You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾ 2019 : ਮੈਨੂੰ ਬੇਸ਼ੱਕ ਵੋਟ ਨਾ ਪਾਉਣਾ, ਪਰ ਬਾਦਲਾਂ ਦੀ ਨੂੰਹ ਨੂੰ ਵੋਟ ਨਾ ਪਾਇਓ- ਰਾਜਾ ਵੜਿੰਗ
ਭਾਰਤ 'ਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਹਰ ਸਿਆਸਤਦਾਨ ਖ਼ੁਦ ਦੀ ਜਿੱਤ ਲਈ ਪੂਰੀ ਵਾਹ ਲਾ ਰਿਹਾ ਹੈ। ਇਸ ਦੌਰਾਨ ਕਈ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀਆਂ ਵੀ ਹੋ ਰਹੀਆਂ ਹਨ।
ਬਠਿੰਡਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕੁਝ ਅਜਿਹਾ ਹੀ ਕਰਦੇ ਨਜ਼ਰ ਆਏ।
ਰਾਜਾ ਵੜਿੰਗ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਅਰਦਾਸ ਕਰਕੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਇਹ ਅਪੀਲ ਕੀਤੀ, ''ਬੇਸ਼ੱਕ ਮੈਨੂੰ ਵੋਟ ਪਾਓ ਨਾ ਪਾਓ ਪਰ ਬਾਦਲ ਦੀ ਨੂੰਹ ਨੂੰ ਵੋਟ ਨਾ ਪਾਇਓ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਗੁਨਾਹਗਾਰ ਅਸੀਂ ਵੀ ਹੋਵਾਂਗੇ।''
ਇਹ ਵੀ ਪੜ੍ਹੋ :
ਰਾਜਾ ਵੜਿੰਗ ਦੇ ਇਸ ਬਿਆਨ ਬਾਰੇ ਬੀਬੀਸੀ ਨੇ ਸਾਬਕਾ ਚੋਣ ਕਮਿਸ਼ਨਰ ਐੱਮ ਐੱਸ ਗਿੱਲ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ, ''ਮੈਂ ਪੂਰੀ ਗੱਲ ਬਾਰੇ ਤਾਂ ਨਹੀਂ ਜਾਣਦਾ ਪਰ ਰਿਪਰਜ਼ੈਂਟੇਸ਼ਨ ਆਫ਼ ਪੀਪਲਜ਼ ਐਕਟ ਇਸ ਮੁੱਦੇ 'ਤੇ ਬਿਲਕੁਲ ਸਾਫ਼ ਹੈ। ਜੇਕਰ ਕੋਈ ਧਰਮ ਦੇ ਨਾ 'ਤੇ ਲੋਕਾਂ ਤੋਂ ਵੋਟ ਮੰਗ ਰਿਹਾ ਹੈ ਤਾਂ ਚੋਣ ਕਮਿਸ਼ਨ ਉਸ ਉੱਤੇ ਕਾਰਵਾਈ ਕਰ ਸਕਦਾ ਹੈ। ਕਮਿਸ਼ਨ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਕਰ ਰਿਹਾ ਹੈ।''
ਸੁਪਰੀਮ ਕੋਰਟ ਦਾ ਫ਼ੈਸਲਾ
ਜਨਵਰੀ 2017 ਵਿੱਚ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਕੋਈ ਧਰਮ, ਜਾਤ ਜਾਂ ਭਾਈਚਾਰੇ ਦੇ ਆਧਾਰ 'ਤੇ ਵੋਟ ਮੰਗਦਾ ਹੈ ਤਾਂ ਉਸ ਨੂੰ ਗ਼ਲਤ ਕਰਾਰ ਦਿੱਤਾ ਜਾਵੇਗਾ ਅਤੇ ਉਸ ਉਮੀਦਵਾਰੀ ਵੀ ਰੱਦ ਕੀਤੀ ਜਾ ਸਕਦੀ ਹੈ।
ਸਾਬਕਾ ਚੀਫ਼ ਜਸਟਿਸ ਟੀਐੱਸ ਠਾਕੁਰ ਦੀ ਸੱਤ ਜੱਜਾਂ ਵਾਲੀ ਸੰਵਿਧਾਨਕ ਬੈਂਚ ਨੇ ਇਹ ਫ਼ੈਸਲਾ ਸੁਣਾਇਆ ਸੀ। ਬੈਂਚ ਨੇ ਆਪਣੇ ਫ਼ੈਸਲੇ ਵਿੱਚ ਰਿਪਰਜ਼ੈਂਟੇਸ਼ਨ ਆਫ਼ ਪੀਪਲਜ਼ ਐਕਟ ਵਿੱਚ ਸੈਕਸ਼ਨ 123 ਦੀ ਵਿਆਖਿਆ ਕੀਤੀ ਸੀ।
ਇਹ ਵੀ ਪੜ੍ਹੋ:
ਉਕਤ ਘਟਨਾ ਤੋਂ ਪਹਿਲਾਂ ਬੀਬੀਸੀ ਪੰਜਾਬੀ ਵਲੋਂ ਰਾਜਾ ਵੜਿੰਗ ਦੀ ਖ਼ਾਸ ਗੱਲਬਾਤ ਕੀਤੀ ਗਈ ਸੀ,ਪੇਸ਼ ਹੈ ਉਸ ਗੱਲਬਾਤ ਦੇ ਅਹਿਮ ਅੰਸ਼
ਬਠਿੰਡਾ ਸੀਟ ਤੋਂ ਹਰਸਿਮਤ ਬਾਦਲ ਨੂੰ ਛੱਡ ਕੇ ਕਿਸਦੇ ਨਾਲ ਮੁਕਾਬਲਾ ਮੰਨਦੇ ਹੋ?
ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਜਦੋਂ ਨਤੀਜਾ ਆਵੇਗਾ ਤੁਹਾਨੂੰ ਪਤਾ ਲੱਗ ਜਾਵੇਗਾ।
ਗਿੱਦੜਬਾਹਾ ਹਲਕਾ ਬਾਦਲ ਪਰਿਵਾਰ ਦਾ ਪੁਰਾਣਾ ਰਵਾਇਤੀ ਹਲਕਾ ਹੈ, ਤੁਸੀਂ ਉੱਥੋਂ ਲਗਾਤਾਰ ਜਿੱਤਦੇ ਰਹੇ ਹੋ, ਹੁਣ ਤੁਸੀਂ ਬਠਿੰਡਾ ਆਏ ਹੋ?
ਰਾਜਾ ਵੜਿੰਗ ਨੂੰ ਚੁਣੌਤੀਆਂ ਸਵੀਕਾਰ ਕਰਨ ਵਿੱਚ ਮਜ਼ਾ ਆਉਂਦਾ ਹੈ, ਹੋ ਸਕਦਾ ਹੈ ਰਾਹੁਲ ਗਾਂਧੀ ਮੈਨੂੰ ਆਨੰਦਪੁਰ ਸਾਹਿਬ ਜਾਂ ਸੰਗਰੂਰ ਤੋਂ ਸੰਸਦ ਮੈਂਬਰ ਬਣਾਉਂਦੇ ਮੈਂ ਨਾ ਲੜਦਾ, ਪਰ ਮੈਨੂੰ ਸੁਆਦ ਆਇਆ ਕਿ ਮੈਂ ਬਾਦਲਾਂ ਨਾਲ ਲੜ ਰਿਹਾ ਹਾਂ।
ਰਾਜਾ ਵੜਿੰਗ ਸਰਗਰਮ ਵੀ ਬਹੁਤ ਰਹਿੰਦੇ ਹਨ ਤੇ ਉਨ੍ਹਾਂ ਨਾਲ ਵਿਵਾਦ ਵੀ ਬਹੁਤ ਜੁੜਦੇ ਹਨ, ਕੀ ਕਾਰਨ ਹੈ?
ਵਿਵਾਦ ਉਸਦੇ ਨਾਲ ਹੀ ਹੁੰਦੇ ਹਨ, ਜਿਸਦੀ ਚਰਚਾ ਹੁੰਦੀ ਹੈ। ਮੈਨੂੰ ਲਗਦਾ ਹੈ ਕਿ ਜਦੋਂ ਵਿਰੋਧੀਆਂ ਨੂੰ ਕੋਈ ਗੱਲ ਨਹੀਂ ਸੁਝਦੀ ਤਾਂ ਫਿਰ ਉਹ ਮੇਰਾ ਹਰ ਚੀਜ਼ ਨਾਲ ਵਿਵਾਦ ਲੱਭ ਲੈਂਦੇ ਹਨ। ਹਰਸਿਮਰਤ ਕੌਰ ਬਾਦਲ ਨੂੰ ਲੋਕ ਰੋਜ਼ ਸਵਾਲ ਪੁੱਛ ਰਹੇ ਹਨ, ਕਾਲੀਆਂ ਝੰਡੀਆਂ ਦਿਖਾ ਰਹੇ ਹਨ, ਲੜਾਈ ਕਰ ਰਹੇ ਹਨ।
ਅਕਾਲੀ ਦਲ ਵਾਲੇ ਕੁੱਟਮਾਰ ਕਰ ਰਹੇ ਹਨ, ਤੁਸੀਂ ਵੀਡੀਓ ਦੇਖਿਆ ਹੋਣਾ ਏ ਕਿਵੇਂ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਵਿੱਚ ਲੜਾਈ ਹੋਈ। ਅਜਿਹਾ ਕੋਈ ਵਿਵਾਦ ਨਹੀਂ ਹੈ ਇਹ ਲੋਕਾਂ ਦੇ ਅਤੇ ਅਕਾਲੀ ਦਲ ਦੇ ਬਣਾਏ ਹੋਏ ਵਿਵਾਦ ਹਨ।
ਇੱਕ ਵੀਡੀਓ ਵਿੱਚ ਲੋਕ ਬੇਰੁਜ਼ਗਾਰੀ ਨੂੰ ਲੈ ਕੇ ਤੁਹਾਨੂੰ ਵੀ ਸਵਾਲ ਕਰ ਰਹੇ ਹਨ?
ਲੋਕ ਮੈਨੂੰ ਸਵਾਲ ਕਰ ਰਹੇ ਹਨ ਪਰ ਉਹ ਇਹ ਵੀ ਕਹਿ ਰਹੇ ਹਨ ਕਿ ਅਸੀਂ ਰਾਜਾ ਵੜਿੰਗ ਨੂੰ ਵੋਟ ਪਾਵਾਂਗੇ। ਤੁਸੀਂ ਉਹ ਵੀਡੀਓ ਵੇਖੀ ਹੋਣੀ ਏ ਮੈਂ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ। ਲੋਕ ਕਹਿ ਰਹੇ ਹਨ ਇਹ ਸਵਾਲ ਹੈ ਪਰ ਵੋਟ ਅਸੀਂ ਰਾਜਾ ਵੜਿੰਗ ਨੂੰ ਹੀ ਪਾਉਣੀ ਹੈ।
ਇਨ੍ਹਾਂ ਨੂੰ ਲੋਕ ਇਹ ਸਵਾਲ ਕਰ ਰਹੇ ਹਨ ਕਿ ਦੱਸੋ ਬੇਅਦਬੀ ਕਿਉਂ ਕਰਵਾਈ, ਕੰਮ ਕਿਉਂ ਨਹੀਂ ਕਰਵਾਏ ਤੁਸੀਂ 10 ਸਾਲ ਤੋਂ ਸੱਤਾ ਵਿੱਚ ਰਹੇ। ਰਾਜਾ ਵੜਿੰਗ ਤਾਂ ਬਠਿੰਡਾ ਵਿੱਚ ਹੁਣ ਆਇਆ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਦੋ ਵੱਡੇ ਮੁੱਦੇ ਸਨ ਨਸ਼ਾ ਅਤੇ ਕਿਸਾਨ ਖੁਦਕੁਸ਼ੀਆਂ, ਇਨ੍ਹਾਂ ਬਾਰੇ ਤੁਹਾਡਾ ਕੀ ਕਹਿਣਾ ਹੈ?
100 ਫ਼ੀਸਦ ਕਿਸਾਨ ਖੁਦਕੁਸ਼ੀਆਂ 'ਤੇ ਮੁਕੰਮਲ ਕੰਮ ਕੀਤਾ ਗਿਆ ਹੈ। ਅਸੀਂ ਲੋਕਾਂ ਦਾ ਜ਼ਿਆਦਾ ਫਾਇਦਾ ਨਹੀਂ ਕਰ ਸਕੇ ਜਿਵੇਂ ਸਾਰਾ ਕਰਜ਼ਾ ਮਾਫ ਨਹੀਂ ਕੀਤਾ ਗਿਆ। ਪਰ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਹੈ ਕਿ ਕਿਸੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੇ ਦੋ ਲੱਖ ਰੁਪੱਈਆ ਹਰ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦਾ ਕਰਜ਼ਾ ਮਾਫ਼ ਕੀਤਾ, ਜਿਸਦੇ ਨਾਲ ਤਕਰੀਬਨ ਪੌਣੇ ਦੋ ਲੱਖ ਲੋਕਾਂ ਨੂੰ ਫਾਇਦਾ ਹੋਇਆ, ਉਸਦੇ ਵਿੱਚ ਖੇਤ ਮਜ਼ਦੂਰ ਨੂੰ ਵੀ ਫਾਇਦਾ ਹੋਇਆ।
ਜ਼ਰੂਰੀ ਨਹੀਂ ਕਿ ਸਾਰੇ ਕਿਸਾਨ ਕਰਜ਼ੇ ਕਾਰਨ ਹੀ ਖੁਦਕੁਸ਼ੀ ਕਰਦੇ ਹਨ, ਕਈਆਂ ਦੇ ਘਰ ਦੀਆਂ ਮਜਬੂਰੀਆਂ, ਘਰ ਦੇ ਹਾਲਾਤ, ਕਈ ਹੋਰ ਕਾਰਨ ਵੀ ਹੁੰਦੇ ਹਨ। ਪਰ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਕਿਸਾਨ ਦੀ ਬਾਂਹ ਫੜੀਏ।
ਜਿੱਥੋਂ ਤੱਕ ਨਸ਼ਿਆਂ ਦਾ ਮਾਮਲਾ ਹੈ ਉਸ 'ਤੇ ਕਾਫ਼ੀ ਹੱਦ ਤੱਕ ਰੋਕ ਲੱਗੀ ਪਰ ਅਜੇ ਵੀ ਨਸ਼ਾ ਵਿਕਦਾ ਹੈ। ਪਰ ਓਨੀ ਵੱਡੀ ਤਦਾਤ ਵਿੱਚ ਨਹੀਂ। ਜਿਹੜੇ ਤਕੜੇ ਮਗਰਮੱਛ ਸੀ, ਉਹ ਆਸੇ-ਪਾਸੇ ਹੋ ਗਏ ਹਨ।
ਇਹ ਵੀ ਪੜ੍ਹੋ:
ਤੁਸੀਂ ਆਪਣੇ ਪ੍ਰਚਾਰ ਦੌਰਾਨ ਮੋਦੀ ਸਰਕਾਰ ਦੇ ਕਿਹੜੇ ਮੁੱਦੇ ਚੁੱਕ ਰਹੇ ਹੋ ਅਤੇ ਪੰਜਾਬ ਸਰਕਾਰ ਦੀਆਂ ਕਿਹੜੀਆਂ ਉਪਲੱਬਧੀਆਂ ਲੋਕਾਂ ਨੂੰ ਗਿਣਾ ਰਹੇ ਹੋ?
ਮੈਂ ਸਮਝਦਾ ਹਾਂ ਕਿ ਅਸੀਂ ਦੋ ਫ਼ਸਲਾ ਝੋਨੇ ਦੀਆਂ ਚੁੱਕੀਆਂ ਅਤੇ ਸਾਢੇ 8 ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ, 250 ਰੁਪਏ ਪੈਨਸ਼ਨ ਵਧਾਈ, 5100 ਰੁਪਈਆ ਅਸੀਂ ਸ਼ਗਨ ਸਕੀਮ ਬਣਾਈ, 33000 ਕਿਲੋਮੀਟਰ ਦੀਆਂ ਅਸੀਂ ਸੜਕਾਂ ਦੀ ਮੁਰੰਮਤ ਕੀਤੀ, ਇਹ ਤਮਾਮ ਪ੍ਰਾਪਤੀਆਂ ਮੈਂ ਆਪਣੀ ਸਰਕਾਰ ਦੀਆਂ ਗਿਣਵਾਉਂਦਾ ਹਾਂ।
ਜਿੱਥੋ ਤੱਕ ਮੋਦੀ ਸਰਕਾਰ ਦੀ ਗੱਲ ਹੈ, ਉਨ੍ਹਾਂ ਨੇ ਸਾਨੂੰ ਜੀਐੱਸਟੀ ਦਿੱਤਾ, ਉਨ੍ਹਾਂ ਨੇ ਸਾਨੂੰ ਨੋਟਬੰਦੀ ਦਿੱਤੀ, ਕਿਸਾਨਾਂ ਦੇ ਸੰਦਾਂ 'ਤੇ ਜੀਐੱਸਟੀ ਲਗਾ ਦਿੱਤੀ ਗਈ। ਕਿਵੇਂ ਲੋਕਾਂ ਨੂੰ ਮੂਰਖ਼ ਬਣਾਇਆ ਜਾ ਰਿਹਾ ਹੈ ਕਿ ਮੈਂ 300 ਅੱਤਵਾਦੀਆਂ ਨੂੰ ਮਾਰ ਗਿਰਾਇਆ।
ਇੱਕ ਵੀ ਅੱਤਵਾਦੀ ਦੀ ਫੋਟੋ ਆਈ ਉੱਥੇ ਮਰੇ ਦੀ, ਰਾਤ ਨੂੰ ਹਮਲਾ ਕੀਤਾ, ਉਨ੍ਹਾਂ ਨੇ ਮੁੜ ਦਿਨੇ ਹਮਲਾ ਕੀਤਾ। ਮੇਰੇ ਕਹਿਣ ਦਾ ਮਤਲਬ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਸਿਰਫ਼ ਮੂਰਖ਼ ਬਣਾਉਣ ਦਾ ਕੰਮ ਕੀਤਾ। ਹੋਰ ਦੇਸ ਲਈ ਕੋਈ ਕੰਮ ਨਹੀਂ ਕੀਤਾ।
ਇਹ ਵੀ ਪੜ੍ਹੋ:
ਮਾਲਵੇ ਵਿੱਚ ਡੇਰਾ ਇੱਕ ਵੱਡਾ ਫੈਕਟਰ ਹੈ, ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ?
ਮੈਂ ਆਮ ਲੋਕਾਂ ਕੋਲ ਜਾ ਕੇ, ਭਾਵੇਂ ਉਹ ਕੋਈ ਵੀ ਹੈ। ਮੈਂ ਉਨ੍ਹਾਂ ਨੂੰ ਜਾ ਕੇ ਗੁਜ਼ਾਰਿਸ਼ ਕਰ ਰਿਹਾ ਹਾਂ ਕਿ ਮੈਨੂੰ ਵੋਟਾਂ ਪਾਓ। ਮੈਨੂੰ ਉਮੀਦ ਹੈ ਭਾਵੇ ਉਹ ਕੋਈ ਵੀ ਹੋਵੇ ਮੈਨੂੰ ਜ਼ਰੂਰ ਵੋਟ ਪਾਉਣਗੇ ਬਾਦਲਾਂ ਦੇ ਖ਼ਿਲਾਫ.।
ਭਾਵੇਂ ਉਹ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਡੇਰੇ ਦੇ ਹਨ, ਲੜਾਈ ਬਾਦਲ ਦੇ ਨਾਲ ਹੈ। ਲੋਕ ਚਾਹੁੰਦੇ ਹਨ ਕਿ ਪੰਜਾਬ ਦਾ ਬਾਦਲ ਪਰਿਵਾਰ ਤੋਂ ਛੁਟਕਾਰਾ ਹੋਣਾ ਚਾਹੀਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ