ਲੋਕ ਸਭਾ ਚੋਣਾਂ 2019: ਦੇਖੋ ਬਾਦਲ ਦੇ ਪੋਤਾ-ਪੋਤੀ ਕਿਵੇਂ ਮੰਗਦੇ ਹਨ ਵੋਟਾਂ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਸਮਾਂ ਸਵੇਰੇ ਸਾਢੇ ਕੁ 11 ਵਜੇ। ਲੰਬੀ ਪਿੰਡ ਦੇ ਬਾਹਰਵਾਰ ਬਣੇ ਇਕ ਪੈਲਸ ਦੇ ਖੁੱਲ੍ਹੇ ਵਿਹੜੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਵੱਡਾ ਇਕੱਠ ਹੈ।

ਇਸੇ ਸਮੇਂ ਇੱਕ ਲੈਂਡ ਕਰੂਜ਼ਰ ਗੱਡੀ ਭਾਰੀ ਸੁਰੱਖਿਆ ਹੇਠ ਇੱਥੇ ਆ ਕੇ ਰੁਕਦੀ ਹੈ।

ਗੱਡੀ ਦੀ ਮੂਹਰਲੀ ਸੀਟ 'ਤੇ ਬੈਠੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੇਠਾਂ ਉੱਤਰਦੇ ਹਨ।

ਫਿਰ ਇਸੇ ਗੱਡੀ ਦੀ ਪਿਛਠੀ ਸੀਟ 'ਤੇ ਬੈਠਾ ਇੱਕ ਛਾਂਟਵੇਂ ਜਿਹੇ ਸਰੀਰ ਦਾ ਮੁੱਛ-ਫੁੱਟ ਗੱਭਰੂ ਬਾਹਰ ਆਉਂਦਾ ਹੈ।

ਭੀੜ 'ਚੋਂ ਆਵਾਜ਼ ਉਠਦੀ ਹੈ, "ਅੱਜ ਤਾਂ ਵੱਡੇ ਕਾਕਾ ਜੀ ਨਾਲ ਛੋਟੇ ਕਾਕਾ ਜੀ ਵੀ ਹਨ।"

ਪੁੱਛਣ 'ਤੇ ਪਤਾ ਲਗਦਾ ਹੈ ਕਿ ਚਿੱਟੇ ਕੁੜਤੇ-ਪਜਾਮੇ 'ਤੇ ਅਕਾਲੀ ਦਲ ਦੀ ਰਿਵਾਇਤੀ ਨੀਲੀ ਪੱਗ ਵਾਲਾ ਇਹ ਗੱਭਰੂ ਸੁਖਬੀਰ ਸਿੰਘ ਬਾਦਲ ਦਾ ਪੁੱਤਰ ਅਨੰਤਵੀਰ ਸਿੰਘ ਬਾਦਲ ਹੈ।

ਲੰਬੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਵਿਧਾਨ ਸਭਾ ਹਲਕਾ ਹੈ। ਲੰਬੀ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦਾ ਹੈ, ਜਿੱਥੋਂ ਸਾਬਕਾ ਮੁੱਖ ਮੰਤਰੀ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ:

ਅਨੰਤਵੀਰ ਸਿੰਘ ਬਾਦਲ ਆਪਣੇ ਪਿਤਾ ਸੁਖਬੀਰ ਸਿੰਘ ਬਾਦਲ ਨਾਲ ਪਾਰਟੀ ਆਗੂਆਂ ਨਾਲ ਬਗੈਰ ਕੁੱਝ ਬੋਲੇ ਚਿਹਰੇ 'ਤੇ ਹਲਕੀ ਜਿਹੀ ਮੁਸਕਰਾਹਟ ਲਿਆ ਕੇ ਹੱਥ ਮਿਲਾਉਂਦਾ ਹੋਇਆ ਸਟੇਜ 'ਤੇ ਪਹੁੰਚ ਜਾਂਦਾ ਹੈ।

ਅਸਲ ਵਿੱਚ ਇਹ ਪੰਜਾਬ ਦੀ ਸਿਆਸਤ ਦੇ 'ਬਾਬਾ ਬੋਹੜ' ਸਮਝੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਦੀ ਸਿਆਸਤ ਦੇ ਪਿੜ 'ਚ ਪਹਿਲੀ ਪੁਲਾਂਘ ਮੰਨੀ ਜਾ ਰਹੀ ਹੈ।

ਚੋਣ ਰੈਲੀਆਂ 'ਚ ਸੁਖਬੀਰ ਦੇ ਧੀ-ਪੁੱਤਰ

ਉਂਝ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਪਿਛਲੇ ਸਮੇਂ ਦੌਰਾਨ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਿਆਸਤ 'ਚ ਲਿਆਉਣ ਦੇ ਹੱਕ ਵਿੱਚ ਨਹੀਂ ਹਨ।

ਹੁਣ ਉਹ ਕਹਿੰਦੇ ਹਨ ਕਿ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋਣ ਕਾਰਨ ਹੀ ਉਹ ਚੋਣ ਰੈਲੀਆਂ 'ਚ ਆ ਰਹੇ ਹਨ ਤੇ ਬੱਚਿਆਂ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

'ਛੋਟੇ ਕਾਕਾ ਜੀ' ਨੂੰ ਵੀ ਆਪਣੇ ਪਿਤਾ ਵਾਂਗ ਸਥਾਨਕ ਪੱਧਰ ਦੇ ਆਗੂਆਂ ਵੱਲੋਂ ਬਰਾਬਰ ਦਾ ਸਤਿਕਾਰ ਮਿਲਦਾ ਹੈ।

ਜਿਵੇਂ ਹੀ ਸਟੇਜ ਸਕੱਤਰ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਨਾਂ ਸੰਬੋਧਨ ਕਰਨ ਲਈ ਲਿਆ ਜਾਂਦਾ ਹੈ ਤਾਂ ਅਨੰਤਵੀਰ ਸਿੰਘ ਬਾਦਲ ਵੀ ਆਪਣੇ ਪਿਤਾ ਵਾਂਗ ਪੰਡਾਲ 'ਚ ਬੈਠੇ ਅਕਾਲੀ ਵਰਕਰਾਂ ਨੂੰ ਦੋਵੇਂ ਹੱਥ ਜੋੜਦਾ ਹੈ।

ਅਨੰਤਵੀਰ ਸਟੇਜ ਤੋਂ ਕੋਈ ਤਹਿਰੀਰ ਤਾਂ ਨਹੀਂ ਕਰਦਾ ਪਰ ਪ੍ਰਬੰਧਕਾਂ ਵੱਲੋਂ ਪਹਿਲਾਂ ਤੋਂ ਹੀ ਉਲੀਕੀ ਗਈ ਰੂਪ-ਰੇਖਾ ਮੁਤਾਬਕ ਕੁੱਝ ਨੌਜਵਾਨ ਸੈਲਫ਼ੀ ਲੈਣ ਲਈ ਮੰਚ ਦੇ ਨੇੜੇ ਜਾਂਦੇ ਹਨ। ਇਸ ਵੇਲੇ ਮੀਡੀਆ ਨੂੰ 'ਛੋਟੇ ਕਾਕਾ ਜੀ' ਤੋਂ ਦੂਰ ਰੱਖਣ ਲਈ ਹਰ ਕੋਸ਼ਿਸ਼ ਹੁੰਦੀ ਹੈ।

ਖ਼ੈਰ, ਪੰਡਾਲ ਵਿੱਚ ਇਹ ਘੁਸਰ-ਮੁਸਰ ਜ਼ਰੂਰ ਹੁੰਦੀ ਹੈ, ''ਛੋਟੇ ਕਾਕਾ ਜੀ ਦਾ ਰੰਗ-ਢੰਗ ਸੁਖਬੀਰ ਜੀ ਨਾਲ ਮਿਲਦਾ ਹੈ।''

ਸੁਖਬੀਰ ਸਿੰਘ ਬਾਦਲ ਨੇ ਨਾਲ ਚੋਣ ਮੀਟਿੰਗਾਂ 'ਚ ਜਾਣ ਕਾਰਨ ਦੂਜੀ ਸ਼੍ਰੇਣੀ ਦੇ ਅਕਾਲੀ ਆਗੂ ਵੀ ਅਨੰਤਵੀਰ ਸਿੰਘ ਬਾਦਲ ਨੂੰ ਮਹੱਤਤਾ ਦੇ ਰਹੇ ਹਨ।

ਪਿੰਡ ਦੋਦਾ ਵਿਖੇ ਤਾਂ ਅਨੰਤਵੀਰ ਸਿੰਘ ਬਾਦਲ ਨੇ ਇੱਕ ਆਗੂ ਵਜੋਂ ਪਾਰਟੀ ਦਫ਼ਤਰ ਦਾ ਉਦਘਾਟਨ ਵੀ ਕੀਤਾ।

ਇਸੇ ਤਰ੍ਹਾਂ ਦਿਨ ਢਲਦੇ ਹੀ ਅਨੰਤਵੀਰ ਸਿੰਘ ਬਾਦਲ ਆਪਣੀ ਮਾਤਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਬਠਿੰਡਾ ਸ਼ਹਿਰ 'ਚ ਹੋਣ ਵਾਲੇ ਇੱਕ ਚੋਣ ਜਲਸੇ 'ਚ ਸ਼ਾਮਲ ਹੁੰਦਾ ਹੈ। ਹਰਸਿਮਰਤ ਕੌਰ ਬਾਦਲ ਆਪਣੇ ਪੁੱਤਰ ਨਾਲ ਪਹਿਲਾਂ ਸਥਾਨਕ ਗੁਰਦੁਆਰੇ 'ਚ ਮੱਥਾ ਟੇਕਦੇ ਹਨ ਤੇ ਫਿਰ ਲੋਕਾਂ ਦੇ ਇਕੱਠ 'ਚ ਪਹੁੰਚਦੇ ਹਨ।

ਇਹ ਵੀ ਪੜ੍ਹੋ:

ਮਾਂ ਦੇ ਹੱਕ 'ਚ ਵੋਟਾਂ ਮੰਗਦੀ ਹਰਕੀਰਤ ਕੌਰ

ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਆਪਣੀ ਮਾਤਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ 'ਚ ਹਾਜ਼ਰੀ ਲਵਾ ਰਹੀ ਹੈ।

ਜਿੱਥੇ ਅਨੰਤਵੀਰ ਸਿੰਘ ਬਾਦਲ ਚੁੱਪ ਰਹਿ ਕੇ ਅਕਾਲੀ ਸਫ਼ਾ 'ਚ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ, ਉਥੇ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਵੀ ਹਰਸਿਰਮਤ ਕੌਰ ਬਾਦਲ ਦੇ ਹੱਕ 'ਚ ਚੰਦ ਕੁ ਅਲਫਾਜ਼ ਕਹਿੰਦੀ ਹੈ।

ਬਠਿੰਡਾ ਸ਼ਹਿਰ ਦੇ ਅੰਦਰੂਨੀ ਖੇਤਰ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਨ ਸਮੇਂ ਹਰਕੀਰਤ ਕੌਰ ਦੇ ਸ਼ਬਦ ਸਨ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਦੀ ਆਰਥਿਤਾ ਨੂੰ ਪੈਰਾਂ-ਸਿਰ ਕਰਕੇ ਦੁਨੀਆਂ ਦੇ ਹਾਣ ਦਾ ਕੀਤਾ ਹੈ। ਤੁਸੀਂ ਮੇਰੀ ਮੰਮੀ ਨੂੰ ਜਿਤਾਓ, ਇਹ ਜਿੱਤ ਮੋਦੀ ਦੀ ਜਿੱਤ ਹੋਵੇਗੀ। ਦੇਸ ਹੋਰ ਤਰੱਕੀ ਕਰੇਗਾ।''

ਰਿਵਾਇਤੀ ਪੰਜਾਬੀ ਪਹਿਰਾਵੇ ਸਲਵਾਰ ਕੁੜਤੀ ਤੇ ਦੁੱਪਟੇ ਵਿੱਚ ਹਰਕੀਰਤ ਕੌਰ ਫਿਰ ਪੰਡਾਲ 'ਚ ਜੁੜੀਆਂ ਔਰਤਾ ਕੋਲ ਜਾ ਬੈਠਦੀ ਹੈ। ਫਿਰ ਸ਼ੁਰੂ ਹੁੰਦਾ ਹੈ, ਸੈਲਫ਼ੀ ਲੈਣ ਦਾ ਸਿਲਸਿਲਾ।

ਹਰਕੀਰਤ ਮੁਸਕਰਾਹਟ ਨਾਲ ਔਰਤਾਂ ਵੱਲੋਂ ਖਿੱਚੀਆਂ ਗਈਆਂ ਸੈਲਫ਼ੀਆਂ ਨੂੰ ਗਹੁ ਨਾਲ ਦੇਖਦੀ ਹੋਈ ਆਪਣੀ ਮੰਮੀ ਲਈ ਵੋਟ ਦੀ ਗੁਜਾਰਿਸ਼ ਕਰਦੀ ਹੈ।

ਆਪਣੀ ਭੈਣ ਵਾਂਗ ਅਨੰਤਵੀਰ ਸਿੰਘ ਬਾਦਲ ਰਾਜਸੀ ਭਾਸ਼ਣ ਤਾਂ ਨਹੀਂ ਦਿੰਦੇ ਪਰ ਉਹ ਆਪਣੇ ਪਿਤਾ ਨੂੰ ਮਿਲਣ ਵਾਲਿਆਂ ਨਾਲ ਹੁੰਦੀਆਂ ਸਿਆਸੀ ਗੱਲਾਂ 'ਚ ਰੁਚੀ ਜ਼ਰੂਰ ਰਖਦੇ ਹਨ।

ਆਮ ਆਦਮੀ ਪਾਰਟੀ ਇਸ ਨੂੰ ਪਰਿਵਾਰਵਾਦ ਸਿਆਸਤ ਕਰਾਰ ਦਿੰਦੀ ਹੈ।

ਪਾਰਟੀ ਦੇ ਸੂਬਾ ਬੁਲਾਰੇ ਨਵਦੀਪ ਸਿੰਘ ਸੰਘਾ ਕਹਿੰਦੇ ਹਨ, ''ਅਸਲ ਵਿੱਚ ਇਹ ਪਿਰਤ ਗਾਂਧੀ ਪਰਿਵਾਰ ਤੋਂ ਅੱਗੇ ਵਧੀ, ਜਿਸ ਨੇ ਦੇਸ਼ ਨੂੰ ਇੱਕ ਖਾਸ ਕਿਸਮ ਦੇ ਸਰਮਾਏਦਾਰ ਤਾਣੇ-ਬਾਣੇ ਦਾ ਸ਼ਿਕਾਰ ਬਣਾਇਆ।"

"ਜਵਾਹਰ ਲਾਲ ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਇਹੀ ਚੱਲ ਰਿਹਾ ਹੈ। ਇਸੇ ਰਾਹ ਹੁਣ ਅਕਾਲੀ ਦਲ ਵੀ ਚੱਲ ਪਿਆ ਹੈ ਪਰ ਆਮ ਆਦਮੀ ਪਾਰਟੀ ਪਰਿਵਾਰਵਾਦ ਤੋਂ ਦੇਸ਼ ਨੂੰ ਮੁਕਤੀ ਦਿਵਾਉਣ ਲਈ ਸ਼ੰਘਰਸ਼ਸ਼ੀਲ ਹੈ।''

ਇਹ ਵੀ ਪੜ੍ਹੋ:

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਕਹਿੰਦੇ ਹਨ, ''ਇਹ ਕੋਈ ਵੱਖਰੀ ਗੱਲ ਨਹੀਂ ਹੈ। ਦੇਸ ਦੇ ਅਨੇਕਾਂ ਸਿਆਸੀ ਪਰਿਵਾਰਾਂ ਦੀਆਂ ਅਗਲੀਆਂ ਪੀੜੀਆਂ ਸਿਆਸਤ ਵਿੱਚ ਆ ਗਈਆਂ ਹਨ।"

"ਖ਼ੈਰ, ਅਨੰਤਵੀਰ ਸਿੰਘ ਬਾਦਲ ਅਤੇ ਹਰਕੀਰਤ ਕੌਰ ਤਾਂ ਛੁੱਟੀਆਂ ਕਾਰਨ ਹੀ ਆਪਣੇ ਮਾਤਾ-ਪਿਤਾ ਨਾਲ ਜਾ ਰਹੇ ਹਨ। ਇਸ ਨੂੰ ਕਿਸੇ ਸਿਆਸੀ ਨਜ਼ਰੀਏ ਨਾਲ ਦੇਖਣਾ ਠੀਕ ਨਹੀਂ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)