ਅਮਰੀਕਾ ਲਈ ਸੱਦਾਮ ਦੇ ਈਰਾਕ ਮੁਕਾਬਲੇ ਈਰਾਨ ’ਤੇ ਫੌਜੀ ਕਾਰਵਾਈ ਕਿਉਂ ਮੁਸ਼ਕਿਲ

    • ਲੇਖਕ, ਜੌਨਥਨ ਮਾਰਕਸ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਨਾਲ ਜੰਗ ਨਹੀਂ ਚਾਹੁੰਦੇ ਹਨ। ਇਹ ਦਾਅਵਾ ਸੀਨੀਅਰ ਅਮਰੀਕੀ ਅਫ਼ਸਰਾਂ ਨੇ ਕੀਤਾ ਹੈ।

ਬੁੱਧਵਾਰ ਨੂੰ ਹੋਈ ਇੱਕ ਮੀਟਿੰਗ ਵਿੱਚ ਟਰੰਪ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਈਰਾਨ ’ਤੇ ਬਣਾਇਆ ਗਿਆ ਦਬਾਅ ਕਿਸੇ ਜੰਗ ਦੀ ਸ਼ਕਲ ਲਵੇ।

ਅਮਰੀਕਾ ਕੀ ਈਰਾਨ ਦੇ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ? ਇਸ ਗੱਲ ਨੂੰ ਲੈ ਕੇ ਦੋ ਦ੍ਰਿਸ਼ਟੀਕੋਣ ਸਾਹਮਣੇ ਆ ਰਹੇ ਹਨ।

ਪਹਿਲਾ ਨਜ਼ਰੀਆ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਦੇ ਹੱਕ ਵਿੱਚ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਈਰਾਨ ਕੁਝ ਤਾਂ ਗ਼ਲਤ ਕਰ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਅਮਰੀਕੀ ਟਿਕਾਣਿਆਂ 'ਤੇ ਹਮਲਿਆਂ ਦੇ ਸ਼ੱਕ ਨੂੰ ਦੇਖਦਿਆਂ ਹੋਇਆ ਅਜਿਹੀਆਂ ਪ੍ਰਤੀਕਿਰਿਆਵਾਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਹਾਲਾਂਕਿ ਇਸ ਨੂੰ ਲੈ ਕੇ ਬਹੁਤ ਘੱਟ ਜਾਣਕਾਰੀ ਜਨਤਕ ਹੋ ਸਕੀ ਹੈ।

ਅਮਰੀਕਾ ਨੇ ਪੱਛਮ ਏਸ਼ੀਆ 'ਚ ਵਧੇਰੇ ਫੌਜ ਅਤੇ ਸਾਜ਼ੋ-ਸਾਮਾਨ ਤਾਇਨਾਤ ਕੀਤਾ ਹੈ। ਇਸ ਦੇ ਨਾਲ ਹੀ ਈਰਾਕ ਵਿੱਚ ਉਸ ਦੇ ਗ਼ੈਰ-ਮਹੱਤਵਪੂਰਨ ਮੁਲਾਜ਼ਮਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ।

ਅਜਿਹੀਆਂ ਖ਼ਬਰਾਂ ਹਨ ਕਿ ਜੰਗ ਦੀ ਯੋਜਨਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਤਹਿਰਾਨ ਲਈ ਸੰਦੇਸ਼ ਸਾਫ਼ ਹੈ: ਜੇਕਰ ਪੱਛਮ ਏਸ਼ੀਆ 'ਚ ਅਮਰੀਕੀ ਟਿਕਾਣਿਆਂ 'ਤੇ ਕੋਈ ਵੀ ਹਮਲਾ ਹੋਇਆ, ਫਿਰ ਉਹ ਈਰਾਨ ਨੇ ਕੀਤਾ ਹੋਵੇ ਜਾਂ ਫਿਰ ਉਸ ਦੇ ਪ੍ਰਤੀਨਿਧੀ ਸੰਗਠਨ ਜਾਂ ਸਹਿਯੋਗੀਆਂ ਨੇ ਤਾਂ ਇਸ ਦਾ ਫੌਜੀ ਕਾਰਵਾਈ ਨਾਲ ਸਖ਼ਤ ਜਵਾਬ ਦਿੱਤਾ ਜਾਵੇਗਾ।

ਉੱਥੇ, ਦੂਜੇ ਦ੍ਰਿਸ਼ਟੀਕੋਣ 'ਚ ਇਸ ਪੂਰੇ ਸੰਕਟ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।

ਜ਼ਾਹਿਰ ਹੈ ਕਿ ਇਹ ਨਜ਼ਰੀਆ ਈਰਾਨ ਦਾ ਹੈ ਪਰ ਟਰੰਪ ਦੇ ਪ੍ਰਸ਼ਾਸਨ ਦੇ ਤੌਰ-ਤਰੀਕਿਆਂ ਨਾਲ ਕਈ ਅਮਰੀਕੀ ਆਲੋਚਕ ਵੀ ਇਹੀ ਸੋਚਦੇ ਹਨ।

ਇਹੀ ਨਹੀਂ, ਟਰੰਪ ਦੇ ਕਈ ਮੁੱਖ ਯੂਰਪੀ ਸਹਿਯੋਗੀ ਵੀ ਇਸੇ ਤਰ੍ਹਾਂ ਦੀ ਚਿੰਤਾ ਜ਼ਾਹਿਰ ਕਰਦੇ ਹਨ।

ਇਸ ਦ੍ਰਿਸ਼ਟੀਕੋਣ ਮੁਤਾਬਕ, ਟਰੰਪ ਪ੍ਰਸ਼ਾਸਨ ਵਿੱਚ ਮੌਜੂਦ, 'ਈਰਾਨ ਹੌਕਸ' ਯਾਨਿ ਈਰਾਨ ਨੂੰ ਲੈ ਕੇ ਹਮਲਾਵਰ ਰੁਖ਼ ਰੱਖਣ ਵਾਲੇ ਲੋਕ, ਜਿਵੇਂ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਅਤੇ ਵਿਦੇਸ਼ ਮੰਤਰੀ ਮਾਈਕ ਪੌਂਪਿਓ ਨੂੰ ਇੱਕ ਮੌਕਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ-

ਇਸ ਨਜ਼ਰੀਏ ਦੇ ਹਿਸਾਬ ਨਾਲ ਇਨ੍ਹਾਂ ਲੋਕਾਂ ਦਾ ਮਕਸਦ ਈਰਾਨ 'ਚ ਸੱਤਾ ਪਰਿਵਰਤਨ ਕਰਨਾ ਹੈ।

ਉਹ ਮੰਨਦੇ ਹਨ ਕਿ ਜੇਕਰ ਜ਼ਿਆਦਾ ਆਰਥਿਕ ਦਬਾਅ ਪਾਉਣ 'ਤੇ ਵੀ ਸਫ਼ਲਤਾ ਨਹੀਂ ਮਿਲੀ ਤਾਂ ਸਹੀ ਸਮੇਂ ਆਉਣ 'ਤੇ ਸੈਨਿਕ ਕਾਰਵਾਈ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ।

ਕਿਹੜਾ ਨਜ਼ਰੀਆ ਸਹੀ

ਇਹ ਦੋਵੇਂ ਹੀ ਦ੍ਰਿਸ਼ਟੀਕੋਣ ਮੌਜੂਦਾ ਹਾਲਾਤ ਦੀ ਵੱਖ-ਵੱਖ ਹਿਸਾਬ ਨਾਲ ਵਿਆਖਿਆ ਕਰਦੇ ਹਨ। ਦੋਵੇਂ ਹੀ ਆਪਣੇ ਪੱਖ 'ਚ ਕੁਝ ਗੱਲਾਂ ਨੂੰ ਰੱਖਦੇ ਹਨ ਤਾਂ ਕੁਝ ਤੱਥਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ।

ਪਰ ਇਸ ਮਾਮਲੇ ਨੂੰ ਲੈ ਕੇ ਬਣਨ ਵਾਲੀ ਸਮਝ ਦਾ ਉਨਾਂ ਹੀ ਮਹੱਤਵ ਹੈ ਜਿੰਨਾਂ ਇਸ ਮਾਮਲੇ 'ਚ ਜ਼ਮੀਨੀ ਹਕੀਕਤ ਦਾ ਹੈ।

ਦਰਅਸਲ ਦੋਵਾਂ ਨੂੰ ਮਿਲਾ ਕੇ ਹੀ ਇਸ ਮਾਮਲੇ ਦਾ 'ਸੱਚ' ਸਾਹਮਣੇ ਆਉਂਦਾ ਹੈ।

ਸੱਚਾਈ ਇਹ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਵਿਵਾਦ ਬੇਸ਼ੱਕ ਹੀ ਕਿ ਪਹਿਲਾਂ ਤੋਂ ਨਿਧਾਰਿਤ ਯੋਜਨਾ ਦੇ ਬਿਨਾ ਅਚਾਨਕ ਉਭਰਿਆ ਹੋਵੇ, ਪਰ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਅਜਿਹੇ ਹਾਲਾਤ ਦਾ ਸ਼ੱਕ ਜ਼ਾਹਿਰ ਕੀਤਾ ਰਿਹਾ ਸੀ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੱਛਮ ਏਸ਼ੀਆ ਵਿੱਚ ਤਣਾਅ ਵਧਦਾ ਜਾ ਰਿਹਾ ਹੈ।

2015 'ਚ ਈਰਾਨ ਅਤੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸਾਂ ਦੇ ਵਿਚਾਲੇ ਹੋਏ ਪਰਮਾਣੂ ਸਮਝੌਤੇ ਦੌਰਾਨ ਜਿਨ੍ਹਾਂ ਪਾਬੰਦੀਆਂ ਨੂੰ ਹਟਾਇਆ ਗਿਆ ਸੀ, ਇਸ ਸਮਝੌਤੇ ਦੇ ਟੁੱਟ ਜਾਣ ਤੋਂ ਬਾਅਦ ਉਹ ਮੁੜ ਈਰਾਨ 'ਤੇ ਲਾਗੂ ਹੋ ਗਏ ਹਨ।

ਇਸ ਨਾਲ ਈਰਾਨ ਦੀ ਅਰਥ-ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਪਰਮਾਣੂ ਗਤੀਵਿਧੀਆਂ 'ਤੇ ਰੋਕ ਨੂੰ ਖ਼ਤਮ ਕਰ ਸਕਦਾ ਹੈ।

...ਤਾਂ ਪਰਮਾਣੂ ਸਮਝੌਤੇ ਤੋਂ ਪਿੱਛੇ ਹਟ ਜਾਵੇਗਾ ਈਰਾਨ

ਡੌਨਲਡ ਟਰੰਪ ਦੇ ਸੱਤਾ 'ਚ ਆਉਣਾ ਇਸ ਪੂਰੇ ਮਾਮਲੇ 'ਚ ਅਹਿਮ ਮੋੜ ਰਿਹਾ ਹੈ।

ਰਾਸ਼ਟਰਪਤੀ ਨੇ ਇੱਕ ਸਾਲ ਪਹਿਲਾਂ ਈਰਾਨ ਨਾਲ ਹੋਇਆ ਪਰਮਾਣੂ ਸਮਝੌਤਾ ਤੋੜ ਦਿੱਤਾ ਅਤੇ ਈਰਾਨ ਦੇ ਖ਼ਿਲਾਫ਼ ਵਧੇਰੇ ਦਬਾਅ ਦੀ ਰਣਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਈਰਾਨ ਹੁਣ ਤੰਗ ਆ ਗਿਆ ਹੈ। ਉਹ ਯੂਰਪੀ ਦੇਸਾਂ ਨੂੰ ਕਹਿ ਰਿਹਾ ਹੈ ਕਿ ਸਾਡਾ ਖ਼ਰਾਬ ਹੁੰਦੇ ਅਰਥਚਾਰੇ ਦੀ ਮਦਦ ਕਰੋ।

ਉਹ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਉਹ ਪਰਮਾਣੂ ਸਮਝੌਤੇ ਤੋਂ ਪਿੱਛੇ ਹਟ ਜਾਵੇਗਾ।

ਅਜਿਹਾ ਹੋਇਆ ਤਾਂ ਟਰੰਪ ਪ੍ਰਸ਼ਾਸਨ ਨੂੰ ਹੋਰ ਬਹਾਨਾ ਮਿਲ ਜਾਵੇਗਾ।

ਇਹ ਵੀ ਪੜ੍ਹੋ-

ਹੁਣ ਬਹੁਤ ਕੁਝ ਟਰੰਪ ਪ੍ਰਸ਼ਾਸਨ ਅੰਦਰ ਹੋਣ ਵਾਲੀ ਹਲਚਲ ਅਤੇ ਮੌਜੂਦਾ ਹਾਲਾਤ 'ਤੇ ਈਰਾਨ ਦੇ ਮੁਲਾਂਕਣ 'ਤੇ ਨਿਰਭਰ ਕਰਦਾ ਹੈ।

ਜੋਖ਼ਿਮ ਭਰੀ ਹੈ ਈਰਾਨ ਦੀ ਰਣਨੀਤੀ

ਈਰਾਨ ਨੂੰ ਲੈ ਕੇ ਜੰਗ ਦੀ ਗੱਲ 'ਤੇ ਟਰੰਪ ਦੇ ਆਪਣੇ ਅਧਿਕਾਰੀਆਂ ਦੀ ਰਾਇ ਵੰਡੀ ਹੋਈ ਹੈ ਅਤੇ ਅਜਿਹੀਆਂ ਰਿਪੋਰਟਾਂ ਹਨ ਕਿ ਰਾਸ਼ਟਰਪਤੀ ਖ਼ੁਦ ਵੀ ਇਸ ਯੋਜਨਾ ਨੂੰ ਲੈ ਕੇ ਵਧੇਰੇ ਉਤਸ਼ਾਹਿਤ ਨਹੀਂ ਹਨ।

ਇਹ ਗੱਲ ਜ਼ਾਹਿਰ ਹੈ ਕਿ ਵਿਦੇਸ਼ਾਂ 'ਚ ਫੌਜਾਂ ਭੇਜਣ ਦੇ ਵਿਰੋਧੀ ਹਨ। ਪਰ ਅਮਰੀਕੀ ਫੌਜਾਂ ਜਾਂ ਟਿਕਾਣਿਆਂ 'ਤੇ ਹਮਲਾ ਹੋਇਆ ਤਾਂ ਸ਼ਾਇਦ ਹੀ ਟਰੰਪ ਚੁੱਪਚਾਪ ਬੈਠੇ ਰਹਿਣ।

ਪਰ ਜ਼ਰੂਰੀ ਨਹੀਂ ਹੈ ਕਿ ਈਰਾਨ 'ਚ ਵੀ ਹਾਲਾਤ ਅਜਿਹੇ ਹੀ ਨਜ਼ਰ ਆਏ ਹਨ।

ਹੋ ਸਕਦਾ ਹੈ ਕਿ ਈਰਾਨ ਸੋਚ ਰਿਹਾ ਹੋਵੇ ਕਿ ਰਾਸ਼ਟਰਪਤੀ ਦੇ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੂੰ ਹੀ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਬੌਸ ਖ਼ਿਲਾਫ਼ ਵਰਤ ਲਵੇਗਾ।

ਤਣਾਅ ਇੰਨਾ ਵਧਾ ਦੇਵੇਗਾ ਕਿ ਬੋਲਟਨ ਨੂੰ ਆਪਣੀ ਰਣਨੀਤੀ ਜਨਤਕ ਕਰਨੀ ਪਵੇ ਅਤੇ ਉਨ੍ਹਾਂ ਲਈ ਮੁਸ਼ਕਲ ਹੋ ਜਾਵੇ।

ਜੇਕਰ ਈਰਾਨ ਅਜਿਹਾ ਸੋਚਦਾ ਹੈ ਤਾਂ ਇਹ ਬਹੁਤ ਹੀ ਜੋਖ਼ਿਮ ਭਰੀ ਰਣਨੀਤੀ ਹੈ।

ਇਰਾਕ ਜੰਗ ਤੋਂ ਵੱਖ ਹੋਵੇਗਾ

ਬੇਸ਼ੱਕ ਹੀ ਅਮਰੀਕਾ ਦੇ ਪੱਛਮ ਏਸ਼ੀਆ ਦੇ ਮੁੱਖ ਸਹਿਯੋਗੀ ਇਜ਼ਰਾਇਲ ਅਤੇ ਸਾਊਦੀ ਅਰਬ ਕੰਢੇ 'ਤੇ ਬੈਠ ਕੇ ਤਮਾਸ਼ਾ ਦੇਖ ਰਹੇ ਹਨ ਪਰ ਟਰੰਪ ਦੇ ਯੂਰਪੀ ਸਹਿਯੋਗੀਆਂ ਦੀ ਹਾਲਾਤ ਦੇਖ ਕੇ ਬੈਚੇਨ ਵੀ ਹਨ।

ਸਪੇਨ, ਜਰਮਨੀ ਅਤੇ ਨੀਦਰਲੈਂਡ ਨੇ ਤਣਾਅ ਦਾ ਹਵਾਲਾ ਦਿੰਦਿਆਂ ਹੋਇਆ ਇਸ ਖੇਤਰ 'ਚ ਅਮਰੀਕੀਆਂ ਦੇ ਨਾਲ ਸੈਨਿਕ ਗਤੀਵਿਧੀਆਂ ਨੂੰ ਰੋਕ ਦਿੱਤਾ ਹੈ।

ਇਹ ਈਰਾਨ ਅਤੇ ਅਮਰੀਕਾ ਵਿਚਾਲੇ ਸੰਘਰਸ਼ ਨੂੰ ਲੈ ਕੇ ਕਿਆਸ ਲਗਾਉਣ ਦਾ ਵੇਲਾ ਨਹੀਂ ਹੈ ਫਿਰ ਵੀ ਇਹ 2003 ਦੇ ਇਰਾਕ ਜੰਗ ਤੋਂ ਵੱਖ ਹੋਵੇਗਾ।

ਸਪੇਨ, ਜਰਮਨੀ ਅਤੇ ਨੀਦਰਲੈਂਡ ਨਾਲ ਤਣਾਅ ਦਾ ਹਵਾਲਾ ਦਿੰਦਿਆਂ ਹੋਇਆ ਇਸ ਇਲਾਕੇ 'ਚ ਅਮਰੀਕੀਆਂ ਦੇ ਨਾਲ ਸੈਨਿਕ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ।

ਈਰਾਨ ਸੱਦਾਮ ਹੁਸੈਨ ਦੇ ਇਰਾਕ ਤੋਂ ਬਹੁਤ ਵੱਖ ਹੈ। ਇੱਥੇ ਵੱਡੇ ਪੈਮਾਨੇ 'ਤੇ ਜ਼ਮੀਨ ਦੇ ਰਸਤਿਓਂ ਦਾਖ਼ਲ ਹੋ ਕਿ ਹਮਲਾ ਕਰਨਾ ਸੰਭਵ ਨਹੀਂ ਹੈ।

ਇੱਥੇ ਹਵਾਈ ਅਤੇ ਸਮੁੰਦਰੀ ਸੰਘਰਸ਼ ਹੋਵੇਗਾ ਅਤੇ ਇਸ ਨਾਲ ਪੂਰਾ ਪੱਛਮ ਏਸ਼ੀਆ ਸੁਲਗ ਸਕਦਾ ਹੈ।

ਰਣਨੀਤਕ ਗ਼ਲਤੀ ਕਰ ਰਿਹਾ ਹੈ ਅਮੀਰਾਕ?

ਜਦੋਂ ਟਰੰਪ ਸੱਤਾ ਵਿੱਚ ਆਏ ਸਨ ਤਾਂ ਕੁਝ ਲੋਕਾਂ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਵਿਦੇਸ਼ ਨੀਤੀ ਦੇ ਮਾਮਲੇ 'ਚ ਅਮਰੀਕਾ ਕੋਲੋਂ ਕੋਈ ਵੱਡੀ ਗ਼ਲਤੀ ਹੋ ਸਕਦੀ ਹੈ।

ਪਰ ਹੁਣ ਈਰਾਨ ਨੂੰ ਲੈ ਕੇ ਪੈਦਾ ਹੋਏ ਹਾਲਾਤ ਦਰਸਾਉਂਦੇ ਹਨ ਕਿ ਵੱਡਾ ਸੰਕਟ ਉਭਰ ਰਿਹਾ ਹੈ।

ਇਸ ਵਿੱਚ ਕੌਮਾਂਤਰੀ ਸਮਝੌਤਿਆਂ ਦਾ ਵਿਰੋਧ, ਖੇਤਰੀ ਸ਼ਕਤੀਆਂ 'ਤੇ ਵਧੇਰੇ ਨਿਰਭਰ ਹੋਣਾ, ਲੰਬੇ ਸਮੇਂ ਤੋਂ ਨੈਟੋ ਦੇ ਸਹਿਯੋਗੀ ਰਹੇ ਦੇਸਾਂ ਦੇ ਨਾਲ ਤਣਾਅ ਇਸ ਦੇ ਕਾਰਨ ਹਨ।

ਇਸ ਦੇ ਨਾਲ ਹੀ ਸਭ ਤੋਂ ਅਹਿਮ ਅਮਰੀਕਾ ਦੇ ਅਸਲ ਰਣਨੀਤਕ ਹਿਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿਣ ਵਰਗੇ ਕਈ ਸਾਰੇ ਪਹਿਲੂ ਹਨ।

ਈਰਾਨ ਕੋਲੋਂ ਕਿੰਨਾ ਖ਼ਤਰਾ?

ਕੀ ਈਰਾਨ ਕੋਲੋਂ ਇੰਨਾ ਖ਼ਤਰਾ ਹੈ ਕਿ ਇੱਕ ਵੱਡੇ ਸੰਘਰਸ਼ ਦਾ ਖ਼ਤਰਾ ਮੋਲ ਲਿਆ ਜਾਵੇ?

ਬਹੁਤ ਸਾਰੇ ਅਮਰੀਕੀ ਰਣਨੀਤਕ ਪੰਡਿਤ ਇਸ ਦਾ ਜਵਾਬ 'ਨਾ' 'ਚ ਦੇਣਗੇ।

ਬਹੁਤ ਸਾਰੇ ਰਣਨੀਤਕ ਪੰਡਿਤ ਮੰਨਦੇ ਹਨ ਕਿ ਈਰਾਨ 'ਤੇ ਲਗਾਮ ਲਗਾਉਣਾ ਅਤੇ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਬਦਲੇ ਦੀ ਧਮਕੀ ਦੇਣਾ ਜ਼ਰੂਰੀ ਹੋ ਸਕਦਾ ਹੈ ਪਰ ਜੰਗ ਵੱਲ ਵਧਣਾ ਜ਼ਰੂਰੀ ਨਹੀਂ।

ਮਾਮਲਾ ਬੇਸ਼ੱਕ ਜੰਗ ਵੱਲ ਨਹੀਂ 'ਵਧ ਰਿਹਾ' ਪਰ ਅਜਿਹਾ ਲਗਦਾ ਹੈ ਕਿ ਪੂਰੀ ਪ੍ਰਕਿਰਿਆ ਬੇਦਿਲੀ ਨਾਲ ਹੋ ਰਹੀ ਹੈ ਅਤੇ ਇਸ ਵਿੱਚ ਲੋਕਾਂ ਦੇ ਕੋਲ ਕਰਨ ਲਈ ਵਧੇਰੇ ਕੁਝ ਨਹੀਂ।

ਪਰ ਜੇਕਰ ਕੋਈ ਸੰਘਰਸ਼ ਹੁੰਦਾ ਹੈ ਤਾਂ ਇਹ ਅਮਰੀਕੀਆਂ ਅਤੇ ਈਰਾਨੀਆਂ ਦੀ ਸਮਝਦਾਰੀ ਵਾਲੇ ਫ਼ੈਸਲੇ ਲੈਣ ਦੀ ਅਸਮਰਥਾ ਅਤੇ ਦੂਰਗਾਮੀ ਸੋਚ ਦੀ ਘਾਟ ਕਾ ਨਤੀਜਾ ਹੋਵੇਗਾ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)