You’re viewing a text-only version of this website that uses less data. View the main version of the website including all images and videos.
ਸੁਖਬੀਰ ਬਾਦਲ ਲਈ ਫਿਰੋਜ਼ਪੁਰ 'ਚ 5 ਚੁਣੌਤੀਆਂ ਤੇ ਫਾਇਦੇ - ਲੋਕ ਸਭਾ ਚੋਣਾਂ 2019
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਰਹੇ ਸ਼ੇਰ ਸਿੰਘ ਘੁਬਾਇਆ ਨਾਲ ਹੈ।
ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਹਲਕੇ ਵਿੱਚ ਉਤਾਰ ਕੇ ਇੱਕ ਵੱਡਾ ਸਿਆਸੀ ਦਾਅ ਖੇਡਿਆ ਹੈ। ਫਿਰ ਵੀ ਇਸ ਹਲਕੇ ਵਿੱਚ ਉਨਾਂ ਨੂੰ ਕੁੱਝ ਚੁਣੌਤੀਆਂ ਦਰਪੇਸ਼ ਹਨ ਤੇ ਕੁੱਝ ਹਲਾਤ ਉਨਾਂ ਦੇ ਪੱਖ ਵਿੱਚ ਹਨ।
ਚੋਣ ਕਮਿਸ਼ਨ ਮੁਤਾਬਕ ਇਸ ਹਲਕੇ ਦੇ ਕੁੱਲ 16 ਲੱਖ 18 ਹਜ਼ਾਰ 419 ਵੋਟਰ ਹਨ ਜਿਹੜੇ 19 ਮਈ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।
ਇਹ ਵੀ ਪੜ੍ਹੋ:
ਸੁਖਬੀਰ ਸਿੰਘ ਬਾਦਲ ਲਈ ਚੁਣੌਤੀਆਂ
ਪਹਿਲੀ ਚੁਣੌਤੀ- ਸੂਬੇ ਵਿੱਚ ਕਾਂਗਰਸ ਦੀ ਸਰਕਾਰ
ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਮਲੋਟ, ਗੁਰੂ ਹਰਸਹਾਏ, ਬੱਲੂਆਣਾ, ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਫਾਜ਼ਿਲਕਾ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਹਨ।
ਕਿਆਸਅਰਾਈਆਂ ਦੇ ਉਲਟ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਦਾ ਗੜ੍ਹ ਸਮਝੇ ਜਾਂਦੇ ਫਿਰੋਜ਼ਪੁਰ ਦਿਹਾਤੀ ਤੇ ਫਿਰੋਜ਼ਪੁਰ ਸ਼ਹਿਰੀ ਹਲਕਿਆਂ 'ਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਹਾਰ ਗਏ ਸਨ।
ਅਕਾਲੀ-ਭਾਜਪਾ ਗਠਜੋੜ ਦੇ ਹਿੱਸੇ ਵਿੱਚ ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ ਅਤੇ ਅਬੋਹਰ ਦੀਆਂ ਸੀਟਾਂ ਹਨ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਾਰਨ 6 ਵਿਧਾਨ ਸਭਾ ਹਲਕਿਆਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਖ਼ਤ ਮੁਸ਼ੱਕਤ ਕਰਨ ਦੀ ਇੱਕ ਚੁਣੌਤੀ ਹੈ।
ਦੂਜੀ ਚੁਣੌਤੀ - ਚੋਣ ਪ੍ਰਚਾਰ ਸਥਾਨਕ ਆਗੂਆਂ ਦੇ ਹੱਥ
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਖੜ੍ਹੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਇਸ ਵਾਰ ਸਿੱਧੇ ਤੌਰ 'ਤੇ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੈ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਹਨ।
ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ 10 ਵਿੱਚ ਅਕਾਲੀ ਦਲ ਅਤੇ 3 ਹਲਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਹਨ।
ਜਿਹੜੇ ਹਲਕਿਆਂ ਵਿੱਚ ਅਕਾਲੀ ਦਲ ਦੇ ਉਮੀਦਾਵਰ ਚੋਣ ਲੜ ਰਹੇ ਹਨ, ਉਨ੍ਹਾਂ ਹਲਕਿਆਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਲੋਕ ਸਭਾ ਖੇਤਰ ਛੱਡ ਕੇ ਚੋਣ ਪ੍ਰਚਾਰ ਲਈ ਜਾਣਾ ਪੈ ਰਿਹਾ ਹੈ।
ਇਸ ਹਲਾਤ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਹਰ ਖਿੱਤੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਚੋਣ ਪ੍ਰਚਾਰ ਸਥਾਨਕ ਆਗੂਆਂ ਦੇ ਹੱਥ ਵਿੱਚ ਹੀ ਹੈ।
ਤੀਜੀ ਚੁਣੌਤੀ- ਆਪਣੇ ਪ੍ਰਚਾਰ ਲਈ ਘੱਟ ਸਮਾਂ
ਪੰਜਾਬ ਦੀ ਸਿਆਸਤ ਵਿੱਚ 'ਬਾਬਾ ਬੋਹੜ' ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦੀ ਕਮਾਂਡ ਆਪਣੇ ਜੱਦੀ ਹਲਕੇ ਲੰਬੀ ਵਿੱਚ ਸੰਭਾਲੀ ਹੋਈ ਹੈ।
ਜਦੋਂ ਕਿ ਬਠਿੰਡਾ ਲੋਕ ਸਭਾ ਅਧੀਨ ਪੈਂਦੇ ਬਾਕੀ ਦੇ ਹਲਕਿਆਂ ਵਿੱਚ ਪ੍ਰਚਾਰ ਲਈ ਸੁਖਬੀਰ ਸਿੰਘ ਬਾਦਲ ਨੂੰ ਖੁਦ ਸਮਾਂ ਦੇਣਾ ਪੈ ਰਿਹਾ ਹੈ।
ਅਜਿਹੇ ਵਿੱਚ ਆਪਣੇ ਹਲਕੇ 'ਚ ਪ੍ਰਚਾਰ ਲਈ ਘੱਟ ਸਮਾਂ ਦੇਣਾ ਸੁਖਬੀਰ ਸਿੰਘ ਬਾਦਲ ਸਾਹਮਣੇ ਇਹ ਗੰਭੀਰ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ।
ਚੌਥੀ ਚੁਣੌਤੀ - ਰਾਏ ਸਿੱਖ ਬਿਰਾਦਰੀ
ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਰਾਏ ਸਿੱਖ ਬਿਰਾਦਰੀ ਦੀ ਵਧੇਰੇ ਵਸੋਂ ਹੋਣ ਕਾਰਨ ਹਰ ਸਿਆਸੀ ਧਿਰ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੀ ਹੈ।
ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦਾਅਵਾ ਕਰਦੇ ਹਨ, ''ਰਾਏ ਸਿੱਖ ਬਿਰਾਦਰੀ ਦੀ ਵੋਟ ਹਮੇਸ਼ਾ ਹੀ ਰਾਏ ਸਿੱਖ ਬਿਰਾਦਰੀ ਨਾਲ ਜੁੜੇ ਉਮੀਦਵਾਰ ਨੂੰ ਹੀ ਭੁਗਤਦੀ ਰਹੀ ਹੈ।''
ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਖ਼ੁਦ ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਹਨ। ਅਜਿਹੇ ਵਿੱਚ ਰਾਏ ਸਿੱਖ ਵੋਟ ਨੂੰ ਆਪਣੇ ਹੱਕ ਵਿੱਚ ਕਰਨ ਲਈ ਲਗਾਤਾਰ ਕੋਸ਼ਿਸ਼ ਜਾਰੀ ਰੱਖਣਾ ਵੀ ਅਕਾਲੀ ਦਲ ਦੇ ਪ੍ਰਧਾਨ ਲਈ ਇੱਕ ਚੁਣੌਤੀ ਹੈ।
5ਵੀਂ ਚੁਣੌਤੀ - ਬੇਅਦਬੀ ਦਾ ਮੁੱਦਾ
2015 ਵਿੱਚ ਬਰਗਾੜੀ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਦੀਆਂ ਘਟਨਾਵਾਂ ਦਾ ਹੋ ਰਿਹਾ ਵਿਰੋਧ ਵੀ ਅਕਾਲੀ ਦਲ ਦੇ ਉਮੀਦਵਾਰ ਲਈ ਇੱਕ ਵੱਡੀ ਸਿਰਦਰਦੀ ਦਾ ਸਬੱਬ ਹੈ।
ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਪੰਥਕ ਧਿਰਾਂ ਨੇ 10 ਮਈ ਨੂੰ ਅਕਾਲੀ ਦਲ ਦੇ ਵਿਰੋਧ ਵਿੱਚ ਫਿਰੋਜ਼ਪੁਰ ਤੋਂ ਲੈ ਕੇ ਜਲਾਲਾਬਾਦ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਕਾਂਗਰਸੀ ਪਾਰਟੀ ਵੀ ਆਪਣੀ ਚੋਣ ਮੁਹਿੰਮ ਵਿੱਚ ਬੇਅਦਬੀ ਦਾ ਮੁੱਦਾ ਚੁੱਕ ਕੇ ਅਕਾਲੀ ਦਲ ਲਈ ਮੁਸ਼ਕਿਲਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ:
ਸੁਖਬੀਰ ਸਿੰਘ ਬਾਦਲ ਦੇ ਸਮਰਥਨ 'ਚ ਕੀ
ਇਸ ਤੋਂ ਇਲਾਵਾ ਕੁਝ ਤੱਥ ਹਨ ਜੋ ਕਿ ਸੁਖਬੀਰ ਸਿੰਘ ਬਾਦਲ ਨੂੰ ਫਾਇਦਾ ਦੇ ਸਕਦੇ ਹਨ।
ਪਹਿਲਾ ਫਾਇਦਾ- ਪੁਰਾਣੀ ਸੀਟ
ਪੰਜਾਬ ਦੀ ਸਿਆਸਤ ਦਾ ਕੱਦਾਵਰ ਚਿਹਰਾ ਹੋਣ ਕਾਰਨ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਇਸ ਹਲਕੇ ਵਿੱਚ ਉਤਾਰਿਆ ਹੈ। ਫਿਰੋਜ਼ਪੁਰ ਲੋਕ ਸਭਾ ਹਲਕੇ 'ਤੇ 1998 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਜਿੱਤਦਾ ਰਿਹਾ ਹੈ।
ਪਹਿਲਾਂ 1998, 1999 ਤੇ ਫਿਰ 2004 ਵਿੱਚ ਇਸ ਹਲਕੇ ਤੋਂ ਅਕਾਲੀ ਦਲ ਦੇ ਜ਼ੋਰਾ ਸਿੰਘ ਮਾਨ ਸੰਸਦ ਮੈਂਬਰ ਬਣੇ। ਇਸ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ (ਜਿਹੜੇ ਕਿ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ) ਪਹਿਲਾਂ 2009 ਤੇ ਫਿਰ 2014 ਵਿੱਚ ਇੱਥੋਂ ਅਕਾਲੀ ਦਲ ਦੀ ਟਿਕਟ 'ਤੇ ਚੁਣੇ ਗਏ।
2014 ਦੀਆਂ ਲੋਕ ਸਭਾ ਚੋਣਾਂ ਮੌਕੇ ਸ਼ੇਰ ਸਿੰਘ ਘੁਬਾਇਆ ਨੇ ਬਲਰਾਮ ਜਾਖੜ ਦੇ ਪੁੱਤਰ ਤੇ ਪੰਜਾਬ ਕਾਂਗਰਸ ਦੇ ਕੱਦਾਵਰ ਆਗੂ ਸੁਨੀਲ ਜਾਖੜ ਨੂੰ 31 ਹਜ਼ਾਰ 420 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਦੂਜਾ ਫਾਇਦਾ- ਜਲਾਲਾਬਾਦ ਤੋਂ ਵਿਧਾਇਕ
ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਖ਼ੁਦ ਵਿਧਾਇਕ ਹਨ। ਉਹ ਇਸ ਹਲਕੇ ਤੋਂ ਤੀਜੀ ਵਾਰ ਵਿਧਾਇਕ ਬਣੇ ਹਨ।
ਸੁਖਬੀਰ ਸਿੰਘ ਬਾਦਲ ਦਾਅਵਾ ਕਰਦੇ ਹਨ, ''ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਜਲਾਲਾਬਾਦ ਸਮੇਤ ਸਮੁੱਚੇ ਹਲਕੇ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੈ। ਸਰਹੱਦ ਨਾਲ ਲੱਗਦੇ ਇਸ ਹਲਕੇ ਨੂੰ ਕਿਸੇ ਵੇਲੇ ਪਛੜਿਆ ਖੇਤਰ ਮੰਨਿਆਂ ਜਾਂਦਾ ਸੀ ਤੇ ਅਕਾਲੀ ਦਲ ਨੇ ਇਸ ਦੀ ਕਾਇਆ-ਕਲਪ ਕਰ ਦਿੱਤੀ ਹੈ।''
ਤੀਜਾ ਫਾਇਦਾ- ਪਾਰਟੀ ਪ੍ਰਧਾਨ
ਸੁਖਬੀਰ ਸਿੰਘ ਬਾਦਲ ਦਾ ਜੱਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਹੀ ਪੈਂਦਾ ਹੈ। ਇਸ ਦਾ ਲਾਹਾ ਲੈਣ ਦੀ ਕੋਸ਼ਿਸ ਅਕਾਲੀ ਦਲ ਕਰ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਹਲਕੇ ਵਿੱਚ ਅਕਾਲੀ ਦਲ ਆਪਣਾ ਖਾਸ ਪ੍ਰਭਾਵ ਮੰਨਦਾ ਹੈ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹੋਣ ਕਾਰਨ ਉਨ੍ਹਾਂ ਦਾ ਪਾਰਟੀ ਅੰਦਰੋਂ ਖੁੱਲ੍ਹ ਕੇ ਵਿਰੋਧ ਨਹੀਂ ਹੁੰਦਾ।
ਚੌਥਾ ਫਾਇਦਾ- ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ
ਵਿਧਾਨ ਸਭਾ ਹਲਕਿਆਂ ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ ਤੇ ਅਬੋਹਰ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਹਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਅਬੋਹਰ ਵਿਧਾਨ ਸਭਾ ਹਲਕੇ ਤੋਂ ਹਾਰ ਗਏ ਸਨ, ਜਿਸ ਨੂੰ ਅਕਾਲੀ ਦਲ ਆਪਣੇ ਲਈ 'ਸ਼ੁੱਭ' ਮੰਨ ਕੇ ਸੁਖਬੀਰ ਸਿੰਘ ਬਾਦਲ ਦੀ ਵੱਡੀ ਜਿੱਤ ਦਾ ਦਾਅਵਾ ਕਰਦਾ ਹੈ।
ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਗੁਰੂ ਹਰਸਹਾਏ, ਫਿਰੋਜ਼ਪੁਰ ਦਿਹਾਤੀ ਤੇ ਫਿਰੋਜ਼ਪੁਰ ਸ਼ਹਿਰੀ ਵਿੱਚ ਰਾਏ ਸਿੱਖ ਬਰਾਦਰੀ ਦੀ ਵੋਟ ਵਧੇਰੇ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਸਾਰਾ ਜ਼ੋਰ ਰਾਏ ਸਿੱਖ ਬਰਾਦਰੀ ਨੂੰ ਆਪਣੇ ਵੱਲ ਖਿੱਚਣ 'ਤੇ ਲਾ ਰਿਹਾ ਹੈ।
ਅਕਾਲੀ ਦਲ ਨੂੰ ਭਰੋਸਾ ਹੈ ਕਿ ਇਹ ਵੋਟ ਹਰ ਹਾਲਤ ਵਿੱਚ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਹੀ ਭੁਗਤੇਗੀ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: