ਪ੍ਰਧਾਨ ਮੰਤਰੀ ਮੋਦੀ ਦੇ 'ਮੇਕਅਪ' 'ਤੇ 80 ਲੱਖ ਖਰਚ ਹੋਣ ਦਾ ਸੱਚ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਮੇਕਅਪ 'ਤੇ ਹਰ ਮਹੀਨੇ 80 ਲੱਖ ਰੁਪਏ ਖਰਚ ਹੁੰਦੇ ਹਨ।

ਕਰੀਬ 45 ਸੈਕਿੰਡ ਦੇ ਇਸ ਵਾਇਰਲ ਵੀਡੀਓ ਵਿੱਚ ਕੁਝ ਬਿਊਟੀਸ਼ੀਅਨ ਅਤੇ ਸਟਾਈਲਿਸਟ ਪ੍ਰਧਾਨ ਮੰਤਰੀ ਮੋਦੀ ਦੇ ਆਲੇ-ਦੁਆਲੇ ਨਜ਼ਰ ਆਉਂਦੇ ਹਨ।

ਫੇਸਬੁਕ ਅਤੇ ਟਵਿੱਟਰ 'ਤੇ ਇਹ ਵੀਡੀਓ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਸੈਂਕੜੇ ਵਾਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ।

ਜ਼ਿਆਦਾਤਰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਨਾਲ ਲਿਖਿਆ ਹੈ, "ਇਹ ਹੈ ਗਰੀਬ ਦਾ ਮੁੰਡਾ, ਮੇਕਅਪ ਕਰਵਾ ਰਿਹਾ ਹੈ। ਆਰਟੀਆਈ ਜ਼ਰੀਏ ਖੁਲਾਸਾ ਹੋਇਆ ਹੈ ਕਿ ਇਸਦੇ ਸ਼ਿੰਗਾਰ ਲਈ ਬਿਊਟੀਸ਼ੀਅਨ ਨੂੰ 80 ਲੱਖ ਰੁਪਏ ਮਹੀਨਾ ਦਿੱਤੇ ਜਾਂਦੇ ਹਨ।"

ਗੁਰੂਗ੍ਰਾਮ ਕਾਂਗਰਸ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਵੀ ਇਹ ਵੀਡੀਓ ਇਸੇ ਦਾਅਵੇ ਨਾਲ ਪੋਸਟ ਕੀਤਾ ਗਿਆ ਹੈ ਜਿਸ ਨੂੰ ਕਰੀਬ 95 ਹਜ਼ਾਰ ਵਾਰ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ:

ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਕਿ ਇਹ ਵੀਡੀਓ ਤਾਂ ਸਹੀ ਹੈ, ਪਰ ਇਸ ਨੂੰ ਗ਼ਲਤ ਮਤਲਬ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਾਲ ਹੀ ਵਾਇਰਲ ਵੀਡੀਓ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦਿਖ ਰਹੇ ਲੋਕ ਉਨ੍ਹਾਂ ਦੇ ਨਿੱਜੀ ਮੇਕਅਪ ਆਰਟਿਸਟ ਨਹੀਂ ਹਨ।

ਵੀਡੀਓ ਦੀ ਸੱਚਾਈ

ਜਿਸ ਵੀਡੀਓ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਮੇਕਅਪ ਕਰਨ ਦਾ ਵੀਡੀਓ ਦੱਸਿਆ ਜਾ ਰਿਹਾ ਹੈ, ਉਹ ਅਸਲ 'ਚ ਮਾਰਚ 2016 ਦਾ ਹੈ।

ਉਹ ਵੀਡੀਓ ਲੰਡਨ ਸਥਿਤ ਮਸ਼ਹੂਰ ਮੈਡਮ ਤੁਸਾਡ ਮਿਊਜ਼ੀਅਮ ਨੇ ਜਾਰੀ ਕੀਤਾ ਸੀ।

16 ਮਾਰਚ 2016 ਨੂੰ ਮੈਡਮ ਤੁਸਾਡ ਮਿਊਜ਼ੀਅਮ ਨੇ ਆਪਣੇ ਅਧਿਕਾਰਤ ਯੂ-ਟਿਊਬ ਪੇਜ 'ਤੇ ਇਸ ਵੀਡੀਓ ਨੂੰ ਪੋਸਟ ਕੀਤਾ ਸੀ।

ਮੈਡਮ ਤੁਸਾਡ ਮਿਊਜ਼ੀਅਮ ਮੁਤਾਬਕ ਇਹ ਵੀਡੀਓ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਮ ਦੇ ਪੁਤਲੇ ਦਾ ਮਾਪ ਲੈਂਦੇ ਸਮੇਂ ਸ਼ੂਟ ਕੀਤਾ ਗਿਆ ਸੀ।

ਮੈਡਮ ਤੁਸਾਡ ਮਿਊਜ਼ੀਅਮ ਤੋਂ ਕਰੀਬ 20 ਕਾਰੀਗਰਾਂ ਦੀ ਇੱਕ ਟੀਮ ਦਿੱਲੀ ਸਥਿਤ ਪ੍ਰਧਾਨ ਮੰਤਰੀ ਆਵਾਸ ਪਹੁੰਚੀ ਸੀ ਜਿਨ੍ਹਾਂ ਨੇ ਚਾਰ ਮਹੀਨੇ ਦਾ ਸਮਾਂ ਲੈ ਕੇ ਮੋਦੀ ਦੇ ਇਸ ਪੁਤਲੇ ਨੂੰ ਤਿਆਰ ਕੀਤਾ ਸੀ।

ਇਹ ਵੀ ਪੜ੍ਹੋ:

ਯਾਨਿ ਵਾਇਰਲ ਵੀਡੀਓ ਵਿੱਚ ਜਿਹੜੇ ਲੋਕ ਨਰਿੰਦਰ ਮੋਦੀ ਨਾਲ ਦਿਖਾਈ ਦਿੰਦੇ ਹਨ, ਉਹ ਮੈਡਮ ਤੁਸਾਡ ਮਿਊਜ਼ੀਅਮ ਦੇ ਕਾਰੀਗਰ ਹਨ, ਕਿਸੇ ਦੇ ਨਿੱਜੀ ਮੇਕਅਪ ਆਰਟਿਸਟ ਨਹੀਂ ਹਨ।

ਮੈਡਮ ਤੁਸਾਡ ਮਿਊਜ਼ੀਅਮ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਲੰਡਨ ਦੇ ਮਿਊਜ਼ੀਅਮ ਵਿੱਚ 28 ਅਪ੍ਰੈਲ 2016 ਨੂੰ ਸਥਾਪਿਤ ਕੀਤਾ ਗਿਆ ਸੀ।

ਆਰਟੀਆਈ ਦੀ ਸੱਚਾਈ ਕੀ ਹੈ?

ਸੋਸ਼ਲ ਮੀਡੀਆ 'ਤੇ ਪੀਐੱਮ ਮੋਜੀ ਨਾਲ ਸਬੰਧਤ ਜਿਸ ਕਥਿਤ ਆਰਟੀਆਈ ਨੂੰ ਆਧਾਰ ਬਣਾ ਕੇ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਤਰ੍ਹਾਂ ਦੀ ਕੋਈ ਆਰਟੀਆਈ ਪੀਐੱਮ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਮੌਜੂਦ ਨਹੀਂ ਹੈ।

ਪੀਐੱਮ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਨਰਿੰਦਰ ਮੋਦੀ ਦੀ ਸਿੱਖਿਅਕ ਯੋਗਤਾ, ਉਨ੍ਹਾਂ ਦੀਆਂ ਛੁੱਟੀਆਂ, ਦਫ਼ਤਰ ਦੀ ਵਾਈ-ਫਾਈ ਸਪੀਡ ਅਤੇ ਰੋਜ਼ ਦੇ ਸ਼ਡਿਊਲ ਨਾਲ ਜੁੜੇ ਸਵਾਲ ਲੋਕਾਂ ਨੇ ਆਰਟੀਆਈ ਜ਼ਰੀਏ ਪੁੱਛੇ ਹਨ।

ਪਰ ਵੈੱਬਸਾਈਟ ਵਿੱਚ ਦਿੱਤੀ ਗਈ ਲਿਸਟ ਵਿੱਚ ਪੀਐੱਮ ਮੋਦੀ ਦੇ ਮੇਕਅਪ ਅਤੇ ਉਨ੍ਹਾਂ ਦੇ ਕੱਪੜਿਆਂ 'ਤੇ ਹੋਣ ਵਾਲੇ ਖਰਚੇ ਦਾ ਸਵਾਲ ਸ਼ਾਮਲ ਨਹੀਂ ਹੈ।

2018 ਵਿੱਚ ਛਪੀਆਂ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਆਰਟੀਆਈ ਕਾਰਕੁਨ ਨੇ ਪਿਛਲੇ ਸਾਲ ਇਹ ਪੁੱਛਿਆ ਸੀ ਕਿ 1988 ਤੋਂ ਲੈ ਕੇ ਹੁਣ ਤੱਕ ਜਿਹੜੇ ਲੋਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਉਨ੍ਹਾਂ ਦੇ ਕੱਪੜਿਆਂ 'ਤੇ ਕਿੰਨਾ ਸਰਕਾਰੀ ਖਰਚਾ ਹੋਇਆ?

ਇਹ ਵੀ ਪੜ੍ਹੋ:

ਇਸਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਸੀ ਕਿ ਮੰਗੀ ਗਈ ਜਾਣਕਾਰੀ ਨਿੱਜੀ ਜਾਣਕਾਰੀ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਅਤੇ ਇਸਦਾ ਕੋਈ ਅਧਿਕਾਰਤ ਰਿਕਾਰਡ ਮੌਜੂਦ ਨਹੀਂ ਹੈ।

ਪੀਐੱਮਓ ਨੇ ਆਪਣੇ ਇਸ ਜਵਾਬ ਵਿੱਚ ਇਹ ਨੋਟ ਵੀ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਦੇ ਕੱਪੜਿਆਂ ਦਾ ਖਰਚ ਸਰਕਾਰ ਨਹੀਂ ਚੁੱਕਦੀ।

ਹਾਲਾਂਕਿ ਜਿਸ ਆਰਟੀਆਈ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਮੇਕਅਪ 'ਤੇ ਖਰਚੇ ਨੂੰ 80 ਲੱਖ ਰੁਪਏ ਦੱਸਿਆ ਜਾ ਰਿਹਾ ਹੈ, ਬੀਬੀਸੀ ਦੀ ਉਸਦੀ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰਦਾ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)