ਤੁਹਾਨੂੰ ਪੋਰਨ ਬਾਰੇ ਇਹ ਗੱਲਾਂ ਜਾਣਨੀਆਂ ਜ਼ਰੂਰੀ ਹਨ

ਪੋਰਨ ਇੱਕ ਬਹੁ-ਖਰਬੀ ਸਨਅਤ ਹੈ। ਤੁਹਾਨੂੰ ਪਤਾ ਹੈ ਕਿ ਅਸਲ ਚ ਪੋਰਨ ਹੈ ਕੀ ? ਤੁਹਾਨੂੰ ਇਸ ਬਾਰੇ ਕੀ ਮਹਿਸੂਸ ਹੁੰਦਾ ਹੈ?

ਪੋਰਨ ਕੀ ਹੁੰਦਾ ਹੈ?

ਪੋਰਨ ਕੋਈ ਵੀ ਅਜਿਹੀ ਸਮੱਗਰੀ ਹੋ ਸਕਦੀ ਹੈ ਜਿਸ ਨਾਲ ਕਾਮੁਕ ਭਾਵਨਾਵਾਂ ਪੈਦਾ ਹੋਣ।

ਇਹ ਸਮੱਗਰੀ, ਉਕਸਾਊ ਸ਼ਬਦ, ਅਵਾਜਾਂ, ਤਸਵੀਰਾਂ ਕੁੱਝ ਵੀ ਹੋ ਸਕਦੀ ਹੈ। ਡਾਕਟਰੀ ਪੇਸ਼ੇ ਨਾਲ ਜੁੜੀਆਂ ਸਰੀਰਕ ਤਸਵੀਰਾਂ ਜੋ ਹਾਲਾਂਕਿ ਇਸ ਮਕਸਦ ਨਾਲ ਨਹੀਂ ਬਣਾਈਆਂ ਹੁੰਦੀਆਂ ਉਹ ਵੀ ਕਾਮੁਕਤਾ ਜਗਾ ਸਕਦੀਆਂ ਹਨ।

ਕਿੰਨੀ ਵੱਡੀ ਹੈ ਪੋਰਨ ਇੰਡਸਟਰੀ?

ਆਪਣੀ ਜ਼ਿੰਦਗੀ ਵਿੱਚ ਹਰ ਕਿਸੇ ਨੇ ਕਦੇ ਨਾ ਕਦੇ ਕਿਸੇ ਨਾ ਕਿਸੇ ਮੌਕੇ 'ਤੇ ਪੋਰਨ ਜ਼ਰੂਰ ਵੇਖਿਆ ਹੈ। ਆਪਣੀ ਮਰਜ਼ੀ ਨਾਲ ਤੇ ਭਾਵੇਂ ਸੰਜੋਗ ਵੱਸ। ਇੰਟਰਨੈੱਟ ਦੇ ਆਉਣ ਨਾਲ ਪੋਰਨ ਤੱਕ ਪਹੁੰਚਣਾਂ ਪਹਿਲਾਂ ਦੇ ਮੁਕਾਬਲੇ ਕਿਤੇ ਸੌਖਾ ਹੋਇਆ ਹੈ ਜਦ ਕਿ ਇਸ 'ਤੇ ਨਿਗਰਾਨੀ ਰੱਖਣੀ ਔਖੀ ਹੋਈ ਹੈ।

  • ਇੰਟਰਨੈਟ ਵਰਤੋਂਕਾਰਾਂ ਦੀ 25 ਫ਼ੀਸਦੀ ਤਲਾਸ਼ ਪੋਰਨ ਬਾਰੇ ਹੁੰਦੀ ਹੈ।
  • ਹਰ ਸੈਕਿੰਡ ਵੱਡੀ ਗਿਣਤੀ ਵਿੱਚ ਇੰਟਰਨੈੱਟ 'ਤੇ ਪੋਰਨ ਵੇਖਿਆ ਜਾਂਦਾ ਹੈ।
  • ਡੇਟਾ ਇੰਟੈਲੀਜੈਂਸ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ 'ਵਿਦੂਲੀ' ਦੇ ਸੰਸਥਾਪਕ ਤੇ ਸੀਈਓ ਸੁਬਰਤ ਕੌਰ ਮੁਤਾਬਕ, "ਪਿਛਲੇ ਸਾਲ ਦੇ ਮੁਕਾਬਲੇ 2016-17 ਵਿੱਚ ਭਾਰਤ 'ਚ ਪੋਰਨ ਵੀਡੀਓਜ਼ ਦੀ ਖਪਤ ਦੁਗਣੀ ਹੋਈ ਹੈ।
  • ਸੁਬਰਤ ਨੇ ਕਿਹਾ, "ਸਾਡੇ ਸਰਵੇਖਣ ਮੁਤਾਬਕ ਸਸਤੇ ਸਮਾਰਟ ਫੋਨ ਤੇ ਮੁਫ਼ਤ ਇੰਟਰਨੈਟ ਕਰਕੇ ਬੀਤੇ ਇੱਕ ਸਾਲ ਵਿੱਚ ਪੋਰਨ ਦੀ ਖਪਤ ਵਿੱਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ।''
  • ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਇੱਕ ਸਰਵੇ ਮੁਤਾਬਕ 90 ਫੀਸਦੀ ਕਿਸ਼ੋਰਾਂ ਨੇ ਪੋਰਨ ਵੇਖਿਆ ਹੈ। ਕਈ ਵਾਰ ਕਿਸ਼ੋਰ ਭਟਕਦੇ ਹੋਏ ਅਜਿਹੀਆਂ ਵੈਬਸਾਈਟਾਂ ਉੱਪਰ ਚਲੇ ਜਾਂਦੇ ਹਨ।

ਮੇਰਾ ਪ੍ਰਗਟਾਵੇ ਦੀ ਅਜ਼ਾਦੀ ਵਿੱਚ ਯਕੀਨ ਹੈ। ਸੈਕਸ ਕੁਦਰਤੀ ਹੈ ਤਾਂ ਪੋਰਨ ਵਿੱਚ ਗਲਤ ਕੀ ਹੈ?

ਸੈਕਸ ਕੁਦਰਤੀ ਹੈ ਤੇ ਜੇ ਪੋਰਨ ਤੇ ਪਾਬੰਦੀ ਲਾ ਦਿੱਤੀ ਜਾਵੇ ਤਾਂ ਇਸ ਬਾਰੇ ਗੱਲ ਕਰਨ ਨੂੰ ਵੀ ਮਨਾਹੀ ਸਮਝਿਆ ਜਾਵੇਗਾ। ਪਰ ਪੋਰਨ ਕਾਫ਼ੀ ਤਾਕਤਵਾਰ ਹੈ।

  • ਇਹ ਸਾਡੀ ਆਪਣੇ ਆਪ ਤੇ ਸੈਕਸ ਬਾਰੇ ਸਾਡੀ ਸੋਚ ਉੱਪਰ ਅਸਰ ਪਾਉਂਦਾ ਹੈ। ਕਿਸੇ ਨੂੰ ਵੀ ਆਪਣੇ ਬਾਰੇ ਸੌਖਿਆਂ ਹੀ ਘਟੀਆ ਮਹਿਸੂਸ ਹੋ ਸਕਦਾ ਹੈ। ਸਧਾਰਨ ਇਨਸਾਨੀ ਸਰੀਰ ਉਸ ਨਾਲੋਂ ਕਾਫ਼ੀ ਵੱਖਰੇ ਹੁੰਦੇ ਹਨ। ਉਹ ਵਾਲਾਂ ਵਾਲੇ ਤੇ ਢਿਲਢੁਲ ਹੁੰਦੇ ਹਨ ਨਾ ਕਿ ਪੋਰਨ ਕਲਾਕਾਰਾਂ ਵਰਗੀਆਂ ਤਰਾਸ਼ਵੇਂ ਤੇ ਸਦਾ ਤਿਆਰ।
  • ਸਰੀਰਕ ਦਿੱਖ ਤੋਂ ਅਸੰਤੁਸ਼ਟੀ ਬੱਚਿਆਂ ਵਿੱਚ ਡਿਪਰੈਸ਼ਨ ਪੈਦਾ ਕਰ ਸਕਦੀ ਹੈ।
  • ਇਸ ਨਾਲ ਸਾਡੇ ਵਿਹਾਰ ਤੇ ਵੀ ਅਸਰ ਹੁੰਦਾ ਹੈ। ਬਹੁਤੀ ਪੋਰਨ ਵਿੱਚ ਕੁੜੀਆਂ ਨੂੰ ਅਧੀਨਗੀ ਵਿੱਚ ਵਿਖਾਇਆ ਜਾਂਦਾ ਹੈ। ਜਿਵੇਂ ਉਨ੍ਹਾਂ ਦਾ ਰੇਪ ਹੋ ਰਿਹਾ ਹੈ ਤੇ ਉਹ ਇਸ ਵਿੱਚ ਖੁਸ਼ ਹਨ। ਅਸਲ ਵਿੱਚ ਤਾਂ ਕੋਈ ਔਰਤ ਇਹ ਪਸੰਦ ਤਾਂ ਦੂਰ ਇਸਦੀ ਕਲਪਨਾ ਵੀ ਨਹੀਂ ਕਰਦੀ ਪਰ ਪੋਰਨ ਤੋਂ ਤਾਂ ਇਹੀ ਲਗਦਾ ਹੈ। ਹਾਲਾਂਕਿ ਪੋਰਨ ਦੇਖਣ ਵਾਲੇ ਬਹੁਤੇ ਲੋਕ ਅਜਿਹਾ ਨਹੀਂ ਕਰਦੇ ਪਰ ਕਈ ਬਲਾਤਕਾਰੀਆਂ ਨੇ ਇਹ ਮੰਨਿਆ ਕਿ ਪੋਰਨ ਨੇ ਉਨ੍ਹਾਂ ਨੂੰ ਉਕਸਾਇਆ।
  • ਸੈਕਸ ਦੇ ਨਤੀਜੇ ਹੁੰਦੇ ਹਨ। ਸੈਕਸ ਜ਼ਰੀਏ ਬਿਮਾਰੀਆਂ ਲੱਗਦੀਆਂ ਹਨ, ਦਿਲ ਟੁੱਟਦੇ ਹਨ, ਪਿਆਰ ਹੁੰਦਾ ਹੈ। ਪੋਰਨ ਇਸ ਨੂੰ ਜਿੰਦਗੀ ਤੋਂ ਬਿਲਕੁਲ ਹੀ ਤੋੜ ਕੇ ਸਿਰਫ਼ ਇੱਕ ਗੈਰ ਭਾਵੁਕ ਸਰੀਰਕ ਕਾਰਜ ਬਣਾ ਕੇ ਪੇਸ਼ ਕਰਦਾ ਹੈ। ਪੋਰਨ ਵਿੱਚ ਕੰਡੋਮ ਗੈਰ ਜਰੂਰੀ ਤੇ ਸਾਰੇ ਬਾਗੋਬਾਗ ਨਜ਼ਰ ਆਉਂਦੇ ਹਨ।
  • ਪੋਰਨ ਵਿਚਲਿਤ ਕਰ ਸਕਦਾ ਹੈ। ਕਿਸੇ ਲਈ ਉਤੇਜਕ ਹੋ ਸਕਦਾ ਹੈ ਦੂਸਰੇ ਨੂੰ ਉਹ ਡਰਾਵਣਾ ਲੱਗ ਸਕਦਾ ਹੈ।
  • ਇਹ ਕੁੜੀਆਂ ਤੇ ਮੁੰਡਿਆਂ ਦੋਹਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਖਾਸ ਕਰ ਜਵਾਨਾਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸੈਕਸ ਕੀ ਹੈ। ਕਹਿੰਦੇ ਨੇ ਨਾ ਪਹਿਲਾ ਪ੍ਰਭਾਵ ਹੀ ਜਿਆਦਾਤਰ ਆਖ਼ਰੀ ਹੁੰਦਾ ਹੈ। ਇਹ ਪਿੱਛਾ ਨਹੀਂ ਛੱਡਦਾ।

ਕੁੜੀਆਂ ਆਪਣੀ ਮਰਜੀ ਨਾਲ ਪੋਰਨ ਵਿੱਚ ਕੰਮ ਕਰਦੀਆਂ ਹਨ, ਫੇਰ ਇਸ ਵਿੱਚ ਕੀ ਬੁਰਾ ਹੈ?

ਇਹ ਆਮ ਤਰਕ ਹੈ, ਜਿਸ ਨੂੰ ਪੋਰਨ ਸਨਅਤ ਆਪਣੀ ਢਾਲ ਬਣਾਉਂਦੀ ਹੈ। ਸਵਾਲ ਤਾਂ ਇਹ ਹੈ ਕਿ ਸੈਕਸ ਦੇ ਧੰਦੇ ਵਿੱਚ ਇੱਕ ਵਾਰ ਆ ਜਾਣ ਤੋਂ ਬਾਅਦ ਇਨ੍ਹਾਂ ਔਰਤਾਂ ਕੋਲ ਹੋਰ ਰਾਹ ਕਿਹੜੀ ਰਹਿ ਜਾਂਦੀ ਹੈ? ਦੁੱਖਦਾਈ ਜਵਾਬ ਨਾਂਹ 'ਚ ਹੀ ਹੈ।

ਪੋਰਨ ਇੰਡਸਟਰੀ ਕੰਮ ਕਰਨ ਦੇ ਲਿਹਾਜ ਨਾਲ ਸਭ ਤੋਂ ਮਾੜੀ ਹੈ। ਕਈ ਵਾਰ ਕਲਾਕਾਰਾਂ ਦੀ ਕੁੱਟ ਮਾਰ ਤੋਂ ਲੈ ਕੇ ਹਰ ਕਿਸਮ ਦਾ ਸ਼ੋਸ਼ਣ ਹੁੰਦਾ ਹੈ। ਉਨ੍ਹਾਂ ਨੂੰ ਬਿਮਾਰੀਆਂ ਦਾ ਪੂਰਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਤੱਕ ਪੋਰਨ ਦੀ ਮੰਗ ਰਹੇਗੀ ਇਹ ਰੋਕਿਆ ਨਹੀਂ ਜਾ ਸਕਦਾ।

ਕਨੂੰਨ ਇਸ ਬਾਰੇ ਕੀ ਕਹਿੰਦਾ ਹੈ?

  • ਜੇ ਪੋਰਨ ਆਪਣੇ ਦਰਸ਼ਕਾਂ ਨੂੰ ਨੈਤਿਕ ਤੌਰ 'ਤੇ ਗੇਰਦਾ ਹੈ ਤੇ ਭਰਿਸ਼ਟ ਕਰਦਾ ਹੈ ਤਾਂ ਇਹ ਗੈਰ ਕਨੂੰਨੀ ਹੈ।
  • ਬਾਲ ਪੋਰਨ ਰੱਖਣਾ ਜਾਂ ਡਾਊਨਲੋਡ ਕਰਨਾ ਗੰਭੀਰ ਜੁਰਮ ਹੈ।
  • ਪੋਰਨ ਪੱਤਰਕਾਵਾਂ ਤੇ ਫ਼ਿਲਮਾਂ 18 ਸਾਲ ਤੋਂ ਘੱਟ ਉਮਰ ਦੇ ਗਾਹਕਾਂ ਨੂੰ ਨਹੀਂ ਵੇਚੇ ਜਾ ਸਕਦੇ। ਵੀਡੀਓਜ਼ ਉੱਪਰ ਵੀ ਉਮਰ ਸੰਬੰਧੀ ਚੇਤਾਵਨੀ ਜ਼ਰੂਰੀ ਹੈ।
  • ਕਿਸੇ ਨਾਬਾਲਗ ਨੂੰ ਪੋਰਨ ਵੇਖਣ ਲਈ ਉਕਸਾਉਣਾ ਵੀ ਜੁਰਮ ਹੈ।
  • ਕਿਸੇ ਨਾਬਾਲਗ ਦੀਆਂ ਇਤਰਾਜਯੋਗ ਤਸਵੀਰਾਂ ਰੱਖਣੀਆਂ ਤੇ ਸਾਂਝੀਆਂ ਕਰਨਾ ਵੀ ਗੰਭੀਰ ਜੁਰਮ ਹੈ।

ਜੇ ਸਾਰਾ ਪੋਰਨ ਬੁਰਾ ਹੈ, ਫ਼ੇਰ?

ਇਹ ਸਵਾਲ ਖ਼ੁਦ ਨੂੰ ਪੁੱਛੋ꞉ ਕੀ ਇਸ ਦਾ ਕੋਈ ਫ਼ਾਇਦਾ ਹੈ? ਸਾਨੂੰ ਇਸ ਦੀ ਜ਼ਰਰੂਤ ਕਿਉਂ ਹੈ?

ਇਹ ਫੈਸਲਾ ਹਰ ਇੱਕ ਨੇ ਆਪ ਕਰਨਾ ਹੈ। ਤੁਹਾਨੂੰ ਪੋਰਨ ਵੇਖਣ ਦੀ ਲੋੜ ਨਹੀਂ ਹੈ। ਤੁਹਾਨੂੰ ਇਹ ਕਿਸੇ ਤਰ੍ਹਾਂ ਭਰਮਾ ਕੇ ਨਹੀਂ ਵਿਖਾਇਆ ਜਾਣਾ ਚਾਹੀਦਾ।

ਜੇ ਤੁਸੀਂ ਪੋਰਨ ਵੇਖਦੇ ਹੋ ਤਾਂ ਯਾਦ ਰੱਖੋ꞉

  • ਪੋਰਨ ਫੈਨਟੈਸੀ ਹੈ, ਕਲਪਨਾ ਹੈ। ਸੱਚਾਈ (ਅਸਲ ਲੋਕ) ਨੂੰ ਕਲਪਨਾ (ਐਕਟਰਾਂ) ਤੋਂ ਵੱਖ ਕਰ ਕੇ ਵੇਖੋ।
  • ਜੇ ਇਹ ਤਹਾਨੂੰ ਅੰਦਰੋਂ ਦੁਖੀ ਤੇ ਪ੍ਰੇਸ਼ਾਨ ਕਰਦਾ ਹੈ ਤਾਂ ਬਿਲਕੁਲ ਨਾ ਵੇਖੋ।
  • ਜੇ ਇਹ ਸੈਕਸ ਨੂੰ ਲੈ ਕੇ ਤੁਹਾਡੀਆਂ ਕੁਦਰਤੀ ਭਾਵਨਾਵਾਂ ਜਾਂ ਤੁਹਾਡੀ ਜਿੰਦਗੀ 'ਤੇ ਕਿਸੇ ਵੀ ਤਰ੍ਹਾਂ ਅਸਰ ਪਾ ਰਿਹਾ ਹੈ ਤਾਂ ਹਟ ਜਾਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)