Election 2019: - ਜਦੋਂ ਕੇਜਰੀਵਾਲ ਨੇ ਲੋਕਾਂ ਕੋਲੋਂ ਪੁੱਛਿਆ, 'ਕੀ ਮੈਂ ਸ਼ਕਲ ਤੋਂ ਖ਼ਾਲਿਸਤਾਨੀ ਲਗਦਾ ਹਾਂ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ

"ਭਗਵੰਤ ਮਾਨ ਨੂੰ ਤੁਸੀਂ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਸੀ ਜੋ ਕਿ ਦੇਸ ਭਰ ਵਿੱਚ ਇੱਕ ਰਿਕਾਰਡ ਹੈ। ਇਸ ਵਾਰ ਪਿਛਲਾ ਰਿਕਾਰਡ ਵੀ ਤੋੜ ਦਿਓ।"

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਅਪੀਲ ਅੱਜ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸਵੇਰ ਦੀ ਸੈਰ ਕਰ ਰਹੇ ਲੋਕਾਂ ਨੂੰ ਮਿਲਣ ਵੇਲੇ ਕੀਤੀ।

ਕੇਜਰੀਵਾਲ ਕੱਲ੍ਹ ਦੇ ਰੋਡ ਸ਼ੋਅ ਤੋਂ ਬਾਅਦ ਬਰਨਾਲਾ ਤੋਂ 'ਆਪ' ਦੇ ਐਮਐਲਏ ਮੀਤ ਹੇਅਰ ਦੇ ਘਰ ਰੁਕੇ ਹੋਏ ਸਨ।

ਸਵੇਰੇ ਸਵਾ ਕੁ ਸੱਤ ਵਜੇ ਕੇਜਰੀਵਾਲ ਸ਼ਹੀਦ ਭਗਤ ਸਿੰਘ ਪਾਰਕ ਪਹੁੰਚੇ। ਇਸ ਮੌਕੇ ਉਨ੍ਹਾਂ ਪਾਰਕ ਵਿੱਚ ਸੈਰ ਕਰ ਰਹੇ ਲੋਕਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕੁੱਝ ਮਿੰਟ ਲਈ ਲੋਕਾਂ ਨੂੰ ਸੰਬੋਧਨ ਵੀ ਕੀਤਾ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਅਸੀਂ ਦਿੱਲੀ ਵਿੱਚ ਸਿਹਤ, ਸਿੱਖਿਆ ਅਤੇ ਬਿਜਲੀ ਪਾਣੀ ਵਰਗੀਆਂ ਸਿਹਤ ਸੇਵਾਵਾਂ ਵਿੱਚ ਬਹੁਤ ਸੁਧਾਰ ਕੀਤਾ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਦਾ ਨਤੀਜਾ 94.4% ਰਿਹਾ ਜੋ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਹੈ।"

"ਬਿਜਲੀ ਅਸੀਂ 200 ਯੂਨਿਟ ਤੱਕ ਇਕ ਰੁਪਏ ਪ੍ਰਤੀ ਯੂਨਿਟ ਦੇ ਰਹੇ ਹਾਂ। 30 ਲੱਖ ਤੱਕ ਦੇ ਇਲਾਜ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹਨ।"

ਕੇਜਰੀਵਾਲ ਦੇ ਭਾਸ਼ਣ ਦੌਰਾਨ ਹੀ ਇੱਕ ਵਿਅਕਤੀ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਤਾਂ ਟੀਚਰਾਂ ਨੂੰ ਤਨਖ਼ਾਹ ਤੱਕ ਨਹੀਂ ਦਿੰਦੀ ਤਾਂ ਰਿਜ਼ਲਟ ਕਿੱਥੋਂ ਆਉਣਾ ਹੈ।

'ਸਾਡਾ ਤਜ਼ਰਬਾ ਵਿਕਾਸ ਦੇ ਕੰਮ ਕਰਨ ਦਾ ਹੈ'

ਇਸਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ, "ਵਿਧਾਨ ਸਭਾ ਚੋਣਾਂ ਵੇਲੇ ਮੈਂ ਜਦੋਂ ਪੰਜਾਬ ਆਇਆ ਸੀ ਤਾਂ ਕਿਸੇ ਦੇ ਘਰ ਰੁਕਿਆ ਸੀ। ਪਤਾ ਨੀ ਕੀਹਦਾ ਘਰ ਸੀ। ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਰੌਲਾ ਪਾ ਦਿੱਤਾ ਕਿ ਕੇਜਰੀਵਾਲ ਖਾਲਿਸਤਾਨੀ ਹੈ। ਕੀ ਮੈਂ ਤੁਹਾਨੂੰ ਸ਼ਕਲ ਤੋਂ ਖਾਲਿਸਤਾਨੀ ਲੱਗਦਾ ਹਾਂ।"

"ਜਨਤਾ ਭੋਲੀ ਹੈ ਵਿਚਾਰੀ ਗੱਲਾਂ ਵਿੱਚ ਆ ਗਈ। ਪਿਛਲੀ ਵਾਰ ਫ਼ਰਕ ਰਹਿ ਗਿਆ ਪਰ ਅਗਲੀ ਵਾਰ ਪੰਜਾਬ ਵਿੱਚ ਵੀ ਸਰਕਾਰ ਆਮ ਆਦਮੀ ਦੀ ਬਣਾਇਓ ਤਾਂ ਜੋ ਪੰਜਾਬ ਵਿੱਚ ਵੀ ਅਸੀਂ ਦਿੱਲੀ ਵਰਗੇ ਕੰਮ ਕਰ ਸਕੀਏ।"

ਇਹ ਵੀ ਪੜ੍ਹੋ

ਜਦੋਂ ਕੇਜਰੀਵਾਲ ਨੇ ਇਹ ਕਿਹਾ ਕਿ ਅਸੀਂ ਸਿਆਸਤ ਵਿੱਚ ਨਵੇਂ ਹਾਂ, ਅੱਗੇ ਤੋਂ ਅਜਿਹੀਆਂ ਗੱਲਾਂ ਦਾ ਖ਼ਿਆਲ ਰੱਖਾਂਗੇ ਤਾਂ ਲੋਕਾਂ ਵਿੱਚੋਂ ਹੀ ਕਿਸੇ ਨੇ ਜਵਾਬ ਦਿੱਤਾ, "ਹੁਣ ਤਾਂ ਤੁਸੀਂ ਸਿਆਸਤ ਵਿੱਚ ਪੁਰਾਣੇ ਹੋ ਗਏ।"

ਕੇਜਰੀਵਾਲ ਨੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਸਾਡਾ ਤਜ਼ਰਬਾ ਵਿਕਾਸ ਦੇ ਕੰਮ ਕਰਨ ਦਾ ਹੈ, ਅਜਿਹੀ ਸਿਆਸਤ ਸਾਨੂੰ ਨਹੀਂ ਆਉਂਦੀ। ਅਸੀਂ ਅਜਿਹੀ ਸਿਆਸਤ ਦਾ ਮੁਕਾਬਲਾ ਕਰਨਾ ਸਿੱਖ ਰਹੇ ਹਾਂ।"

ਜਨਤਾ ਵਿੱਚੋਂ ਹੀ ਕਾਂਗਰਸ ਨਾਲ ਗਠਜੋੜ ਨਾ ਹੋਣ ਦੇ ਮਾਮਲੇ ਉੱਤੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ, "ਅਸੀਂ ਹਰਿਆਣਾ, ਗੋਆ, ਦਿੱਲੀ ਅਤੇ ਚੰਡੀਗੜ੍ਹ ਵਿੱਚ ਕਾਂਗਰਸ ਨਾਲ ਗਠਜੋੜ ਕਰਨਾ ਚਾਹਿਆ ਸੀ ਤਾਂ ਜੋ ਘੱਟੋ-ਘੱਟ 17-18 ਸੀਟਾਂ ਤੋਂ ਬੀਜੇਪੀ ਨੂੰ ਬਾਹਰ ਕਰ ਸਕੀਏ ਪਰ ਕਾਂਗਰਸ ਨੇ ਗੱਲਬਾਤ ਸ਼ੁਰੂ ਕਰਕੇ ਬਾਅਦ ਵਿੱਚ ਕੋਈ ਹੁੰਗਾਰਾ ਨਹੀਂ ਦਿਖਾਇਆ। ਸਾਡਾ ਗਠਜੋੜ ਦਾ ਮਕਸਦ ਮੋਦੀ ਨੂੰ ਸੱਤਾ ਵਿੱਚੋਂ ਬਾਹਰ ਕਰਨਾ ਸੀ।"

ਰੁਜ਼ਗਾਰ

ਕੇਜਰੀਵਾਲ ਬਜ਼ੁਰਗ ਔਰਤਾਂ ਦੇ ਇੱਕ ਗਰੁੱਪ ਕੋਲ ਵੀ ਗਏ।

ਇਨ੍ਹਾਂ ਔਰਤਾਂ ਨੂੰ ਕੇਜਰੀਵਾਲ ਨੇ ਪੁੱਛਿਆ,"ਕੈਪਟਨ ਅਮਰਿੰਦਰ ਸਿੰਘ ਨੇ ਰੁਜ਼ਗਾਰ ਨਹੀਂ ਦਿੱਤਾ।"

ਔਰਤਾਂ ਦੇ ਨਾਂਹ ਕਹਿਣ ਤੇ ਉਨ੍ਹਾਂ ਕਿਹਾ, "ਦਿੱਲੀ ਵਿੱਚ ਰੁਜ਼ਗਾਰ ਮਿਲਿਆ ਹੈ। ਅਗਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਇਓ, ਪੰਜਾਬ ਵਿੱਚ ਵੀ ਰੁਜ਼ਗਾਰ ਦਿਆਂਗੇ।"

ਬੁਪੇਸ਼ ਨਾਂ ਦੇ ਇੱਕ ਵਿਦਿਆਰਥੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਮੈਂ ਨਿੱਜੀ ਤੌਰ ਉੱਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਰੁਜ਼ਗਾਰ ਦਾ ਮੁੱਦਾ ਉਠਾਉਣ। ਪੰਜਾਬ ਵਿੱਚ ਰੁਜ਼ਗਾਰ ਲਈ ਇਮਤਿਹਾਨ ਦੇ ਫਾਰਮ ਭਰਾਏ ਜਾਂਦੇ ਹਨ, ਪਰ ਬਾਅਦ ਵਿੱਚ ਕੁਝ ਪਤਾ ਨਹੀਂ ਲੱਗਦਾ ਕਿ ਇਮਤਿਹਾਨ ਕਦੋਂ ਹੋਣਾ ਹੈ।"

"ਇੱਕ ਨੌਜਵਾਨ ਦੇ ਮਗਰ ਪਰਿਵਾਰ ਦੇ ਤਿੰਨ ਚਾਰ ਲੋਕ ਹੁੰਦੇ ਹਨ। ਕਿੰਨੇ ਲੋਕਾਂ ਦਾ ਭਵਿੱਖ ਇੱਕ ਨੌਜਵਾਨ ਕਰਕੇ ਦਾਅ ਤੇ ਲੱਗ ਜਾਂਦਾ ਹੈ। ਕਿਸੇ ਪਾਰਟੀ ਦਾ ਇਹ ਏਜੰਡਾ ਨਹੀਂ ਹੈ। 'ਆਪ' ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਹੈ। ਮੈਂ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕੇ।"

ਇੱਕ ਬਜ਼ੁਰਗ ਔਰਤ ਚਰਨਜੀਤ ਕੌਰ ਨੇ ਕਿਹਾ, "ਮੈਂ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਸੁਣੀਆਂ, ਸੁਣ ਕੇ ਬਹੁਤ ਚੰਗਾ ਲੱਗਿਆ। ਪਰ ਮੈਂ ਤਾਂ ਇਨ੍ਹਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਬੱਚੇ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਬਜ਼ੁਰਗ ਇੱਥੇ ਰੁਲ ਰਹੇ ਹਨ। ਕੋਈ ਇਹੋ ਜਿਹਾ ਕੰਮ ਇਹ ਕਰਨ ਕਿ ਸਾਡੇ ਬੱਚਿਆਂ ਨੂੰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ।"

ਸੰਜੀਵ ਕੁਮਾਰ ਨਾਂ ਦੇ ਇੱਕ ਸ਼ਹਿਰੀ ਦਾ ਕਹਿਣਾ ਸੀ, "ਕੇਜਰੀਵਾਲ ਇੱਥੇ ਆਏ ਚੰਗਾ ਲੱਗਿਆ, ਉਨ੍ਹਾਂ ਦੀਆਂ ਗੱਲਾਂ ਚੰਗੀਆਂ ਹਨ। ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ ਵਿੱਚ ਤਾਂ ਪਤਾ ਨਹੀਂ ਪਰ ਬਰਨਾਲੇ ਵਿੱਚ ਭਗਵੰਤ ਮਾਨ ਦਾ ਭਵਿੱਖ ਚੰਗਾ ਹੈ।"

ਕੇਜਰੀਵਾਲ ਦੀ ਇਸ ਸੀਮਤ ਜਿਹੀ ਫੇਰੀ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜਿਨ੍ਹਾਂ ਦਾ ਧਿਆਨ ਕੇਜਰੀਵਾਲ ਨਾਲ ਸੈਲਫੀਆਂ ਕਰਨ ਉੱਤੇ ਕੇਂਦਰਿਤ ਸੀ। ਕੁਝ ਲੋਕ ਇਹ ਵੀ ਕਹਿ ਰਹੇ ਸਨ ਕਿ ਕੌਣ ਅਜਿਹਾ ਮੁੱਖ ਮੰਤਰੀ ਹੈ ਜੋ ਲੋਕਾਂ ਵਿੱਚ ਇਸ ਤਰਾਂ ਵਿਚਰਦਾ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)