You’re viewing a text-only version of this website that uses less data. View the main version of the website including all images and videos.
ਇੰਦਰਾ ਗਾਂਧੀ ਦੇ ਸੰਸਕਾਰ ਤੇ ਮੋਦੀ ਹੰਕਾਰ ਦਾ ਫੈਕਟ ਚੈੱਕ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਦੇਸ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਦੀ ਇਹ ਬਲੈਕ ਐਂਡ ਵ੍ਹਾਈਟ ਤਸਵੀਰ ਸੋਸ਼ਲ ਮੀਡੀਆ 'ਤੇ ਇੱਕ ਭਰਮ ਫੈਲਾਉਣ ਵਾਲੇ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ।
ਖਾਣੇ ਦੇ ਟੇਬਲ 'ਤੇ ਬੈਠੀਆਂ ਦੋਵੇਂ ਔਰਤਾਂ ਦੀ ਇਸ ਤਸਵੀਰ ਬਾਰੇ ਲਿਖਿਆ ਜਾ ਰਿਹਾ ਹੈ, "ਇੰਦਰਾ ਗਾਂਧੀ ਵਰਗੇ ਲੀਡਰ ਰੇਅਰ ਹੀ ਮਿਲਦੇ ਹਨ। ਜਦੋਂ ਕਿਰਨ ਬੇਦੀ ਨੇ ਗ਼ਲਤ ਪਾਰਕਿੰਗ 'ਚ ਖੜ੍ਹੀ ਪ੍ਰਧਾਨ ਮੰਤਰੀ ਦੀ ਗੱਡੀ ਦਾ ਚਲਾਨ ਕੱਟ ਦਿੱਤਾ ਸੀ, ਉਦੋਂ ਇੰਦਰਾ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਪੀਐਮਓ 'ਚ ਲੰਚ 'ਤੇ ਸੱਦਿਆ ਸੀ।"
ਅਸੀਂ ਦੇਖਿਆ ਕਿ ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਦਰਾ ਗਾਂਧੀ ਵਿਚਾਲੇ ਤੁਲਨਾ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਟਵਿੱਟਰ ਅਤੇ ਫੇਸਬੁੱਕ 'ਤੇ ਸੈਂਕੜੇ ਵਾਰ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ ਇਸ ਤਸਵੀਰ ਨਾਲ ਲਿਖਿਆ ਗਿਆ ਹੈ, "ਸੰਸਕਾਰਾਂ ਦਾ ਫ਼ਰਕ ਇਤਿਹਾਸਕ ਹੈ। ਇੰਦਰਾ ਗਾਂਧੀ ਨੇ ਕਾਰ ਦਾ ਚਲਾਨ ਕਰਨ ਵਾਲੀ ਆਈਪੀਐਸ ਅਧਿਕਾਰੀ ਨੂੰ ਘਰ ਬੁਲਾ ਕੇ, ਉਸ ਨਾਲ ਨਾ ਸਿਰਫ਼ ਭੋਜਨ ਕੀਤਾ ਬਲਕਿ ਐਵਾਰਡ ਵੀ ਦਿੱਤਾ। ਜਦੋਂ ਕਿ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲ ਆਈਏਐਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ।"
ਇਹ ਵੀ ਪੜ੍ਹੋ-
6 ਅਪ੍ਰੈਲ 2019 ਨੂੰ ਓਡੀਸ਼ਾ ਦੇ ਸੰਬਲਪੁਰ 'ਚ ਪੀਐਮ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਤੌਰ 'ਤੇ ਜਾਂਚ ਕਰਨ ਲਈ ਚੋਣ ਕਮਿਸ਼ਨ ਨੇ ਸੂਬੇ ਦੇ ਜਨਰਲ ਸੁਪਰਵਾਈਜ਼ਰ ਮੁਹੰਮਦ ਮੋਹਸਿਨ ਨੂੰ ਸਸਪੈਂਡ ਕਰ ਦਿੱਤਾ ਸੀ।
ਰਿਵਰਸ ਇਮੇਜ ਸਰਚ ਨਾਲ ਪਤਾ ਲਗਦਾ ਹੈ ਕਿ ਓਡੀਸ਼ਾ ਦੇ ਜਨਰਲ ਸੁਪਰਵਾਈਜ਼ਰ ਦੇ ਸਸਪੈਂਡ ਹੋਣ ਦੇ ਬਾਅਦ ਤੋਂ ਹੀ ਇੰਦਰਾ ਗਾਂਧੀ ਅਤੇ ਕਿਰਨ ਬੇਦੀ ਦਾ ਇਹ ਫੋਟੋ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੋਣਾ ਸ਼ੁਰੂ ਹੋਇਆ।
ਇੰਦਰਾ ਗਾਂਧੀ ਨਾਲ ਨਾਸ਼ਤੇ 'ਤੇ ਮੁਲਾਕਾਤ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੰਦਰਾ ਗਾਂਧੀ ਅਤੇ ਕਿਰਨ ਬੇਦੀ ਦੀ ਇਸ ਤਸਵੀਰ ਦੀ ਜਾਂਚ ਦੌਰਾਨ ਸਾਨੂੰ ਪਤਾ ਲਗਿਆ ਕਿ ਇਹ ਫੋਟੋ ਤਾਂ ਅਸਲੀ ਹੈ ਪਰ ਇਸ ਨਾਲ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਸ ਵਿੱਚ ਵੱਡੀ ਤੱਥ ਆਧਾਰਿਤ ਗਲਤੀ ਹੈ।
ਵਾਇਰਲ ਤਸਵੀਰ ਦੀ ਸੱਚਾਈ ਜਾਨਣ ਲਈ ਅਸੀਂ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨਾਲ ਗੱਲ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਉਨ੍ਹਾਂ ਦੀ ਇਹ ਤਸਵੀਰ ਸਾਲ 1975 ਦੀ ਹੈ। ਯਾਨਿ ਕਿ ਪ੍ਰਧਾਨ ਮੰਤਰੀ ਦਫ਼ਤਰ ਦੀ ਗੱਡੀ ਦਾ ਚਲਾਨ ਕੱਟਣ ਦੀ ਘਟਨਾ ਤੋਂ ਤਕਰੀਬਨ 7 ਸਾਲ ਪਹਿਲਾਂ ਦੀ ਹੈ।
1975 'ਚ ਹੀ ਕਿਰਨ ਬੇਦੀ ਨੂੰ ਦਿੱਲੀ ਪੁਲਿਸ 'ਚ ਪਹਿਲੀ ਪੋਸਟਿੰਗ ਮਿਲੀ ਸੀ ਅਤੇ ਇਸੇ ਸਾਲ 26 ਜਨਵਰੀ ਦੀ ਪਰੇਡ 'ਚ ਉਨ੍ਹਾਂ ਨੇ ਦਿੱਲੀ ਪੁਲਿਸ ਦੇ ਇੱਕ ਸੈਨਿਕ ਦਸਤੇ ਦੀ ਅਗਵਾਈ ਕੀਤੀ ਸੀ।
ਕਿਰਨ ਬੇਦੀ ਨੇ ਬੀਬੀਸੀ ਪੱਤਰਕਾਰ ਪ੍ਰਸ਼ਾਂਤ ਚਾਹਲ ਨੂੰ ਦੱਸਿਆ, "ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਸ ਗੱਲ ਨਾਲ ਖੁਸ਼ ਹੋਈ ਸੀ ਕਿ ਪੁਲਿਸ ਦੇ ਇੱਕ ਦਸਤੇ ਦੀ ਅਗਵਾਈ ਇੱਕ ਕੁੜੀ ਕਰ ਰਹੀ ਹੈ। ਇੱਕ ਅਜਿਹਾ ਦਸਤਾ ਜਿਸ ਵਿੱਚ ਮੇਰੇ ਤੋਂ ਇਲਾਵਾ ਸਾਰੇ ਪੁਰਸ਼ ਸਨ। ਇਹ ਮੁਕਾਮ ਹਾਸਿਲ ਕਰਨ ਵਾਲੀ ਮੈਂ ਪਹਿਲੀ ਭਾਰਤ ਮਹਿਲਾ ਸੀ।"
ਕਿਰਨ ਬੇਦੀ ਨੇ ਦੱਸਿਆ ਕਿ ਇੰਦਰਾ ਗਾਂਧੀ ਨੇ 26 ਜਨਵਰੀ ਦੀ ਪਰੇਡ ਦੇ ਅਗਲੇ ਦਿਨ ਉਨ੍ਹਾਂ ਨੂੰ ਨਾਸ਼ਤੇ ਲਈ ਸੱਦਾ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ, "ਅਜਿਹਾ ਨਹੀਂ ਹੈ ਕਿ ਉਨ੍ਹਾਂ ਨੇ ਨਾਸ਼ਤੇ 'ਤੇ ਸਿਰਫ਼ ਮੈਨੂੰ ਹੀ ਸੱਦਿਆ ਸੀ। ਮੇਰੇ ਤੋਂ ਇਲਾਵਾ 3-4 ਔਰਤਾਂ ਐਨਸੀਸੀ ਕੈਡਟਸ ਨੂੰ ਵੀ ਪੀਐਮਓ ਤੋਂ ਸੱਦਾ ਮਿਲਿਆ ਸੀ। ਇਸੇ ਦਿਨ ਸਾਡੀ ਇਹ ਤਸਵੀਰ ਖਿੱਚੀ ਗਈ ਸੀ। ਇਸ ਤਸਵੀਰ ਦਾ ਜ਼ਿਕਰ ਮੈਂ 1995 'ਚ ਛਪੀ ਆਪਣੀ ਸਵੈ-ਜੀਵਨੀ 'ਆਈ ਡੇਅਰ' ਵਿੱਚ ਵੀ ਕੀਤਾ ਹੈ।"
ਕਿਰਨ ਬੇਦੀ ਨੇ ਦੱਸਿਆ ਕਿ 31 ਅਕਤੂਬਰ 2014 ਨੂੰ ਉਨ੍ਹਾਂ ਨੇ ਇਹ ਤਸਵੀਰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤੀ ਸੀ।
ਪ੍ਰਧਾਨ ਮੰਤਰੀ ਦੀ ਕਾਰ ਦਾ ਚਲਾਨ
ਵਾਇਰਲ ਤਸਵੀਰ ਦੇ ਨਾਲ ਜੋ ਦੂਜਾ ਵੱਡਾ ਦਾਅਵਾ ਕੀਤਾ ਗਿਆ ਹੈ ਉਹ ਇਹ ਹੈ ਕਿ ਕਿਰਨ ਬੇਦੀ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕਾਰ ਦਾ ਚਲਾਨ ਕੱਟ ਦਿੱਤਾ ਸੀ ਪਰ ਇਹ ਦਾਅਵਾ ਵੀ ਪੂਰੀ ਤਰ੍ਹਾਂ ਸਹੀ ਨਹੀਂ ਹੈ।
ਕਿਰਨ ਬੇਦੀ ਨੇ ਸਾਨੂੰ ਦੱਸਿਆ, "ਦਿੱਲੀ ਪੁਲਿਸ ਨੇ ਕ੍ਰੇਨ ਦਾ ਇਸਤੇਮਾਲ ਕਰਦਿਆਂ ਗ਼ਲਤ ਥਾਂ 'ਤੇ ਖੜ੍ਹੀ ਪ੍ਰਧਾਨ ਮੰਤਰੀ ਹਾਊਸ ਦੀ ਇੱਕ ਗੱਡੀ ਨੂੰ ਚੁੱਕਿਆ ਸੀ। ਇਹ 1982 ਦਾ ਮਾਮਲਾ ਹੈ। ਉਸ ਗੱਡੀ ਨੂੰ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਚੁੱਕਿਆ ਸੀ ਜੋ ਬਾਅਦ 'ਚ ਦਿੱਲੀ ਪੁਲਿਸ ਦੇ ਏਸੀਪੀ ਵਜੋਂ ਰਿਟਾਇਰ ਹੋਏ। ਮੈਂ ਉਸ ਵੇਲੇ ਦਿੱਲੀ ਪੁਲਿਸ 'ਚ ਡੀਸੀਪੀ ਟਰੈਫਿਕ ਸੀ। ਮੈਂ ਕਦੇ ਨਹੀਂ ਕਿਹਾ ਕਿ ਉਹ ਗੱਡੀ ਮੈਂ ਚੁੱਕੀ ਸੀ।"
ਇੰਟਰਨੈਟ 'ਤੇ ਕਿਰਨ ਬੇਦੀ ਦੇ ਕੁਝ ਪੁਰਾਣੇ ਇੰਟਰਵਿਊ ਵੀ ਮੌਜੂਦ ਹਨ, ਜਿਨ੍ਹਾਂ 'ਚ ਇਹ ਫੈਕਟਸ ਪੇਸ਼ ਕਰਦੇ ਸੁਣਿਆ ਜਾ ਸਕਦਾ ਹੈ।
2015 ਦੇ ਇੱਕ ਇੰਟਰਵਿਊ 'ਚ ਕਿਰਨ ਬੇਦੀ ਨੇ ਕਿਹਾ ਸੀ, "ਗੱਡੀ ਚੁੱਕਣਾ ਜਾਂ ਉਸ ਦਾ ਚਲਾਨ ਕਰਨਾ ਕਿਸੇ ਡੀਸੀਪੀ ਦਾ ਕੰਮ ਨਹੀਂ ਹੁੰਦਾ ਪਰ ਅਜਿਹੇ ਮਾਮਲੇ 'ਚ ਅਧਿਕਾਰੀਆਂ ਨੂੰ ਪ੍ਰਤੀਕਿਰਿਆ ਜ਼ਰੂਰ ਦੇਣੀ ਪੈਂਦੀ ਹੈ। ਮੈਨੂੰ ਜਦੋਂ ਪਤਾ ਲੱਗਾ ਸੀ ਕਿ ਨਿਰਮਲ ਸਿੰਘ ਨੇ ਅਜਿਹਾ ਕੀਤਾ ਹੈ ਤਾਂ ਮੈਂ ਕਿਹਾ ਸੀ ਕਿ ਮੈਂ ਇਸ ਪੁਲਿਸ ਮੁਲਾਜ਼ਮ ਨੂੰ ਐਵਾਰਡ ਦੇਣਾ ਚਾਹਾਂਗੀ, ਜਿਸ ਨੇ ਆਪਣੀ ਡਿਊਟੀ ਦੌਰਾਨ ਅਜਿਹੀ ਹਿੰਮਤ ਦਿਖਾਈ।"
ਸਾਲ 2015 'ਚ ਹੀ ਪੁਲਿਸ ਤੋਂ ਰਿਟਾਇਰਡ ਏਸੀਪੀ ਨਿਰਮਲ ਸਿੰਘ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਪੀਐਮ ਹਾਊਸ ਦੀ ਗੱਡੀ ਦਿੱਲੀ ਪੁਲਿਸ ਨੇ ਚੁੱਕੀ ਸੀ। ਰਹੀ ਗੱਲ ਕ੍ਰੈਡਿਟ ਦੀ, ਤਾਂ ਮੈਂ ਨਹੀਂ ਮੰਨਦਾ ਕਿ ਕਿਰਨ ਬੇਦੀ ਨੇ ਕਦੇ ਇਹ ਕ੍ਰੈਡਿਟ ਖ਼ੁਦ ਲੈਣ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਮਾਮਲੇ 'ਚ ਜਦੋਂ ਮੇਰੀ ਫਾਇਲ ਕਿਰਨ ਬੇਦੀ ਦੇ ਕੋਲ ਗਈ ਸੀ ਤਾਂ ਉਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਸੀ।"
ਫਰਜ਼ੀ ਖ਼ਬਰਾਂ ਤੋਂ ਪਰੇਸ਼ਾਨੀ
ਅਸੀਂ ਕਿਰਨ ਬੇਦੀ ਕੋਲੋਂ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਾਂ ਉਨ੍ਹਾਂ ਦੇ ਕਾਰਜਕਾਲ ਨੇ ਕਦੇ ਇਸ ਘਟਨਾ ਲਈ ਦਿੱਲੀ ਪੁਲਿਸ ਜਾਂ ਉਨ੍ਹਾਂ ਦੀ ਤਾਰੀਫ਼ ਜਾਂ ਕੋਈ ਐਵਾਰਡ ਦਿੱਤਾ?
ਕਿਰਨ ਬੇਦੀ ਨੇ ਕਿਹਾ, "ਕਦੇ ਨਹੀਂ। ਬਲਕਿ ਇੰਦਰਾ ਗਾਂਧੀ ਦੇ ਸਿਆਸੀ ਸਲਾਹਕਾਰ ਮਾਖਨ ਲਾਲ ਫੋਤੇਦਾਰ ਅਤੇ ਕਾਂਗਰਸ ਆਗੂ ਆਰ ਕੇ ਧਵਨ ਦਿੱਲੀ ਪੁਲਿਸ ਤੋਂ ਨਾਰਾਜ਼ ਹੋ ਗਏ ਸਨ ਕਿ ਸਾਨੂੰ ਅਜਿਹਾ ਕਰਨ ਦੀ ਕੀ ਲੋੜ ਸੀ।"
ਕਿਰਨ ਬੇਦੀ ਨੇ ਦੱਸਿਆ, "ਕਾਰ ਚੁੱਕੇ ਦੀ ਜਾਣ ਦੀ ਘਟਨਾ ਦੇ 7 ਮਹੀਨੇ ਬਾਅਦ ਮੇਰਾ ਟਰਾਂਸਫਰ ਦਿੱਲੀ ਤੋਂ ਗੋਆ ਕਰ ਦਿੱਤਾ ਗਿਆ ਸੀ। ਇਹ ਟਰਾਂਸਫਰ ਕਿਸੇ ਪੋਸਟਿੰਗ ਦੇ ਇੱਕ ਤੈਅ ਕਾਰਜਕਾਲ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਮੈਂ ਮੈਡੀਕਲ ਦੇ ਆਧਾਰ 'ਤੇ ਦਿੱਲੀ 'ਚ ਰਹਿਣ ਦੀ ਗੁਜਾਰਿਸ਼ ਵੀ ਕੀਤੀ ਸੀ ਪਰ ਮੇਰੀ ਗੱਲ ਨਹੀਂ ਸੁਣੀ ਗਈ।"
ਫਿਲਹਾਲ ਪੁਡੂਚੈਰੀ ਦੇ ਗਵਰਨਰ ਅਹੁਦੇ 'ਤੇ ਕਾਰਜਸ਼ੀਲ ਕਿਰਨ ਬੇਦੀ ਕਹਿੰਦੀ ਹੈ ਕਿ 1995 ਤੋਂ ਉਹ ਇਸ ਘਟਨਾ ਬਾਰੇ ਲੋਕਾਂ ਨੂੰ ਦੱਸ ਰਹੀ ਹੈ ਪਰ ਇਸ ਨਾਲ ਜੁੜਿਆ ਕੋਈ ਨਾ ਕੋਈ ਪਹਿਲੂ ਫਰਜ਼ੀ ਖ਼ਬਰ ਵਜੋਂ ਬਾਹਰ ਆ ਹੀ ਜਾਂਦਾ ਹੈ।
ਫੈਕਟ ਚੈੱਕ ਦੀਆਂ ਹੋਰ ਖ਼ਬਰਾਂ-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ