ਸੁਖਬੀਰ ਤੇ ਮਜੀਠੀਆ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਲਈ ਜ਼ਿੰਮੇਵਾਰ - ਬ੍ਰਹਮਪੁਰਾ - 5 ਅਹਿਮ ਖ਼ਬਰਾਂ

ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਟਕਸਾਲੀਆਂ ਆਗੂਆਂ ਵਿਚੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਤੇ ਪੰਥਕ ਅਦਾਰਿਆਂ ਨੂੰ ਖ਼ਤਮ ਕਰ ਦਿੱਤਾ ਹੈ।

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ 'ਚ ਜ਼ਿੰਮੇਵਾਰ ਹਨ।

ਉੱਧਰ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮੌਕਾਰਪ੍ਰਸਤ ਕਰਾਰ ਦਿੱਤਾ ਗਿਆ ਹੈ।

ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਵਿਧਾਨਸਭ ਚੋਣਾਂ ਵੇਲੇ ਬ੍ਰਹਮਪੁਰਾ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ 'ਤੇ ਭਰੋਸਾ ਜਤਾਇਆ ਗਿਆ ਸੀ ਤੇ ਹੁਣ ਅਚਾਨਕ ਕੀ ਹੋ ਗਿਆ?

ਜ਼ਿਲ੍ਹ ਤਰਨਤਾਰਨ ਦੇ ਇਤਿਹਾਸਕ ਪਿੰਡ ਚੋਹਲਾ ਸਾਹਿਬ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਹਮਪੁਰਾ ਨੇ ਕਿਹਾ, "ਸਤੰਬਰ 2015 ਵਿੱਚ ਸੁਖਬੀਰ ਬਾਦਲ ਅਤੇ ਮਜੀਠੀਆ ਨੇ ਤਤਕਾਲੀ ਜਥੇਦਾਰ ਨੂੰ ਸੱਦਿਆ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਲਈ ਕਿਹਾ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਨੇ 2015 ਵਿੱਚ ਡੇਰਾ ਮੁਖੀ ਦੀ ਫਿਲਮ "ਐਮਐਸਜੀ-2" ਰਿਲੀਜ਼ ਕਰਵਾਉਣ ਲਈ ਵੀ ਸਮਝੌਤਾ ਕੀਤਾ ਸੀ।

ਇਹ ਵੀ ਪੜ੍ਹੋ:

'ਧੀ-ਭੈਣ, ਦੇਸ ਅਤੇ ਸੱਭਿਆਚਾਰ ਬਚਾਉਣ ਲਈ ਮੁੜ ਭਾਜਪਾ ਲਿਆਓ'

ਸੰਤਾਂ ਨੇ ਹਿੰਦੂਆਂ ਅਤੇ ਆਪਣੇ ਸਮਰਥਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ ਜੋ "ਗਊ, ਗੰਗਾ, ਗੀਤਾ, ਗਾਇਤਰੀ ਤੇ ਗੋਵਿੰਦ" ਵਿੱਚ ਵਿਸ਼ਵਾਸ਼ ਕਰਦੇ ਹਨ।

ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ ਅਖਿਲ ਭਾਰਤ ਸੰਤ ਸਮਿਤੀ ਦੇ ਸੰਤਾਂ ਨੇ ਅਯੋਧਿਆ ਰਾਮ ਮੰਦਿਰ ਬਾਰੇ ਦੋ ਦਿਨਾਂ ਤੱਕ ਵਿਚਾਰ-ਵਟਾਂਦਰਾ ਕਰਕੇ ਕੇਂਦਰ ਸਰਕਾਰ ਨੂੰ ਆਰਡੀਨੈਸ ਜਾਂ ਕਾਨੂੰਨ ਲੈ ਕੇ ਆਉਣ ਲਈ ਕਿਹਾ ਹੈ।

ਇਸ ਦੇ ਨਾਲ ਹੀ ਸੰਤਾਂ ਨੇ ਆਪਣੇ ਸਮਰਥਕਾਂ ਅਤੇ ਹਿੰਦੂਆਂ ਨੂੰ ਅਪੀਲ ਕੀਤੀ ਕਿ ਉਹ 2019 ਵਿੱਚ ਮੋਦੀ ਸਰਕਾਰ ਨੂੰ ਹੀ ਸੱਤਾ ਵਿੱਚ ਲੈ ਕੇ ਆਉਣ।

ਉਸ ਦੇ ਨਾਲ ਹੀ ਉਨ੍ਹਾਂ ਨੇ ਅਯੋਧਿਆ, ਨਾਗਪੁਰ ਅਤੇ ਬੰਗਲੁਰੂ ਵਿੱਚ ਤਿੰਨ ਹੋਰ "ਧਰਮ ਸਭਾਵਾਂ" ਕਰਵਾਉਣ ਦਾ ਐਲਾਨ ਕੀਤਾ ਹੈ।

ਕੈਪਟਨ ਅਮਰਿੰਦਰ ਨੇ ਸਾਧਿਆ ਕੇਜਰੀਵਾਲ ਦੇ ਨਿਸ਼ਾਨਾ

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ 'ਸੱਚਮੁੱਚ ਆਈਆਈਟੀ ਪਾਸ ਹਨ', ਜੋ ਪਰਾਲੀ ਸਾੜਨ ਦੇ ਤੱਥ ਪੇਸ਼ ਕਰਨ ਵੇਲੇ ਤਸਵੀਰਾਂ ਨੂੰ ਆਪਣਾ ਵਿਗਿਆਨਕ ਪ੍ਰਮਾਣ ਦੱਸ ਰਹੇ ਹਨ।

ਉਨ੍ਹਾਂ ਦਿੱਲੀ ਪ੍ਰਦੂਸ਼ਨ ਬਾਰੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੇ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ ਕਿ ਦਿੱਲੀ ਦੇ ਲੋਕਾਂ ਵਧੀਆ ਸ਼ਾਸਨ ਦੇਣ ਵਿੱਚ ਅਸਫ਼ਲ ਰਹੇ ਕੇਜਰੀਵਾਲ ਹਮੇਸ਼ਾ ਝੂਠ ਬੋਲਦੇ ਹਨ ਅਤੇ ਬੇਤੁਕੀਆਂ ਗੱਲਾਂ ਕਰ ਰਹੇ ਹਨ।

ਦਰਅਸਲ ਕੇਜਰੀਵਾਲ ਸੈਟੇਲਾਈਟ ਦੀਆਂ ਫੋਟੋਆਂ ਪੇਸ਼ ਕਰਕੇ ਕਿਹਾ ਸੀ ਕਿ ਇਸ ਵਾਰ ਵੀ ਪੰਜਾਬ ਵਿੱਚ ਵੱਡੇ ਪੱਧਰ ਅਤੇ ਹਰਿਆਣਾ ਦੇ ਕੁੱਝ ਹਿੱਸਿਆ ਵਿੱਚ ਪਰਾਲੀ ਸਾੜੀ ਗਈ ਹੈ, ਜਿਸ ਕਾਰਨ ਦਿੱਲੀ ਦਾ ਪ੍ਰਦੂਸ਼ਨ ਇਕਦਮ ਦੋਗੁਣਾ ਹੋ ਗਿਆ ਹੈ

ਮੁੱਖ ਮੰਤਰੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆ ਦੱਸਿਆ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਮਾਪਦੰਡ ਹਰ ਸਾਲ ਦਸੰਬਰ-ਜਨਵਰੀ ਦੌਰਾਨ 300 ਤੋਂ ਵੱਧ ਰਹਿੰਦਾ ਹੈ, ਜਦ ਕਿ ਗੁਆਂਢੀ ਸੂਬਿਆਂ ਵਿੱਚ ਉਸ ਵੇਲੇ ਪਰਾਲੀ ਨਹੀਂ ਸਾੜੀ ਜਾਂਦੀ।

ਇਹ ਵੀ ਪੜ੍ਹੋ:

ਸਿੱਖ ਫੌਜੀ ਦੇ ਬੁੱਤ ਨਾਲ ਬਰਤਾਨੀਆ 'ਚ ਭਾਰਤੀ ਫੌਜੀਆਂ ਨੂੰ ਕੀਤਾ ਯਾਦ

ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ਮੌਕੇ ਯੂਕੇ ਦੇ ਸਮੈਥਕ ਸ਼ਹਿਰ 'ਚ ਇੱਕ ਸਿੱਖ ਫੌਜੀ ਦੇ 10 ਫੁੱਟ ਉੱਚਾ ਬੁੱਤ ਦੇ ਉਦਘਾਟਨ ਕੀਤਾ ਗਿਆ ਹੈ।

ਤਾਂਬੇ ਨਾਲ ਬਣਿਆ ਇਹ ਬੁੱਤ ਪਹਿਲੇ ਵਿਸ਼ਵ ਯੁੱਧ ਵਿੱਚ ਅਤੇ ਹੋਰ ਸੰਘਰਸ਼ਾਂ ਦੌਰਾਨ ਬ੍ਰਿਟੇਨ ਲਈ ਲੜਨ ਵਾਲੇ ਭਾਰਤ ਦੇ ਸਾਰੇ ਫਿਰਕਿਆਂ ਦੇ ਲੋਕਾਂ ਦੀ ਯਾਦ ਨੂੰ ਸਮਰਪਿਤ ਹੈ।

ਸਮੈਥਕ ਦੇ ਗੁਰਦੁਆਰਾ ਗੁਰੂ ਨਾਨਕ ਨੇ ਇਹ ਬੁੱਤ ਬਣਾਏ ਗਏ 'ਲਾਇਨਸ ਆਫ ਦਾ ਗ੍ਰੇਟ ਵਾਰ' ਬੁੱਤ ਦੇ ਉਦਘਾਟਨ ਮੌਕੇ ਇੱਕ ਪਰੇਡ ਵੀ ਕੱਢੀ ਗਈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਸਬਰੀਮਲਾ ਮੰਦਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਬਰੀਮਲਾ ਮੰਦਿਰ ਅੱਜ ਵਿਸ਼ੇਸ਼ ਪੂਜਾ ਦੇ ਮੱਦੇ ਨਜ਼ਰ ਖੋਲ੍ਹਿਆ ਜਾਵੇਗਾ ਅਤੇ ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਸ ਦੌਰਾਨ ਪੁਲਿਸ ਨੇ ਸਬਰੀਮਲਾ ਤੇ ਨੇੜਲੇ ਖੇਤਰਾਂ ਵਿੱਚ ਚਾਰ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਤਰ ਹੋਣ 'ਤੇ ਪਾਬੰਦੀ ਲਗਾਈ ਹੈ।

ਪੁਲਿਸ ਮੁਤਾਬਕ 2300 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿਚ 20 ਮੈਂਬਰੀ ਕਮਾਂਡੋ ਟੀਮ ਤੇ 100 ਮਹਿਲਾਵਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਸ਼ਰਧਾਲੂ ਸ਼ਾਂਤੀ ਨਾਲ ਦਰਸ਼ਨ ਕਰ ਸਕਣ।

ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜੇ ਲੋੜ ਪਈ ਤਾਂ 50 ਸਾਲ ਦੀ ਉਮਰ ਤੋਂ ਵੱਧ ਸਰਕਲ ਇੰਸਪੈਕਟਰ ਤੇ ਸਬ ਇੰਸਪੈਕਟਰ ਰੈਂਕ ਦੀਆਂ 30 ਦੇ ਕਰੀਬ ਮਹਿਲਾ ਪੁਲੀਸ ਕਰਮੀਆਂ ਨੂੰ ਮੰਦਰ ਪਰਿਸਰ 'ਸਨਿਧਾਨਮ' ਦੁਆਲੇ ਤਾਇਨਾਤ ਕੀਤਾ ਜਾਵੇਗਾ।

ਉਧਰ ਮੰਦਿਰ ਦੀ ਦੇਖ ਰੇਖ ਕਰਨ ਵਾਲੇ ਪੁਰਾਣੇ ਸ਼ਾਹੀ ਪਰਿਵਾਰ ਨੇ ਪੁਲਿਸ ਦੇ ਸਖ਼ਤ ਪ੍ਰਬੰਧਾਂ ਦੀ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)