ਫਿਰੋਜ਼ਪੁਰ: ਸੁਖਬੀਰ ਦਾ ਪਲੜਾ ਭਾਰੀ ਜਾ ਸ਼ੇਰ ਸਿੰਘ ਘੁਬਾਇਆ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਪੁੱਤਰ ਤਾਂ ਮੁੱਕ ਗਏ ਪਰ ਕਰਜ਼ਾ ਨਹੀਂ ਮੁੱਕਿਆ, 'ਪੁੱਤ ਬੰਦਿਆਂ ਬਿਨਾਂ ਗੁਜ਼ਾਰੇ ਕਿੱਥੇ ਹੁੰਦੇ ਹਨ" ....ਇਹ ਸ਼ਬਦ ਹਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਪਾਕਾ ਦੀ ਰਹਿਣ ਵਾਲੀ ਹਰਬੰਸ ਕੌਰ ਦੇ।

70 ਸਾਲਾ ਹਰਬੰਸ ਕੌਰ ਦੇ ਦੋ ਪੁੱਤਰ ਕਿਸਾਨੀ ਕਰਜ਼ੇ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਖ਼ੁਦਕੁਸ਼ੀ ਕਰ ਗਏ ਹਨ।

ਜਦੋਂ ਬੀਬੀਸੀ ਪੰਜਾਬੀ ਦੀ ਟੀਮ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਪਾਕਾ ਪਿੰਡ ਪਹੁੰਚੀ ਤਾਂ ਹਰਬੰਸ ਕੌਰ ਗਲੀ ਵਿਚ ਆਪਣੇ ਪੁੱਤਰ ਨਾਲ ਬੈਠੀ ਸੀ।

ਹਰਬੰਸ ਕੌਰ ਦਾ ਤੀਜਾ ਪੁੱਤਰ ਖੇਤੀ ਛੱਡ ਗਿਆ ਹੈ ਅਤੇ ਉਹ ਟਰੱਕ ਡਰਾਈਵਰ ਹੈ।

ਹਰਬੰਸ ਕੌਰ ਨੇ ਦੱਸਿਆ, "ਉਨ੍ਹਾਂ ਕੋਲ 12 ਕਨਾਲ ਜ਼ਮੀਨ ਸੀ ਪਰ ਫ਼ਸਲ ਸਹੀ ਨਾ ਹੋਣ ਕਾਰਨ ਕਰਜ਼ੇ ਦੀ ਪੰਡ ਵੱਡੀ ਹੁੰਦੀ ਗਈ ਜਿਸ ਨੇ ਪਹਿਲਾਂ ਉਸ ਦੇ ਪੁੱਤਰ ਲਖਵਿੰਦਰ ਸਿੰਘ ਖੋਹਿਆ ਅਤੇ ਫਿਰ ਤਿੰਨ ਸਾਲ ਪਹਿਲਾਂ 32 ਸਾਲਾ ਪੁੱਤਰ ਨਿਰਵੈਰ ਸਿੰਘ ਨੂੰ ਵੀ ਕਰਜ਼ੇ ਨੇ ਖਾ ਲਿਆ।"

ਇਹ ਵੀ ਪੜ੍ਹੋ-

ਹਰਬੰਸ ਕੌਰ ਹੁਣ ਪਿੰਡ ਵਿੱਚ ਨਿਰਵੈਰ ਸਿੰਘ ਦੀ ਪਤਨੀ ਅਤੇ ਉਸ ਦੇ 12 ਸਾਲਾ ਪੁੱਤਰ ਨਾਲ ਜ਼ਿੰਦਗੀ ਬਸਰ ਕਰ ਰਹੀ ਹੈ।

ਹਰਬੰਸ ਕੌਰ ਦੱਸਦੀ ਹੈ ਕਿ ਪੁੱਤਰ ਦੀ ਅੰਤਿਮ ਅਰਦਾਸ ਸਮੇਂ ਇਕੱਠ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਗ ਸੰਦੇਸ਼ ਭੇਜਿਆ ਸੀ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਕਦੇ ਸਾਰ ਨਹੀਂ ਲਈ।

ਚੋਣਾਂ ਦੀ ਗੱਲ ਕਰਦੀ ਹੋਈ ਹਰਬੰਸ ਕੌਰ ਆਖਦੀ ਹੈ ਕਿ ਉਹ ਹਰ ਚੋਣ ਵਿਚ ਇੱਕ ਉਮੀਦ ਨਾਲ ਵੋਟ ਪਾਉਂਦੀ ਹੈ। ਸਰਕਾਰਾਂ ਬਣਦੀਆਂ ਹਨ ਪਰ ਉਸ ਦੇ ਘਰ ਦੀ ਸਥਿਤੀ ਨਹੀਂ ਬਦਲੀ।

ਹਰਬੰਸ ਕੌਰ ਆਖਦੀ ਹੈ, "ਜਿਵੇਂ ਚਿੱੜੀ ਆਪਣੇ ਬੱਚਿਆਂ ਨੂੰ ਚੋਗ਼ੇ ਨਾਲ ਪਾਲਦੀ ਹੈ, ਉਸੇ ਤਰ੍ਹਾਂ ਹੁਣ ਮੈਂ ਆਪਣੇ ਪੋਤਰੇ ਨੂੰ ਪਾਲ ਰਹੀ ਹਾਂ।"

ਸ਼ੇਰ ਸਿੰਘ ਘੁਬਾਇਆ ਦੀ ਸਥਿਤੀ

ਫ਼ਾਜ਼ਿਲਕਾ ਦੇ ਇੱਕ ਮੈਰਿਜ ਪੈਲੇਸ ਵਿਚ ਕਾਂਗਰਸ ਪਾਰਟੀ ਦੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਉਣਾ ਸੀ।

ਖੁੱਲ੍ਹੇ ਮੈਦਾਨ ਵਿਚ ਲੱਗੇ ਟੈਂਟ ਅਤੇ ਗਰਮੀ ਦੇ ਬਾਵਜੂਦ ਨੇੜਲੇ ਪਿੰਡਾਂ ਦੇ ਲੋਕਾਂ ਦਾ ਭਰਵਾਂ ਇਕੱਠ ਸੀ।

ਕਰੀਬ ਤਿੰਨ ਵਜੇ ਸ਼ੇਰ ਸਿੰਘ ਘੁਬਾਇਆ ਰੈਲੀ ਵਾਲੀ ਥਾਂ 'ਤੇ ਪਹੁੰਚਦੇ ਹਨ ਅਤੇ ਸਿੱਧਾ ਲੋਕਾਂ ਨਾਲ ਮੁਲਾਕਾਤ ਕਰਦੇ ਹਨ।

ਉਸ ਤੋਂ ਬਾਅਦ ਉਹ ਮੰਚ ਉੱਤੇ ਚਲੇ ਜਾਂਦੇ ਹਨ। ਸ਼ੇਰ ਸਿੰਘ ਘੁਬਾਇਆ ਫ਼ਿਰੋਜਪੁਰ ਤੋਂ ਪਿਛਲੇ ਦਸ ਸਾਲਾਂ ਤੋਂ ਜਿੱਤਦੇ ਆ ਰਹੇ ਹਨ ਪਰ ਇਸ ਵਾਰ ਉਹ ਅਕਾਲੀ ਦਲ ਦੀ ਥਾਂ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਰਹੇ ਹਨ।

ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੈ।

ਕਰੀਬ ਚਾਰ ਵਜੇ ਕੈਪਟਨ ਅਮਰਿੰਦਰ ਸਿੰਘ ਮੰਚ ਉੱਤੇ ਆਉਂਦੇ ਹਨ। ਕੈਪਟਨ ਆਪਣੇ ਭਾਸ਼ਣ ਦੌਰਾਨ ਸਿੱਧਾ ਹਮਲਾ ਬਾਦਲ ਪਰਿਵਾਰ 'ਤੇ ਕਰਦੇ ਹਨ।

ਉਸ ਤੋਂ ਬਾਅਦ ਉਹ ਕਿਸਾਨੀ ਦੀ ਗੱਲ ਕਰਦੇ ਹਨ ਅਤੇ ਆਖਦੇ ਹਨ ਕਿ ਸਰਕਾਰ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਯਤਨਸ਼ੀਲ ਹੈ ਅਤੇ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।

ਉਨ੍ਹਾਂ ਆਖਿਆ, "ਸਰਕਾਰ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਰਿਵਾਇਤੀ ਫ਼ਸਲਾਂ ਦੀ ਥਾਂ ਬਦਲਵੀਂ ਖੇਤੀ ਕਰਨੀ ਚਾਹੀਦੀ ਹੈ।"

ਕਰੀਬ 20 ਮਿੰਟਾਂ ਦੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਆਦਾਤਰ ਬਾਦਲ ਪਰਿਵਾਰ ਉੱਤੇ ਵਾਰ ਕੀਤੇ ਅਤੇ ਉਸ ਤੋਂ ਬੇਅਦਬੀ ਦੀ ਗੱਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਟੈਲੀਫ਼ੋਨ ਵੀ ਦਿੱਤੇ ਜਾਣਗੇ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਆਖਿਆ, "ਸੁਖਬੀਰ ਸਿੰਘ ਬਾਦਲ ਲਈ ਆਪਣੀ ਸੀਟ ਛੱਡਣੀ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਗ਼ਲਤੀ ਸੀ ਜਿਸ ਦਾ ਉਹ ਹੁਣ ਖਾਮਿਆਜ਼ਾ ਭੁਗਤ ਰਹੇ ਹਨ।"

ਕੇਂਦਰੀ ਸਿਆਸਤ ਵਿੱਚ ਸੁਖਬੀਰ ਦੀ ਵਾਇਆ ਫਿਰੋਜ਼ਪੁਰ ਰੀ-ਐਂਟਰੀ ਦੀ ਕੋਸ਼ਿਸ਼

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਵਿਧਾਇਕ ਹਨ ਅਤੇ ਉਹ ਇਸ ਵਾਰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ-

15 ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਇਸ ਸੀਟ ਰਾਹੀਂ ਕੇਂਦਰ ਦੀ ਸਿਆਸਤ ਵਿਚ ਰੀ-ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੁਖਬੀਰ ਸਿੰਘ ਬਾਦਲ ਨੇ ਕੁਝ ਦਿਨ ਹਲਕੇ ਵਿਚ ਚੋਣ ਰੈਲੀਆਂ ਕੀਤੀਆਂ ਅਤੇ ਹੁਣ ਉਹ ਸੂਬੇ ਦੀਆਂ ਦੂਜੀਆਂ ਸੀਟਾਂ 'ਤੇ ਚੋਣ ਰੈਲੀਆਂ 'ਤੇ ਧਿਆਨ ਦੇ ਰਹੇ ਹਨ।

ਅਜਿਹੇ ਵਿਚ ਉਨ੍ਹਾਂ ਦਾ ਚੋਣ ਪ੍ਰਚਾਰ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਸਹਾਇਕ ਚਰਨਜੀਤ ਸਿੰਘ ਬਰਾੜ ਦੇਖ ਰਹੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਆਖਿਆ, "ਉਨ੍ਹਾਂ ਦਾ ਮੁੱਖ ਮੁੱਦਾ ਵਿਕਾਸ ਹੈ ਅਤੇ ਇਹੀ ਉਹ ਲੋਕਾਂ ਵਿਚਾਲੇ ਲੈ ਕੇ ਜਾ ਰਹੇ ਹਨ, ਕਿਉਂਕਿ ਇਸ ਸੀਟ 'ਤੇ ਪਾਰਟੀ ਪ੍ਰਧਾਨ ਖ਼ੁਦ ਚੋਣ ਲੜ ਰਹੇ ਹਨ ਇਸ ਲਈ ਲੋਕਾਂ ਨੂੰ ਇੱਥੇ ਵਿਕਾਸ ਦੀਆਂ ਬਹੁਤ ਉਮੀਦਾਂ ਹਨ।"

ਬਰਾੜ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਵਿਧਾਇਕ ਵਜੋਂ ਜਲਾਲਾਬਾਦ ਦਾ ਬਹੁਤ ਵਿਕਾਸ ਕੀਤਾ ਹੈ ਅਤੇ ਹੁਣ ਪੂਰੇ ਫ਼ਿਰੋਜਪੁਰ ਲੋਕ ਸਭਾ ਹਲਕੇ ਦਾ ਹੋਵੇਗਾ।

ਉਨ੍ਹਾਂ ਆਖਿਆ, "ਫ਼ਿਰੋਜ਼ਪੁਰ ਦਾ ਮੌਜੂਦਾ ਸੰਸਦ ਮੈਂਬਰ ਬੇਸ਼ੱਕ ਉਨ੍ਹਾਂ ਦੀ ਪਾਰਟੀ ਦਾ ਸੀ ਪਰ ਉਹ ਪਿਛਲੇ ਦੋ ਸਾਲਾਂ ਤੋਂ ਰੁੱਸਿਆ ਫਿਰਦਾ ਹੈ ਅਤੇ ਉਸ ਨੇ ਸੰਸਦ ਵਿੱਚ ਇਸ ਇਲਾਕੇ ਦੀ ਆਵਾਜ਼ ਹੀ ਬੁਲੰਦ ਨਹੀਂ ਕੀਤੀ।"

ਲੋਕਾਂ ਦੇ ਮੁੱਦੇ

ਇੱਥੋਂ ਦੇ ਲੋਕਾਂ ਮੁਤਾਬਕ ਵਿਕਾਸ , ਬੇਰੁਜ਼ਗਾਰੀ ਅਤੇ ਨਸ਼ਾ ਮੁੱਖ ਮੁੱਦੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦੇ ਹੱਲ ਬਾਰੇ ਸੁਣਦੇ ਆ ਰਹੇ ਹਨ ਪਰ ਇਹ ਸਾਰੇ ਹੀ ਵਾਅਦਾ ਵਫ਼ਾ ਨਹੀਂ ਹੋ ਸਕੇ।

ਫ਼ਿਰੋਜਪੁਰ ਸ਼ਹਿਰ ਵਿੱਚ ਹੋਟਲ ਚਲਾਉਣ ਵਾਲੇ ਸੁਭਾਸ਼ ਪੁਰੀ ਲਈ ਇਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਵਿਕਾਸ ਹੈ।

ਉਨ੍ਹਾਂ ਦੱਸਿਆ, "ਜਿਸ ਦਿਨ ਤੋਂ ਸੁਖਬੀਰ ਸਿੰਘ ਬਾਦਲ ਨੇ ਇਸ ਇਲਾਕੇ ਵਿਚ ਚੋਣ ਲੜਨ ਦਾ ਐਲਾਨ ਕੀਤਾ ਹੈ ਉਸ ਦਿਨ ਤੋਂ ਇੱਥੇ ਬਾਹਰ ਤੋਂ ਲੋਕਾਂ ਦਾ ਆਉਣਾ ਜ਼ਿਆਦਾ ਹੋ ਗਿਆ ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ਵਿਚ ਵਾਧਾ ਹੋਇਆ ਹੈ।"

ਸੁਭਾਸ਼ ਪੁਰੀ ਮੁਤਾਬਕ ਸ਼ਹਿਰ ਵਿੱਚ ਵੱਡੀ ਸਨਅਤ ਦੀ ਘਾਟ ਕਾਰਨ ਕਾਰੋਬਾਰ ਬਹੁਤ ਹੀ ਮੰਦਾ ਹੈ।

ਉਹ ਕਹਿੰਦੇ ਹਨ, "ਜੇਕਰ ਸ਼ਹਿਰ ਵਿੱਚ ਕੋਈ ਸਨਅਤ ਹੋਵੇਗੀ ਤਾਂ ਲੋਕ ਬਾਹਰੋਂ ਆਉਣਗੇ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।"

ਵਰਦੀਆਂ ਦੀ ਦੁਕਾਨ ਚਲਾ ਰਹੇ ਇੰਦਰਜੀਤ ਨੇ ਦੱਸਿਆ ਕਿ ਹੁਣ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਨ ਲੱਗੇ ਹਨ।

ਉਨ੍ਹਾਂ ਆਖਿਆ ਕਿ ਮੈਡੀਕਲ ਸਹੂਲਤਾਂ ਵੀ ਇੱਥੇ ਨਾ ਮਾਤਰ ਦੀਆਂ ਹਨ। ਪਹਿਲਾਂ ਇੱਥੇ ਪੀਜੀਆਈ ਬਣਾਉਣ ਦੀ ਗੱਲ ਚੱਲੀ ਸੀ ਪਰ ਉਹ ਵੀ ਸਿਆਸੀ ਲਾਰਾ ਹੀ ਹੋ ਨਿੱਬੜਿਆ।

ਆਪਣੀ ਪੜ੍ਹਾਈ ਪੂਰੀ ਕਰਨ ਤੋ ਬਾਅਦ ਆਈਲੈਟਸ ਦੀ ਤਿਆਰੀ ਕਰ ਰਹੇ ਜਸ਼ਨ ਸ਼ਰਮਾ ਨੇ ਆਖਿਆ ਕਿ ਜਦੋਂ ਇੱਥੇ ਰੁਜ਼ਗਾਰ ਮਿਲਣਾ ਹੀ ਨਹੀਂ ਹੈ ਤਾਂ ਫਿਰ ਦੇਸ ਵਿਚ ਰਹਿ ਕੇ ਕਰਨਾ ਕੀ ਹੈ।

22 ਸਾਲਾ ਨੌਜਵਾਨ ਨਵਤੇਜ ਸਿੰਘ ਨੇ ਦੱਸਿਆ, "ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਦੋ ਸਾਲ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਉਸ ਨੇ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।"

ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਾਕਾ ਦੇ ਨੌਜਵਾਨ ਦਿਲਬਾਗ ਸਿੰਘ ਆਖਦੇ ਹਨ ਕਿ ਉਸ ਨੇ ਆਈਟੀਆਈ ਕੀਤਾ ਹੋਇਆ ਹੈ ਅਤੇ ਕੰਮ ਨਾ ਹੋਣ ਕਾਰਨ ਬੇਰੁਜ਼ਗਾਰ ਹੈ।

ਦਿਲਬਾਗ ਸਿੰਘ ਮੁਤਾਬਕ, "ਨਸ਼ਾ ਪਿੰਡਾਂ ਵਿਚ ਆਮ ਵਿਕਦਾ ਹੈ ਅਤੇ ਕੋਈ ਰੋਕ-ਟੋਕ ਨਹੀਂ ਹੈ। ਪੀਣ ਵਾਲਾ ਪਾਣੀ ਵੀ ਉਨ੍ਹਾਂ ਲਈ ਇੱਕ ਵੱਡਾ ਮੁੱਦਾ ਹੈ।"

ਪਾਕਾ ਪਿੰਡ ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਆਉਂਦਾ ਹੈ ਇਸ ਲਈ ਇਸ ਪਿੰਡ ਦੀਆਂ ਗਲੀਆਂ ਜ਼ਰੂਰ ਪੱਕੀਆਂ ਸਨ ਪਰ ਪਿੰਡ ਵਾਸੀਆਂ ਮੁਤਾਬਕ ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀ ਘਾਟ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ।

ਫ਼ਿਰੋਜਪੁਰ ਸੀਟ ਦਾ ਸਿਆਸੀ ਤਾਣਾ-ਬਾਣਾ

ਫ਼ਿਰੋਜਪੁਰ ਸੀਟ ਕਾਫ਼ੀ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਕਬਜ਼ੇ ਵਿਚ ਰਹੀ ਹੈ ਪਹਿਲਾਂ ਜੋਰਾ ਸਿੰਘ ਮਾਨ ਅਤੇ ਫਿਰ ਪਿਛਲੇ ਦਸ ਸਾਲਾਂ ਤੋਂ ਸ਼ੇਰ ਸਿੰਘ ਘੁਬਾਇਆ ਇੱਥੋਂ ਜਿੱਤਦੇ ਰਹੇ ਹਨ।

ਇਸ ਸੀਟ ਵਿਚ ਨੌਂ ਵਿਧਾਨ ਸਭਾ ਹਲਕੇ ਫ਼ਿਰੋਜਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ, ਫ਼ਾਜ਼ਿਲਕਾ, ਬੱਲੂਆਣਾ, ਮਲੋਟ, ਜਲਾਲਾਬਾਦ, ਮੁਕਤਸਰ ਅਤੇ ਅਬੋਹਰ ਹਨ।

ਵਿਧਾਨ ਸਭਾ ਚੋਣਾਂ ਦੇ ਦੌਰਾਨ ਮੁਕਤਸਰ, ਜਲਾਲਾਬਾਦ ਅਤੇ ਅਬੋਹਰ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਕਾਬਜ਼ ਹੈ, ਜਦਕਿ ਬਾਕੀ ਕਾਂਗਰਸ ਦੇ ਖੇਮੇ ਵਿੱਚ ਹਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)