You’re viewing a text-only version of this website that uses less data. View the main version of the website including all images and videos.
'ਉਤਰਨ' ਨਾਟਕ ਦੀ ਰਸ਼ਮੀ ਦੇਸਾਈ ਸੋਰਾਇਸਿਸ ਨਾਲ ਜੂਝ ਰਹੀ ਹੈ ਪਰ ਇਹ ਬੀਮਾਰੀ ਹੈ ਕੀ?
- ਲੇਖਕ, ਭੂਮਿਕਾ ਰਾਏ
- ਰੋਲ, ਪੱਤਰਕਾਰ, ਬੀਬੀਸੀ
ਰਸ਼ਮੀ ਦੇਸਾਈ ਯਾਦ ਹੈ ਤੁਹਾਨੂੰ? ਜੇ ਇਹ ਸਵਾਲ ਕੁਝ ਸਾਲ ਪਹਿਲਾਂ ਪੁੱਛਿਆ ਗਿਆ ਹੁੰਦਾ ਤਾਂ ਸ਼ਾਇਦ ਤੁਸੀਂ ਕਹਿੰਦੇ 'ਉਤਰਨ', ਸੀਰੀਅਲ ਦੀ ਤਪੱਸਿਆ-ਤੱਪੂ ਵਾਲੀ ਰਸ਼ਮੀ ਦੇਸਾਈ...।
ਕਈ ਵਾਰ ਸੀਰੀਅਲ ਦੇ ਕੁੱਝ ਕਿਰਦਾਰ ਇੰਨੇ ਮਸ਼ਹੂਰ ਹੋ ਜਾਂਦੇ ਹਨ ਕਿ ਉਹੀ ਉਨ੍ਹਾਂ ਕਲਾਕਾਰਾਂ ਦੀ ਅਸਲ ਪਛਾਣ ਬਣ ਜਾਂਦੇ ਹਨ।
ਰਸ਼ਮੀ ਦੇਸਾਈ ਲਈ 'ਉਤਰਨ' ਉਹੀ ਸੀਰੀਅਲ ਸੀ। ਉਸ ਵਿੱਚ ਮੁੱਖ ਭੂਮੀਕਾ ਨਿਭਾਉਣ ਕਾਰਨ ਲੋਕ ਅੱਜ ਵੀ ਰਸ਼ਮੀ ਨੂੰ ਜਾਣਦੇ ਅਤੇ ਪਛਾਣਦੇ ਹਨ।
ਇਸ ਤੋਂ ਬਾਅਦ ਰਸ਼ਮੀ ਕੁਝ ਹੋਰ ਨਾਟਕਾਂ ਵਿੱਚ ਨਜ਼ਰ ਆਈ, ਕੁਝ ਰਿਐਲਿਟੀ ਸ਼ੋਅ ਵੀ ਕੀਤੇ ਪਰ ਉਹ ਜਾਦੂ ਮੁੜ ਨਾ ਚੱਲ ਸਕਿਆ।
ਲੰਬਾ ਸਮਾਂ ਹੋ ਗਿਆ ਰਸ਼ਮੀ ਛੋਟੇ ਪਰਦੇ ਤੋਂ ਗਾਇਬ ਹੈ।
ਹਾਲਾਂਕਿ ਟੀਵੀ ਜਗਤ ਵਿਚ ਹਰ ਰੋਜ਼ ਨਵੇਂ ਸਰੀਅਲਜ਼ ਦੇ ਨਾਲ ਕਈ ਨਵੇਂ ਚਿਹਰੇ ਵੀ ਆ ਜਾਂਦੇ ਹਨ ਇਸ ਲਈ ਜੇ ਕੋਈ ਕਲਾਕਾਰ ਲੰਬੇ ਸਮੇਂ ਤੋਂ ਨਜ਼ਰ ਨਾ ਆਵੇ ਤਾਂ ਪਤਾ ਵੀ ਨਹੀਂ ਚੱਲਦਾ।
ਇਹ ਵੀ ਪੜ੍ਹੋ:
ਪਰ ਪਿਛਲੇ ਕੁਝ ਦਿਨਾਂ ਤੋਂ ਰਸ਼ਮੀ ਇੱਕ ਵਾਰ ਫਿਰ ਚਰਚਾ ਵਿਚ ਹੈ ਪਰ ਇਸ ਦਾ ਕਾਰਨ ਕੋਈ ਸੀਰੀਅਲ ਜਾਂ ਵਿਵਾਦ ਨਹੀਂ ਸਗੋਂ ਉਨ੍ਹਾਂ ਦੀ ਬਿਮਾਰੀ ਹੈ।
ਰਸ਼ਮੀ ਦੇਸਾਈ ਸੋਰਾਇਸਿਸ ਨਾਮ ਦੀ ਬਿਮਾਰੀ ਨਾਲ ਸੰਘਰਸ਼ ਕਰ ਰਹੀ ਹੈ।
ਸੰਭਵ ਹੈ ਕਿ ਤੁਸੀਂ ਇਸ ਬਿਮਾਰੀ ਬਾਰੇ ਪਹਿਲਾਂ ਨਾ ਸੁਣਿਆ ਹੋਵੇ ਪਰ ਰਸ਼ਮੀ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਇਸ ਬਿਮਾਰੀ ਤੋਂ ਪੀੜਤ ਹੈ।
ਸੋਰਾਇਸਿਸ ਚਮੜੀ ਨਾਲ ਸਬੰਧਿਤ ਬਿਮਾਰੀ ਹੈ ਜੋ ਕਿ ਆਮਤੌਰ 'ਤੇ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ।
ਪਰ ਸੋਰਾਸਿਸ ਹੈ ਕੀ?
ਅਮਰੀਕਾ ਦੀ ਨੈਸ਼ਨਲ ਸੋਰਾਇਸਿਸ ਫਾਊਂਡੇਸ਼ਨ ਮੁਤਾਬਕ ਇਸ ਵਿਚ ਚਮੜੀ ਉੱਤੇ ਲਾਲ ਧੱਫ਼ੜ (ਰੈਸ਼ੇਜ਼) ਪੈਣੇ ਸ਼ੁਰੂ ਹੋ ਜਾਂਦੇ ਹਨ।
ਆਮ ਤੌਰ 'ਤੇ ਇਸ ਦਾ ਅਸਰ ਸਭ ਤੋਂ ਵੱਧ ਕੋਹਣੀ ਦੇ ਬਾਹਰੀ ਹਿੱਸੇ ਅਤੇ ਗੋਡਿਆਂ 'ਤੇ ਦੇਖਣ ਨੂੰ ਮਿਲਦਾ ਹੈ।
ਉਂਝ ਇਸ ਦਾ ਅਸਰ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਹੋ ਸਕਦਾ ਹੈ।
ਕੁਝ ਪੀੜਤਾਂ ਦਾ ਕਹਿਣਾ ਹੈ ਕਿ ਸੋਰਾਇਸਿਸ ਵਿਚ ਜਲਨ ਵੀ ਹੁੰਦੀ ਹੈ ਅਤੇ ਖੁਰਕ ਵੀ। ਸੋਰਾਇਸਿਸ ਦਾ ਸਬੰਧ ਕਈ ਖਤਰਨਾਕ ਬਿਮਾਰਿਆਂ ਜਿਵੇਂ ਕਿ ਡਾਇਬਟੀਜ਼, ਦਿਲ ਦੇ ਰੋਗਾਂ ਅਤੇ ਇਕੱਲੇਪਨ ਨਾਲ ਵੀ ਹੋ ਸਕਦਾ ਹੈ।
ਨੈਸ਼ਨਲ ਸੋਰਾਇਸਿਸ ਫਾਊਂਡੇਸ਼ਨ ਅਨੁਸਾਰ ਜੇ ਸਰੀਰ ਵਿਚ ਕਿਤੇ ਵੀ ਲਾਲ ਧੱਫੜ ਹੁੰਦੇ ਹਨ ਤਾਂ ਬਿਨਾਂ ਪੁੱਛੇ ਦਵਾਈ ਲੈਣਾ ਖਤਰਨਾਕ ਹੋ ਸਕਦਾ ਹੈ। ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਇਹ ਸੋਰਾਇਸਿਸ ਦੀ ਸ਼ੁਰੂਆਤ ਹੋ ਸਕਦੀ ਹੈ।
ਅਮਰੀਕਨ ਅਕੈਡਮੀ ਆਫ਼ ਡਰਮਾਟੌਲੋਜੀ ਦੇ ਅਨੁਸਾਰ, ਇਹ ਬਿਮਾਰੀ ਜ਼ਿਆਦਾਤਰ ਗੋਰੇ ਲੋਕਾਂ ਵਿੱਚ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਂਵਲੇ ਲੋਕਾਂ ਵਿੱਚ ਨਹੀਂ ਹੋ ਸਕਦੀ।
ਨੈਸ਼ਨਲ ਸੋਰਾਇਸਿਸ ਫਾਊਂਡੇਸ਼ਨ ਅਨੁਸਾਰ, ਵਿਗਿਆਨੀਆਂ ਨੂੰ ਅਜੇ ਵੀ ਇਸਦੇ ਅਸਲ ਕਾਰਨ ਬਾਰੇ ਪਤਾ ਨਹੀਂ ਹੈ ਪਰ ਜੋ ਜਾਣਕਾਰੀ ਹੈ ਉਸ ਮੁਤਾਬਕ ਇਮਿਊਨ ਸਿਸਟਮ ਅਤੇ ਜੈਨੇਟਿਕ ਕਾਰਨ ਹੋ ਸਕਦੇ ਹਨ। ਉਨ੍ਹਾਂ ਦੇ ਅਨੁਸਾਰ ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ।
ਪਰ ਇਹ ਛੂਤ ਵਾਲੀ ਬੀਮਾਰੀ ਨਹੀਂ ਹੈ।
ਅਮਰੀਕਨ ਅਕੈਡਮੀ ਆਫ਼ ਡਰਮਾਟੌਲੋਜੀ ਅਨੁਸਾਰ ਇਸ ਤੋਂ ਇਲਾਵਾ ਸਵਿਮਿੰਗ ਪੂਲ ਵਿਚ ਨਹਾਉਣ, ਕਿਸੇ ਸੋਰਾਇਸਿਸ ਪੀੜਤ ਨਾਲ ਸੰਪਰਕ ਵਿਚ ਆਉਣ ਅਤੇ ਕਿਸੇ ਸੋਰਾਇਸਿਸ ਪੀੜਤ ਨਾਲ ਸਰੀਰਕ ਸਬੰਧ ਬਣਾਉਣ ਨਾਲ ਇਹ ਨਹੀਂ ਫੈਲਦੀ ਹੈ।
ਪਰ ਇਮਿਊਨ ਸਿਸਟਮ ਕਿਵੇਂ?
ਡਬਲਿਊਬੀਸੀ ਯਾਨਿ ਕਿ ਚਿੱਟੇ ਰਕਤਾਣੂ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ। ਬਿਮਾਰੀਆਂ ਨੂੰ ਰੋਕਣ ਦੀ ਸਮਰੱਥਾ ਨੂੰ ਇਮਊਨਿਟੀ ਕਿਹਾ ਜਾਂਦਾ ਹੈ। ਜੇ ਕਿਸੇ ਵਿਅਕਤੀ ਨੂੰ ਸੋਰਾਇਸਿਸ ਹੈ ਤਾਂ ਇਸ ਦਾ ਭਾਵ ਇਹ ਵੀ ਹੈ ਕਿ ਉਸ ਦੇ ਇਮਿਊਨ ਸਿਸਟਮ ਵਿਚ ਕੋਈ ਨਾ ਕੋਈ ਕਮੀ ਹੋ ਗਈ ਹੈ।
ਇਹ ਵੀ ਪੜ੍ਹੋ:
ਇਹੀ 'ਸਕਿਨ ਸੈਲਜ਼' ਵਾਧੂ ਚਮੜੀ ਗੰਢ ਜਾਂ ਧੱਫੜ ਬਣ ਜਾਂਦੇ ਹਨ ਜਿਸ ਨੂੰ ਸੋਰਾਇਸਿਸ ਕਹਿੰਦੇ ਹਨ।
ਪਰ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਜੇ ਇਹ ਇੱਕ ਵਾਰੀ ਸ਼ੁਰੂ ਹੋ ਜਾਵੇ ਤਾਂ ਸਾਰੀ ਉਮਰ ਹੀ ਰਹਿੰਦੀ ਹੈ। ਹਾਲਾਂਕਿ ਕੁਝ ਮਾਮਲਿਆਂ ਵਿੱਚ ਇਹ ਠੀਕ ਵੀ ਹੋ ਜਾਂਦੇ ਹਨ।
ਜੀਨਜ਼ ਇੱਕ ਕਾਰਨ
ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਈ ਵਾਰੀ ਇਸ ਲਈ ਜੀਨਜ਼ ਵੀ ਜ਼ਿੰਮੇਵਾਰ ਹੁੰਦੇ ਹਨ ਜੋ ਕਿ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਸ ਬੀਮਾਰੀ ਨੂੰ ਲੈ ਕੇ ਜਾਂਦੇ ਹਨ।
ਪਰ ਖਤਰਾ ਕਦੋਂ ਵੱਧਦਾ ਹੈ
- ਤਣਾਅ
- ਸਰੀਰ ਦੇ ਕੁਝ ਹਿੱਸਿਆਂ ਵਿੱਚ ਲੱਗੀ ਸੱਟ ਜਿਸ ਨਾਲ ਚਮੜੀ ਕੱਟ ਗਈ ਹੋਵੇ
- ਲਾਗ - ਕੁਝ ਦਵਾਈਆਂ ਤੋਂ ਐੱਲਰਜੀ ਵਾਲੀਆਂ ਹੁੰਦੀਆਂ ਹਨ
- ਮੌਸਮ (ਬਹੁਤ ਠੰਢਾ)
- ਤੰਬਾਕੂ
- ਸ਼ਰਾਬ
ਜੇ ਇਹ ਸਭ ਤੁਹਾਡੀ ਰੁਟੀਨ ਦਾ ਹਿੱਸਾ ਹੈ ਤਾਂ ਬਿਮਾਰੀ ਦੇ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।
ਕਿਵੇਂ ਪਤਾ ਲੱਗੇਗਾ ਕਿ ਸੋਰਾਇਸਿਸ ਹੋ ਗਿਆ ਹੈ
ਆਮ ਤੌਰ 'ਤੇ ਅਸੀਂ ਸਰੀਰ ਤੇ ਖੁਰਕ ਅਤੇ ਧੱਫੜ ਦੇਖ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸੋਚਦੇ ਹਾਂ ਕਿ ਕੋਈ ਇਨਫੈਕਸ਼ਨ ਹੋ ਗਿਆ ਹੈ। ਇਸ ਲਈ ਕੋਈ ਵੱਖਰਾ ਖੂਨ ਟੈਸਟ ਨਹੀਂ ਹੁੰਦਾ ਹੈ ਪਰ ਇਸ ਲਈ ਤੁਸੀਂ ਕਿਸੇ ਮਾਹਿਰ ਨੂੰ ਸੰਪਰਕ ਕਰ ਸਕਦੇ ਹੋ।
ਕਈ ਵਾਰ ਮਾਹਿਰ ਉਸ ਹਿੱਸੇ ਦਾ ਚਮੜੀ ਦਾ ਨਮੂਨਾ ਲੈਂਦੇ ਹਨ ਅਤੇ ਮਾਈਕਰੋਸਕੋਪ ਨਾਲ ਜਾਂਚ ਕਰਦੇ ਹਨ।
ਇਸ ਤੋਂ ਇਲਾਵਾ ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਸੋਰਾਇਸਿਸ ਦੀ ਸ਼ਿਕਾਇਤ ਰਹਿ ਚੁੱਕੀ ਹੈ ਤਾਂ ਪਹਿਲਾਂ ਹੀ ਸਤਰਕ ਹੋ ਜਾਓ ਅਤੇ ਜੇ ਅਜਿਹਾ ਕੋਈ ਵੀ ਨਿਸ਼ਾਨ ਨਜ਼ਰ ਆਏ ਜਾਂ ਚਮੜੀ ਮੋਟੀ ਜਾਂ ਖੁਰਦਰੀ ਲੱਗੇ ਤਾਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਕਿੰਨੇ ਕਿਸਮ ਦੀ ਸੋਰਾਇਸਿਸ ਬਿਮਾਰੀ ਹੁੰਦੀ ਹੈ?
ਸੋਰਾਇਸਿਸ ਪੰਜ ਕਿਸਮ ਦੀ ਹੁੰਦੀ ਹੈ।
- ਪਲਾਕ ਸੋਰਾਇਸਿਸ: ਇਹ ਸਭ ਤੋਂ ਆਮ ਕਿਸਮ ਹੈ। ਇਸ ਵਿੱਚ ਸਰੀਰ 'ਤੇ ਲਾਲ ਧੱਫੜ ਬਣ ਜਾਂਦੇ ਹਨ।
- ਗਿਊਟੇਟ ਸੋਰਾਇਸਿਸ: ਇਹ ਸਰੀਰ 'ਤੇ ਦਾਨਿਆਂ ਦੇ ਰੂਪ ਵਿਚ ਨਜ਼ਰ ਆਉਂਦਾ ਹੈ।
-ਇਨਵਰਸ ਸੋਰਾਇਸਿਸ: ਸਰੀਰ ਦੇ ਜਿਹੜੇ ਹਿੱਸੇ ਮੁੜਦੇ ਹਨ ਉਸ ਉੱਤੇ ਇਸ ਦਾ ਵਧੇਰੇ ਅਸਰ ਨਜ਼ਰ ਆਉਂਦਾ ਹੈ।
- ਪੁਸਟਿਊਲਰ ਸੋਰਾਇਸਿਸ: ਇਸ ਨਾਲ ਲਾਲ ਧੱਫੜ ਦੇ ਆਲੇ-ਦੁਆਲੇ ਚਿੱਟੀ ਚਮੜੀ ਜਮ੍ਹਾ ਹੋ ਜਾਂਦੀ ਹੈ।
- ਐਰੀਥਰੋਡਰਮਿਕ ਸੋਰਾਇਸਿਸ: ਇਹ ਸੋਰਾਸਿਸ ਸਭ ਤੋਂ ਖ਼ਤਰਨਾਕ ਰੂਪ ਹੈ ਜਿਸ ਵਿਚ ਖੁਰਕ ਦੇ ਨਾਲ ਤੇਜ਼ ਦਰਦ ਹੁੰਦਾ ਹੈ।
ਕੀ ਹੈ ਇਲਾਜ
ਸੋਰਾਇਸਿਸ ਦਾ ਇਲਾਜ ਆਮ ਤੌਰ 'ਤੇ ਇਸ ਬਿਮਾਰੀ ਨੂੰ ਵਧਣ ਤੋਂ ਰੋਕਦਾ ਹੈ ਅਤੇ ਇਸ ਨਾਲ ਸੋਰਾਇਸਿਸ ਕਾਬੂ ਹੇਠ ਰਹਿੰਦਾ ਹੈ।
ਇਸਦਾ ਇਲਾਜ ਤਿੰਨ ਪੜਾਵਾਂ ਵਿੱਚ ਹੁੰਦਾ ਹੈ।
- ਟਾਪੀਕਲ: ਇਸ ਵਿਚ ਪ੍ਰਭਾਵਿਤ ਖੇਤਰ 'ਤੇ ਕਰੀਮ ਅਤੇ ਤੇਲ ਲਾਉਣਾ ਸ਼ਾਮਿਲ ਹੈ।
- ਫੋਟੋਥੈਰੇਪੀ: ਅਲਟਰਾਵਾਇਲੇਟ ਕਿਰਨਾਂ ਨਾਲ ਇਲਾਜ
- ਸਿਸਟੇਮਿਕ: ਦਵਾਈ ਜਾਂ ਟੀਕਾ
ਕੀ ਹਨ ਬਚਾਅ ਦੇ ਤਰੀਕੇ?
- ਸਰੀਰ ਨੂੰ ਸਾਫ਼ ਰੱਖੋ ਅਤੇ ਖੁਦ ਦਾ ਧਿਆਨ ਰੱਖੋ
- ਸਿਹਤਮੰਦ ਖਾਣਾ ਅਤੇ ਰੁਟੀਨ
- ਤਣਾਅ ਤੋਂ ਦੂਰ ਰਹੋ
- ਸੰਪੂਰਨ ਜਾਣਕਾਰੀ
ਰਸ਼ਮੀ ਇਹ ਵੀ ਕਹਿੰਦੀ ਹੈ ਕਿ ਜੀਵਨਸ਼ੈਲੀ ਕਾਰਨ ਉਹ ਸ਼ੁਰੂਆਤੀ ਸਮੇਂ ਵਿਚ ਓਨਾ ਧਿਆਨ ਨਹੀਂ ਦੇ ਸਕੀ ਜਿੰਨਾ ਜ਼ਰੂਰੀ ਸੀ। ਇਸਦਾ ਇੱਕ ਅਸਰ ਇਹ ਵੀ ਹੋਇਆ ਕਿ ਭਾਰ ਵੱਧ ਗਿਆ ਹੈ।
ਡਾਕਟਰ ਵੀ ਮੰਨਦੇ ਹਨ ਕਿ ਸੋਰਾਇਸਿਸ ਦੇ ਲਿਹਾਜ਼ ਨਾਲ ਸਭ ਤੋਂ ਜ਼ਰੂਰੀ ਹੈ ਖੁਦ ਦਾ ਧਿਆਨ ਰੱਖੀਏ। ਸ਼ੁਰੂਆਤੀ ਧਿਆਨ ਰਾਹੀਂ ਇਸ ਦੇ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਹਨ: