Maharashtra: ਦੇਵੇਂਦਰ ਫਡਣਵੀਸ ਦੇ ਸਹੁੰ ਚੁੱਕਣ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

ਸ਼ਿਵ ਸੈਨਾ ਨੇ ਭਾਜਪਾ ਦੇ ਦੇਵੇਂਦਰ ਫਡਣਵੀਸ ਅਤੇ ਐੱਨਸੀਪੀ ਦੇ ਅਜੀਤ ਪਵਾਰ ਦੇ ਸਹੁੰ ਚੁੱਕਣ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਅੱਜ ਸਵੇਰੇ ਦੇਵੇਂਦਰ ਫਡਣਵੀਸ ਮੁੱਖ ਮੰਤਰੀ ਵਜੋਂ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

ਇਹ ਘਟਨਾਕ੍ਰਮ ਉਸ ਵੇਲੇ ਹੋਇਆ ਹੈ ਜਦੋਂ ਇੱਕ ਦਿਨਾ ਪਹਿਲਾਂ ਹੀ ਸ਼ਿਵ ਸੇਨਾ, ਐੱਨਸੀਪੀ ਅਤੇ ਕਾਂਗਰਸ ਨੇ ਆਗੂਆਂ ਵਿਚਾਲੇ ਉੱਧਵ ਠਾਕਰੇ ਨੂੰ ਸੀਐੱਮ ਬਣਾਉਣ ਲਈ ਸਹਿਮਤੀ ਬਣੀ ਸੀ। ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਸੀ।

ਉੱਧਰ ਐੱਨਸੀਪੀ ਦੇ ਆਗੂ ਸ਼ਰਦ ਪਵਾਰ ਨੇ ਟਵੀਟ ਕਰਕੇ ਕਿਹਾ, “ਅਜੀਤ ਪਵਾਰ ਦਾ ਭਾਜਪਾ ਨੂੰ ਸਪੋਰਟ ਕਰਨ ਉਨ੍ਹਾਂ ਦਾ ਨਿੱਜੀ ਫੈਸਲਾ ਹੈ। ਐੱਨਸੀਪੀ ਉਨ੍ਹਾਂ ਦੇ ਇਸ ਫੈਸਲੇ ਦੇ ਨਾਲ ਨਹੀਂ ਹੈ।”

ਖ਼ਬਰਾਂ ਸਨ ਕਿ ਅੱਜ ਇਹ ਤਿੰਨੇ ਪਾਰਟੀਆਂ ਹੋਰ ਮੁੱਦਿਆਂ ਬਾਰੇ ਚਰਚਾ ਕਰ ਸਕਦੀਆਂ ਹਨ ਪਰ ਤੜਕੇ ਹੀ ਦੇਵੇਂਦਰ ਫਡਣਵੀਸ ਅਤੇ ਅਜੀਤ ਪਵਾਰ ਨੇ ਮੁੰਬਈ ਦੇ ਰਾਜਭਵਨ ਵਿੱਚ ਸਹੁੰ ਚੁੱਕ ਲਈ ਹੈ।

ਉੱਥੇ ਐੱਨਸੀਪੀ ਨੇ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਨੇਤਾ ਵਜੋਂ ਹਟਾ ਦਿੱਤਾ ਹੈ।

ਸਹੁੰ ਚੁੱਕਣ ਦੇ ਥੋੜ੍ਹੀ ਦੇਰ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੇਵੇਂਦਰ ਫੜਣਵੀਸ ਅਤੇ ਅਜੀਤ ਪਵਾਰ ਨੂੰ ਵਧਾਈ ਦਿੱਤਾ ਅਤੇ ਵਿਸ਼ਵਾਸ਼ ਜਤਾਇਆ ਕਿ ਦੋਵੇਂ ਨੇਤਾ ਮਿਲ ਕੇ ਮਹਾਰਾਸ਼ਟਰ ਦੇ ਭਵਿੱਖ ਲਈ ਮਿਲਜੁਲ ਕੇ ਕੰਮ ਕਰਨਗੇ।

ਮਹਾਰਾਸ਼ਟਰ ਵਿੱਚ ਕੀ-ਕੀ ਵਾਪਰਿਆ?

  • ਸ਼ਨੀਵਾਰ ਤੜਕੇ ਸਵੇਰੇ ਮੁੰਬਈ ਵਿੱਚ ਰਾਜਭਵਨ ਵਿੱਚ ਭਾਜਪਾ ਦੇ ਦੇਵੇਂਦਰ ਫਡਣਵੀਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
  • ਭਾਜਪਾ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਹੁਣ 170 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਹਾਸਿਲ ਹੈ।
  • ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਇਸ ਤੋਂ ਪਹਿਲਾਂ ਪਿਛਲੇ ਇੱਕ ਮਹੀਨੇ ਤੋਂ ਸ਼ਿਵਸੇਨਾ, ਕਾਂਗਰਸ ਤੇ ਐੱਨਸੀਪੀ ਦੀ ਗਠਜੋੜ ਵਾਲੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।
  • ਭਾਜਪਾ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਹੁਣ 170 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਹਾਸਿਲ ਹੈ।
  • ਕਰੀਬ ਇੱਕ ਘੰਟੇ ਬਾਅਦ ਐੱਨਸੀਪੀ ਨੇਤਾ ਸ਼ਰਦ ਪਵਾਰ ਦਾ ਬਿਆਨ ਆਇਆ ਕਿ ਅਜੀਤ ਪਵਾਰ ਦੇ ਭਾਜਪਾ ਨਾਲ ਜਾਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਉਹ ਇਸ ਗਠਜੋੜ ਦੇ ਪੂਰੀ ਤਰ੍ਹਾਂ ਖਿਲਾਫ਼ ਹਨ।
  • ਸ਼ਿਵ ਸੇਨਾ ਆਗੂ ਸੰਜੇ ਰਾਊਤ ਨੇ ਕਿਹਾ ਇਸ ਨੂੰ ਪਾਪ ਅਤੇ ਧੋਖਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਰਦ ਪਵਾਰ ਦੇ ਸੰਪਰਕ ਵਿੱਚ ਹੈ।
  • ਦੇਵੇਂਦਰ ਫਡਣਵੀਸ ਦੇ ਮੁੱਖ ਮੰਤਰੀ ਬਣਦੇ ਹੀ ਮਹਾਰਾਸ਼ਟਰ ਵਿੱਚ ਲਗਿਆ ਰਾਸ਼ਟਰਪਤੀ ਸ਼ਾਸਨ ਵੀ ਹਟਾ ਲਿਆ ਗਿਆ ਹੈ।

ਮਹਾਰਾਸ਼ਟਰ 'ਚ ਅੱਗੇ ਕੀ ਹੋ ਸਕਦਾ ਹੈ?

ਮਹਾਰਾਸ਼ਟਰ ਵਿੱਚ ਕੁੱਲ 288 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚ 105 ਭਾਜਪਾ ਨੇ ਜਿੱਤੀਆਂ ਹਨ ਜਦਕਿ 54 ਸੀਟਾਂ ਐੱਨਸੀਪੀ ਅਤੇ ਕਾਂਗਰਸ ਨੇ 44 ਸੀਟਾਂ ਤੇ ਸ਼ਿਵ ਸੇਨਾ ਨੂੰ 56 ਸੀਟਾਂ ਮਿਲੀਆਂ ਹਨ।

ਬਹੁਮਤ ਲਈ ਭਾਜਪਾ ਨੂੰ 145 ਸੀਟਾਂ ਚਾਹੀਦੀਆਂ ਹਨ।

ਜੇਕਰ ਐੱਨਸੀਪੀ ਨੇ ਅਧਿਕਾਰਤ ਤੌਰ 'ਤੇ ਸਮਰਥਨ ਨਹੀਂ ਦਿੱਤਾ ਤਾਂ ਇਹ ਦੇਖਣਾ ਹੋਵੇਗਾ ਕਿ 54 'ਚੋਂ ਕਿੰਨੇ ਐੱਨਸੀਪੀ ਵਿਧਾਇਕ ਅਜੀਤ ਪਵਾਰ ਨੂੰ ਸਮਰਥਨ ਦੇਣਗੇ।

ਉਨ੍ਹਾਂ ਨੂੰ ਜਾਂ ਤਾਂ ਦੋ-ਤਿਹਾਈ ਵਿਧਾਇਕਾਂ ਦਾ ਸਮਰਥਨ ਹਾਸਿਲ ਹੋ ਜਾਵੇਗਾ ਜਾਂ ਫਿਰ ਵਿਧਾਇਕਾਂ ਨੂੰ ਆਪਣੀ ਪਾਰਟੀ ਤੋਂ ਅਸਤੀਫ਼ਾ ਦੇਣਾ ਪਵੇਗਾ।

ਬਹੁਮਤ ਸਾਬਿਤ ਕਰਨ ਲਈ ਵਿਧਾਨ ਸਭਾ ਵਿੱਚ ਡਰਾਮੇ ਦੀ ਆਸ ਕੀਤੀ ਜਾ ਸਕਦੀ ਹੈ।

ਰਿਪੋਰਟਾਂ ਇਹ ਵੀ ਹਨ ਕਿ ਸ਼ਰਦ ਪਵਾਰ ਦੇ ਭਤੀਜੇ ਅਤੇ ਐੱਨਸੀਪੀ ਦੇ ਆਗੂ ਅਜੀਤ ਪਵਾਰ ਸ਼ਿਵਸੇਨਾ ਨਾਲ ਗਠਜੋੜ ਨੂੰ ਲੈ ਕੇ ਖੁਸ਼ ਨਹੀਂ ਸਨ।

ਉਨ੍ਹਾਂ ਨੂੰ ਡਰ ਸੀ ਕਿ ਬੇਸ਼ੱਕ ਸ਼ਿਵਸੇਨਾ ਸੱਤਾ ਸਾਂਝੀ ਕਰਨ ਲਈ ਸਹਿਮਤ ਹੋਵੇ ਪਰ ਪਵਾਰ ਢਾਈ ਸਾਲਾਂ ਤੱਕ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਉਣਗੇ।

ਚਾਚਾ-ਭਤੀਜੇ ਵਿਚਾਲੇ ਕਾਫੀ ਦੇਰ ਤੋਂ ਵਿਵਾਦ ਸੀ ਜੋ ਹਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਾਹਮਣੇ ਆਇਆ ਸੀ।

ਚੋਣਾਂ ਤੋਂ ਬਾਅਦ ਕਾਂਗਰਸ ਨਾਲ ਐੱਨਸੀਪੀ ਦੀ ਗੱਲਬਾਤ ਵਿਚਾਲੇ ਵੀ ਉਹ ਕਿਤੇ ਚਲੇ ਗਏ ਸਨ।

ਹੁਣ ਤੱਕ ਦੇ ਡਰਾਮੇ ਵਿੱਚ ਸ਼ਿਵਸੈਨਾ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇਕੱਠੇ ਚੋਣਾਂ ਲੜਨ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਨਾਲੋਂ ਗਠਜੋੜ ਤੋੜ ਲਿਆ ਸੀ।

ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚ ਆਪਣੇ ਮੰਤਰੀ ਅਰਵਿੰਦ ਸਾਵੰਤ ਕੋਲੋਂ ਵੀ ਅਸਤੀਫ਼ ਦਿਵਾ ਦਿੱਤਾ ਸੀ। ਉਹ ਮੁੱਖ ਮੰਤਰੀ ਅਹੁਦੇ ਦੀ ਆਸ ਵਿੱਚ ਸੀ, ਜਿਸ ਦੇ ਹੱਕ 'ਚ ਭਾਜਪਾ ਨਹੀਂ ਸੀ।

ਉੱਧਵ ਠਾਕਰੇ ਨੇ ਦਾਅਵਾ ਵੀ ਕੀਤਾ ਸੀ ਕਿ ਭਾਜਪਾ ਨੇ ਢਾਈ ਸਾਲਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਹਾਮੀ ਭਰੀ ਹੈ ਪਰ ਭਾਜਪਾ ਨੇ ਕਿਹਾ ਕਿ ਅਜਿਹਾ ਕੋਈ ਵਾਅਦਾ ਨਹੀਂ ਕੀਤਾ।

ਸਪੱਸ਼ਟ ਤੌਰ 'ਤੇ ਮਹਾਰਾਸ਼ਟਰ' ਚ ਭਾਜਪਾ ਸਭ ਤੋਂ ਵੱਡੀ ਜੇਤੂ ਹੈ। ਫਿਲਹਾਲ ਅਜੇ ਇਹ ਪਤਾ ਨਹੀਂ ਹੈ ਕਿ ਉਹ ਅਜੀਤ ਪਵਾਰ ਨੂੰ ਤੋੜਨ ਵਿੱਚ ਕਿਵੇਂ ਸਫ਼ਲ ਹੋਏ? ਰਾਜਪਾਲ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਲਈ ਕਿਵੇਂ ਸਹਿਮਤ ਹੋਏ। ਉਹ 145 ਵਿਧਾਇਕਾਂ ਦੇ ਦਸਤਖਤਾਂ 'ਤੇ ਜ਼ੋਰ ਦੇ ਰਹੇ ਸਨ, ਜੋ ਕਿ 288 ਸੀਟਾਂ ਲਈ ਬਹੁਮਤ ਹੈ।

ਭਾਜਪਾ ਨੂੰ ਅਸੈਂਬਲੀ ਵਿੱਚ ਬਹੁਮਤ ਸਾਬਿਤ ਕਰਨਾ ਪਵੇਗਾ। ਐੱਨਸੀਪੀ, ਸ਼ਿਵਸੈਨਾ ਅਤੇ ਕਾਂਗਰਸ ਇਕੱਠਿਆਂ ਆਉਣ ਲਈ ਪੂਰੀ ਵਾਹ ਲਾਵੇਗੀ।

ਭਾਜਪਾ ਦਾ ਦਾਅਵਾ ਸੀ ਕਿ 105 ਸੀਟਾਂ ਦੇ ਨਾਲ ਉਨ੍ਹਾਂ ਨੂੰ 15 ਆਜ਼ਾਦ ਵਿਧਾਇਕਾਂ ਦੀ ਹਮਾਇਤ ਹਾਸਿਲ ਹੈ।

ਜੇਕਰ ਇਹ ਸੱਚ ਹੈ ਕਿ ਉਨ੍ਹਾਂ ਨੂੰ ਬਹੁਮਤ ਦੇ 145 ਅਕੰੜੇ ਨੂੰ ਪਾਰ ਕਰਨ 25 ਵਿਧਾਇਕਾਂ ਦੀ ਲੋੜ ਹੈ ਪਰ ਉੱਥੇ ਹੀ ਦਲ-ਬਦਲੂ ਵਿਧਾਇਕਾਂ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਅਖ਼ੀਰ ਇਹ ਮੁੱਦਾ ਅਦਾਲਤ ਵਿੱਚ ਪਹੁੰਚ ਸਕਦਾ ਹੈ ਪਰ ਫਿਲਹਾਲ ਭਾਜਪਾ ਨੇ ਮਹਾਰਾਸ਼ਟਰ 'ਚ ਸਰਕਾਰ ਦਾ ਗਠਨ ਕੀਤਾ ਹੈ।

ਬਹੁਮਤ ਸਾਡੇ ਕੋਲ ਹੈ - ਸ਼ਰਦ ਪਵਾਰ

ਐੱਨਸੀਪੀ ਮੁਖੀ ਸ਼ਰਦ ਪਵਾਰ ਤੇ ਸ਼ਿਵ ਸੇਨਾ ਮੁਖੀ ਉੱਧਵ ਠਾਕਰੇ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।

ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ, "ਕਾਂਗਰਸ, ਐੱਨਸੀਪੀ ਤੇ ਸ਼ਿਵਸੇਨਾ ਦੇ ਗਠਜੋੜ ਕੋਲ ਜ਼ਰੂਰੀ ਬਹੁਮਤ ਹੈ। ਸਾਨੂੰ ਕਈ ਆਜ਼ਾਦ ਵਿਧਾਇਕਾਂ ਦੀ ਹਮਾਇਤ ਵੀ ਹਾਸਿਲ ਹੈ ਜਿਨ੍ਹਾਂ ਨੂੰ ਜੋੜ ਕੇ ਵਿਧਾਇਕਾਂ ਦੀ ਕੁੱਲ ਗਿਣਤੀ 170 ਤੋਂ ਵੱਧ ਹੈ।"

"ਅਜੀਤ ਪਵਾਰ ਦਾ ਫ਼ੈਸਲਾ ਪਾਰਟੀ ਲਾਈਨ ਤੋਂ ਪਰੇ ਹੈ ਤੇ ਇਹ ਅਨੁਸ਼ਾਸਨਹੀਣਤਾ ਹੈ। ਐੱਨਸੀਪੀ ਦੇ ਨੇਤਾ ਜਾਂ ਵਰਕਰ ਐੱਨਸੀਪੀ-ਭਾਜਪਾ ਦੇ ਗਠਜੋੜ ਦੇ ਹੱਕ ਵਿੱਚ ਨਹੀਂ ਹਨ।"

ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਪਾਰਟੀ ਵੱਲੋਂ ਅੱਜ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਜਾਵੇਗਾ।

ਸ਼ਰਦ ਪਵਾਰ ਨੇ ਅੱਗੇ ਕਿਹਾ, "ਸਾਰੀਆਂ ਪਾਰਟੀਆਂ ਕੋਲ ਵਿਧਾਇਕਾਂ ਦੇ ਦਸਤਖ਼ਤ ਕੀਤੀਆਂ ਲਿਸਟਾਂ ਮੌਜੂਦ ਹੁੰਦੀਆਂ ਹਨ। ਅਜੀਤ ਪਵਾਰ ਵਿਧਾਇਕ ਦਲ ਦੇ ਨੇਤਾ ਸਨ ਇਸ ਲਈ ਉਨ੍ਹਾਂ ਕੋਲ ਵੀ ਅਜਿਹੀਆਂ ਲਿਸਟਾਂ ਸਨ।"

"ਮੈਨੂੰ ਲਗਦਾ ਹੈ ਕਿ ਇਹ ਹੋ ਸਕਦਾ ਹੈ ਕਿ ਉਹੀ ਲਿਸਟ ਅਜੀਤ ਪਵਾਰ ਨੇ ਜਮਾ ਕੀਤੀ ਹੈ। ਮੈਨੂੰ ਭਰੋਸਾ ਹੈ ਕਿ ਗਵਰਨਰ ਬਹੁਮਤ ਸਾਬਿਤ ਕਰਨ ਦਾ ਜਦੋਂ ਉਨ੍ਹਾਂ ਨੂੰ ਮੌਕੇ ਦੇਣਗੇ ਤਾਂ ਉਹ ਸਾਬਿਤ ਨਹੀਂ ਕਰ ਸਕਣਗੇ। ਫਿਰ ਅਸੀਂ ਤਿਨੋਂ ਪਾਰਟੀਆਂ ਮਿਲ ਕੇ ਸਰਕਾਰ ਬਣਾਂਵਾਂਗੇ।"

“ਮੈਨੂੰ ਤਾਂ ਨਹੀਂ ਲਗਦਾ ਚੋਣਾਂ ਦੀ ਕੋਈ ਲੋੜ ਰਹਿ ਗਈ ਹੈ”

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਧਵ ਠਾਕਰੇ ਨੇ ਕਿਹਾ, "ਪਹਿਲਾਂ ਈਵੀਐੱਮ ਦਾ ਖੇਡ ਚੱਲ ਰਿਹਾ ਸੀ ਤੇ ਹੁਣ ਉਹ ਨਵੀਂ ਖੇਡ ਸ਼ੁਰੂ ਹੋ ਗਈ ਹੈ। ਹੁਣ ਤੋਂ ਬਾਅਦ ਮੈਨੂੰ ਤਾਂ ਨਹੀਂ ਲਗਦਾ ਚੋਣਾਂ ਦੀ ਕੋਈ ਲੋੜ ਰਹਿ ਗਈ ਹੈ। ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸ਼ਿਵਾ ਜੀ ਨੂੰ ਧੋਖਾ ਮਿਲਿਆ ਤੇ ਪਿੱਛੋਂ ਵਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਕੀ ਕੀਤਾ ਸੀ।"

ਉਧਵ ਠਾਕਰੇ ਨੇ ਅੱਗੇ ਕਿਹਾ, "ਉਨ੍ਹਾਂ ਨੂੰ ਸ਼ਿਵ ਸੇਨਾ ਦੇ ਵਿਧਾਇਕ ਤੋੜ ਲੈਣ ਦਿਓ, ਮਹਾਰਾਸ਼ਟਰ ਸੁੱਤਾ ਨਹੀਂ ਰਹੇਗਾ।"

ਭਾਜਪਾ ਨੂੰ ਭਰੋਸੇ ਦੇ ਮਤ ਵਿੱਚ ਹਰਾਉਣ ਲਈ ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਤਿਆਰ

ਕਾਂਗਰਸ ਪਾਰਟੀ ਦੀ ਸੂਬਾਈ ਇਕਾਈ ਵੱਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਵਿੱਚ ਅਹਿਮਦ ਪਟੇਲ ਨੇ ਕਿਹਾ,"ਅੱਜ ਸਵੇਰੇ-2 ਨਾ ਬੈਂਡ ਨਾ ਬਾਜਾ ਨਾ ਬਰਾਤ ਜਿਸ ਤਰ੍ਹਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਗਈ ਉਹ ਘਟਨਾ ਮਹਾਂਰਾਸ਼ਟਰ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖੀ ਜਾਵੇਗੀ।"

ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਸਮੇਂ ਸੰਵਿਧਾਨਿਕ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਤੇ ਰਾਜਪਾਲ ਨੇ ਕਾਂਗਰਸ ਨੂੰ ਮੌਕਾ ਨਹੀਂ ਦਿੱਤਾ।

ਇਸ ਤੋਂ ਇਲਵਾ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕ ਇਕਜੁੱਟ ਹਨ ਤੇ ਨਵੀਂ ਸਰਕਾਰ ਜਦੋਂ ਵੀ ਭਰੋਸੇ ਦਾ ਮਤ ਵਿਧਾਨ ਸਭਾ ਵਿੱਚ ਲੈ ਕੇ ਆਵੇਗੀ ਤਾਂ ਉਸ ਨੂੰ ਹਰਾਉਣ ਲਈ ਤਿਆਰ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਨਵੇਂ ਆਗੂ ਜਾਂ ਵਿੱਪ੍ਹ ਤੈਅ ਕਰਨ ਬਾਰੇ ਤੇ ਹੋਰ ਅਗਲੀ ਰਣਨੀਤੀ ਸ਼ਨਿੱਚਰਵਾਰ ਸ਼ਾਮ ਨੂੰ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਭਰੋਸੇ ਦੇ ਮਤ ਵਿੱਚ ਹਰਾਉਣ ਲਈ ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਤਿਆਰ ਹਨ।

‘ਲੋਕਾਂ ਦੀ ਸਮੱਸਿਆਵਾਂ ਲਈ ਫ਼ੈਸਲਾ ਲਿਆ’

ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਕਿਹਾ, "ਸਾਡੇ ਨਾਲ ਚੋਣ ਲੜਨ ਵਾਲੀ ਸ਼ਿਵਸੇਨਾ ਨੇ ਜਨਾਦੇਸ਼ ਦਾ ਨਿਰਾਦਰ ਕਰਦਿਆ ਹੋਰ ਪਾਰਟੀਆਂ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਿਆ।"

ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਅਜੀਤ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵਿੱਚ ਚੋਣ ਨਤੀਜੇ ਆਏ ਹੋਏ ਕਾਫੀ ਦਿਨ ਹੋ ਗਏ ਸਨ ਅਤੇ ਸਰਕਾਰ ਨਾ ਬਣਨ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਹੋ ਰਹੀ ਸੀ।

ਉਨ੍ਹਾਂ ਨੇ ਕਿਹਾ, "ਸੂਬੇ ਵਿੱਚ ਕਈ ਸਮੱਸਿਆਵਾਂ ਹਨ, ਖਾਸਕਰ ਕਿਸਾਨਾਂ ਦੀਆਂ, ਜੇ ਮਿਲ ਕੇ ਸਰਕਾਰ ਸਥਿਰ ਬਣਦੀ ਹੈ ਤਾਂ ਇਹ ਮਹਾਰਾਸ਼ਟਰ ਲਈ ਚੰਗਾ ਹੈ।"

‘ਹਨੇਰੇ ਵਿੱਚ ਤਾਂ ਪਾਪ ਹੁੰਦਾ ਹੈ’

ਸ਼ਿਵ ਸੇਨਾ ਦੇ ਆਗੂ ਸੰਜੇ ਰਾਊਤ ਨੇ ਕਿਹਾ, "ਇਹ ਧੋਖਾ ਹੋਇਆ ਹੈ ਤੇ ਇਹ ਧੋਖਾ ਸ਼ਿਵ ਸੇਨਾ ਨਾਲ ਨਹੀਂ ਮਹਾਰਾਸ਼ਟਰ ਦੀ ਜਨਤਾ ਤੇ ਸ਼ਿਵਾਜੀ ਮਹਾਰਾਜ ਨਾਲ ਹੋਇਆ ਹੈ।"

"ਅਜੀਤ ਪਵਾਰ ਕੱਲ੍ਹ ਸ਼ਾਮ ਤੱਕ ਸਾਡੇ ਨਾਲ ਮੀਟਿੰਗ ਕਰ ਰਹੇ ਸਨ ਤੇ ਅਚਾਨਕ ਗਾਇਬ ਹੋ ਗਏ ਸਨ ਪਰ ਉਹ ਸਾਡੇ ਨਾਲ ਅੱਖਾਂ ਨਹੀਂ ਮਿਲਾ ਰਹੇ ਸਨ। ਸਾਨੂੰ ਉਸ ਵੇਲੇ ਹੀ ਕੁਝ ਸ਼ੱਕ ਹੋਇਆ ਸੀ।"

"ਭਾਰਤੀ ਜਨਤਾ ਪਾਰਟੀ ਨੇ ਰਾਜ ਭਵਨ ਦਾ ਗਲਤ ਇਸਤੇਮਾਲ ਕੀਤਾ ਹੈ, ਜੋ ਦੇਸ ਦੇ ਲੋਕਤੰਤਰ ਨੂੰ ਸ਼ੋਭਾ ਨਹੀਂ ਦਿੰਦਾ ਹੈ। ਮੈਂ ਮੰਨਦਾ ਸੀ ਕਿ ਇਸ ਰਾਜ ਦੇ ਰਾਜਪਾਲ ਇੱਕ ਚੰਗੇ ਵਿਅਕਤੀ ਹਨ ਪਰ ਅੰਧੇਰੇ ਵਿੱਚ ਪਾਪ ਹੁੰਦਾ ਹੈ, ਡਕੈਤੀ-ਚੋਰੀ ਹੁੰਦੀ ਹੈ।

"ਮਹਾਰਾਸ਼ਟਰ ਸਰਕਾਰ ਨੂੰ ਜਿਸ ਤਰੀਕੇ ਨਾਲ ਹਨੇਰੇ ਵਿੱਚ ਸਹੁੰ ਚੁਕਾਈ ਗਈ ਉਹ ਮਹਾਰਾਸ਼ਟਰ ਨੂੰ ਸ਼ੋਭਾ ਨਹੀਂ ਦਿੰਦਾ ਹੈ। ਅਸੀਂ ਲਗਾਤਾਰ ਸ਼ਰਦ ਪਵਾਰ ਦੇ ਸੰਪਰਕ ਵਿੱਚ ਹਾਂ ਤੇ ਜੁਆਈਂਟ ਪ੍ਰੈੱਸ ਕਾਨਫਰੰਸ ਵੀ ਕਰ ਸਕਦੇ ਹਾਂ।"

ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟੀਲ ਨੇ ਕਿਹਾ, "ਮਹਾਰਾਸ਼ਟਰ ਦੀ ਜਨਤਾ ਨੇ ਭਾਜਪਾ-ਸ਼ਿਵਸੇਨਾ ਦੇ ਗਠਜੋੜ ਨੂੰ ਜਨਾਦੇਸ਼ ਦਿੱਤਾ ਸੀ ਪਰ ਉਨ੍ਹਾਂ ਨੇ ਢਾਈ-ਢਾਈ ਸਾਲ ਦੀ ਸ਼ਰਤ ਰੱਖ ਕੇ ਜਨਾਦੇਸ਼ ਦਾ ਅਪਮਾਨ ਕੀਤਾ ਹੈ। ਮਹਾਰਾਸ਼ਟਰ ਦੇ ਆਮ ਲੋਕ ਇੰਤਜ਼ਾਰ ਕਰ ਰਹੇ ਸਨ ਇਸ ਲਈ ਅਸੀਂ ਸਰਕਾਰ ਬਣਾਈ ਹੈ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)