ ਹੈ ਜੋ ਤੇਜ਼ੀ ਨਾਲ ਫੈਲਣ ਲਈ ਜਾਣਿਆ ਜਾਂਦਾ ਹੈ।

ਹਾਲਾਂਕਿ ਇੰਨੀ ਖ਼ਤਰਨਾਕ ਹੋਣ ਦੇ ਬਾਵਜੂਦ ਇਸ ਮੱਛੀ ਨਾਲ ਬਣੀ ਫੁਗੁ ਡਿਸ਼ ਜਾਪਾਨ ਵਿੱਚ ਕਾਫ਼ੀ ਪਸੰਦ ਕੀਤੀ ਜਾਂਦੀ ਹੈ।

ਜਾਪਾਨ ਵਿੱਚ ਫੁਗੁ ਡਿਸ਼ ਨੂੰ ਅਕਸਰ ਸੂਪ ਨਾਲ ਪਰੋਸਿਆ ਜਾਂਦਾ ਹੈ। ਇਸ ਡਿਸ਼ ਨੂੰ ਬਣਾਉਣ ਲਈ ਕਈ ਸਾਲਾਂ ਦੀ ਸਿਖਲਾਈ ਦੀ ਦਰਕਾਰ ਹੁੰਦੀ ਹੈ।

ਇਸਨੂੰ ਬਣਾਉਣ ਵਾਲੇ ਖ਼ਾਨਸਾਮੇ ਵੀ ਕਈ ਸਾਲਾਂ ਦੀ ਸਿਖਲਾਈ ਤੋਂ ਬਾਅਦ ਹੀ ਆਪਣੇ ਗਾਹਕਾਂ ਨੂੰ ਇਹ ਡਿਸ਼ ਪਰੋਸ ਸਕਦੇ ਹਨ।

ਅਸਲ ਗੱਲ ਇਹ ਹੈ ਕਿ ਇਸ ਮੱਛੀ ਤੋਂ ਡਿਸ਼ ਬਣਾਉਣ ਤੋਂ ਪਹਿਲਾਂ ਇਸਦੇ ਜ਼ਹਿਰੀਲੇ ਹਿੱਸੇ ਜਿਵੇਂ ਦਿਮਾਗ਼, ਚਮੜੀ, ਅੱਖਾਂ, ਅੰਡਕੋਸ਼, ਲੀਵਰ ਅਤੇ ਆਂਤਡ਼ੀਆਂ ਨੂੰ ਹਟਾ ਦੇਣਾ ਚਾਹੀਦਾ ਹੈ।

2. ਕਾਸੂ- ਮਾਰਜ਼ੂ ਪਨੀਰ

ਖਾਣ ਦੀ ਇਸ ਚੀਜ਼ ਬਾਰੇ ਸੁਣ ਕੇ ਹੀ ਤੁਹਾਡਾ ਜੀਅ ਖਰਾਬ ਹੋ ਸਕਦਾ ਹੈ।

ਦਰਅਸਲ, ਇਸਨੂੰ ਕਾਸੂ ਮਾਰਜ਼ੂ ਚੀਜ਼ ਕਹਿੰਦੇ ਹਨ। ਇਸ ਨੂੰ ਇਟਲੀ ਵਿੱਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

ਇਸਨੂੰ ਬਣਾਉਂਦੇ ਹੋਏ ਇਸ ਵਿੱਚ ਉੱਡਣ ਵਾਲੇ ਕੀੜਿਆਂ ਦਾ ਲਾਰਵਾ ਪਾਇਆ ਜਾਂਦਾ ਹੈ।

ਕੁਝ ਸਮੇਂ ਬਾਅਦ ਇਹ ਛੋਟੇ-ਛੋਟੇ ਕੀੜੇ ਪਨੀਰ ਨੂੰ ਇੰਨਾ ਮੁਲਾਇਮ ਬਣਾ ਦਿੰਦੇ ਹਨ ਕਿ ਪਨੀਰ ਦਾ ਅੰਦਰਲਾ ਹਿੱਸਾ ਕਰੀਮ ਵਰਗਾ ਹੋ ਜਾਂਦਾ ਹੈ।

ਕਾਸੂ ਮਾਰਜ਼ੂ ਪਨੀਰ ਦੇ ਸੁਆਦੀ ਹੋਣ ਦਾ ਕਾਰਨ ਵੀ ਇਹ ਕੀੜੇ ਹੀ ਹਨ ਪਰ ਇਸ ਪਨੀਰ ਨੂੰ ਖਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।

ਇਹ ਪਨੀਰ ਖਾਂਦੇ ਹੋਏ ਤੁਹਾਨੂੰ ਕੀੜਿਆਂ ਨੂੰ ਫੜਨਾ ਪੈਂਦਾ ਹੈ ਕਿਉਂਕਿ ਥਾਂ ਮਿਲਣ 'ਤੇ ਇਹ ਕੀੜੇ 15 ਸੈਂਟੀਮੀਟਰ ਤੱਕ ਛਾਲ ਮਾਰ ਸਕਦੇ ਹਨ।

ਇਸਨੂੰ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਪਨੀਰ ਵੀ ਕਿਹਾ ਗਿਆ ਹੈ ਕਿਉਂਕਿ ਜੇਕਰ ਪਨੀਰ ਵਿੱਚ ਮੌਜੂਦ ਕੀੜੇ ਮਰ ਜਾਣ ਤਾਂ ਇਸਦਾ ਮਤਲਬ ਇਹ ਹੈ ਕਿ ਪਨੀਰ ਖਰਾਬ ਹੋ ਚੁੱਕਿਆ ਹੈ।

ਅਜਿਹੀ ਸਥਿਤੀ ਵਿੱਚ ਇਸ ਨੂੰ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ, ਉਲਟੀ ਆ ਸਕਦੀ ਹੈ ਅਤੇ ਡਾਇਰੀਏ ਦਾ ਖ਼ਤਰਾ ਵੀ ਰਹਿੰਦਾ ਹੈ।

3. ਰੂਬਾਬ

ਬਰਤਾਨਵੀ ਪਕਵਾਨਾਂ ਵਿੱਚ ਵਰਤੀ ਜਾਣ ਵਾਲੀ ਵਾਲੀ ਰੂਬਾਬ ਨੂੰ ਵੀ ਕਾਫ਼ੀ ਖ਼ਤਰਨਾਕ ਮੰਨਿਆ ਜਾਂਦਾ ਹੈ।

ਹਾਲਾਂਕਿ ਕਿ ਇਸ ਬਾਰੇ ਲੋਕਾਂ ਵਿੱਚ ਬਹਿਸ ਵੀ ਜਾਰੀ ਹੈ ਕਿ ਇਹ ਕਿੰਨੀ ਜ਼ਹਿਰੀਲੀ ਹੈ।

ਦਰਅਸਲ, ਰੂਬਾਬ ਨਾਲ ਲੱਗੀਆਂ ਪੱਤੀਆਂ ਵਿੱਚ ਔਕਸਾਲਿਕ ਐਸਿਡ ਹੁੰਦਾ ਹੈ ਜਿਸ ਨਾਲ ਤੁਹਾਡੇ ਗੁਰਦੇ ਵਿੱਚ ਪੱਥਰੀ ਬਣ ਸਕਦੀ ਹੈ।

ਇਸ ਗੱਲ ਦਾ ਵਿਰੋਧ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਇਹ ਐਸਿਡ ਰੂਬਾਬ ਵਿੱਚ ਵੀ ਮੌਜੂਦ ਹੁੰਦਾ ਹੈ।

ਪਰ ਰੂਬਾਬ ਨਾਲ ਲੱਗੀਆਂ ਪੱਤੀਆਂ ਵਿੱਚ ਇਸ ਐਸਿਡ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ।

4. ਲਾਲ ਰਾਜਮਾ ਤੇ ਸੋਇਆਬੀਨ

ਇਹ ਇੱਕ ਆਮ ਧਾਰਨਾ ਹੈ ਕਿ ਬੀਨ ਸਿਹਤ ਲਈ ਵਧੀਆ ਹੁੰਦੇ ਹਨ।

ਜਦਕਿ ਕੁਝ ਅਜਿਹੇ ਰਾਜਮਾ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ।

ਲਾਲ ਰਾਜਮਾ ਅਤੇ ਸੋਇਆਬੀਨ ਅਜਿਹੀ ਹੀ ਬੀਨ ਹੁੰਦੀ ਹੈ। ਇਸ ਕਿਸਮ ਦੇ ਰਾਜਮਾ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ।

ਇਹ ਵੀ ਪੜ੍ਹੋ:-

ਇਨ੍ਹਾਂ ਵਿੱਚ ਇੱਕ ਖਾਸ ਤਰ੍ਹਾਂ ਦਾ ਵਸਾ ਹੁੰਦਾ ਹੈ ਜਿਸਨੂੰ ਪਚਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਵਸਾ ਨੂੰ ਪਚਾਉਣ ਸਮੇਂ ਉਲਟੀ ਅਤੇ ਪੇਟ ਦਰਦ ਵੀ ਹੋ ਸਕਦਾ ਹੈ।

ਇਨ੍ਹਾਂ ਨੂੰ ਖਾਣ ਤੋਂ ਪਹਿਲਾਂ 12 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਹੀ ਇਨ੍ਹਾਂ ਨੂੰ ਉਬਾਲ ਕੇ ਵਰਤਿਆ ਜਾਣਾ ਚਾਹੀਦਾ ਹੈ।

5. ਜੈਫਲ

ਇਹ ਪ੍ਰਸਿੱਧ ਮਸਾਲਾ ਇੰਡੋਨੇਸ਼ੀਆ ਵਿੱਚ ਪਾਏ ਜਾਣ ਵਾਲੇ ਦਰੱਖਤ ਤੋਂ ਆਉਂਦਾ ਹੈ।

ਇਹ ਕੁਝ ਖਾਸ ਬਿਸਕੁਟਾਂ ਨੂੰ ਬਣਾਉਣ ਵਿੱਚ ਵਰਤਿਆ ਜਾਂਦਾ ਹੈ।

ਇਸਦੇ ਇਲਾਵਾ ਇਸਨੂੰ ਆਲੂ, ਮਾਸ ਅਤੇ ਸਬਜ਼ੀ ਦੇ ਨਾਲ-ਨਾਲ ਕੁਝ ਪੀਣ ਵਾਲੇ ਪਦਾਰਥ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਹਾਲਾਂਕਿ ਜੇਕਰ ਇਸਨੂੰ ਜ਼ਿਆਦਾ ਮਾਤਰਾ ਵਿੱਚ ਖਾਧਾ ਜਾਵੇ ਤਾਂ ਇਸ ਨਾਲ ਜੀ ਕੱਚਾ ਹੋਣਾ, ਦਰਦ, ਸਾਹ ਲੈਣ ਵਿੱਚ ਮੁਸ਼ਕਲ ਅਤੇ ਮਾਨਸਿਕ ਦੌਰਾ ਪੈਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)