ਟੈੱਕ ਫੈੱਸਟ 'ਚ ਲੋਕਾਂ ਨੇ ਸੈਕਸ ਡੌਲ ਨਾਲ ਹੀ ਕੀਤੀ ਛੇੜਛਾੜ

    • ਲੇਖਕ, ਟੋਮੇਸ਼ ਫਰਾਈਮੋਰਗਨ
    • ਰੋਲ, ਬੀਬੀਸੀ ਥ੍ਰੀ

ਇਨਸਾਨ ਕਦੋਂ ਕਿਸ ਹੱਦ ਤੱਕ ਚਲਾ ਜਾਵੇ, ਇਸਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ।

ਆਸਟਰੀਆ 'ਚ ਵਾਪਰੀ ਇੱਕ ਘਟਨਾ ਤੋਂ ਬਾਅਦ ਘੱਟੋ-ਘੱਟ ਅਜਿਹਾ ਹੀ ਕਿਹਾ ਜਾਵੇਗਾ।

ਆਸਟਰੀਆ ਵਿੱਚ ਇੱਕ ਟੈੱਕ-ਫ਼ੇਅਰ 'ਚ ਲੋਕ ਸੈਕਸ ਡੌਲ ਨੂੰ ਦੇਖ ਕੇ ਐਨੇ ਉਤੇਜਿਤ ਹੋ ਗਏ ਕਿ ਉਨ੍ਹਾਂ ਨੇ ਉਸਨੂੰ ਬੁਰੀ ਤਰ੍ਹਾਂ ਤੋੜ ਦਿੱਤਾ।

ਸੈਕਸ ਡੌਲ ਦੀ ਤੋੜ-ਮਰੋੜ

ਆਸਟਰੀਆ ਦੇ ਲਿੰਜ 'ਚ 'ਆਰਟਸ ਇਲੈਕਟ੍ਰੋਨੀਆ ਫ਼ੈਸਟੀਵਲ' ਰੱਖਿਆ ਗਿਆ । ਫੈਸਟ 'ਚ ਤਕਰੀਬਨ 2 ਲੱਖ, 62 ਹਜ਼ਾਰ, 398 ਰੁਪਏ ਦੀ ਕੀਮਤ ਦੀ ਇੱਕ ਸੈਕਸ ਡੌਲ 'ਸਮੈਂਟਾ' ਵੀ ਪ੍ਰਦਰਸ਼ਨੀ ਲਈ ਰੱਖੀ ਗਈ।

ਉਮੀਦ ਕੀਤੀ ਜਾ ਰਹੀ ਸੀ ਕਿ ਲੋਕ ਇਸਨੂੰ ਵੇਖ ਕੇ ਸੈਕਸ ਡੌਲ਼ਜ਼ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ ਤੇ ਉਹ ਅਜਿਹੀਆਂ ਚੀਜ਼ਾਂ ਖ਼ਰੀਦਣ ਬਾਰੇ ਸੋਚਣਗੇ। ਪਰ ਹੋਇਆ ਇਸਦੇ ਬਿਲਕੁਲ ਉਲਟ।

ਲੋਕਾਂ ਨੇ ਇਸਨੂੰ ਬਹੁਤ ਬੁਰੇ ਤਰੀਕੇ ਨਾਲ ਛੂਹਿਆ ਤੇ ਤੋੜ-ਮਰੋੜ ਕੇ ਰੱਖ ਦਿੱਤਾ। ਸਮੈਂਟਾ ਦੀ ਹਾਲਤ ਐਨੀ ਖ਼ਰਾਬ ਹੋ ਚੁੱਕੀ ਹੈ ਕਿ ਉਸ ਦੀ ਮੁਰਮੰਤ ਕਰਨੀ ਪਵੇਗੀ।

ਇਹ ਕਿਸ ਤਰ੍ਹਾਂ ਦਾ ਬਲਾਤਕਾਰ ਤੇ ਕਿਸ ਤਰ੍ਹਾਂ ਦੀ ਬਹਿਸ

ਡੌਲ ਨੂੰ ਬਣਾਉਣ ਵਾਲੇ ਸੇਗਰੀ ਸੈਂਟੋਸ ਨੇ ਦੱਸਿਆ ਕਿ ਲੋਕ ਉਸਦੀ ਛਾਤੀ, ਹੱਥਾਂ ਅਤੇ ਪੈਰਾਂ ਤੇ ਚੜ੍ਹ ਗਏ। ਉਨ੍ਹਾਂ ਨੇ ਕਿਹਾ,'' ਲੋਕ ਐਨੇ ਬੁਰੇ ਹੋ ਸਕਦੇ ਹਨ । ਉਨ੍ਹਾਂ ਨੇ ਡੌਲ ਨਾਲ ਬਹੁਤ ਗਲਤ ਵਿਹਾਰ ਕੀਤਾ।''

ਹੁਣ ਇਸਨੂੰ ਮੁਰਮੰਤ ਲਈ ਵਾਪਸ ਸਪੇਨ ਲਜਾਇਆ ਜਾ ਰਿਹਾ ਹੈ।

ਸਮੈਂਟਾ ਦੇ ਨਾਲ ਵਾਪਰੀ ਇਸ ਘਟਨਾ ਨੇ ਲੋਕਾਂ ਦੇ ਰਵੱਈਏ ਅਤੇ ਸੋਚ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

ਕੀ ਰੌਬਟ ਨਾਲ ਸੈਕਸ ਕਰਨਾ ਬੇਵਫ਼ਾਈ ਹੈ?

ਜਾਣਕਾਰਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਇਸ ਤਰ੍ਹਾਂ ਬੇਕਾਬੂ ਹੋ ਕੇ ਹਿੰਸਕ ਹੋ ਜਾਣਾ ਸਾਬਿਤ ਕਰਦਾ ਹੈ ਕਿ ਮਹਿਲਾਵਾਂ ਨਾਲ ਸਰੀਰਕ ਸ਼ੋਸ਼ਣ ਵੇਲੇ ਉਹ ਕਿੰਨੀ ਦਰਿੰਦਗੀ ਨਾਲ ਪੇਸ਼ ਆਉਂਦੇ ਹੋਣਗੇ।

ਸੈਕਸ ਰੌਬਟਸ ਤੇ ਸੈਕਸ ਡੌਲਜ਼ ਨੂੰ ਲੈ ਕੇ ਵਿਵਾਦ ਹੁੰਦਾ ਰਿਹਾ ਹੈ। ਕੁਝ ਸਮਾਂ ਪਹਿਲਾ 'ਫ੍ਰਿਜ਼ਿਡ ਫ਼ੈਰਾ' ਨਾਂ ਦੇ ਸੈਕਸ ਰੌਬਟ ਨੂੰ ਲੈ ਕੇ ਵੀ ਕਾਫ਼ੀ ਵਿਵਾਦ ਹੋਇਆ ਸੀ।

ਰੌਬਟ ਨਾਲ ਕਿੰਨਾ ਸੈਕਸ ਤੇ ਕਿੰਨਾ ਸ਼ੋਸ਼ਣ

ਇਹ ਇੱਕ ਅਜਿਹਾ ਰੌਬਟ ਹੈ ਜੋ ਇਨਸਾਨ ਦੇ ਹੱਥ ਲਾਉਣ ਨਾਲ ਆਪਣੀ ਅਸਹਿਮਤੀ ਜ਼ਾਹਰ ਕਰਦਾ ਹੈ।

ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਅਜਿਹੇ ਰੌਬਟਸ ਬਲਾਤਕਾਰੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਦੇ ਹਨ।

ਉੱਥੇ ਹੀ ਇਸਦਾ ਸਮਰਥਨ ਕਰਨ ਵਾਲਿਆਂ ਦੀ ਦਲੀਲ ਹੈ ਕਿ ਜੇਕਰ ਇਨਸਾਨ ਸੈਕਸ ਰੌਬਟਸ ਜਾਂ ਸੈਕਸ ਡੌਲਜ਼ ਦੇ ਜ਼ਰੀਏ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰ ਲਵੇਗਾ ਤਾਂ ਸਰੀਰਕ ਹਿੰਸਾ ਦੇ ਮਾਮਲੇ ਘੱਟ ਜਾਣਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)