ਅਕਾਲ ਯੂਨੀਵਰਸਿਟੀ ਮਾਮਲਾ : ਵਿਦਿਆਰਥਣਾਂ ਦੀ ਤਲਾਸ਼ੀ ਮਗਰੋਂ ਕੀ ਹੈ ਉੱਥੇ ਦਾ ਮਾਹੌਲ - ਗਰਾਊਂਡ ਰਿਪੋਰਟ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਤਲਵੰਡੀ ਸਾਬੋ ਤੋਂ ਬੀਬੀਸੀ ਪੰਜਾਬੀ ਲਈ

ਤਲਵੰਡੀ ਸਾਬੋ ਦੀ ਅਕਾਲ ਯੂਨੀਵਰਸਿਟੀ ਦੇ ਹੋਸਟਲ ਦੀਆਂ ਵਿਦਿਆਰਥਣਾਂ ਦੀ ਹੋਸਟਲ ਦੇ ਬਾਥਰੂਮ ਵਿੱਚ ਇੱਕ ਵਰਤਿਆ ਹੋਇਆ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਹੋਸਟਲ ਪ੍ਰਸ਼ਾਸਨ ਵੱਲੋਂ ਕੁੜੀਆਂ ਦੀ ਕਥਿਤ ਤਲਾਸ਼ੀ ਲਈ ਗਈ।

ਵਿਦਿਆਰਥਣਾਂ ਵੱਲੋਂ ਅਗਲੇ ਦਿਨ ਜਾਂਚ ਦੇ ਤਰੀਕੇ ਅਤੇ ਹੋਸਟਲ ਸਟਾਫ਼ ਦੇ ਰਵੱਈਏ ਖ਼ਿਲਾਫ਼ ਯੂਨੀਵਰਸਿਟੀ ਕੈਂਪਸ ਵਿੱਚ ਪ੍ਰਦਰਸ਼ਨ ਕੀਤਾ ਗਿਆ।

ਉਨ੍ਹਾਂ ਦਾ ਇਲਜ਼ਾਮ ਸੀ ਕਿ ਹੋਸਟਲ ਸਟਾਫ਼ ਵੱਲੋਂ ਮਾੜੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ।

ਘਟਨਾ ਦੇ ਅਗਲੇ ਦਿਨ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਹੋਸਟਲ ਸਟਾਫ਼ ਦੀਆਂ ਚਾਰ ਮਹਿਲਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਅਕਾਲ ਯੂਨੀਵਰਸਿਟੀ ਬਠਿੰਡਾ ਤੇ ਤਲਵੰਡੀ ਸਾਬੋ ਦੇ ਬਾਹਰਵਾਰ ਸਥਿਤ ਹੈ ਅਤੇ ਸਾਲ 2015 ਵਿੱਚ ਸਥਾਪਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਇਸ ਘਟਨਾ ਦੇ ਦੋ ਹਫ਼ਤੇ ਬਾਅਦ 6 ਮਈ ਨੂੰ ਦੋ ਸੰਸਥਾਵਾਂ ਬੇਖ਼ੌਫ ਅਜ਼ਾਦੀ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਅਕਾਲ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ।ਸੰਸਥਾ ਦੇ ਨੁਮਾਇੰਦਿਆਂ ਮੁਤਾਬਿਕ ਉਹ ਮਾਮਲੇ ਦੀ ਜਾਂਚ ਕਰਕੇ ਤੱਥ ਸਾਹਮਣੇ ਲਿਆਉਣ ਦੀ ਮਨਸ਼ਾ ਨਾਲ ਗਏ ਸਨ।

ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ.ਅਜੀਤਪਾਲ ਸਿੰਘ ਮੁਤਾਬਕ, "ਸਾਡੀ ਗਿਆਰਾਂ ਮੈਂਬਰੀ ਸਾਂਝੀ ਤੱਥ ਖੋਜ ਟੀਮ ਅਕਾਲ ਯੂਨੀਵਰਸਿਟੀ ਗਈ ਸੀ। ਪਹਿਲਾਂ ਤਾਂ ਸਕਿਊਰਿਟੀ ਗਾਰਡਾਂ ਵੱਲੋਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।"

ਉਨ੍ਹਾਂ ਅੱਗੇ ਦੱਸਿਆ, “ਬਾਅਦ ਵਿੱਚ ਗੇਟ ’ਤੇ ਹੀ ਸੰਸਥਾ ਦੇ ਕੁੱਝ ਅਧਿਕਾਰੀਆਂ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਗਈਆਂ। ਸਾਡੀ ਸਾਂਝੀ ਟੀਮ ਵਿੱਚ ਸ਼ਾਮਲ ਔਰਤਾਂ ਨਾਲ ਵੀ ਦੁਰਵਿਵਹਾਰ ਕੀਤਾ ਗਿਆ।”

“ਬਾਅਦ ਵਿੱਚ ਸਾਡੀ ਪੰਜ ਮੈਂਬਰੀ ਟੀਮ ਨੂੰ ਵਾਈਸ ਚਾਂਸਲਰ ਨਾਲ ਗੱਲ ਕਰਨ ਦੇ ਬਹਾਨੇ ਅੰਦਰ ਜਾਣ ਦਿੱਤਾ ਗਿਆ। ਅੰਦਰ ਜਾ ਕੇ ਵੀ ਉਨ੍ਹਾਂ ਸਾਨੂੰ ਵਾਈਸ ਚਾਂਸਲਰ ਨਾਲ ਨਹੀਂ ਮਿਲਾਇਆ।

ਉਨ੍ਹਾਂ ਆਪਣੀ ਗੱਲ ਜਾਰੀ ਰੱਖਿਦਿਆਂ ਕਿਹਾ, “ਅੰਦਰ ਉਹੀ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਨੇ ਸਾਡੀ ਟੀਮ ਨਾਲ ਦੁਰਵਿਵਹਾਰ ਕੀਤਾ ਸੀ। ਸਾਡੇ ਵੱਲੋਂ ਪੁੱਛੇ ਗਏ ਹਰ ਸਵਾਲ ਉੱਤੇ ਉਨ੍ਹਾਂ ਦਾ ਰਵੱਈਆ ਨਾ ਮਿਲਵਰਤਨ ਵਾਲਾ ਸੀ।"

ਬੇਖ਼ੌਫ ਅਜ਼ਾਦੀ ਦੀ ਆਗੂ ਸ਼ੈਲਜਾ ਸ਼ਰਮਾ ਨੇ ਦੱਸਿਆ, "ਉਨ੍ਹਾਂ ਨੇ ਪਹਿਲਾਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ, ਫਿਰ ਸਾਨੂੰ ਸਾਡੇ ਫ਼ੋਨ ਜਮਾਂ ਕਰਵਾਉਣ ਲਈ ਦਬਾਅ ਬਣਾਇਆ। ਜਦੋਂ ਅਸੀਂ ਇਨਕਾਰ ਕਰਦਿਆਂ ਇਸ ਦਾ ਕਾਰਨ ਪੁੱਛਿਆ ਤਾਂ ਉੱਥੇ ਮੌਜੂਦ ਅਧਿਕਾਰੀਆਂ ਨੇ ਬਹੁਤ ਉੱਚੀ ਅਵਾਜ਼ ਵਿੱਚ ਗੱਲ ਕੀਤੀ।”

“ਇੱਕ ਅਧਿਕਾਰੀ ਤਾਂ ਲਗਪਗ ਸਾਡੇ ਉੱਤੇ ਚੀਕ ਹੀ ਰਿਹਾ ਸੀ। ਯੂਨੀਵਰਸਿਟੀ ਅੰਦਰੋਂ ਬਹੁਤ ਸੁੰਨੀ-ਸੁੰਨੀ ਜਾਪ ਰਹੀ ਸੀ। ਉਨ੍ਹਾਂ ਸਾਨੂੰ ਕਿਸੇ ਵਿਦਿਆਰਥਣ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ।”

ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਅਤੇ ਹੋਰ ਸਰੋਤਾਂ ਤੋਂ ਅਸੀਂ ਜਾਂਚ ਕੀਤੀ। ਸਾਡੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਅੰਦਰ ਦਾ ਮਾਹੌਲ ਬਹੁਤ ਗੈਰ ਜਮਹੂਰੀ ਅਤੇ ਤੰਗ ਨਜ਼ਰ ਹੈ। ਮੁੰਡੇ ਕੁੜੀਆਂ ਨੂੰ ਇਕੱਠੇ ਬੈਠਣ ਨਹੀਂ ਦਿੱਤਾ ਜਾਂਦਾ।”

“ਕੁੜੀਆਂ ਨੂੰ ਕੈਂਪਸ ਵਿੱਚੋਂ ਬਾਹਰ ਆਉਣ ਦੀ ਵੀ ਅਜ਼ਾਦੀ ਨਹੀਂ ਹੈ। ਜਿਹੜੇ ਵਿਦਿਆਰਥੀਆਂ ਨਾਲ ਅਸੀਂ ਗੱਲ ਕੀਤੀ ਉਹ ਵੀ ਇਸ ਗੱਲੋਂ ਡਰੇ ਹੋਏ ਸਨ ਕਿ ਉਨ੍ਹਾਂ ਦਾ ਨਾਂ ਸਾਹਮਣੇ ਨਾ ਆਵੇ।”

“ਯੂਨੀਵਰਸਿਟੀ ਵਿੱਚ ਵਾਪਰੀ ਇਹ ਘਟਨਾ ਇਸੇ ਮਾਹੌਲ ਦਾ ਸਿੱਟਾ ਹੈ। ਇਹ ਕੁੜੀਆਂ ਦੇ ਸਨਮਾਨ ਦੀ ਉਲੰਘਣਾ ਹੈ। ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਸਮਾਜਿਕ ਸ਼ਾਖ਼ ਦੇ ਨਾਂ ’ਤੇ ਪੀੜਤ ਕੁੜੀਆਂ ਦੀ ਕਾਊਂਸਲਿੰਗ ਕੀਤੀ ਗਈ ਹੈ ਤਾਂ ਜੋ ਉਹ ਕਾਨੂੰਨੀ ਕਾਰਵਾਈ ਵਿੱਚ ਨਾ ਪੈਣ।"

ਇਹ ਵੀ ਪੜ੍ਹੋ:

ਅਸੀਂ ਇੱਕ ਪੀੜਤ ਵਿਦਿਆਰਥਣ ਨਾਲ ਸੰਪਰਕ ਕੀਤਾ। ਇਸ ਵਿਦਿਆਰਥਣ ਨੇ ਆਪਣਾ ਨਾਂ ਨਸ਼ਰ ਨਾਂ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਜੋ ਵੀ ਹੋਇਆ ਉਹ ਗ਼ਲਤ ਹੋਇਆ ਸੀ ਪਰ ਮੈਨੇਜਮੈਂਟ ਵੱਲੋਂ ਲਏ ਐਕਸ਼ਨ ਤੋਂ ਉਹ ਸੰਤੁਸ਼ਟ ਹੈ।

ਜਦੋਂ ਅਸੀਂ ਯੂਨੀਵਰਸਿਟੀ ਕੈਂਪਸ ਪਹੁੰਚੇ ਤਾਂ ਗੇਟ ਉੱਤੇ ਪੰਜ ਸਕਿਊਰਿਟੀ ਗਾਰਡ ਮੌਜੂਦ ਸਨ। ਸਾਡੇ ਵੱਲੋਂ ਪ੍ਰੈੱਸ ਦੀ ਪਛਾਣ ਦੱਸਣ ਉੱਤੇ ਐਂਟਰੀ ਰਜਿਸਟਰ ਕਰਵਾ ਕੇ ਅੰਦਰ ਜਾਣ ਦਿੱਤਾ ਗਿਆ।

ਇੱਕ ਸੁਰੱਖਿਆ ਗਾਰਡ ਸਾਡੇ ਨਾਲ ਲੋਕ ਸੰਪਰਕ ਅਧਿਕਾਰੀ ਦੇ ਦਫ਼ਤਰ ਤੱਕ ਗਿਆ। ਕੈਂਪਸ ਦੇ ਅੰਦਰ ਮਾਹੌਲ ਬਹੁਤ ਸ਼ਾਂਤ ਸੀ। ਕੁਝ ਕੁ ਹੀ ਵਿਦਿਆਰਥੀ ਕੈਂਪਸ ਅੰਦਰ ਘੁੰਮਦੇ ਦਿਖਾਈ ਦਿੱਤੇ।

ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ, "ਸਾਡੇ ਕੋਲ ਬਾਰਾਂ ਸੌ ਵਿਦਿਆਰਥੀ ਹਨ। ਵੈਸੇ ਸਾਡੇ ਕੈਂਪਸ ਵਿੱਚ ਇਸ ਤਰ੍ਹਾਂ ਹੀ ਸ਼ਾਂਤੀ ਰਹਿੰਦੀ ਹੈ। ਇਹ ਡਿਸੀਪਲਿਨ ਕਰਕੇ ਹੈ। ਸਾਡੇ ਸਟਾਫ਼ ਅਤੇ ਮੁੰਡਿਆਂ ਦੀ ਸਾਂਝੀ ਮੈੱਸ ਹੈ। ਕੁੜੀਆਂ ਦੀ ਮੈੱਸ ਅਲੱਗ ਹੈ।”

“ਸਾਰੇ ਇੱਕੋ ਤਰ੍ਹਾਂ ਦਾ ਖਾਣਾ ਖਾਂਦੇ ਹਨ। ਛੋਟੇ-ਵੱਡੇ ਸਭ ਆਪਣੇ ਬਰਤਨ ਆਪ ਸਾਫ਼ ਕਰਦੇ ਹਨ ਪਰ ਹੁਣ ਤੁਹਾਨੂੰ ਇਸ ਕਰਕੇ ਸੁੰਨਾ ਲੱਗ ਰਿਹਾ ਹੈ ਕਿਉਂਕਿ ਪ੍ਰੈਕਟੀਕਲ ਚੱਲ ਰਹੇ ਹਨ। ਬਾਰਾਂ ਤਰੀਕ ਤੋਂ ਬੱਚਿਆਂ ਦੇ ਪੇਪਰ ਹਨ। ਇਸ ਕਰਕੇ ਅਸੀਂ 7 ਮਈ ਤੋਂ ਬੱਚਿਆਂ ਨੂੰ ਕਲਾਸਾਂ ਤੋਂ ਛੁੱਟੀ ਕੀਤੀ ਹੋਈ ਹੈ।"

ਚਰਨਜੀਤ ਸਿੰਘ ਨੂੰ 25 ਅਪ੍ਰੈਲ ਦੀ ਘਟਨਾ ਬਾਰੇ ਦੱਸਿਆ, "ਹੋਸਟਲ ਵਿੱਚ ਡਸਟਬਿਨ ਲੱਗੇ ਹੋਏ ਹਨ ਪਰ ਬੱਚੇ ਕਈ ਵਾਰ ਚੀਜ਼ਾਂ ਬਾਹਰ ਸੁੱਟ ਦਿੰਦੇ ਹਨ।ਸਾਨੂੰ ਲਗਪਗ ਇੱਕ ਮਹੀਨੇ ਤੋਂ ਇਸ ਤਰਾਂ ਦੀਆਂ ਸ਼ਿਕਾਇਤਾਂ ਹੋਸਟਲ ਸਫ਼ਾਈ ਸਟਾਫ਼ ਵੱਲੋਂ ਮਿਲ ਰਹੀਆਂ ਸਨ।”

“ਇਸ ਘਟਨਾ ਦਾ ਪਤਾ ਲਗਦੇ ਹੀ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਮੈਨੇਜਮੈਂਟ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ। ਵਿਦਿਆਰਥਣਾਂ ਇਸ ਕਾਰਵਾਈ ਤੋਂ ਸੰਤੁਸ਼ਟ ਹਨ। ਇਹ ਮਾਮਲਾ ਅਗਲੇ ਦਿਨ ਹੀ ਖ਼ਤਮ ਹੋ ਗਿਆ ਸੀ।"

ਯੂਨੀਵਰਸਿਟੀ ਦੇ ਡੀਨ ਅਕਾਦਮਿਕ ਐੱਮ ਐੱਸ ਜੌਹਲ ਨਾਲ ਵੀ ਅਸੀਂ ਗੱਲਬਾਤ ਕੀਤੀ ।

ਉਨ੍ਹਾਂ ਦਾ ਕਹਿਣਾ ਸੀ, "ਦੇਖੋ ਜਿੱਥੋਂ ਤੱਕ ਪਰਸੋਂ ਆਈ ਟੀਮ ਦਾ ਸਵਾਲ ਹੈ, ਸਾਡੇ ਵੱਲੋਂ ਉਨ੍ਹਾਂ ਨਾਲ ਕੋਈ ਦੁਰਵਿਵਹਾਰ ਨਹੀਂ ਕੀਤਾ ਗਿਆ। ਉਕਤ ਟੀਮ ਦੇ ਮੈਂਬਰ ਜਾਂਚ ਕਰਨ ਤੋਂ ਪਹਿਲਾਂ ਹੀ ਸਾਡੇ ’ਤੇ ਇਲਜ਼ਾਮ ਲਗਾਉਣ ਲੱਗ ਪਏ। ਅਸੀਂ ਫਿਰ ਵੀ ਉਨ੍ਹਾਂ ਦੀ ਪੰਜ ਮੈਂਬਰੀ ਟੀਮ ਨੂੰ ਅੰਦਰ ਬੁਲਾ ਕੇ ਆਦਰ ਸਤਿਕਾਰ ਨਾਲ ਬਿਠਾਇਆ ਪਰ ਉਹ ਪਹਿਲਾਂ ਹੀ ਸਾਡੇ ਬਾਰੇ ਰਾਇ ਬਣਾਈ ਬੈਠੇ ਸਨ ਤਾਂ ਉਸ ਤੋਂ ਬਾਅਦ ਜਾਂਚ ਦੇ ਕੀ ਮਾਅਨੇ ਰਹਿ ਜਾਂਦੇ ਹਨ।"

"ਜਿੱਥੋਂ ਤੱਕ ਉਸ ਹੋਸਟਲ ਵਾਲੀ ਘਟਨਾ ਦਾ ਸਵਾਲ ਹੈ ਅਸੀਂ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰਕੇ ਉਸੇ ਦਿਨ ਹੀ ਇੱਕ ਹੋਸਟਲ ਵਾਰਡਨ, ਦੋ ਸਹਾਇਕ ਵਾਰਡਨਾਂ ਅਤੇ ਇਕ ਸਫ਼ਾਈ ਕਰਮਚਾਰੀ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ।“

“ਅਸੀਂ ਇਹ ਮੰਨਦੇ ਹਾਂ ਕਿ ਸਾਡੇ ਸਟਾਫ਼ ਦਾ ਤਰੀਕਾ ਗ਼ਲਤ ਸੀ। ਇਸ ਵਿੱਚ ਯੂਨੀਵਰਸਿਟੀ ਮੈਨੇਜਮੈਂਟ ਦੀ ਕੋਈ ਸ਼ਮੂਲੀਅਤ ਨਹੀਂ ਸੀ। ਕਿਸੇ ਵੀ ਸੰਸਥਾ ਵਿੱਚ ਜੇ ਕੋਈ ਕੁਤਾਹੀ ਹੁੰਦੀ ਹੈ ਤਾਂ ਬਣਦਾ ਐਕਸ਼ਨ ਲਿਆ ਜਾਂਦਾ ਹੈ। ਅਸੀਂ ਸਭ ਤੋਂ ਸਖ਼ਤ ਐਕਸ਼ਨ ਜ਼ਿੰਮੇਵਾਰ ਪਾਏ ਗਏ ਮੁਲਾਜ਼ਮਾਂ ਖ਼ਿਲਾਫ਼ ਲਿਆ ਹੈ।"

ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਨੇ ਗੱਲ ਕਰਦਿਆਂ ਕਿਹਾ, "ਇਸ ਮਾਮਲੇ ਉੱਤੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜਾਂਚ ਟੀਮ ਬਣਾਈ ਗਈ ਹੈ। ਜਾਂਚ ਪੂਰੀ ਹੋਣ ’ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।"

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)