You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਬਾਗੀਆਂ ਦੀ ਮੋਰਚਾਬੰਦੀ, ਬ੍ਰਹਮਪੁਰਾ ਨੇ ਨਵਾਂ ਅਕਾਲੀ ਦਲ ਤੇ ਖਹਿਰਾ ਨੇ ਨਵਾਂ ਗਠਜੋੜ ਐਲਾਨਿਆ
16 ਦਸੰਬਰ ਨੂੰ ਪੰਜਾਬ ਵਿਚ ਦੋ ਨਵੀਆਂ ਸਿਆਸੀ ਧਿਰਾਂ ਨੇ ਆਪੋ-ਆਪਣੇ ਨਵੇਂ ਸੰਗਠਨਾਂ ਦਾ ਐਲਾਨ ਕੀਤਾ।
ਅਕਾਲੀ ਦਲ ਤੋਂ ਬਾਗੀ ਆਗੂਆਂ ਨੇ ਅੰਮ੍ਰਿਤਸਰ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਦੇ ਬਾਗੀਆਂ ਵੱਲੋਂ ਪਟਿਆਲਾ ਵਿਚ ਡੈਮੋਕ੍ਰੇਟਿਕ ਗਠਜੋੜ ਦਾ ਐਲਾਨ ਕੀਤਾ ਗਿਆ।
ਹਾਲਾਂਕਿ ਦੋਵੇਂ ਬਾਗੀਆਂ ਦੀਆਂ ਪਿਤਰੀ ਪਾਰਟੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਉਨ੍ਹਾਂ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਦੋਵਾਂ ਪਾਰਟੀਆਂ ਨੇ ਆਗੂਆਂ ਨੇ ਲੋਕ ਸਮਰਥਨ ਪਾਰਟੀਆਂ ਨਾਲ ਹੋਣ ਦਾ ਦਾਅਵਾ ਕੀਤਾ।
ਅਕਾਲੀ ਦਲ ਦੇ ਬਾਗੀ ਆਗੂਆਂ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਐਲਾਨ ਕਰ ਦਿੱਤਾ। ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਇਸ ਨਵੇਂ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ ਹੈ।
ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖ਼ਵਾ, ਡਾਕਟਰ ਰਤਨ ਸਿੰਘ ਅਜਨਾਲਾ ਅਤੇ ਮਾਝੇ ਦੇ ਕੁਝ ਹੋਰ ਅਕਾਲੀ ਆਗੂਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਅਕਾਲੀ ਆਗੂ ਸ੍ਰੀ ਦਰਬਾਰ ਸਾਹਿਬ ਪਹੁੰਚੇ, ਜਿੱਥੇ ਨਤਮਸਤਕ ਹੋਣ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਗਠਨ ਦਾ ਐਲਾਨ ਕੀਤਾ।
ਹੰਗਾਮਾ ਵੀ ਹੋਇਆ
ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਜਦੋਂ ਟਕਸਾਲੀ ਆਗੂ ਐੱਸਜੀਪੀਸੀ ਦੇ ਸੂਚਨਾ ਕੇਂਦਰ ਪਹੁੰਚੇ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਸੂਚਨਾ ਕੇਂਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ-
ਇਸ ਕਾਰਨ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਮੁਲਾਜ਼ਮਾਂ ਵਿਚਕਾਰ ਕਾਫ਼ੀ ਤੂੰ-ਤੂੰ, ਮੈਂ -ਮੈਂ ਹੋਈ। ਬਾਅਦ ਵਿਚ ਇਨ੍ਹਾਂ ਆਗੂਆਂ ਨੇ ਜ਼ਮੀਨ ਉੱਤੇ ਬੈਠ ਕੇ ਹੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਬਾਦਲ ਪਰਿਵਾਰ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ।
ਪ੍ਰੈੱਸ ਕਾਨਫਰੰਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, "ਅਕਾਲੀ ਦਲ ਟਕਸਾਲੀ 1920 ਦੇ ਅਕਾਲੀ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੰਗਠਨ ਅਕਾਲ ਤਖ਼ਤ ਅਤੇ ਪੰਥਕ ਸੰਸਥਾਵਾਂ ਦੀ ਮਰਿਯਾਦਾ ਤੇ ਸਨਮਾਨ ਬਹਾਲ ਕਰੇਗਾ।''
ਸਭ ਰਸਤੇ ਖੁੱਲ੍ਹੇ
ਬ੍ਰਹਮਪੁਰਾ ਨੇ ਕਿਹਾ, "ਬਾਦਲ ਪਰਿਵਾਰ ਨੇ ਗਲਤੀਆਂ ਨਹੀਂ ਪਾਪ ਕੀਤੇ ਹਨ, ਇਨ੍ਹਾਂ ਦੀ ਮਾਫ਼ੀ ਆਪੇ ਜਥੇਦਾਰ ਥਾਪ ਕੇ ਨਹੀਂ ਮਿਲ ਸਕਦੀ। ਅਕਾਲ ਤਖ਼ਤ ਉੱਤੇ ਭੁੱਲਾਂ ਬਖ਼ਸਾਉਣ ਦੀ ਇੱਕ ਮਰਿਯਾਦਾ ਹੈ, ਬਾਦਲਾਂ ਨੇ ਇਹ ਵੀ ਤੋੜ ਦਿੱਤੀ ਹੈ।''
ਇੱਕ ਸਵਾਲ ਦੇ ਜਵਾਬ ਵਿਚ ਬ੍ਰਹਮਪੁਰਾ ਨੇ ਕਿਹਾ ਕਿ ਉਹ ਲੋਕ ਸਭਾ ਦੀ ਖੁਦ ਚੋਣ ਨਹੀਂ ਲੜਨਗੇ ਪਰ ਪਾਰਟੀ ਚੋਣਾਂ ਵਿਚ ਹਿੱਸਾ ਲਵੇਗੀ ਅਤੇ ਦੂਜੀਆਂ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ਵੀ ਤਲਾਸ਼ੇਗੀ।
ਇਸ ਮੌਕੇ ਸੇਵਾ ਸਿੰਘ ਸੇਖ਼ਵਾ ਨੇ ਕਿਹਾ ਅਕਾਲੀ ਲੀਡਰਸ਼ਿਪ ਨੇ ਜੋ ਬੱਜਰ ਗਲਤੀਆਂ ਕੀਤੀਆਂ ਉਸ ਖ਼ਿਲਾਫ਼ ਪਾਰਟੀ ਵਿਚ ਰਹਿ ਕੇ ਲ਼ੜਦੇ ਰਹੇ ,ਪਰ ਹੁਣ ਅੰਤ ਹੀ ਹੋ ਗਿਆ ਸੀ ਇਸ ਲਈ ਨਵੀਂ ਪਾਰਟੀ ਬਣਾਉਣੀ ਪਈ ਹੈ।
ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ, "ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ ਤੇ ਜਿੱਤ ਹਾਸਲ ਕਰਾਂਗੇ।''
ਅਕਾਲੀ ਦਲ ਨੇ ਕੀ ਕਿਹਾ
ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ, "ਪਹਿਲਾਂ ਵੀ ਵੱਖਰੇ ਅਕਾਲੀ ਦਲ ਬਣੇ ਪਰ ਲੋਕਾਂ ਨੇ ਸਾਥ ਨਹੀਂ ਦਿੱਤਾ , ਲੋਕਤੰਤਰ ਹੈ ਹਰ ਕਿਸੇ ਨੂੰ ਪਾਰਟੀ ਬਣਾਉਣ ਦਾ ਹੱਕ ਹੈ, ਪਰ ਪੰਜਾਬ ਦੇ ਲੋਕ ਇਸ ਨਵੇਂ ਬਣੇ ਅਕਾਲੀ ਦਲ ਦਾ ਸਾਥ ਨਹੀਂ ਦੇਣਗੇ।''
ਇਹ ਵੀ ਪੜ੍ਹੋ-
ਇਸੇ ਤਰ੍ਹਾਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ, "ਅਕਾਲੀ ਦਲ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਇਸ ਨਵੇਂ ਅਕਾਲੀ ਦਲ ਦਾ ਵੀ ਕੁਝ ਨਹੀਂ ਬਣਨਾ।''
ਕਾਂਗਰਸ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ, "ਅਕਾਲੀ ਦਲ ਦਾ ਪਤਨ ਹੋ ਚੁੱਕਾ ਹੈ, ਜਿਹੜੇ ਆਗੂ ਪਾਰਟੀ ਲੀਡਰਸ਼ਿਪ ਤੋਂ ਨਰਾਜ਼ ਸਨ, ਉਨ੍ਹਾਂ ਵੱਲੋਂ ਪਾਰਟੀ ਦਾ ਐਲਾਨ ਕੀਤਾ ਹੈ। ਇਸ ਨਾਲ ਪਾਰਟੀ ਨੂੰ ਫਰਕ ਦਾ ਪਵੇਗਾ ਹੀ।''
ਪਹਿਲਾ ਬਾਗੀ ਅਕਾਲੀ ਦਲ ਨਹੀਂ
ਸ਼੍ਰੋਮਣੀ ਅਕਾਲੀ ਦਲ ਵਿਚ ਪਹਿਲੀ ਵਾਰ ਬਗਾਵਤ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ 1920, ਯੂਨਾਇਟਿਡ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਬਰਨਾਲਾ, ਅਕਾਲੀ ਦਲ ਜਨਤਾ, ਸਰਬ ਹਿੰਦ ਅਕਾਲੀ ਦਲ ਟੌਹੜਾ ਵਰਗੀਆਂ ਸਿਆਸੀ ਪਾਰਟੀਆਂ ਬਣ ਚੁੱਕੀਆਂ ਹਨ।
ਪਰ ਇਨ੍ਹਾਂ ਵਿੱਚੋਂ ਕਿਸੇ ਵੀ ਅਕਾਲੀ ਦਲ ਨੂੰ ਬਹੁਤੀ ਸਫ਼ਲਤਾ ਨਹੀਂ ਮਿਲੀ ਅਤੇ ਨਾ ਹੀ ਮੌਜੂਦਾ ਅਕਾਲੀ ਦਲ ਬਾਦਲ ਦਾ ਮੁਕਾਬਲਾ ਕਰ ਸਕੇ।
ਖਹਿਰਾ ਨੇ ਬਣਾਇਆ ਡੈਮੋਕ੍ਰੇਟਿਕ ਅਲਾਇੰਸ
ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਆਮ ਆਦਮੀ ਪਾਰਟੀ ਦੇ ਬਾਗੀ ਧੜ੍ਹੇ ਨੇ ਵੀ ਐਤਵਾਰ ਨੂੰ ਆਪਣਾ ਵੱਖਰਾ ਰਾਹ ਅਖਤਿਆਰ ਕਰ ਲਿਆ। ਡੈਮੋਕ੍ਰੇਟਿਕ ਅਲਾਇੰਸ ਦੇ ਨਾਂ ਹੇਠ ਨਵਾਂ ਸਿਆਸੀ ਗਠਜੋੜ ਬਣਾਉਣ ਦਾ ਐਲਾਨ ਕੀਤਾ ਗਿਆ।
ਪਟਿਆਲਾ ਵਿਚ ਲੋਕ ਇਨਸਾਫ਼ ਮਾਰਚ ਦੇ ਆਖਰੀ ਦਿਨ ਖਹਿਰਾ ਨੇ ਧਰਮਵੀਰ ਗਾਂਧੀ ਤੇ ਬੈਂਸ ਭਰਾਵਾਂ ਦੀ ਹਾਜ਼ਰੀ ਵਿਚ ਇਸ ਗਠਜੋੜ ਦਾ ਐਲਾਨ ਕੀਤਾ ਗਿਆ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ , "ਆਮ ਆਦਮੀ ਪਾਰਟੀ ਬਾਗੀ, ਧਰਮਵੀਰ ਗਾਂਧੀ ਦੇ ਪੰਜਾਬ ਮੰਚ, ਬੈਂਸ ਭਰਾਵਾਂ ਦਾ ਲੋਕ ਇਨਸਾਫ਼ ਪਾਰਟੀ ਨੇ ਮਿਲ ਕੇ ਸਾਂਝੇ ਸਿਆਸੀ ਗਠਜੋੜ ਦਾ ਐਲਾਨ ਕੀਤਾ ਗਿਆ ਹੈ।''
ਉਨ੍ਹਾਂ ਦਾਅਵਾ ਕੀਤਾ ਕਿ ਯੂਨਾਈਟਿਡ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨਾਲ ਵੀ ਸਾਂਝ ਪਾਈ ਜਾਵੇਗੀ।
ਇੱਕ ਪਾਰਟੀ ਵੀ ਬਣੇਗੀ
ਮੀਡੀਆ ਨਾਲ ਗੱਲ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ, "ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਸਿਆਸੀ ਗਠਜੋੜ ਦਾ ਐਲਾਨ ਕੀਤਾ ਗਿਆ ਹੈ। ਪਰ ਇਹ ਧਿਰਾਂ ਇੱਕ ਨਿਸ਼ਾਨ ਤੇ ਇਕ ਵਿਧਾਨ ਹੇਠ ਇਕੱਠੀਆਂ ਹੋਣਗੀਆਂ।''
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਹਿੱਤਾਂ ਲਈ ਯੂਨਾਇਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਕਈ ਹੋਰ ਸੰਗਠਨ ਇਕੱਠੇ ਹੋਣ ਜਾ ਰਹੀਆਂ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਪੰਜਾਬ ਨੂੰ ਰਵਾਇਤੀ ਸਿਆਸੀ ਸੋਚ, ਭ੍ਰਿਸ਼ਟ ਤੰਤਰ ਅਤੇ ਪਰਿਵਾਰਵਾਦ ਤੋਂ ਛੁਟਕਾਰਾ ਦੁਆਉਣਾ ਹੈ।
ਆਮ ਆਦਮੀ ਪਾਰਟੀ ਦਾ ਦਾਅਵਾ
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁਝ ਆਗੂਆਂ ਵੱਲੋਂ ਪਾਰਟੀ ਦੇ ਬਾਹਰ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ।
ਉਨ੍ਹਾਂ ਦਾਅਵਾ ਕੀਤਾ ਕਿ ਖਹਿਰਾ ਨੇ ਇਨਸਾਫ਼ ਮਾਰਚ ਦੇ ਫਲਾਪ ਸ਼ੌਅ ਸਾਬਿਤ ਹੋਣ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਲੋਕ ਆਮ ਆਦਮੀ ਪਾਰਟੀ ਨਾਲ ਹਨ।
ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਰਕਰਾਂ ਦੀ ਪਾਰਟੀ ਹੈ ਅਤੇ ਪਾਰਟੀ ਵੱਡੀ ਹੁੰਦੀ ਹੈ ਕੋਈ ਆਗੂ ਨਹੀਂ ਇਸ ਲਈ ਕੁਝ ਆਗੂਆਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ।
ਭਾਵੇਂ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਆਗਾਮੀ ਚੋਣਾਂ ਵਿਚ ਪਤਾ ਲੱਗ ਜਾਵੇਗਾ ਕਿ ਲੋਕ ਕਿਸ ਨਾਲ ਹਨ।