ਲੋਕ ਸਭਾ ਚੋਣਾਂ 2019: ਬਠਿੰਡਾ ਤੋਂ 'ਆਪ' ਉਮੀਦਵਾਰ ਦੀ ਨਾਮਜ਼ਦਗੀ ਨੂੰ ਚੁਣੌਤੀ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਰਕਰਾਂ ਵਿੱਚ ਭਾਰੀ ਰੋਸ ਹੈ। ਇਸ ਰੋਸ ਦੀ ਤਸਵੀਰ ਰੂਪਨਗਰ ਵਿੱਚ ਨਜ਼ਰ ਆਈ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ ਮਾਰਚ ਕੀਤਾ।

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੰਦੋਆ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰ ਅਮਰਜੀਤ ਸੰਦੋਆ 'ਤੇ ਆਪਣਾ ਜ਼ਮੀਰ ਵੇਚਣ ਦਾ ਇਲਜ਼ਾਮ ਲਾ ਰਹੇ ਹਨ।

ਦੂਜੇ ਪਾਸੇ ਸੰਦੋਆ ਕਹਿ ਰਹੇ ਹਨ ਕਿ ਉਹ ਆਪਣੇ ਹਲ਼ਕੇ ਦੀ ਤਰੱਕੀ ਅਤੇ ਭਲਾਈ ਲਈ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ।

ਸਿੱਖ ਜਥੇਬੰਦੀਆਂ ਵਲੋਂ ਅਕਾਲੀ ਦਲ ਦੇ ਬਾਈਕਾਟ ਦਾ ਸੱਦਾ

ਬਠਿੰਡਾ ਵਿਚ ਸਿੱਖ ਜਥੇਬੰਦੀਆਂ ਨੇ ਐਤਵਾਰ ਨੂੰ ਰੋਸ ਮਾਰਚ ਕੱਢਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਅਤੇ ਇਸ ਲਈ ਜ਼ਿੰਮੇਵਾਰ ਸਿਆਸੀ ਧਿਰ ਖ਼ਿਲਾਫ ਮੁਜਾਹਰਾ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ, 'ਪੰਜਾਬ ਵਿਚ ਧਾਰਮਿਕ ਗ੍ਰੰਥ ਤੇ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਰਹਿ ਗਿਆ। ਪ੍ਰਕਾਸ਼ ਸਿੰਘ ਬਾਦਲ ਦੀ ਮਿਲੀਭੁਗਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਇਸ ਤੋਂ ਬਾਅਦ ਨਿਹੱਥੇ ਸਿੱਖਾਂ ਨੂੰ ਫਾਇਰਿੰਗ ਵਿਚ ਸ਼ਹੀਦ ਕੀਤਾ ਗਿਆ। ਇਸ ਲਈ ਅਕਾਲੀ ਦਲ ਦਾ ਬਾਈਕਾਟ ਕੀਤਾ ਜਾਵੇ।'

ਧਿਆਨ ਸਿੰਘ ਮੰਡ ਨੇ ਕਿਹਾ, 'ਅਜਿਹੇ ਰੋਸ ਮਾਰਚ ਪੰਜਾਬ ਵਿਚ ਥਾਂ-ਥਾਂ ਕੱਢੇ ਜਾਣਗੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਦੇ ਬਾਇਕਾਟ ਦਾ ਸੱਦਾ ਦਿੱਤਾ ਜਾਵੇਗਾ।'

ਬਲਜਿੰਦਰ ਕੌਰ ਵੱਲੋਂ ਪਿਤਾ ਦਾ ਨਾਮ ਗਲਤ ਲਿਖਣ ਦੇ ਇਲਜ਼ਾਮ

ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੀ ਨਾਮਜ਼ਦਗੀ ਖਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਗਈ ਹੈ। ਉਸ ਵਿੱਚ ਪਿਤਾ ਦਾ ਨਾਮ ਗਲਤ ਲਿਖਣ ਦਾ ਇਲਜ਼ਾਮ ਲਾਇਆ ਗਿਆ ਹੈ।

ਇਹ ਵੀ ਪੜ੍ਹੋ:

ਹਰਮਿਲਾਪ ਗਰੇਵਾਲ ਵੱਲੋਂ ਦਾਖਿਲ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਬਲਜਿਦਰ ਕੌਰ ਨੇ ਵੋਟਰ ਕਾਰਡ ਤੇ ਆਪਣੇ ਬਾਇਲਾਜੀਕਲ ਪਿਤਾ ਦਾ ਨਾਮ ਲਿਖਿਆ ਹੈ, ਜਦੋਂਕਿ ਉਸ ਵਿੱਚ ਗੋਦ ਲੈਣ ਵਾਲੇ ਪਿਤਾ ਦਾ ਨਾਮ ਹੋਣਾ ਚਾਹੀਦਾ ਹੈ।

ਅਦਾਲਤ ਨੇ ਤਿੰਨ ਦਿਨਾਂ ਵਿੱਚ ਫੈਸਲਾ ਲੈਣ ਲਈ ਨਿਰਦੇਸ਼ ਦਿੱਤੇ ਹਨ।

ਪ੍ਰਕਾਸ਼ ਸਿੰਘ ਬਾਦਲ- ਕਾਂਗਰਸ ਦੀ ਪੰਜਾਬ ਵਿਰੋਧੀ ਸੋਚ

ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਚੋਣ ਪ੍ਰਚਾਰ ਲਈ ਪਟਿਆਲਾ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹੁਣ ਸਮਾਂ ਰਾਜੇ-ਰਾਣੀਆਂ ਦਾ ਨਹੀਂ , ਉਨ੍ਹਾਂ ਲੋਕਾਂ ਦਾ ਹੈ ਜੋ ਲੋਕਾਂ ਨਾਲ ਜੁੜਣ।

ਉਨ੍ਹਾਂ ਕਿਹਾ, "ਕਾਂਗਰਸ ਨੇ ਮੁੱਢ ਤੋਂ ਹੀ ਪੰਜਾਬ ਅਤੇ ਸਿੱਖ ਵਿਰੋਧੀ ਸੋਚ ਰੱਖੀ ਹੈ। ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਠੱਗੀਆਂ ਮਾਰੀਆਂ, ਝੂਠੇ ਵਾਅਦਿਆਂ ਨਾਲ ਸੱਤਾ 'ਤੇ ਕਬਜ਼ਾ ਕੀਤਾ।

ਕਾਂਗਰਸੀ ਕੀ ਮੁਕਾਬਲਾ ਕਰਨਗੇ ਮੋਦੀ ਸਾਹਿਬ ਦਾ? ਉਨ੍ਹਾਂ ਦੇਸ਼ ਦੇ ਹਰ ਵਰਗ ਨੂੰ ਸਹੂਲਤਾਂ ਵੀ ਡਟ ਕੇ ਦਿੱਤੀਆਂ, ਤੇ ਦੇਸ਼ ਦੀ ਸੁਰੱਖਿਆ ਵੀ ਡਟ ਕੇ ਕੀਤੀ।"

ਇਹ ਵੀਡੀਓ ਵੀ ਦੋਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)