'ਅਪਨਾ ਘਰ' ਸੈਕਸ ਸਕੈਂਡਲ ਵਾਲੇ ਮਕਾਨ ਦੀ ਕਹਾਣੀ

    • ਲੇਖਕ, ਸੱਤ ਸਿੰਘ
    • ਰੋਲ, ਰੋਹਤਕ ਤੋਂ ਬੀਬੀਸੀ ਪੰਜਾਬੀ ਲਈ

ਇੱਕ ਤਿੰਨ ਮੰਜ਼ਿਲਾ ਉੱਚੀ ਚਿੱਟੇ ਰੰਗ ਦੀ ਇਮਾਰਤ ਕਦੇ ਘਰ ਸੀ ਬੇਸਹਾਰਾ, ਬੇਘਰ ਅਤੇ ਬੇਵੱਸ ਔਰਤਾਂ ਅਤੇ ਕੁੜੀਆਂ ਦਾ। ਰੋਹਤਕ ਦੀ ਸ਼੍ਰੀਨਗਰ ਕਲੋਨੀ ਵਿੱਚ ਸਥਿਤ ਇਹ ਇਮਾਰਤ ਅੱਜ ਬੇਵੱਸ, ਬੇਸਹਾਰਾ ਅਤੇ ਬੁਢਾਪੇ ਵੱਲ ਵੱਧ ਰਹੀ ਹੈ।

ਇਸ ਦੇ ਲੋਹੇ ਦੇ ਉੱਚੇ ਗੇਟ ਪਿਛਲੇ 6 ਸਾਲਾਂ ਤੋਂ ਬੰਦ ਹਨ! ਕੋਈ ਨਹੀਂ ਆਉਂਦਾ ਇੱਥੇ। ਭਾਰਤ ਵਿਕਾਸ ਸੰਘ ਸੰਸਥਾ ਵੱਲੋਂ ਚਲਾਇਆ ਜਾਣ ਵਾਲਾ ਕੇਂਦਰ 'ਅਪਨਾ ਘਰ' ਦੇ ਨਾਮ ਨਾਲ ਮਸ਼ਹੂਰ ਸੀ।

ਇਸ ਦੀ ਸਰਪ੍ਰਸਤ ਜਸਵੰਤੀ ਦੇਵੀ, ਉਸ ਦੀ ਧੀ ਸਿੰਮੀ, ਜਵਾਈ ਜੈ ਭਗਵਾਨ, ਭਾਈ ਜਸਵੰਤ ਅਤੇ 5 ਹੋਰ ਲੋਕਾਂ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਦੋਸ਼ੀ ਠਹਿਰਾਇਆ ਹੈ। ਉਨ੍ਹਾਂ 'ਤੇ ਇਲਜ਼ਾਮ ਸੀ ਕਿ ਇੱਥੇ ਕੁੜੀਆਂ ਦਾ ਸਰੀਰਕ ਸ਼ੋਸ਼ਣ ਹੁੰਦਾ ਸੀ।

ਕੁੜੀਆਂ ਨੂੰ ਡਾਂਸ ਪਾਰਟੀਜ਼ ਵਿੱਚ ਭੇਜਿਆ ਜਾਂਦਾ ਸੀ। ਮਾਸੂਮ, ਨਾਬਾਲਿਗ ਕੁੜੀਆਂ ਨੂੰ ਰਸੂਖ਼ਦਾਰ ਲੋਕਾਂ ਕੋਲ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ।

9 ਦੋਸ਼ੀਆਂ ਖਿਲਾਫ਼ ਸਜ਼ਾ 'ਤੇ ਫੈਸਲਾ 27 ਨੂੰ ਸੁਣਾਇਆ ਜਾਵੇਗਾ। ਇਨ੍ਹਾਂ ਦੀ ਸਰਗਨਾ ਸੀ ਰੋਹਤਕ ਦੇ ਹੀ ਬਹੁ ਅਕਬਰਪੁਰ ਪਿੰਡ ਦੀ ਰਹਿਣ ਵਾਲੀ ਜਸਵੰਤੀ ਦੇਵੀ।

'ਅਪਨਾ ਘਰ' ਦੀ ਬਦਹਾਲੀ

ਤਕਰੀਬਨ 450 ਗਜ਼ ਵਿੱਚ ਫੈਲੀ ਇਹ ਇਮਾਰਤ ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸ ਸੀ।

ਇੱਥੇ 100 ਤੋਂ ਵੱਧ ਔਰਤਾਂ ਅਤੇ ਕੁੜੀਆਂ ਰਹਿੰਦੀਆਂ ਸਨ, ਅੱਜ ਇਹ ਸੁੰਨਾ ਹੈ।

ਵਰਾਂਡੇ ਵਿੱਚ ਪਈਆਂ ਟੁੱਟੀਆਂ ਕੁਰਸੀਆਂ ਅਤੇ ਫਰਸ਼ 'ਤੇ ਰੇਤ ਦੀ ਚਾਦਰ ਦਰਸਾਉਂਦੀ ਹੈ ਕਿ ਇੱਥੇ ਸਾਲਾਂ ਤੋਂ ਕਿਸੇ ਨੇ ਪੈਰ ਨਹੀਂ ਧਰਿਆ।

ਤਿੰਨ ਵਿੱਚੋਂ ਦੋ ਲੋਹੇ ਦੇ ਦਰਵਾਜ਼ਿਆਂ ਦੀਆਂ ਤਰੇੜਾਂ ਵਿੱਚੋਂ ਇਨ੍ਹਾਂ ਦੀ ਮਾੜੀ ਹਾਲਤ ਦੇਖੀ ਜਾ ਸਕਦੀ ਹੈ।

ਪਿਛਲੇ ਪਾਸੇ ਲੋਹੇ ਦੇ ਗੇਟ ਦੀ ਜਾਲੀ ਵਿੱਚੋਂ ਝਾਕਣ 'ਤੇ ਸਿਰਫ਼ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ।

ਪੋਰਚ ਵਾਲੀ ਥਾਂ ਵਿੱਚ ਮਿੱਟੀ ਵਿੱਚ ਲਿੱਬੜੀ ਚਿੱਟੀ ਐਂਬੁਲੈਂਸ ਖੜੀ ਹੈ। ਇਹ ਉਹੀ ਐਂਬੁਲੈਂਸ ਹੈ ਜੋ ਬੇਵੱਸ ਔਰਤਾਂ ਅਤੇ ਕੁੜੀਆਂ ਦਾ ਪਤਾ ਚਲਦਿਆਂ ਹੀ ਮਦਦ ਲਈ ਦੌੜਦੀ ਸੀ।

ਹਾਲਾਂਕਿ ਅੱਜ ਦੀ ਹਾਲਤ ਨੂੰ ਦੇਖ ਕੇ ਲਗਦਾ ਹੈ ਕਿ ਹੁਣ ਉਹ ਕਦੇ ਨਹੀਂ ਚੱਲ ਸਕੇਗੀ। ਚਾਰੇ ਟਾਇਰ ਫਲੈਟ ਹੋ ਚੁੱਕੇ ਹਨ।

ਸਿਰਫ਼ ਕਬੂਤਰ, ਚਿੜੀਆਂ ਅਤੇ ਬਿੱਲੀਆਂ ਹੀ ਨਹੀਂ ਮਕੜੀ ਨੇ ਵੀ ਪੂਰੇ ਮਕਾਨ 'ਤੇ ਆਪਣਾ ਹੱਕ ਜਮਾ ਲਿਆ ਹੈ।

ਆਂਢ-ਗੁਆਂਢ ਦੇ ਲੋਕ ਇਸ ਮਕਾਨ ਬਾਰੇ ਨਾ ਗੱਲ ਕਰਦੇ ਹਨ ਅਤੇ ਨਾ ਹੀ ਉਸ ਨੂੰ ਪਸੰਦ ਕਰਦੇ ਹਨ ਜੋ ਇਸ ਬਾਰੇ ਗੱਲ ਕਰਦਾ ਹੈ।

1995 ਵਿੱਚ ਬਣੇ ਇਸ ਮਕਾਨ 'ਅਪਨਾ ਘਰ' ਦਾ ਭਵਿੱਖ ਕੀ ਹੋਵੇਗਾ ਪਤਾ ਨਹੀਂ। ਹਾਲੇ ਇਸ 'ਤੇ ਪ੍ਰਸ਼ਾਸਨ ਦਾ ਕਬਜ਼ਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)