ਹੀਰ-ਰਾਂਝੇ ਦੀ ਕਹਾਣੀ ਨੂੰ ਬਿਆਨ ਕਰਦੀਆਂ ਤਸਵੀਰਾਂ

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੰਜਾਬੀ

ਪੰਜਾਬੀ ਸਹਿਤ ਵਿੱਚ ਗੁਰਬਾਣੀ, ਸੂਫ਼ੀ ਅਤੇ ਲੋਕ ਸਾਹਿਤ ਦੇ ਨਾਲ-ਨਾਲ ਕਿੱਸਾ ਕਾਵਿ ਅਹਿਮ ਧਾਰਾ ਹੈ। ਕਿੱਸਾ ਕਾਵਿ ਵਿੱਚ ਹੀਰ-ਰਾਂਝੇ ਨੂੰ ਉਸਤਾਦ ਆਸ਼ਿਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਕਵੀਆਂ ਨੇ ਹੀਰ-ਰਾਂਝਾ ਦਾ ਕਿੱਸਾ ਲਿਖਿਆ ਹੈ ਪਰ ਵਾਰਿਸ਼ ਸ਼ਾਹ ਨੂੰ ਸਿਰਮੌਰ ਕਿੱਸਾਕਾਰ ਮੰਨਿਆ ਜਾਂਦਾ ਹੈ।

ਕਿੱਸਾ ਕਾਵਿ ਦੀਆਂ ਕਹਾਣੀਆਂ ਨੇ ਲਿਖਤ ਵਿੱਚ ਦਰਜ ਹੋਣ ਤੋਂ ਪਹਿਲਾਂ ਲੋਕਾਂ ਦੇ ਚੇਤਿਆਂ ਵਿੱਚ ਵਾਸ ਕੀਤਾ। ਪੀੜ੍ਹੀ ਦਰ ਪੀੜ੍ਹੀ ਤੁਰਦੇ ਕਿੱਸਿਆਂ ਨੇ ਤਬਦੀਲੀ ਨੂੰ ਸਦਾ ਸੰਗ ਰੱਖਿਆ ਹੈ। ਜਦੋਂ ਅੰਗਰੇਜ਼ ਮਾਨਵ-ਵਿਗਿਆਨੀਆਂ ਨੇ ਲੋਕ ਗਾਇਕਾਂ ਤੋਂ ਸੁਣ ਕੇ ਕਿੱਸੇ ਦਰਜ ਕੀਤੇ ਤਾਂ ਵੀ ਇਨ੍ਹਾਂ ਦੇ ਪਾਠ ਵਿੱਚ ਵੰਨ-ਸਵੰਨਤਾ ਸੀ।

ਸੁਣਾਉਣ ਵਾਲੇ ਇਨ੍ਹਾਂ ਕਿੱਸਿਆਂ ਵਿੱਚ ਸੁਚੇਤ ਵਾਧਾ-ਘਾਟਾ ਕਰਦੇ ਸਨ ਅਤੇ ਕਈ ਵਾਰ ਉਨ੍ਹਾਂ ਦੀ ਯਾਦ ਸ਼ਕਤੀ ਉੱਤੇ ਮਨੁੱਖੀ ਹੱਦਬੰਦੀ ਲਾਗੂ ਹੁੰਦੀ ਸੀ। ਕਈ ਮਾਨਵ-ਵਿਗਆਨੀਆਂ ਨੇ ਦਰਜ ਕੀਤਾ ਹੈ ਕਿ ਕਈ ਵਾਰ ਇੱਕੋ ਜੀਅ ਵੀ ਕਹਾਣੀ ਵੱਖ-ਵੱਖ ਅੰਦਾਜ਼ ਵਿੱਚ ਸੁਣਾਉਦਾ ਸੀ ਅਤੇ ਪਾਠ ਵੀ ਵੱਖ-ਵੱਖ ਹੋ ਜਾਂਦਾ ਸੀ।

ਜਦੋਂ ਛਾਪਾਖ਼ਾਨਾ ਆਇਆ ਤਾਂ ਕਿੱਸਾ ਛਪਣ ਅਤੇ ਵਰਤਾਉਣ ਦਾ ਰਿਵਾਜ ਪਿਆ। ਸਭ ਪ੍ਰਕਾਸ਼ਕ ਆਪਣੇ ਛਾਪੇ ਕਿੱਸੇ ਨੂੰ ਦੂਜੇ ਤੋਂ ਬਿਹਤਰ ਦਰਸਾਉਣ ਲਈ ਦਾਅਵੇ ਕਰਦੇ ਸਨ। ਹੀਰ ਦੇ ਕਿੱਸੇ ਬਾਰੇ ਦਾਅਵੇ ਹੁੰਦੇ ਸਨ—ਅਸਲੀ ਹੀਰ—ਵੱਡੀ ਹੀਰ—ਅਸਲੀ ਅਤੇ ਵੱਡੀ ਹੀਰ। ਇਸ ਤੋਂ ਬਾਅਦ ਕਿੱਸਾਕਾਰ ਦਾ ਨਾਮ ਵੀ ਜੋੜਿਆ ਜਾਂਦਾ ਸੀ।

ਇਤਿਹਾਸਕਾਰ ਈਸ਼ਵਰ ਦਿਆਲ ਗੌੜ ਨੇ ਪੰਜਾਬ ਦੇ ਲੋਕ-ਸਾਹਿਤ ਦਾ ਅਧਿਐਨ ਕੀਤਾ ਹੈ। ਉਹ ਲੋਕ ਸਾਹਿਤ ਨੂੰ ਇਤਿਹਾਸ ਦਾ ਅਹਿਮ ਸਰੋਤ ਕਰਾਰ ਦਿੰਦੇ ਹਨ ਅਤੇ ਦਲੀਲ ਦਿੰਦੇ ਹਨ ਕਿ ਇਹ ਆਵਾਮੀ ਇਤਿਹਾਸ ਹੈ ਜੋ ਹਕੂਮਤੀ ਮਿਸਲਖ਼ਾਨਿਆਂ ਤੋਂ ਵੱਖਰਾ ਹੈ। ਈਸ਼ਵਰ ਮੁਤਾਬਕ ਕਿੱਸਿਆਂ ਵਿੱਚ ਪੰਜਾਬੀ ਬੰਦੇ ਦੀ ਪਛਾਣ ਦੇ ਨਕਸ਼ ਉਘੜਦੇ ਹਨ।

ਈਸ਼ਵਰ ਦਿਆਲ ਗੌਡ ਦਾ ਕਹਿਣਾ ਹੈ ਕਿ ਹੀਰ ਪੰਜਾਬੀ ਸੱਭਿਆਚਾਰ ਦਾ ਸਭ ਤੋਂ ਅਹਿਮ ਦਸਤਾਵੇਜ ਹੈ ਜੋ ਸਿੰਧ ਅਤੇ ਯਮੁਨਾ ਦੇ ਵਿਚਕਾਰਲੇ ਖਿੱਤੇ ਨੂੰ ਜੋੜਦੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਹੀਰ ਪੰਜਾਬੀ ਬੰਦੇ ਦੀ ਹਰ ਤਰ੍ਹਾਂ ਦੀਆਂ ਜਾਤੀ, ਜਮਾਤੀ ਅਤੇ ਮਜ਼ਹਵੀ ਵੰਡੀਆਂ ਤੋਂ ਸੁੱਚੀ ਪਛਾਣ ਹੈ। ਉਹ ਲਿਖਦੇ ਹਨ, "ਸੱਭਿਆਚਾਰਕ ਇਲਮਾਂ ਤੋਂ ਸੱਖਣੇ ਬੰਦੇ ਨੂੰ ਨਾ ਬਦਰੂਹਾਂ ਨਾਲ ਲੜਨ ਦਾ ਵੱਲ ਆਉਂਦਾ ਹੈ ਅਤੇ ਨਾ ਬਲ ਮਿਲਦਾ ਹੈ।''

ਹੀਰ-ਰਾਂਝਾ ਦਾ ਕਿੱਸਾ ਕਵਿਤਾ/ਗਾਇਨ ਤੱਕ ਮਹਿਦੂਦ ਨਾ ਰਹਿ ਕੇ ਕਲਾ ਦੀਆਂ ਦੂਜੀਆਂ ਵਿਧਾਵਾਂ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ ਕਿੱਸਿਆਂ ਨੇ ਚਿੱਤਰਕਾਰੀ, ਨਾਟਕ, ਫਿਲਮ ਅਤੇ ਤਨਕੀਦ ਵਿੱਚ ਆਪਣੀ ਚੋਖੀ ਹਾਜ਼ਰੀ ਦਰਜ ਕਰਵਾਈ ਹੈ।

ਇਤਿਹਾਸਕਾਰ ਫਰੀਨਾ ਮੀਰ ਕਿੱਸਾਕਾਰੀ ਨਾਲ ਜੁੜੀ ਰੀਤ ਨੂੰ ਧਰਮਾਂ ਦੇ ਘੇਰੇ ਤੋਂ ਬਾਹਰਲਾ ਸਰਵ-ਸਾਂਝਾ ਅਧਿਆਤਮਕ ਅਮਲ ਕਰਾਰ ਦਿੰਦੀ ਹੈ। ਫਰੀਨਾ ਦੀ ਦਲੀਲ ਹੈ ਕਿ ਜਦੋਂ ਧਾਰਮਿਕ ਵੰਡੀਆਂ ਪੱਕੀਆਂ ਕਰਨ ਦਾ ਰੁਝਾਨ ਚੱਲ ਰਿਹਾ ਸੀ ਤਾਂ 19ਵੀ. ਸਦੀ ਦੇ ਦੂਜੇ ਅੱਧ ਵਿੱਚ ਕਿੱਸਾ ਕਾਵਿ ਸਰਵ-ਸਾਂਝੇ ਅਧਿਆਤਮਕ ਅਮਲ ਦੀ ਨੁਮਾਇੰਦਗੀ ਕਰਦਾ ਸੀ।

ਕਿੱਸਾ ਕਾਵਿ ਦੀ ਰੀਤ ਹੈ ਕਿ ਕਿੱਸਾਕਾਰ ਆਪਣੀ ਲਿਖਤ ਦੇ ਸ਼ੁਰੂ ਵਿੱਚ ਲਿਖਣ ਦਾ ਸਬੱਬ ਬਿਆਨ ਕਰਦਾ ਹੈ। ਜ਼ਿਆਦਾਤਰ ਕਿੱਸਾਕਾਰ ਲਿਖਦੇ ਹਨ ਕਿ ਉਨ੍ਹਾਂ ਨੇ ਯਾਰਾਂ ਦੀ ਫਰਮਾਇਸ਼ ਉੱਤੇ ਲੋਕ ਮਨ ਵਿੱਚ ਵਸੀ ਕਹਾਣੀ ਨੂੰ ਨਵੇਂ ਸਿਰੇ ਤੋਂ ਬਿਆਨ ਕੀਤਾ ਹੈ। ਵਾਰਿਸ ਸ਼ਾਹ ਲਿਖਦੇ ਹਨ, "ਯਾਰਾਂ ਅਸਾਂ ਨੂੰ ਆਣ ਸੁਆਲ ਕੀਤਾ ..."

ਕਿੱਸਿਆਂ ਦੀ ਅਹਿਮੀਅਤ ਅਮ੍ਰਿਤਾ ਪ੍ਰੀਤਮ ਦੀ ਹੂਕਨੁਮਾ ਕਵਿਤਾ ਤੋਂ ਸਮਝ ਆਉਂਦੀ ਹੈ ਜਦੋਂ ਵੰਡ ਦੀ ਕਤਲੋਗਾਰਤ ਵਿੱਚ ਉਹ ਵਾਰਿਸ਼ ਸ਼ਾਹ ਨੂੰ ਕਬਰਾਂ ਵਿੱਚੋਂ ਨਿਕਲ ਆਉਣ ਦੀ ਆਵਾਜ਼ ਮਾਰਦੀ ਹੈ। ਅਮ੍ਰਿਤਾ ਦੀ ਇਸ ਹੂਕ ਦੀ ਰਮਜ਼ ਪੂਰਨ ਸਿੰਘ ਨਾਲ ਜੁੜਦੀ ਹੈ ਜੋ ਲਿਖਦੇ ਹਨ, "ਆ ਵੀਰ ਰਾਂਝਿਆ, ਆ ਭੈਣ ਹੀਰੇ, ਸਾਨੂੰ ਛੋਡ ਨਾ ਜਾਇਓ, ਤੁਝ ਬਿਨਾਂ ਅਸੀਂ ਸੱਖਣੇ ..."

ਹੀਰ-ਰਾਂਝੇ ਨੂੰ ਈਸ਼ਵਰ ਦਿਆਲ ਗੌੜ ਪੰਜਾਬ ਦੇ ਸ਼ਹੀਦਾਂ ਵਿੱਚ ਸ਼ੁਮਾਰ ਕਰਦੇ ਹਨ। ਇਸ ਕਿੱਸੇ ਦਾ ਜ਼ਿਕਰ ਭਾਈ ਗੁਰਦਾਸ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਵਿੱਚ ਦਰਜ ਹੈ। ਜੇਲ੍ਹ ਵਿੱਚ ਬੰਦ ਊਧਮ ਸਿੰਘ ਪੜ੍ਹਣ ਲਈ 'ਵਾਰਿਸ਼ ਸ਼ਾਹ ਦੀ ਹੀਰ' ਦੀ ਮੰਗ ਕਰਦੇ ਹਨ ਅਤੇ ਆਪਣੀ ਪਛਾਣ ਮੁਹੰਮਦ ਸਿੰਘ ਆਜ਼ਾਦ ਵਜੋਂ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)