You’re viewing a text-only version of this website that uses less data. View the main version of the website including all images and videos.
Results 2019: ਕਿੱਧਰ ਭੁਗਤਣੀਆਂ ਹੁਣ ਆਮ ਆਦਮੀ ਪਾਰਟੀ ਦੀਆਂ ਵੋਟਾਂ
- ਲੇਖਕ, ਖੁਸ਼ਹਾਲ ਲਾਲੀ,
- ਰੋਲ, ਬੀਬੀਸੀ ਪੱਤਰਕਾਰ
'ਕਿਸੇ ਚੀਜ਼ ਦੀ ਜਿੰਨੀ ਤੇਜ਼ੀ ਨਾਲ ਚੜ੍ਹਾਈ ਹੁੰਦੀ ਹੈ, ਉਹ ਓਨੀ ਹੀ ਤੇਜ਼ੀ ਨਾਲ ਥੱਲੇ ਡਿੱਗਦੀ ਹੈ', ਇਹ ਇਬਾਰਤ ਦੇਸੀ ਸ਼ਬਦਾਂ ਵਿੱਚ ਨਿਊਟਨ ਦੇ ਤੀਜੇ ਸਿਧਾਂਤ ਦੀ ਵਿਆਖਿਆ ਹੈ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਉੱਤੇ ਵੀ ਪੂਰੀ ਢੁਕਦੀ ਹੈ।
ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ 4 ਸੀਟਾਂ ਜਿੱਤੀਆਂ ਅਤੇ ਪਾਰਟੀ ਨੂੰ 24.4 ਫ਼ੀਸਦ ਵੋਟ ਸ਼ੇਅਰ ਹਾਸਲ ਹੋਇਆ ਸੀ।
2014 ਦੌਰਾਨ 'ਆਪ' ਨੂੰ ਮਿਲਿਆ ਅਣਕਿਆਸਿਆ ਲੋਕ ਸਮਰਥਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਾਰੀ ਰਿਹਾ।
ਇਹ ਵੀ ਪੜ੍ਹੋ:
ਪਾਰਟੀ ਸੱਤਾ ਹਾਸਲ ਕਰਨ ਦੇ ਦਾਅਵੇ ਤੱਕ ਪਹੁੰਚ ਗਈ, ਇਹ ਗੱਲ ਵੱਖਰੀ ਹੈ ਕਿ ਪਾਰਟੀ ਨੂੰ ਸਿਰਫ਼ 20 ਸੀਟਾਂ ਹੀ ਹਾਸਲ ਹੋਈਆਂ ਅਤੇ ਵੋਟ ਸ਼ੇਅਰ ਵੀ 2014 ਮੁਕਾਬਲੇ ਮਾਮੂਲੀ ਜਿਹਾ ਘਟ ਕੇ 23.8 ਫ਼ੀਸਦ ਰਹਿ ਗਿਆ।
ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਸਵਾਲ ਇਹ ਹੈ ਕਿ ਪੰਜਾਬ ਵਿੱਚ ਇਸ ਵੇਲੇ 'ਆਪ' ਆਪਣੀ ਹੋਂਦ ਦੀ ਲੜਾਈ ਕਿਉਂ ਲੜ ਰਹੀ ਹੈ। ਅਜਿਹੇ ਹਾਲਾਤ ਕਿਉਂ ਪੈਦਾ ਹੋਏ...
ਇਨਕਲਾਬ ਤੇ ਖਾਨਾਜੰਗੀ ਭਾਰੂ
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤਬਦੀਲੀ ਦਾ ਨਾਅਰਾ 'ਇਨਕਲਾਬ ਜਿੰਦਾਬਾਦ' ਦਿੱਤਾ ਸੀ, ਪਰ ਸੂਬੇ ਵਿੱਚ 'ਆਪ' ਕਾਰਕੁਨਾਂ ਵਿੱਚ ਇਨਕਲਾਬੀ ਭਾਵਨਾ ਉੱਤੇ ਅੰਦਰੂਨੀ ਖਾਨਾਜੰਗੀ ਭਾਰੂ ਹੋ ਗਈ।
ਲੋਕ ਸਭਾ ਚੋਣਾਂ ਜਿੱਤਣ ਵਾਲੇ 4 ਸੰਸਦ ਮੈਂਬਰਾਂ ਵਿੱਚੋਂ ਪਟਿਆਲਾ ਦੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਤੇ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਖ਼ਾਲਸਾ ਨੂੰ ਕੁਝ ਮਹੀਨਿਆਂ ਬਾਅਦ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕਰ ਦਿੱਤਾ ਗਿਆ।
ਗਾਂਧੀ ਨੇ ਆਪਣੀ ਨਵਾਂ ਪੰਜਾਬ ਪਾਰਟੀ ਬਣਾ ਲਈ ਅਤੇ ਹਰਿੰਦਰ ਖਾਲਸਾ ਸੰਸਦ ਮੈਂਬਰ ਵਜੋਂ ਆਪਣਾ ਕਾਰਜਕਾਲ ਖ਼ਤਮ ਕਰਨ ਮਗਰੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੇ ਵਿਧਾਇਕਾਂ ਦਾ ਵੀ ਇਹੀ ਹਾਲ ਰਿਹਾ। ਪਾਰਟੀ ਕੋਲ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਹੈ, ਜੋ ਸਭ ਤੋਂ ਪਹਿਲਾ ਹਰਵਿੰਦਰ ਸਿੰਘ ਫੂਲਕਾ ਨੂੰ ਦਿੱਤਾ ਗਿਆ।
ਫੂਲਕਾ 1984 ਕਤਲੇਆਮ ਦੇ ਪੀੜ੍ਹਤਾਂ ਦੇ ਵਕੀਲ ਹਨ। ਉਨ੍ਹਾਂ ਕੋਲ ਕੈਬਨਿਟ ਮੰਤਰੀ ਦਾ ਅਹੁਦਾ ਸੀ।
ਬਾਰ ਕੌਂਸਲ ਦੇ ਇਤਰਾਜ਼ ਤੋਂ ਬਾਅਦ ਉਨ੍ਹਾਂ ਪਹਿਲਾਂ ਇਹ ਅਹੁਦਾ ਛੱਡਿਆ ਅਤੇ ਬਾਅਦ ਵਿੱਚ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ। ਫ਼ੂਲਕਾ ਦਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੇ ਅਜੇ ਤੱਕ ਸਵਿਕਾਰ ਨਹੀਂ ਕੀਤਾ ਹੈ।
ਫ਼ੂਲਕਾ ਤੋਂ ਬਾਅਦ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਆਗੂ ਬਣੇ, ਸੁਖਪਾਲ ਖਹਿਰਾ। ਆਮ ਆਦਮੀ ਪਾਰਟੀ ਦੀ ਖਹਿਰਾ ਨਾਲ ਕੁਝ ਦੇਰ ਬਾਅਦ ਖਟਪਟ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ:
ਜਦੋਂ ਖਹਿਰਾ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ ਤੇ ਹਰਪਾਲ ਚੀਮਾ ਨੂੰ ਲਗਾਇਆ ਗਿਆ ਤਾਂ ਖਹਿਰਾ ਨੇ ਸੱਤ ਵਿਧਾਇਕਾਂ ਨਾਲ ਮਿਲ ਕੇ ਬਗਾਵਤ ਕਰ ਦਿੱਤੀ।
ਖਹਿਰਾ ਨੇ ਨਵੀਂ ਪਾਰਟੀ 'ਪੰਜਾਬ ਏਕਤਾ ਪਾਰਟੀ' ਬਣਾ ਲਈ ਹੈ। ਉਨ੍ਹਾਂ ਨਾਲ ਬਗਾਵਤ ਕਰਕੇ ਗਏ ਸਿਰਫ਼ ਦੋ ਵਿਧਾਇਕ ਮਾਸਟਰ ਬਲਦੇਵ ਸਿੰਘ ਤੇ ਜਗਦੇਵ ਸਿੰਘ ਕਮਾਲੂ ਹੀ ਦਿਖਦੇ ਹਨ।
ਜਦਕਿ ਤੀਜੇ ਖਹਿਰਾ ਸਮਰਥਕ ਨਾਜ਼ਰ ਸਿੰਘ ਮਾਨਸ਼ਾਹੀਆਂ ਕਾਂਗਰਸ ਪਾਰਟੀ ਵਿੱਚ ਚਲੇ ਗਏ ਹਨ।
ਵਿਧਾਇਕ ਕੰਵਰ ਸੰਧੂ, ਵਿਧਾਇਕ ਪਿਰਮਲ ਸਿੰਘ ਖ਼ਾਲਸਾ ਤੇ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਤੋਂ ਕਿਨਾਰਾ ਕਰ ਲਿਆ।
ਕੇਜਰੀਵਾਲ ਖ਼ੇਮੇ ਦੇ ਇੱਕ ਹੋਰ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਦੀ ਟਿਕਟ ਉੱਤੇ ਜਿੱਤੇ 20 ਵਿਧਾਇਕਾਂ ਵਿੱਚੋਂ ਹੁਣ ਪਾਰਟੀ ਨਾਲ ਸਿਰਫ਼ 12 ਬਚੇ ਹਨ।
ਦਿੱਲੀ ਤੇ ਪੰਜਾਬ ਦਾ ਕਾਟੋ-ਕਲੇਸ਼
2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਮਿਲੇ ਹੁੰਗਾਰੇ ਤੋਂ ਬਾਅਦ ਵੱਡੀ ਗਿਣਤੀ 'ਚ ਆਗੂ 'ਆਪ' ਵਿੱਚ ਆਏ ਸਨ।
ਇਹ ਆਗੂ ਜਾਂ ਤਾਂ ਦੂਜੀਆਂ ਪਾਰਟੀਆਂ ਦੇ ਬਾਗੀ ਸਨ ਜਾਂ ਉਹ ਸਨ ਜਿੰਨਾਂ ਦੀਆਂ ਇੱਛਾਵਾਂ ਆਪਣੀਆਂ ਪਾਰਟੀਆਂ ਵਿੱਚ ਪੂਰੀਆਂ ਨਾ ਹੋ ਸਕੀਆਂ।
ਇਸ ਲਈ 'ਆਪ' ਵਿੱਚ ਆਉਣ ਤੋਂ ਬਾਅਦ ਹਰ ਕੋਈ ਪਾਰਟੀ ਦਾ ਚਿਹਰਾ ਬਣਨਾ ਚਾਹੁੰਦਾ ਸੀ। ਉੱਧਰ ਦਿੱਲੀ ਵਿਚ ਬੈਠੀ ਲੀਡਰਸ਼ਿਪ ਨੇ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ।
ਦਿੱਲੀ ਵਾਲਿਆਂ ਨੇ ਕਿਸੇ ਵੀ ਪਾਰਟੀ ਆਗੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਐਲਾਨਿਆ ਅਤੇ ਇਹ ਪ੍ਰਭਾਵ ਗਿਆ ਕਿ ਕੇਜਰੀਵਾਲ ਪੰਜਾਬ ਦੇ ਕਿਸੇ ਵੀ ਆਗੂ ਉੱਤੇ ਭਰੋਸਾ ਨਹੀਂ ਕਰ ਰਹੇ।
ਕਿਹਾ ਤਾਂ ਇਹ ਵੀ ਗਿਆ ਕਿ ਉਹ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਕੇ ਸੂਬੇ ਦੀ ਮੁਕੰਮਲ ਸੱਤਾ ਦਾ ਸੁੱਖ ਮਾਣਨਾ ਚਾਹੁੰਦੇ ਹਨ।
ਚੋਣ ਪ੍ਰਚਾਰ ਅਤੇ ਪ੍ਰਬੰਧ ਦੇ ਨਾਂ ਉੱਤੇ ਦਿੱਲੀ ਤੋਂ ਆਬਜ਼ਰਵਰ ਬਣਾ ਕੇ ਆਗੂਆਂ ਦੀ ਵੱਡੀ ਫੌਜ ਪੰਜਾਬ ਭੇਜੀ ਗਈ ਸੀ।
ਇਹ ਵੀ ਪੜ੍ਹੋ:
ਇਨ੍ਹਾਂ ਆਬਜ਼ਰਵਰਾਂ ਉੱਤੇ ਟਿਕਟਾਂ ਲਈ ਪੰਜਾਬ ਦੇ ਆਗੂਆਂ ਤੋਂ ਕਰੋੜਾਂ ਰੁਪਏ ਠੱਗਣ ਅਤੇ ਜਿਨਸੀ ਸੋਸ਼ਣ ਤੱਕ ਦੇ ਦੋਸ਼ ,ਲੱਗੇ ਪਰ ਪਾਰਟੀ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ।
2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਪਹੁੰਚਦੇ-ਪਹੁੰਚਦੇ ਇਹ ਖਿੱਚੋਤਾਣ ਸਿਖ਼ਰਾਂ ਉੱਤੇ ਪਹੁੰਚ ਗਈ।
ਚੋਣਾਂ ਤੋਂ ਪਹਿਲਾਂ ਪਾਰਟੀ ਦੀ ਹਾਈ ਕਮਾਂਡ ਨੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ।
ਉਹ ਪੰਜਾਬ ਵਿੱਚ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਆਗੂਆਂ ਵਿੱਚੋਂ ਸਨ, ਪਰ ਪਾਰਟੀ ਨੇ ਚੋਣਾਂ ਦੇ ਆਖ਼ਰੀ ਮੌਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਛੋਟੇਪੁਰ ਨੂੰ ਮੁਅੱਤਲ ਕਰਕੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ।
ਚੋਣਾਂ ਹਾਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਘੁੱਗੀ ਨੇ ਪਾਰਟੀ ਪ੍ਰਧਾਨਗੀ ਛੱਡ ਦਿੱਤੀ, ਜਿਸ ਤੋਂ ਬਾਅਦ ਕਮਾਂਡ ਭਗਵੰਤ ਮਾਨ ਹੱਥ ਆ ਗਈ।
ਮਾਨ ਨੇ ਬਿਕਰਮ ਮਜੀਠੀਆ ਤੋਂ ਮਾਣਹਾਨੀ ਮਾਮਲੇ ਵਿੱਚ ਕੇਜਰੀਵਾਲ ਵਲੋਂ ਮਾਫ਼ੀ ਮੰਗਣ ਕਾਰਨ ਪ੍ਰਧਾਨਗੀ ਛੱਡ ਦਿੱਤੀ ਸੀ।
ਪੰਜਾਬ ਦੇ ਹਿੱਤਾਂ ਦਾ ਹਵਾਲਾ ਦੇ ਕੇ 2019 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਪੰਜਾਬ ਵਿੱਚ ਪਾਰਟੀ ਦੀ ਵਾਗਡੋਰ ਮੁੜ ਸੰਭਾਲ ਲਈ।
ਭਗਵੰਤ ਮਾਨ ਇੱਕੋ-ਇੱਕ ਆਸ
ਆਮ ਆਦਮੀ ਪਾਰਟੀ ਵਿੱਚੋਂ ਵੱਡੇ ਪੱਧਰ ਉੱਤੇ ਬਗਾਵਤ ਹੋਣ ਦੇ ਬਾਵਜੂਦ ਪਾਰਟੀ ਸੂਬੇ ਦੀਆਂ ਸਾਰੀਆਂ 13 ਸੀਟਾਂ ਉੱਤੇ ਚੋਣ ਲੜ ਰਹੀ ਹੈ।
'ਆਪ' ਦੇ ਬਾਗੀ ਖਹਿਰਾ ਤੇ ਗਾਂਧੀ ਨੇ 5 ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਹੋਏ ਹਨ। ਇਨ੍ਹਾਂ ਦਾ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਸੀਪੀਆਈ ਤੇ ਕੁਝ ਖੱਬੇਪੱਖੀ ਧੜ੍ਹਿਆਂ ਨਾਲ ਚੋਣ ਗਠਜੋੜ ਹੈ।
ਇਹ ਵੀ ਪੜ੍ਹੋ:
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਸੱਤ ਸੀਟਾਂ ਉੱਤੇ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਚੋਣ ਲੜ ਰਹੀਆਂ ਹਨ।
ਸੁਖਪਾਲ ਖਹਿਰਾ ਆਪਣੀ ਹਰ ਸਟੇਜ ਤੋਂ 'ਆਪ' ਨੂੰ ਨਕਲੀ ਇਨਕਲਾਬੀ ਕਹਿ ਕੇ ਭੰਡਦੇ ਹਨ ਅਤੇ ਕਹਿੰਦੇ ਹਨ ਇਸ ਪਾਰਟੀ ਦਾ ਹੁਣ ਆਧਾਰ ਖ਼ਤਮ ਹੋ ਗਿਆ ਹੈ।
ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਲੋਂ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਅਕਾਲੀ ਭਾਜਪਾ ਨੂੰ ਸਖ਼ਤ ਟੱਕਰ ਦੇ ਰਹੇ ਹਨ।
ਉੱਧਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਇਨ੍ਹਾਂ ਚੋਣਾਂ ਵਿੱਚ 2014 ਤੋਂ ਬਿਹਤਰ ਪ੍ਰਦਰਸ਼ਨ ਦੇ ਦਾਅਵੇ ਕਰ ਰਹੇ ਹਨ।
ਭਗਵੰਤ ਮਾਨ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਅਤੇ ਇਸ ਵਾਰ ਵੀ ਇੱਥੋਂ ਹੀ ਕਿਸਮਤ ਆਜ਼ਮਾ ਰਹੇ ਹਨ।
ਉਹ ਇਸ ਵਾਰ ਅਕਾਲੀ ਦਲ ਦੇ ਪਰਮਿੰਦਰ ਢੀਂਡਸਾ ਤੇ ਕਾਂਗਰਸ ਦੇ ਕੇਵਲ ਢਿੱਲੋਂ ਨੂੰ ਸਖ਼ਤ ਟੱਕਰ ਦੇ ਰਹੇ ਹਨ।
ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਪੰਜਾਬ ਵਿੱਚ ਜਿੱਤ ਦੀ ਆਸ ਸਿਰਫ਼ ਭਗਵੰਤ ਮਾਨ ਤੋਂ ਹੈ।
ਪਾਰਟੀ ਨੂੰ ਬਾਕੀ ਦੀਆਂ 12 ਸੀਟਾਂ ਵਿੱਚੋਂ ਫਤਹਿਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਫਰੀਦਕੋਟ ਵਿੱਚ ਜ਼ਿਕਰਯੋਗ ਵੋਟ ਮਿਲਣ ਦੀ ਆਸ ਹੈ।
ਫਿਰ ਵੀ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਮੁਖੀ ਤੇ ਵਿਧਾਇਕ ਅਮਨ ਅਰੋੜਾ ਦਾਅਵਾ ਕਰਦੇ ਹਨ, ''ਅਸੀਂ ਮੁੱਦਿਆ ਦੀ ਰਾਜਨੀਤੀ ਕਰਦੇ ਹਾਂ ਅਤੇ ਜਿਹੜੇ ਦੂਜੀਆਂ ਪਾਰਟੀਆਂ ਵਿੱਚੋਂ ਟਿਕਟਾਂ ਅਤੇ ਅਹੁਦਿਆਂ ਦੇ ਲਾਲਚ ਵਿੱਚ ਆਏ ਸਨ, ਉਹ ਵਾਪਸ ਚਲੇ ਗਏ। 'ਆਪ' ਲੀਡਰਾਂ ਦੀ ਨਹੀਂ ਆਮ ਲੋਕਾਂ ਦੀ ਪਾਰਟੀ ਹੈ, ਲੋਕ ਸਭਾ ਚੋਣਾਂ ਦੌਰਾਨ ਇਹ ਇੱਕ ਵਾਰ ਮੁੜ ਉੱਭਰੇਗੀ।''
'ਆਪ' ਦੀ ਲੜਾਈ ਦਾ ਕਿਸ ਨੂੰ ਲਾਹਾ
ਭਾਵੇਂ ਲੋਕ ਸਭਾ ਸੀਟਾਂ ਹੋਣ ਜਾਂ ਫਿਰ ਵਿਧਾਨ ਸਭਾ ਸੀਟਾਂ, ਜਿੱਤ ਦੇ ਹਿਸਾਬ ਨਾਲ ਪੰਜਾਬ ਦਾ ਮਾਲਵਾ ਖਿੱਤਾ ਆਮ ਆਦਮੀ ਪਾਰਟੀ ਦੀ ਗੜ੍ਹ ਸਾਬਿਤ ਹੋਇਆ ਹੈ।
ਲੋਕਾ ਸਭਾ ਚੋਣਾਂ 2014 ਵਿੱਚ ਆਪ ਵਲੋਂ ਜਿੱਤੀਆਂ ਚਾਰੇ ਸੀਟਾਂ ਸੰਗਰੂਰ, ਫਰੀਦਕੋਟ, ਪਟਿਆਲਾ ਤੇ ਫਤਿਹਗੜ੍ਹ ਮਾਲਵੇ ਨਾਲ ਹੀ ਸਬੰਧਤ ਸਨ।
ਵਿਧਾਨ ਸਭਾ ਚੋਣਾ ਦੌਰਾਨ 'ਆਪ' ਨੂੰ ਮਿਲੀਆਂ 20 ਸੀਟਾਂ ਵਿੱਚੋਂ ਭੁਲੱਥ, ਰੋਪੜ, ਖਰੜ ਅਤੇ ਗੜ੍ਹਸ਼ੰਕਰ ਨੂੰ ਛੱਡ ਕੇ ਬਾਕੀ 16 ਸੀਟਾਂ ਮਾਲਵੇ ਦੀਆਂ ਸਨ।
ਮਾਲਵੇ ਤੋਂ ਬਾਹਰ ਦੀਆਂ ਸੀਟਾਂ ਵਿੱਚੋਂ ਗੜ੍ਹਸ਼ੰਕਰ ਦੇ ਵਿਧਾਇਕ ਨੂੰ ਛੱਡ ਕੇ ਬਾਕੀ ਤਿੰਨ ਵਿਧਾਇਕ ਪਾਰਟੀ ਤੋਂ ਬਗਾਵਤ ਕਰ ਚੁੱਕੇ ਹਨ।
ਮਾਲਵੇ ਦੀਆਂ 4 ਸੀਟਾਂ ਦੇ ਵਿਧਾਇਕ ਵੀ ਪਾਰਟੀ ਤੋਂ ਬਾਗੀ ਹੋ ਚੁੱਕੇ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰੂਨੀ ਲੜਾਈ ਦਾ ਲਾਹਾ ਕਿਸ ਨੂੰ ਮਿਲੇਗਾ।
ਭਾਵੇਂ 'ਆਪ' ਨੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਸਭ ਤੋਂ ਵੱਧ ਖ਼ੋਰਾ ਲਾਇਆ ਸੀ, ਹੁਣ ਸਵਾਲ ਹੈ ਕਿ 'ਆਪ' ਦੀ ਲੜਾਈ ਨਾਲ ਕੀ ਅਕਾਲੀ ਦਲ ਮੁੜ ਮਜ਼ਬੂਤ ਹੋ ਜਾਵੇਗਾ।
ਪਿਛਲੇ ਦਿਨਾਂ ਦੌਰਾਨ ਮਾਲਵੇ ਦਾ ਦੌਰਾ ਕਰਕੇ ਪਰਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ 'ਆਪ' ਦੀਆਂ ਵੋਟਾਂ ਦਾ ਲਾਹਾ ਅਕਾਲੀ ਅਤੇ ਕਾਂਗਰਸ ਦੋਵਾਂ ਨੂੰ ਮਿਲੇਗਾ।
ਜਗਤਾਰ ਸਿੰਘ ਦਾਅਵਾ ਕਰਦੇ ਹਨ, ''ਮਾਲਵੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਦਾ ਮਾਮਲਾ ਅਕਾਲੀ ਦਲ ਖਿਲਾਫ਼ ਚੋਣ ਮੁੱਦਾ ਬਣਿਆ ਹੋਇਆ ਹੈ। ਇਸ ਲਈ 'ਆਪ' ਤੋਂ ਨਿਰਾਸ਼ ਲੋਕਾਂ ਦੇ ਵੋਟ ਦੇ ਅਕਾਲੀਆਂ ਤੋਂ ਵੱਧ ਕਾਂਗਰਸ ਵੱਲ ਜਾਂਦੇ ਹਨ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ''।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ