You’re viewing a text-only version of this website that uses less data. View the main version of the website including all images and videos.
ਪ੍ਰਗਿਆ ਠਾਕੁਰ ਨੂੰ ਗੋਡਸੇ ’ਤੇ ਦਿੱਤੇ ਬਿਆਨ ਲਈ ਦਿਲੋਂ ਮਾਫ਼ ਨਹੀਂ ਕਰ ਸਕਦਾ- ਮੋਦੀ
ਸਾਧਵੀ ਪ੍ਰਗਿਆ ਵੱਲੋਂ ਨੱਥੂ ਰਾਮ ਗੋਡਸੇ ਨੂੰ ਦੇਸ ਭਗਤ ਦੱਸੇ ਜਾਣ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਂ ਸਾਧਵੀ ਪ੍ਰਗਿਆ ਨੂੰ ਮਨੋਂ ਮਾਫ਼ ਨਹੀਂ ਕਰ ਸਕਾਂਗਾ"
ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਇਹ ਸ਼ਬਦ ਕਹੇ।
ਸਾਧਵੀ ਪ੍ਰਗਿਆ ਸਿੰਘ ਠਾਕੁਰ ਭਾਜਪਾ ਦੀ ਭੋਪਾਲ ਤੋਂ ਉਮੀਦਵਾਰ ਹਨ, ਉਨ੍ਹਾਂ ਨੇ ਆਪਣੇ ਵਿਵਾਦਿਤ ਬਿਆਨ ਵਿੱਚ ਕਿਹਾ ਸੀ, "ਨੱਥੂ ਰਾਮ ਦੇਸ ਭਗਤ ਸੀ, ਦੇਸ ਭਗਤ ਹਨ ਅਤੇ ਦੇਸ ਭਗਤ ਰਹਿਣਗੇ।"
ਇਹ ਵੀ ਪੜ੍ਹੋ:
ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਸੀ, "ਤੁਸੀਂ ਹਮੇਸ਼ਾ ਗਾਂਧੀ ਦੀ ਗੱਲ ਕਰਦੇ ਹੋ, ਤੁਸੀਂ ਹਮੇਸ਼ਾ ਗਾਂਧੀ ਦੀ ਵਿਚਾਰਧਾਰਾ ਦੀ ਗੱਲ ਨਾਲ ਅੱਗੇ ਵਧਦੇ ਹੋ ਪਰ ਸਾਧਵੀ ਪ੍ਰਗਿਆ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ, ਗੋਡਸੇ ਬਾਰੇ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਮਾਫ਼ੀ ਮੰਗ ਲਈ, ਪਾਰਟੀ ਵੱਲੋਂ ਅਨੁਸ਼ਾਸ਼ਨੀ ਕਾਰਵਾਈ ਦੀ ਗੱਲ ਚੱਲ ਰਹੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਅਜਿਹੇ ਉਮੀਦਵਾਰ ਖੜ੍ਹੇ ਕਰਨਾ ਜਾਂ ਫਿਰ ਉਨ੍ਹਾਂ ਵੱਲੋਂ ਅਜਿਹੀਆਂ ਗੱਲਾਂ ਕਰਨਾ ਸਹੀ ਸੀ?"
ਇਸ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,"ਗਾਂਧੀ ਜੀ ਜਾਂ ਗੋਡਸੇ ਬਾਰੇ ਜੋ ਵੀ ਗੱਲਾਂ ਕਹੀਆਂ ਗਈਆਂ ਹਨ, ਇਹ ਕਾਫ਼ੀ ਗ਼ਲਤ ਹਨ। ਹਰ ਤਰ੍ਹਾਂ ਨਫ਼ਰਤ ਯੋਗ ਹੈ।"
"ਆਲੋਚਨਾ ਦੇ ਲਾਇਕ ਹੈ। ਸਮਾਜ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਚਲਦੀ, ਇਸ ਪ੍ਰਕਾਰ ਦੀ ਸੋਚ ਨਹੀਂ ਚਲਦੀ।"
"ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਸੌ ਵਾਰ ਅੱਗੇ ਸੋਚਣਾ ਪਵੇਗਾ। ਦੂਸਰਾ, ਉਨ੍ਹਾਂ ਨੇ ਮਾਫ਼ੀ ਮੰਗ ਲਈ, ਵੱਖਰੀ ਗੱਲ ਹੈ ਪਰ ਮੈਂ ਆਪਣੇ ਮਨੋਂ ਮਾਫ਼ ਨਹੀਂ ਕਰ ਸਕਾਂਗਾ।"
ਕੀ ਕਿਹਾ ਸੀ ਪ੍ਰਗਿਆ ਨੇ?
ਸਾਧਵੀ ਪ੍ਰਗਿਆ ਨੇ ਵੀਰਵਾਰ ਨੂੰ ਕਿਹਾ ਸੀ, "ਨੱਥੂ ਰਾਮ ਦੇਸ ਭਗਤ ਸੀ, ਦੇਸ ਭਗਤ ਹਨ ਅਤੇ ਦੇਸ ਭਗਤ ਰਹਿਣਗੇ।"
ਉਨ੍ਹਾਂ ਅੱਗੇ ਕਿਹਾ ਸੀ ਕਿ, "ਜੋ ਲੋਕ ਉਨ੍ਹਾਂ ਨੂੰ ਅੱਤਵਾਦੀ ਕਹਿੰਦੇ ਹਨ ਉਨ੍ਹਾਂ ਨੂੰ ਆਪਣੇ ਅੰਦਰ ਝਾਕ ਕੇ ਦੇਖਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ।"
ਇਹ ਵੀ ਪੜ੍ਹੋ:
ਭਾਜਪਾ ਦੀ ਬਿਆਨ ਤੋਂ ਦਸਤਬਰਦਾਰੀ
ਭਾਜਪਾ ਨੇ ਪ੍ਰਗਿਆ ਦੇ ਬਿਆਨ ਤੋਂ ਪਾਸਾ ਵੱਟ ਲਿਆ ਸੀ। ਪਾਰਟੀ ਦੇ ਜੀਵੀਐੱਲ ਨਰਸਿੰਮ੍ਹਾ ਰਾਓ ਨੇ ਕਿਹਾ ਕਿ, “ਪਾਰਟੀ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹੈ। ਪਾਰਟੀ ਉਨ੍ਹਾਂ ਤੋਂ ਸਫ਼ਾਈ ਮੰਗੇਗੀ, ਉਨ੍ਹਾਂ ਨੂੰ ਜਨਤਕ ਰੂਪ ਵਿੱਚ ਇਸ ਬਿਆਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ।"
ਕਾਂਗਰਸ ਨੇ ਕੀ ਕਿਹਾ
ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਪ੍ਰਗਿਆ ਠਾਕੁਰ ਦੇ ਬਿਆਨ ਬਾਰੇ ਕਿਹਾ ਕਿ, ਅਮਿਤ ਸ਼ਾਹ ਅਤੇ ਸੂਬੇ ਦੀ ਭਾਜਪਾ ਇਕਾਈ ਬਿਆਨ ਜਾਰੀ ਕਰੇ ਅਤੇ ਦੇਸ ਤੋਂ ਮਾਫ਼ੀ ਮੰਗੇ।
ਉਨ੍ਹਾਂ ਕਿਹਾ, "ਮੈਂ ਇਸ ਬਿਆਨ ਦੀ ਨਿੰਦਾ ਕਰਦਾ ਹਾਂ, ਨੱਥੂ ਰਾਮ ਗੋਡਸੇ ਕਾਤਲ ਸੀ, ਉਸ ਦੀ ਤਾਰੀਫ਼ ਕਰਨਾ ਦੇਸਭਗਤੀ ਨਹੀਂ, ਦੇਸਧਰੋਹ ਹੈ।"
ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ, 'ਗੋਡਸੇ ਦੇ ਵਾਰਸ, ਸੱਤਾਧਾਰੀ ਭਾਜਪਾ ਵੱਲੋਂ ਭਾਰਤ ਦੀ ਆਤਮਾ ’ਤੇ ਹਮਲਾ ਹੈ। ਭਾਜਪਾ ਦੇ ਆਗੂ ਰਾਸ਼ਟਰ ਪਿਤਾ ਦੇ ਕਾਤਲ ਨੂੰ ਸੱਚਾ ਦੇਸ ਭਗਤ ਦੱਸ ਰਹੇ ਹਨ ਅਤੇ ਜਿਨ੍ਹਾਂ ਲੋਕਾਂ ਨੇ ਦੇਸ ਲਈ ਜਾਨ ਦਿੱਤੀ ਜਿਵੇਂ ਹੇਮੰਤ ਕਰਕਰੇ, ਉਨ੍ਹਾਂ ਨੂੰ ਦੇਸ ਧਰੋਹੀ ਦੱਸ ਰਹੇ ਹਨ।'
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ