ਈਰਾਨ-ਅਮਰੀਕਾ ਵਿਚਾਲੇ ਝਗੜੇ ਨੂੰ 8 ਨੁਕਤਿਆਂ ਰਾਹੀਂ ਸਮਝੋ

ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਫਿਲਹਾਲ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਤਣਾਅ ਵਿੱਚ ਸਭ ਤੋਂ ਤਾਜ਼ਾ ਮਾਮਲਾ ਅਮਰੀਕੀ ਜਾਸੂਸੀ ਡਰੋਨ ਡੇਗਣ ਦਾ ਹੈ।

ਮੰਗਲਵਾਰ ਨੂੰ ਈਰਾਨ ਨੇ ਇੱਕ ਆਟੋਮੈਟਿਕ ਅਮਰੀਕੀ ਡਰੋਨ ਨੂੰ ਮਾਰ ਦਿੱਤਾ ਸੀ। ਈਰਾਨ ਦਾ ਦਾਅਵਾ ਹੈ ਕਿ ਡਰੋਨ ਈਰਾਨੀ ਹਵਾਈ ਖੇਤਰ ਵਿੱਚ ਸੀ ਜਦਕਿ ਅਮਰੀਕਾ ਇਸ ਦਾਅਵੇ ਨੂੰ ਗਲਤ ਦੱਸ ਰਿਹਾ ਹੈ।

ਇਹ ਮਾਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਦੋਹਾਂ ਦੇਸਾਂ ਵਿਚਕਾਰ ਤਣਾਅ ਸਿਖਰ 'ਤੇ ਹੈ।

ਅਮਰੀਕਾ ਇਸ ਦੇ ਜਵਾਬੀ ਹਮਲੇ ਲਈ ਵੀ ਤਿਆਰ ਹੋ ਗਿਆ ਸੀ ਪਰ ਹਮਲੇ ਤੋਂ ਠੀਕ 10 ਮਿੰਟ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਹਮਲੇ ਨੂੰ ਰੋਕਿਆ।

ਜਵਾਬੀ ਹਮਲੇ ਲਈ ਤਿੰਨ ਇਲਾਕਿਆਂ ਦੀ ਚੋਣ ਵੀ ਕਰ ਲਈ ਗਈ ਸੀ ਪਰ ਬਾਅਦ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਨ ਬਦਲ ਗਿਆ।

ਟਰੰਪ ਨੇ ਕਿਹਾ ਕਿ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਜੇਕਰ ਹਮਲਾ ਹੋਇਆ ਤਾਂ ਤਕਰੀਬਨ ਡੇਢ ਸੌ ਲੋਕ ਮਾਰੇ ਜਾਣਗੇ।

ਉਨ੍ਹਾਂ ਇਸ ਬਾਰੇ ਟਵੀਟ ਵੀ ਕੀਤਾ, "ਹਮਲਾ ਹੋਣ ਤੋਂ ਸਿਰਫ਼ 10 ਮਿੰਟ ਪਹਿਲਾਂ ਮੈਂ ਇਸ ਨੂੰ ਰੋਕ ਦਿੱਤਾ।"

ਇਸ ਮਗਰੋਂ ਟਰੰਪ ਦਾ ਇੱਕ ਹੋਰ ਬਿਆਨ ਆਇਆ ਉਨ੍ਹਾਂ ਕਿਹਾ, '' ਮੈਂ ਜੰਗ ਨਹੀਂ ਚਾਹੁੰਦਾ ਪਰ ਜੇਕਰ ਈਰਾਨ ਨੂੰ ਚਿਤਾਨੀ ਦਿੰਦਾ ਹਾਂ ਕਿ ਮਾਮਲਾ ਵਧਿਆ ਤਾਂ ਤੁਹਾਨੂੰ 'ਪੂਰੀ ਤਰ੍ਹਾਂ ਤਬਾਹ' ਕਰ ਦਿਆਂਗੇ।''

ਆਖਿਰ ਅਮਰੀਕਾ ਨੂੰ ਈਰਾਨ ਅੱਖ ਵਿੱਚ ਕਿਉਂ ਰੜਕਦਾ ਹੈ? ਦੋਹਾਂ ਦੇਸਾਂ ਦੇ ਸਬੰਧਾਂ 'ਤੇ ਇੱਕ ਨਜ਼ਰ ਮਾਰਦੇ ਹਾਂ। ਸੀਆਈਏ ਤੋਂ ਲੈ ਕੇ 1953 ਵਿੱਚ ਈਰਾਨ ਦੇ ਪ੍ਰਧਾਨ ਮੰਤਰੀ ਨੂੰ ਗੱਦੀਓਂ ਲਾਹੁਣ ਤੋਂ ਲੈ ਕੇ, ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਟਕਰਾਅ ਤੱਕ ਦੋਹਾਂ ਦੇਸਾਂ ਦੇ 65 ਸਾਲਾਂ ਤੋਂ ਵੱਧ ਦੇ ਸਬੰਧਾਂ ਉੱਤੇ ਇੱਕ ਨਜ਼ਰ।

1953: ਪ੍ਰਧਾਨ ਮੰਤਰੀ ਨੂੰ ਹਟਾਉਣਾ

ਈਰਾਨ ਦੇ ਲੋਕਤੰਤਰਿਕ ਤਰੀਕੇ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਮੁਹੰਮਦ ਮੋਸਾਡੈਕ ਨੂੰ ਹਟਾਉਣ ਲਈ ਅਮਰੀਕੀ ਅਤੇ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਤਖ਼ਤਾ ਪਲਟ ਕਰ ਦਿੱਤਾ।

ਧਰਮ ਨਿਰਪੱਖ ਆਗੂ ਮੋਸਾਡੈਕ ਨੇ ਈਰਾਨ ਦੇ ਤੇਲ ਉਦਯੋਗ ਦਾ ਰਾਸ਼ਟਰੀਕਰਨ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ:

1979: ਈਰਾਨੀ ਕ੍ਰਾਂਤੀ

ਅਮਰੀਕੀ ਹਮਾਇਤੀ ਈਰਾਨ ਦੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ 16 ਜਨਵਰੀ ਨੂੰ ਦੇਸ ਛੱਡਣ ਲਈ ਮਜਬੂਰ ਹੋਣਾ ਪਿਆ।

ਧਰਮ ਨਿਰਪੱਖ ਅਤੇ ਧਾਰਮਿਕ ਵਿਰੋਧੀਆਂ ਨੇ ਕਈ ਮਹੀਨਿਆਂ ਤੱਕ ਹਕੂਮਤ ਦੇ ਵਿਰੋਧ ਵਿੱਚ ਪ੍ਰਦਰਸ਼ਨ ਤੇ ਹੜਤਾਲਾਂ ਕੀਤੀਆਂ ਸਨ।

ਦੋ ਹਫ਼ਤਿਆਂ ਬਾਅਦ ਇਸਲਾਮਿਕ ਧਾਰਮਿਕ ਆਗੂ ਅਇਆਤੁੱਲਾਹ ਖੋਮੈਨੀ ਦੇਸ ਨਿਕਾਲੇ ਤੋਂ ਵਾਪਸ ਆ ਗਏ। ਇੱਕ ਜਨਮਤ ਤੋਂ ਬਾਅਦ 1 ਅਪ੍ਰੈਲ ਨੂੰ ਇਸਲਾਮਿਕ ਰਿਪਬਲਿਕ ਆਫ਼ ਈਰਾਨ ਦਾ ਐਲਾਨ ਕਰ ਦਿੱਤਾ ਗਿਆ।

1979-81: ਅਮਰੀਕੀ ਦੂਤਾਵਾਸ ਬੰਧਕ ਸੰਕਟ

ਨਵੰਬਰ 1979 ਵਿੱਚ ਤਹਿਰਾਨ ਵਿੱਚ ਅਮਰੀਕੀ ਦੂਤਾਵਾਸ 'ਤੇ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਅਤੇ 444 ਦਿਨਾਂ ਤੱਕ ਅੰਦਰ ਹੀ ਅਮਰੀਕੀ ਬੰਦੀਆਂ ਕੈਦ ਰੱਖਿਆ ਗਿਆ।

ਜਨਵਰੀ 1981 ਵਿੱਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਅਹੁਦਾ ਸੰਭਾਲਣ ਵੇਲੇ ਅਖੀਰਲੇ 52 ਬੰਦੀ ਆਜ਼ਾਦ ਕੀਤੇ ਗਏ।

ਦੂਜੇ ਛੇ ਅਮਰੀਕੀ ਜੋ ਕਿ ਦੂਤਾਵਾਸ ਤੋਂ ਬਚ ਨਿਕਲੇ ਸਨ ਉਨ੍ਹਾਂ ਉੱਤੇ ਇੱਕ ਫ਼ਿਲਮ ਬਣੀ ਹੈ ਜਿਸ ਨੂੰ 2012 ਵਿੱਚ ਆਸਕਰ ਐਵਾਰਡ ਵੀ ਮਿਲਿਆ ਹੈ।

1985-86: ਇਰਾਨ-ਕੌਂਟਰਾ ਸਕੈਂਡਲ

ਲੇਬਨਾਨ ਵਿੱਚ ਹਿਜ਼ਬੁੱਲਾ ਅੱਤਵਾਦੀਆਂ ਵਲੋਂ ਅਮਰੀਕੀ ਬੰਦੀਆਂ ਨੂੰ ਕਥਿਤ ਤੌਰ 'ਤੇ ਆਜ਼ਾਦ ਕਰਵਾਉਣ ਲਈ ਤਹਿਰਾਨ ਦੀ ਮਦਦ ਕਰਨ ਲਈ ਅਮਰੀਕਾ ਨੇ ਗੁਪਤ ਤੌਰ 'ਤੇ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਕੀਤੀ।

ਇਹ ਮੁਨਾਫਾ ਗੈਰ ਕਾਨੂੰਨੀ ਤਰੀਕੇ ਨਾਲ ਨਿਕਾਰਾਗੁਆ ਭੇਜਿਆ ਜਾਂਦਾ ਗਿਆ ਜਿਸ ਕਾਰਨ ਰੀਗਨ ਲਈ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ।

1988: ਇਰਾਨੀ ਯਾਤਰੀਆਂ ਦਾ ਜਹਾਜ਼ ਡੇਗਣਾ

ਅਮਰੀਕੀ ਜੰਗੀ ਬੇੜੇ ਯੂਐਸਐਸ ਵਿਨਸੈਨਸ ਨੇ 3 ਜੁਲਾਈ ਨੂੰ ਪੂਰਬੀ ਖਾੜੀ ਵਿੱਚ ਈਰਾਨ ਦੇ ਯਾਤਰੀ ਹਵਾਈ ਜਹਾਜ਼ ਨੂੰ ਡੇਗ ਦਿੱਤਾ ਅਤੇ ਉਸ ਵਿੱਚ ਸਵਾਰ ਸਾਰੇ 290 ਲੋਕ ਮਾਰੇ ਗਏ ਸਨ।

ਅਮਰੀਕਾ ਦਾ ਕਹਿਣਾ ਸੀ ਕਿ ਗਲਤੀ ਨਾਲ ਏਅਰਬੱਸ A-300 ਨੂੰ ਲੜਾਕੂ ਜੈੱਟ ਸਮਝ ਲਿਆ ਗਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਈਰਾਨੀ ਸ਼ਰਧਾਲੂ ਸਨ ਅਤੇ ਮੱਕਾ ਜਾ ਰਹੇ ਸਨ।

2002: 'ਬੁਰਾਈ ਦਾ ਧੁਰਾ'

ਸਟੇਟ ਆਫ਼ ਯੂਨੀਅਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਜਾਰਜ ਬੁਸ਼ ਨੇ ਈਰਾਨ ਨੂੰ ਇਰਾਕ ਅਤੇ ਉੱਤਰੀ ਕੋਰੀਆ ਨੂੰ ਮਿਲਾ ਕੇ "ਬੁਰਾਈ ਦਾ ਧੁਰਾ" ਕਹਿ ਕੇ ਨਿੰਦਾ ਕੀਤੀ। ਇਸ ਭਾਸ਼ਣ ਕਾਰਨ ਈਰਾਨ ਵਿੱਚ ਕਾਫ਼ੀ ਰੋਸ ਜਤਾਇਆ ਗਿਆ।

ਪਰਮਾਣੂ ਖ਼ਤਰਾ ਅਤੇ ਪਾਬੰਦੀਆਂ

2002 ਵਿੱਚ ਇੱਕ ਈਰਾਨੀ ਵਿੱਚ ਵਿਰੋਧੀ ਧਿਰ ਨੇ ਖੁਲਾਸਾ ਕੀਤਾ ਕਿ ਈਰਾਨ ਇੱਕ ਯੂਰੇਨੀਅਮ ਸਮੱਰਥਾ ਵਾਲਾ ਪਲਾਂਟ ਸਮੇਤ ਪਰਮਾਣੂ ਤਕਨੀਕ ਵਿਕਸਿਤ ਕਰ ਰਿਹਾ ਹੈ।

ਅਮਰੀਕਾ ਨੇ ਇਰਾਨ ਉੱਤੇ ਇਲਜ਼ਾਮ ਲਾਇਆ ਕਿ ਇੱਕ ਗੁਪਤ ਪਰਮਾਣੂ ਹਥਿਆਰਾਂ ਦਾ ਕੰਮ ਹੁੰਦਾ ਹੈ ਪਰ ਈਰਾਨ ਇਨਕਾਰ ਕਰਦਾ ਰਿਹਾ।

ਪਰ ਸੰਯੁਕਤ ਰਾਸ਼ਟਰ ਅਮਰੀਕਾ ਅਤੇ ਯੂਰਪੀ ਯੂਨੀਅਨ ਵੱਲੋਂ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜਾਦ ਸਰਕਾਰ ਵਿਰੁੱਧ ਕਈ ਪਾਬੰਦੀਆਂ ਲਗਾਈਆਂ ਗਈਆਂ ।ਇਸ ਕਾਰਨ ਈਰਾਨ ਦੀ ਮੁਦਰਾ ਦਾ ਮੁੱਲ ਦੋ ਸਾਲਾਂ ਵਿੱਚ ਦੋ ਤਿਹਾਈ ਘੱਟ ਗਿਆ।

2013-2016: ਨਜ਼ਦੀਕੀ ਸਬੰਧ ਅਤੇ ਪਰਮਾਣੂ ਸਮਝੌਤੇ

ਸਤੰਬਰ 2013 ਵਿੱਚ ਈਰਾਨ ਦੇ ਨਵੇਂ ਰਾਸ਼ਟਰਪਤੀ ਹਸਨ ਰੋਹਾਨੀ ਨੇ ਅਹੁਦਾ ਸੰਭਾਲਣ ਦੇ ਇੱਕ ਮਹੀਨੇ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਫੋਨ ਉੱਤੇ ਗੱਲਬਾਤ ਕੀਤਾ । 30 ਤੋਂ ਵੀ ਵੱਧ ਸਾਲਾਂ ਵਿੱਚ ਇਹ ਪਹਿਲੀ ਅਜਿਹੀ ਉੱਚ ਪੱਧਰੀ ਗੱਲਬਾਤ ਸੀ।

ਫਿਰ 2015 ਵਿੱਚ ਕੂਟਨੀਤਕ ਸਰਗਰਮੀ ਤੋਂ ਬਾਅਦ ਈਰਾਨ ਨੇ ਪਰਮਾਣੂ ਪ੍ਰੋਗਰਾਮ ਸਬੰਧੀ ਵਿਸ਼ਵ ਸ਼ਕਤੀਆਂ ਦੇ ਇੱਕ ਸਮੂਹ ਨਾਲ ਸਮਝੌਤਾ ਕੀਤਾ।

ਇਸ ਸਮੂਹ ਨੂੰ P5+1 ਕਿਹਾ ਜਾਂਦਾ ਹੈ ਜਿਸ ਵਿੱਚ ਅਮਰੀਕਾ, ਯੂਕੇ, ਫਰਾਂਸ, ਚੀਨ, ਰੂਸ ਅਤੇ ਜਰਮਨੀ ਸ਼ਾਮਿਲ ਹਨ।

ਸਮਝੌਤੇ ਤਹਿਤ ਈਰਾਨ ਸੰਵੇਦਨਸ਼ੀਲ ਪਰਮਾਣੂ ਗਤੀਵਿਧੀਆਂ ਨੂੰ ਸੀਮਤ ਕਰਨ ਅਤੇ ਬਦਲੇ ਵਿੱਚ ਆਰਥਿਕ ਪਾਬੰਦੀਆਂ ਹਟਾਉਣ ਦੀ ਸ਼ਰਤ 'ਤੇ ਕੌਮਾਂਤਰੀ ਨਿਰੀਖਕਾਂ ਨੂੰ ਨਜ਼ਰ ਰੱਖਣ ਦੀ ਸਹਿਮਤੀ ਦਿੰਦਾ ਹੈ।

ਇਹ ਵੀ ਪੜ੍ਹੋ:

2019: ਖਾੜੀ ਵਿੱਚ ਤਣਾਅ

ਮਈ 2018 ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਅਤੇ ਇਸ ਦੇ ਨਾਲ ਵਪਾਰ ਕਰਨ ਵਾਲੇ ਦੇਸਾਂ ਦੇ ਵਿਰੁੱਧ ਪਾਬੰਦੀਆਂ ਬਹਾਲ ਕਰਨ ਤੋਂ ਪਹਿਲਾਂ ਪਰਮਾਣੂ ਸਮਝੌਤੇ ਨੂੰ ਰੱਦ ਕਰ ਦਿੱਤਾ।

ਅਮਰੀਕਾ ਅਤੇ ਈਰਾਨ ਵਿਚਕਾਰ ਸਬੰਧ ਵਧੇਰੇ ਖਰਾਬ ਹੋ ਗਏ। ਅਮਰੀਕਾ ਨੇ ਇੱਕ ਹਵਾਈ ਕੈਰੀਅਰ ਗਰੁੱਪ ਅਤੇ ਬੀ-52 ਬੰਬਾਰੀ ਕਰਨ ਵਾਲੇ ਜਹਾਜ ਨੂੰ ਖਾੜੀ ਭੇਜ ਦਿੱਤਾ।

ਫਿਰ ਮਈ ਅਤੇ ਜੂਨ 2019 ਵਿੱਚ ਓਮਾਨ ਦੀ ਖਾੜੀ ਵਿੱਚ ਛੇ ਤੇਲ ਟੈਂਕਰ ਧਮਾਕੇ ਹੋਏ। ਅਮਰੀਕਾ ਨੇ ਈਰਾਨ 'ਤੇ ਹਮਲੇ ਦਾ ਇਲਜ਼ਾਮ ਲਗਾਇਆ।

ਅਤੇ 20 ਜੂਨ ਨੂੰ ਈਰਾਨੀ ਫ਼ੌਜਾਂ ਨੇ ਇੱਕ ਅਮਰੀਕੀ ਫੌਜੀ ਡਰੋਨ ਮਾਰ ਸੁੱਟਿਆ। ਅਮਰੀਕਾ ਦਾ ਕਹਿਣਾ ਹੈ ਕਿ ਇਹ ਡਰੋਨ ਹੋਰਮੁਜ਼ ਖਾੜੀ ਉੱਤੇ ਸੀ ਅਤੇ ਈਰਾਨ ਕਹਿੰਦਾ ਹੈ ਕਿ ਇਹ ਉਨ੍ਹਾਂ ਦੇ ਇਲਾਕੇ 'ਤੇ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)