ਲੋਕ ਸਭਾ ਚੋਣਾਂ 2019: ਇੱਕ ਫ਼ੈਸਲਾ ਜੋ ਬਣ ਗਿਆ ਟਕਸਾਲੀ ਅਕਾਲੀਆਂ ਲਈ 'ਆਤਮਘਾਤੀ'

    • ਲੇਖਕ, ਸੁਖ਼ਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਵਿਚ ਅਕਾਲੀ ਦਲ ਟਕਸਾਲੀ ਨਵੀਂ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਖ਼ਿਲਾਫ਼ ਖੜ੍ਹੀ ਹੋਈ ਬਗਾਵਤ ਅਕਾਲੀ ਦਲ ਟਕਸਾਲੀ ਦਾ ਅਧਾਰ ਬਣੀ।

ਪੰਜਾਬ ਵਿਚ ਪੰਥਕ ਧਿਰਾਂ ਨੂੰ ਲਾਮਬੰਦ ਕਰਨ ਅਤੇ ਅਕਾਲੀ ਦਲ ਦਾ ਬਦਲ ਬਣਨ ਦਾ ਦਾਅਵਾ ਕਰਨ ਵਾਲੇ ਟਕਸਾਲੀ ਆਗੂ ਚੋਣ ਮੈਦਾਨ ਵਿਚੋਂ ਗਾਇਬ ਜਿਹੇ ਹੋ ਗਏ ਹਨ।

ਟਕਸਾਲੀਆਂ ਦਾ ਮੋਰਚਾ

ਸ਼੍ਰੋਮਣੀ ਅਕਾਲੀ ਦਲ ਵਿਚੋਂ ਬਾਗੀ ਤੇਵਰਾਂ ਕਾਰਨ ਬਾਹਰ ਕੀਤੇ ਗਏ ਮਾਝੇ ਦੇ ਨਾਮੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾਕਟਰ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖ਼ਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ ਸੀ।

ਪਹਿਲਾਂ ਟਕਸਾਲੀਆਂ ਨੇ ਗੈਰ ਬਾਦਲ ਪੰਥਕ ਸਫ਼ਾ ਨੂੰ ਇਕੱਠੇ ਕਰਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਬਾਗੀ ਧੜ੍ਹਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਤਜਰਬਾ ਸਿਰੇ ਨਾ ਚੜ੍ਹਿਆ।

ਇੱਕ ਪਾਸੇ ਸਿਆਸੀ ਗਠਜੋੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਦੂਜੇ ਪਾਸੇ ਇੱਕ ਪਾਸੜ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ।

ਟਕਸਾਲੀਆਂ ਨੇ ਪੰਜਾਬ ਦੀਆਂ 13 ਵਿੱਚੋਂ ਤਿੰਨ ਲੋਕ ਸਭਾ ਸੀਟਾਂ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ।

ਅਨੰਦਪੁਰ ਸਾਹਿਬ ਤੋਂ ਬੀਰਦਵਿੰਦਰ ਸਿੰਘ, ਸੰਗਰੂਰ ਤੋਂ ਰਾਜਦੇਵ ਸਿੰਘ ਖ਼ਾਲਸਾ ਅਤੇ ਖਡੂਰ ਸਾਹਿਬ ਤੋਂ ਸੇਵਾਮੁਕਤ ਜਨਰਲ ਜੇਜੇ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ:

ਟਕਸਾਲੀਆਂ ਦਾ ਆਤਮਘਾਤੀ ਫ਼ੈਸਲਾ?

ਅਕਾਲੀ ਦਲ ਟਕਸਾਲੀ ਦੇ ਉਮੀਦਵਾਰਾਂ ਵਿੱਚੋਂ ਅਨੰਦਪੁਰ ਸਾਹਿਬ ਤੋਂ ਬੀਰਦਵਿੰਦਰ ਸਿੰਘ ਨੂੰ ਗਠਜੋੜ ਗੱਲਬਾਤ ਦੌਰਾਨ ਉਮੀਦਵਾਰ ਐਲਾਨਣਾ ਟਕਸਾਲੀਆਂ ਲਈ ਆਤਮਘਾਤੀ ਫੈਸਲਾ ਹੋ ਨਿੱਬੜਿਆ।

ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਗਠਜੋੜ (ਪੀਡੀਏ) ਦੀ ਤਰਫ਼ੋਂ ਅਨੰਦਪੁਰ ਸਾਹਿਬ ਸੀਟ ਬਹੁਜਨ ਸਮਾਜ ਪਾਰਟੀ ਨੂੰ ਦਿੱਤੀ ਗਈ ਸੀ। ਜੋ ਪਹਿਲਾਂ ਹੀ ਇਹ ਸੀਟ ਪਾਰਟੀ ਨੂੰ ਦੇਣ ਦੀ ਸ਼ਰਤ ਨਾਲ ਗਠਜੋੜ ਦਾ ਹਿੱਸਾ ਬਣੀ ਸੀ।

ਪੀਡੀਏ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਅਕਾਲੀ ਦਲ ਟਕਸਾਲੀ ਨੇ ਆਮ ਆਦਮੀ ਪਾਰਟੀ ਨਾਲ ਗੱਲਬਾਤ ਚਲਾਈ, ਪਰ ਉਸ ਵਲੋਂ ਵੀ ਨਰਿੰਦਰ ਸ਼ੇਰਗਿੱਲ ਇਸ ਸੀਟ ਤੋਂ ਕਈ ਮਹੀਨੇ ਪਹਿਲਾਂ ਉਮੀਦਵਾਰ ਐਲਾਨਿਆ ਜਾ ਚੁੱਕਾ ਸੀ।

ਆਮ ਆਦਮੀ ਪਾਰਟੀ ਨੇ ਵੀ ਸ਼ੇਰਗਿੱਲ ਦੀ ਉਮੀਦਵਾਰੀ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਟਕਸਾਲੀਆਂ ਕੋਲ ਇਕੱਲਿਆਂ ਚੋਣ ਮੈਦਾਨ ਵਿਚ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਬਚਿਆ।

ਇਹ ਵੀ ਪੜ੍ਹੋ:

ਦੋ ਉਮੀਦਵਾਰਾਂ ਨੇ ਖਾਲੀ ਕੀਤੇ ਮੈਦਾਨ

ਖਡੂਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਸਾਬਕਾ ਜਨਰਲ ਜੇ ਜੇ ਸਿੰਘ ਦਾ ਨਾਂ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਵਾਪਸ ਲੈ ਲਿਆ ਗਿਆ।

ਤੀਸਰੇ ਉਮੀਦਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਐਮ ਪੀ ਰਾਜਦੇਵ ਸਿੰਘ ਖ਼ਾਲਸਾ ਐਲਾਨੇ ਗਏ ਸਨ।

ਹੈਰਾਨੀਜਨਕ ਤਰੀਕੇ ਨਾਲ ਰਾਜਦੇਵ ਸਿੰਘ ਖ਼ਾਲਸਾ ਵੱਲੋਂ ਮਿਥੀ ਤਰੀਕ ਤੱਕ ਨਾਮਜ਼ਦਗੀ ਹੀ ਨਹੀਂ ਭਰੀ ਗਈ ਸੀ।

ਇਸ ਤੋਂ ਵੀ ਦਿਲਚਸਪ ਘਟਨਾਕ੍ਰਮ ਇਹ ਵਾਪਰਿਆ ਕਿ ਰਾਜਦੇਵ ਖ਼ਾਲਸਾ ਨਵੀਂ ਹੋਂਦ ਵਿੱਚ ਆਈ ਪਾਰਟੀ, ਭਾਰਤੀ ਲੋਕ ਸੇਵਾ ਦਲ ਵਿੱਚ ਸ਼ਾਮਲ ਹੋ ਗਏ।

ਮੇਰੀ ਕਿਸੇ ਨੇ ਸਲ਼ਾਹ ਨਹੀਂ ਲਈ: ਰਾਜਦੇਵ

ਭਾਰਤੀ ਲੋਕ ਸੇਵਾ ਦਲ ਵਿੱਚ ਖ਼ਾਲਸਾ ਨੂੰ ਪੰਜਾਬ ਪ੍ਰਧਾਨ ਐਲਾਨਿਆ ਗਿਆ ਅਤੇ ਖ਼ਾਲਸਾ ਨੇ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਮਹਿੰਦਰਪਾਲ ਸਿੰਘ ਦਾਨਗੜ ਦੀ ਹਮਾਇਤ ਦਾ ਐਲਾਨ ਕਰ ਦਿੱਤਾ।

ਬੀਬੀਸੀ ਨਾਲ ਗੱਲ ਕਰਦਿਆਂ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ, "ਮੇਰੇ ਚੋਣ ਨਾ ਲੜਨ ਪਿੱਛੇ ਮੁੱਖ ਕਾਰਨ ਮੇਰੇ ਸੱਟ ਲੱਗਣਾ ਸੀ। ਬੀਤੀ 23 ਤਰੀਕ ਨੂੰ ਮੇਰਾ ਚੂਲਾ ਫਰੈਕਚਰ ਹੋ ਗਿਆ ਜਿਸ ਕਾਰਨ ਮੈਂ ਚੋਣ ਸਰਗਰਮੀ ਕਰਨ ਦੇ ਸਮਰੱਥ ਨਹੀਂ ਰਿਹਾ ਸੀ।''

''ਇਸ ਤੋਂ ਬਾਅਦ ਵਰਕਰਾਂ ਦੀ ਰਾਇ ਨਾਲ ਹੀ ਮੈਂ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਸੀ। ਮੈਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਫ਼ੋਨ ਉੱਪਰ ਇਸ ਸਬੰਧੀ ਸੂਚਿਤ ਕਰ ਦਿੱਤਾ ਸੀ। ਪਾਰਟੀ ਵੱਲੋਂ ਕੋਈ ਹੋਰ ਉਮੀਦਵਾਰ ਖੜ੍ਹਾ ਕਰਨ ਦੀ ਸੂਰਤ ਵਿੱਚ ਪੂਰਨ ਹਮਾਇਤ ਦੇਣ ਦੀ ਗੱਲ ਵੀ ਮੈਂ ਉਨ੍ਹਾਂ ਨੂੰ ਕਹੀ ਸੀ।''

ਇਹ ਵੀ ਪੜ੍ਹੋ:

ਖਾਲਸਾ ਨੇ ਕਿਹਾ ਪੀਡੀਏ ਤੋਂ ਬਾਅਦ 'ਆਪ' ਨਾਲ ਗਠਜੋੜ ਦੀ ਗੱਲਬਾਤ ਚਲਾਈ ਗਈ, ਜੇ ਇਹ ਗਠਜੋੜ ਹੋ ਜਾਂਦਾ ਤਾਂ ਸੀਟ 'ਆਪ' ਨੂੰ ਜਾਣੀ ਸੀ।

ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਉਮੀਦਵਾਰ ਵਾਪਸ ਲੈ ਲਿਆ ਗਿਆ। ਇਨ੍ਹਾਂ ਵਿੱਚੋਂ ਕਿਸੇ ਵੀ ਮਾਮਲੇ ਉੱਤੇ ਮੇਰੀ ਰਾਇ ਪਾਰਟੀ ਵੱਲੋਂ ਨਹੀਂ ਲਈ ਗਈ।

ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਦਾ ਚੋਣ ਨਾ ਲੜਨਾ

ਨਵੰਬਰ 2018 ਵਿੱਚ ਸ਼੍ਰੋਮਣੀ ਅਕਾਲੀ ਦੇ ਮਾਝੇ ਦੇ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਐਮ ਪੀ, ਸੇਵਾ ਸਿੰਘ ਸੇਖਵਾਂ, ਸਾਬਕਾ ਮੰਤਰੀ ਪੰਜਾਬ ਅਤੇ ਰਤਨ ਸਿੰਘ ਅਜਨਾਲਾ, ਸਾਬਕਾ ਐਮ ਪੀ ਵੱਲੋਂ ਪਾਰਟੀ ਲੀਡਰਸ਼ਿਪ 'ਤੇ ਸਵਾਲ ਉਠਾਏ ਗਏ ਸਨ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਤਿੰਨਾਂ ਸਮੇਤ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਮਰਪਾਲ ਸਿੰਘ ਅਜਨਾਲਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।

ਦਸੰਬਰ 2018 ਵਿੱਚ ਉਕਤ ਆਗੂਆਂ ਵੱਲੋਂ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਪਾਰਟੀ ਵੱਲੋਂ ਪੰਜਾਬ ਡੈਮੋਕਰੈਟਿਕ ਅਲਾਇੰਸ ਅਤੇ ਆਮ ਆਦਮੀ ਪਾਰਟੀ ਨਾਲ ਚੋਣ ਗੱਠਜੋੜ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਚੋਣ ਗੱਠਜੋੜ ਕਿਸੇ ਵੀ ਧਿਰ ਨਾਲ ਸਿਰੇ ਨਹੀਂ ਚੜ ਸਕਿਆ।

ਦਿਲਚਸਪ ਤੱਥ ਇਹ ਵੀ ਹੈ ਕਿ ਸਾਬਕਾ ਐਮ ਪੀ ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਵਿੱਚੋਂ ਕੋਈ ਵੀ ਆਗੂ ਚੋਣ ਮੈਦਾਨ ਵਿੱਚ ਨਹੀਂ ਨਿੱਤਰਿਆ।

ਪੰਜਾਬ ਵਿਚ ਪੰਥਕ ਬਦਲਾਅ ਦੇ ਨਾਅਰੇ ਨਾਲ ਬਣੇ ਅਕਾਲੀ ਦਲ ਟਕਸਾਲੀ ਅਨੰਦਪੁਰ ਸਾਹਿਬ ਹਲਕੇ ਵਿਚ ਵੀ ਉਸ ਤਰ੍ਹਾਂ ਲਹਿਰ ਖੜ੍ਹੀ ਨਹੀਂ ਕਰ ਪਾ ਰਹੇ, ਜਿਸ ਤਰ੍ਹਾਂ ਦਾ ਦਾਅਵਾ ਪੂਰੇ ਪੰਜਾਬ ਵਿਚ ਲਹਿਰ ਖੜ੍ਹੀ ਕਰਨ ਦੀ ਕੀਤੀ ਗਿਆ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)