ਇਸ ਦੇਸ ਵਿੱਚ ਲੋਕਾਂ ਨੂੰ ਨਕਦੀ ਰੱਖਣਾ ਇੰਨਾ ਪਸੰਦ ਕਿਉਂ ਹੈ

ਸਵਿਸ ਨੈਸ਼ਨਲ ਬੈਂਕ ਨੇ ਆਪਣੇ 1000 ਫਰੈਂਕ ਦੇ ਨੋਟ ਨੂੰ ਨਵਾਂ ਰੂਪ ਦਿੱਤਾ ਹੈ। ਜਾਮਣੀ ਰੰਗ ਦੇ ਇਸ ਨੋਟ ਉੱਪਰ ਦੋ ਮਿਲਦੇ ਹੱਥਾਂ ਦੀ ਤਸਵੀਰ ਛਾਪੀ ਗਈ ਹੈ।

ਸਵਿਸ ਬੈਂਕ ਦਾ ਕਹਿਣਾ ਹੈ ਕਿ ਇਸ ਤਸਵੀਰ ਦਾ ਭਾਵ ਸੰਵਾਦ ਹੈ।

ਇਹ ਕੋਈ ਆਮ ਨੋਟ ਨਹੀਂ ਹੈ ਸਗੋਂ ਇਹ ਵਿਸ਼ਵ ਦੇ ਕੁਝ ਸਭ ਤੋਂ ਮੁੱਲਵਾਨ ਬੈਂਕਨੋਟਾਂ ਵਿੱਚੋਂ ਇਕ ਹੈ। ਇਸਦੀ ਕੀਮਤ 1007 ਅਮਰੀਕੀ ਡਾਲਰ ਦੇ ਲਗਪਗ ਹੈ ਅਤੇ ਸਵਿਸ ਬੈਂਕ ਮੁਤਾਬਕ ਦੇਸ਼ ਵਿੱਚ ਅਜਿਹੇ 48 ਮਿਲੀਅਨ ਨੋਟ ਬਾਜ਼ਾਰ ਵਿੱਚ ਹਨ। ਜੋ ਕਿ ਸਵਿਟਜ਼ਰਲੈਂਡ ਵਿੱਚ ਘੁੰਮ ਰਹੀ ਸਾਰੀ ਕਰੰਸੀ ਦੇ 60 ਫੀਸਦੀ ਦੇ ਲਗਪਗ ਹੈ।

ਇਹ ਵੀ ਪੜ੍ਹੋ:

ਨੋਟ ਦੇ ਇਸ ਨਵੀਨੀਕਰਨ ਦੀ ਅਹਿਮੀਅਤ ਇਸ ਪ੍ਰਸੰਗ ਵਿੱਚ ਹੈ ਕਿ ਦੁਨੀਆਂ ਦੇ ਵੱਡੇ ਦੇਸ਼ ਵੱਡੀ ਕੀਮਤ ਦੇ ਨੋਟਾਂ ਨੂੰ ਸਰਕੂਲੇਸ਼ਨ ਵਿੱਚੋਂ ਬਾਹਰ ਕਰ ਰਹੇ ਹਨ।

ਬਟੂਆ ਲਿਆਓ

ਸਵਿਸ ਬੈਂਕ ਦੇ ਉਪ-ਚੇਅਰਮੈਨ ਨੇ ਮਾਰਚ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਨਕਦੀ ਸਵਿਟਜ਼ਰਲੈਂਡ ਵਿੱਚ "ਸੱਭਿਆਚਾਰਕ ਵਰਤਾਰਾ ਹੈ।" ਉਨ੍ਹਾਂ ਕਿਹਾ ਕਿ 1000 ਫਰੈਂਕ ਦਾ ਇਹ ਨੋਟ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਬਿਲ ਭਰਨ ਲਈ ਵਰਤਣਾ ਪਸੰਦ ਕਰਦੇ ਹਨ ਅਤੇ ਇਸ ਨੂੰ ਸਾਂਭ ਕੇ ਰੱਖਣਾ ਵੀ ਸੌਖਾ ਹੈ।

ਸਵਿਟਜ਼ਰਲੈਂਡ ਵਿੱਚ ਨਕਦੀ ਲੈਣ ਦੇਣ ਕਰਨ ਦਾ ਪਸੰਦੀਦਾ ਸਾਧਨ ਹੈ। ਇਸੇ ਕਾਰਨ ਹਾਲਾਂਕਿ ਦੇਸ਼ ਵਿੱਚ ਡਿਜੀਟਲ ਇਕਾਨਮੀ ਵਿਕਸਿਤ ਹੋ ਰਹੀ ਹੈ ਪਰ ਨਕਦੀ ਵੀ ਹਰ ਕਿਸੇ ਦੀ ਜੇਬ੍ਹ ਵਿੱਚ ਲਾਜਮੀ ਹੁੰਦੀ ਹੈ।

ਇਹ ਉਸ ਸਮੇਂ ਕੰਮ ਆਉਂਦਾ ਹੈ ਜਦੋਂ ਤੁਸੀਂ ਦੁਕਾਨ ਤੋਂ ਸਮੋਸੇ ਖਾਣੇ ਹੋਣ ਅਤੇ ਰੈਸਟੋਰੈਂਟ ਵਾਲੀ ਦੀ ਕਾਰਡ ਸਵਾਈਪ ਕਰਨ ਵਾਲੀ ਮਸ਼ੀਨ ਕੰਮ ਨਾ ਕਰ ਰਹੀ ਹੋਵੇ।

ਬੈਂਕ ਵੀ ਮਹੀਨੇ ਵਿੱਚ ਨਕਦੀ ਕਢਾਉਣ ਤੇ ਚਾਰਜ ਨਹੀਂ ਕਰਦੇ ਤੁਸੀਂ ਮਰਜ਼ੀ ਤੇ ਲੋੜ ਮੁਤਾਬਕ ਕੈਸ਼ ਕਢਾ ਸਕਦੇ ਹੋ। ਨਕਦ ਪੈਸਿਆਂ ਨਾਲ ਮਹਿੰਗੀ ਕਾਰ ਖ਼ਰੀਦਣੀ ਵੀ ਕੋਈ ਵੱਡੀ ਗੱਲ ਨਹੀਂ।

ਸਵਿਸ ਨੈਸ਼ਨਲ ਬੈਂਕ ਨੇ 2017 ਵਿੱਚ 2000 ਲੋਕਾਂ ਦੇ ਭੁਗਤਾਨ ਕਰਨ ਦੇ ਤਰੀਕਿਆਂ ਦਾ ਅਧਿਐਨ ਕੀਤਾ। ਦੇਖਿਆ ਗਿਆ ਕਿ 70 ਫੀਸਦੀ ਲੋਕਾਂ ਨੇ ਭੁਗਤਾਨ ਨਕਦੀ ਵਿੱਚ ਕੀਤਾ। ਜਦਕਿ 22 ਫੀਸਦੀ ਲੋਕਾਂ ਨੇ ਡੈਬਿਟ ਕਾਰਡ ਅਤੇ 5 ਫੀਸਦੀ ਲੋਕਾਂ ਨੇ ਕਰੈਡਿਟ ਕਾਰਡ ਦੀ ਵਰਤੋਂ ਕੀਤੀ। ਭੁਗਤਾਨ ਲਈ ਬਣੀਆਂ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਤਾਂ ਇਸ ਤੋਂ ਵੀ ਘੱਟ ਲੋਕਾਂ ਨੇ ਕੀਤੀ।

ਸਾਲ 2018 ਵਿੱਚ ਬੈਂਕ ਫਾਰ ਇੰਟਰਨੈਸ਼ਨ ਸੈਟਲਮੈਂਟਸ (ਬੀਆਈਐੱਸ) ਦੁਨੀਆਂ ਭਰ ਵਿੱਚ ਪਹਿਲਾਂ ਜਿਹੜਾ ਲੈਣ ਦੇਣ ਨਕਦੀ ਵਿੱਚ ਕੀਤਾ ਜਾਂਦਾ ਸੀ ਉਹ ਹੁਣ ਇਲੈਕਟਰਾਨਿਕ ਤਰੀਕੇ ਨਾਲ ਹੋਣ ਲੱਗ ਪਿਆ ਹੈ। ਸਵਿਟਜ਼ਰਲੈਂਡ ਤੋਂ ਇਲਾਵਾ ਦੂਸਰੇ ਦੇਸ਼ਾਂ ਜਿਵੇਂ ਸਵੀਡਨ ਅਤੇ ਨੀਦਰਲੈਂਡ ਵਿੱਚ ਵੀ ਨਕਦੀ ਵੱਲ ਰੁਝਾਨ ਘਟ ਰਿਹਾ ਹੈ।

ਅਸਲੀ ਪੈਸਾ

ਸਵਿਟਜ਼ਰਲੈਂਡ ਦੇ ਲੋਕ ਆਖ਼ਰ ਕੈਸ਼ ਦੇ ਇੰਨੇ ਦੀਵਾਨੇ ਕਿਉਂ ਹਨ? ਇਸਦੇ ਦੋ ਸਪੱਸ਼ਟ ਕਾਰਨ ਹਨ। ਪਹਿਲਾ, ਕੈਸ਼ ਨੂੰ ਸਵਿਟਜ਼ਰਲੈਂਡ ਵਾਸੀ ਆਪਣੇ ਸੱਭਿਆਚਾਰ ਦਾ ਅੰਗ ਮੰਨਦੇ ਹਨ। ਦੂਸਰਾ, ਉਨ੍ਹਾਂ ਦਾ ਮੰਨਣਾ ਹੈ ਕਿ ਕਾਰਡ ਦੇ ਮੁਕਾਬਲੇ ਉਹ ਕੈਸ਼ ਰਾਹੀਂ ਆਪਣੇ ਖ਼ਰਚੇ ਉੱਪਰ ਜ਼ਿਆਦਾ ਕੰਟਰੋਲ ਰੱਖ ਸਕਦੇ ਹਨ।

ਬੇਸਲ ਦੇ 53 ਸਾਲਾ ਕ੍ਰਿਸ ਟਰੋਇਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਉਨ੍ਹਾਂ ਨੂੰ ਜਾਨਣ ਵਾਲੇ ਕਈ ਲੋਕ ਹਨ ਜੋ ਨਕਦੀ ਵਰਤਣਾ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਪਰਸ ਵਿੱਚ ਕੈਸ਼ ਹੋਣ ਨਾਲ ਇੱਕ ਤੱਸਲੀ ਰਹਿੰਦੀ ਹੈ।

44 ਸਾਲ ਫਿਲਿਪ ਚੈਪੂਇਸ ਨੂੰ ਕਾਰਡ ਅਤੇ ਮੋਬਾਈਲ ਐਪ ਵਰਤਣਾ ਪੰਸਦ ਹੈ ਪਰ ਇਸ ਪਿੱਛੇ ਉਨ੍ਹਾਂ ਦੀ ਇੱਕ ਵਜ੍ਹਾ ਇਹ ਹੈ ਕਿ 'ਉਨ੍ਹਾਂ ਨੂੰ ਠੋਲੂਆਂ ਨਾਲ ਭਰਿਆ ਬਟੂਆ ਪੰਸਦ ਨਹੀਂ।

ਫਿਰ ਵੀ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਲੋਕ ਕਿਉਂ ਨਕਦੀ ਪੰਸਦ ਕਰਦੇ ਹਨ, ਇਸ ਦਾ ਇੱਕ ਕਾਰਨ ਤਾਂ ਬੈਂਕਾਂ ਦੀਆਂ ਨੈਗਟਿਵ ਵਿਆਜ ਦਰਾਂ ਹਨ ਅਤੇ ਬੈਂਕ ਵਿੱਚ ਪਿਆ ਪੈਸਾ ਸਿਰਫ਼ ਇੱਕ ਅਹਿਸਾਸ ਹੁੰਦਾ ਹੈ ਜਦਕਿ "ਕੈਸ਼ ਨਾਲ ਤੁਹਾਨੂੰ ਲਗਦਾ ਹੈ ਕਿ ਇਹ ਤੁਹਡੇ ਕੋਲ ਹੈ।"

ਬੇਸਲ ਦੇ ਬਾਜ਼ਾਰ ਦੇ ਕਾਰੋਬਾਰੀ ਯੁਗ਼ੇਨ ਐਂਗ਼ਲਰ ਵੀ ਹੋਰ ਕਾਰੋਬਾਰੀਆਂ ਵਾਂਗ ਸਿਰਫ਼ ਨਕਦੀ ਹੀ ਸਵੀਕਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ 'ਮਹੀਨੇ ਵਿੱਚ ਦੋ ਜਾਂ ਤਿੰਨ ਗਾਹਕ ਕਾਰਡ ਨਾਲ ਪੈਸੇ ਦੇਣ ਲਈ ਪੁੱਛਦੇ ਹਨ। ਜਦੋਂ ਮੈਂ ਦੁਕਾਨਾਂ 'ਤੇ ਜਾਂਦਾ ਹਾਂ ਤਾਂ ਮੈਂ ਕਾਰਡ ਨਾਲ ਪੈਸੇ ਦਿੰਦਾ ਹਾਂ ਪਰ ਰੈਸਟੋਰੈਂਟ ਆਦਿ ਵਿੱਚ ਮੈਂ ਸਦਾ ਕੈਸ਼ ਦਿੰਦਾ ਹਾਂ।"

ਹਾਲਾਂਕਿ ਕੈਸ਼ ਨੂੰ ਲੋਕ ਪਸੰਦ ਕਰਦੇ ਹਨ ਪਰ TWINT ਜਾਂ V Pay ਵਰਗੀਆਂ ਮੋਬਾਈਲ ਪੈਮੈਂਟ ਐਪਲੀਕੇਸ਼ਨਾਂ ਦੀ ਵਰਤੋਂ ਵੀ ਲਗਾਤਾਰ ਵਧ ਰਹੀ ਹੈ। 2017 ਦੇ ਇੱਕ ਅਧਿਐਨ ਮੁਤਾਬਕ ਅਜਿਹੀਆਂ ਐਪਲੀਕੇਸ਼ਨਾਂ ਵਰਤਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।

29 ਸਾਲਾ ਜੇਨ ਕੈਟਨਰ ਦੀ ਨੌਜਵਾਨ ਪੀੜ੍ਹੀ ਇਸ ਬਦਲਾਅ ਨੂੰ ਤੇਜ਼ੀ ਨਾਲ ਅਪਣਾ ਰਹੀ ਹੈ। ਫਿਰ ਵੀ ਜੇਨ ਮੰਨਦੀ ਹੈ ਕਿ ਕੈਸ਼ ਨਾਲ ਖ਼ਰਚੇ ਉੱਪਰ ਜ਼ਿਆਦਾ ਕੰਟਰੋਲ ਰਹਿੰਦਾ ਹੈ ਜਦਕਿ 'ਇਲੈਕਟਰਾਨਿਕ ਤਰੀਕੇ ਨਾਲ ਤੁਸੀਂ ਪੈਸਾ ਜ਼ਿਆਦਾ ਅਸਾਨੀ ਨਾਲ ਖਰਚ ਕਰ ਦਿੰਦੇ ਹੋ।'

ਬੇਸਲ ਯੂਨੀਵਰਸਿਟੀ ਵਿੱਚ ਮਨੋਵਿਗਿਆਨੀ ਅਤੇ ਮਾਰਕਿਟਿੰਗ ਦੀ ਪ੍ਰੋਫੈਸਰ ਮਿਗ਼ੁਲ ਬ੍ਰੈਂਡਲ ਦਾ ਵੀ ਕਹਿਣਾ ਹੈ, "ਭਾਵੇਂ ਆਮ ਬੁੱਧੀ ਇਹੀ ਹੈ ਕਿ ਇਲੈਕਟਰਾਨਿਕ ਤਰੱਕੀ ਨਾਲ ਇੱਕ ਫਰੈਂਕ ਖ਼ਰਚ ਕਰਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਥੋੜ੍ਹਾ ਖਰਚ ਕੀਤਾ ਹੈ ਪਰ ਜੇ ਇਹ ਗੱਲ ਸਹੀ ਵੀ ਹੋਵੇ ਤਾਂ ਵੀ ਇਸ ਨਾਲ ਸਮਾਜ ਵੱਲੋਂ ਵੱਲੋਂ ਕੈਸ਼ ਪਸੰਦ ਕਰਨ ਨੂੰ ਪੂਰੀ ਤਰ੍ਹਾਂ ਨਹੀਂ ਸਮਝਾ ਸਕਦੀ।"

ਇਹ ਵੀ ਪੜ੍ਹੋ:

ਇਸ ਵਰਤਾਰੇ ਦਾ ਇੱਕ ਪਹਿਲੂ ਸਵਿਸ ਲੋਕਾਂ ਦੀ ਪਛਾਣ ਨਾਲ ਵੀ ਜੁੜਿਆ ਹੋਇਆ ਹੈ, ਇੱਥੇ ਲੋਕ ਨਿੱਜਤਾ ਪਸੰਦ ਕਰਦੇ ਹਨ। ਲੋਕਾਂ ਨੂੰ ਇਹ ਸੁਣਨਾ ਪੰਸਦ ਨਹੀਂ ਹੈ ਕਿ ਉਹ ਕੀ ਕਰਨ ਅਤੇ ਕੀ ਨਾ ਕਰਨ। ਸਵਿਸ ਲੋਕ ਆਪਣੇ ਯੂਰਪੀ ਗੁਆਂਢੀਆਂ ਨਾਲੋਂ ਜ਼ਿਆਦਾ ਗੰਭੀਰਤਾ ਨਾਲ ਆਪਣੀਆਂ ਰਵਾਇਆਤਾਂ, ਤੇ ਬੋਲੀ, ਸਿਆਸੀ ਪ੍ਰਣਾਲੀ ਅਤੇ ਕਰੰਸੀ ਦੀ ਰਾਖੀ ਕਰਦੇ ਹਨ ਜੋ ਕਿ ਉਨ੍ਹਾਂ ਨੂੰ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਨਾਲੋਂ ਵੱਖ ਕਰਦੇ ਹਨ।

ਗੁਆਂਢੀਆਂ ਦਾ ਮੰਨਣਾ ਹੈ ਕਿ ਉੱਚੇ-ਮੁੱਲ ਵਾਲੇ ਨੋਟ ਭ੍ਰਿਸ਼ਟਾਚਾਰ ਨੂੰ ਅਤੇ ਹਵਾਲੇ ਨੂੰ ਉਤਸ਼ਾਹਿਤ ਕਰਦੇ ਹਨ। 19 ਵਿੱਚ 17 ਯੂਰਪੀ ਦੇਸ਼ਾਂ ਦੇ ਕੇਂਦਰੀ ਬੈਂਕ 500 ਯੂਰੋ ਤੋਂ ਵੱਡੇ ਮੁੱਲ ਦੇ ਬੈਂਕ ਨੋਟ ਪ੍ਰਚਲਨ ਵਿੱਚੋਂ ਬਾਹਰ ਕਰਨ ਲਈ ਸਹਿਮਤ ਹੋ ਗਏ ਹਨ, ਤਾਂ ਜੋ ਜੁਰਮ 'ਤੇ ਨੱਥ ਪਾਈ ਜਾ ਸਕੇ।

ਵੱਡੇ ਮੁੱਲ ਦੇ ਨੋਟਾਂ ਨਾਲ ਬੈਂਕਾਂ ਵਿੱਚੋਂ ਵਧੇਰੇ ਰਾਸ਼ੀ ਕਢਾਈ ਜਾ ਸਕਦੀ ਹੈ, ਖਾਸ ਕਰਕੇ ਵਿੱਤੀ ਸਾਲ ਦੇ ਅੰਤ ਵਿੱਚ ਜਦੋਂ ਸਵਿਸ ਨਾਗਰਿਕਾਂ ਨੇ ਰਿਟਰਨਾਂ ਭਰਨੀਆਂ ਹੁੰਦੀਆਂ ਹਨ। ਸਵਿਸ ਨੈਸ਼ਨਲ ਬੈਂਕ ਦੇ ਉੱਪ-ਚੇਅਰਮੈਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇੱਕ ਹਜ਼ਾਰ ਫਰੈਂਕ ਦੇ ਨੋਟ ਮੁਜਰਮਾਂ ਵੱਲੋਂ ਵਧੇਰੇ ਵਰਤੇ ਜਾਂਦੇ ਹਨ

ਹਾਲਾਂਕਿ ਉਨ੍ਹਾਂ ਮੰਨਿਆ ਕਿ ਕ੍ਰਿਸਮਿਸ ਦੇ ਦਿਨਾਂ ਵਿੱਚ ਦੁਕਾਨਦਾਰ ਨਕਦੀ ਦੀ ਜ਼ਿਆਦਾ ਮੰਗ ਕਰਨ ਲੱਗ ਜਾਂਦੇ ਹਨ।

ਨਿੱਜਤਾ ਅਤੇ ਸੌਖ

ਪੈਟਰਿਕ ਕੌਂਬੋਫਿਓ ਐੱਚ.ਡਬਲਿਊ.ਜ਼ੈਡ. ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਸਵਿਟਜ਼ਰਲੈਂਡ ਸਮੇਂ ਨਾਲ ਕੈਸ਼ ਤੋਂ ਲਾਂਭੇ ਹੋ ਜਾਵੇਗਾ।

ਸਵਿਟਜ਼ਰਲੈਂਡ ਦੀ ਕਾਰੋਬਾਰੀ ਸਲਾਹਕਾਰ ਫਰਮ ਫੋਇਨਡਰ ਦੇ ਜੋਮਥਨ ਰੇਅ ਦਾ ਮੰਨਣਾ ਹੈ ਕਿ ਬਿੱਟਕੁਆਇਨ ਵਰਗੀਆਂ ਵਰਚੂਅਲ ਕਰੰਸੀ ਨੂੰ, ਰਵਾਇਤੀ ਕਰੰਸੀ ਦੀ ਥਾਂ ਲੈਣ ਵਿੱਚ ਹਾਲੇ ਇੱਕ ਦਹਾਕਾ ਹੋਰ ਲੱਗ ਜਾਵੇਗਾ।

ਲੋਕਾਂ ਨੂੰ ਕ੍ਰਿਰਪਟੋ ਕਰੰਸੀ ਵੱਲ ਜਾਣ ਲਈ ਆਪਣੀ ਨਿੱਜਤਾ, ਸੌਖ ਅਤੇ ਪਛਾਣ ਨਾਲ ਵਟਾਂਦਰਾ ਕਰਨਾ ਪਵੇਗਾ। ਇਸਦੇ ਨਾਲ ਹੀ ਉਨ੍ਹਾਂ ਨੂੰ ਕੈਸ਼ ਨੂੰ ਦਿੱਤੀ ਜਾਣ ਵਾਲੀ ਕਦਰ ਵੀ ਘਟਾਉਣੀ ਪਵੇਗੀ। ਜਿਸ ਕਾਰਨ ਉਹ ਸੋਚਦੇ ਹਨ ਕਿ ਕੈਸ਼ ਕਾਰਨ ਉਹ ਖਰਚਾ ਘੱਟ ਕਰਦੇ ਹਨ ਅਤੇ ਕਰਜ਼ੇ ਹੇਠ ਆਉਣ ਦੀ ਸੰਭਾਵਨਾ ਘੱਟ ਹੈ।

ਪਰ ਫਿਲਹਾਲ ਤਾਂ ਸਵਿਸ ਲੋਕਾਂ ਨੂੰ ਨਕਦੀ ਤੋਂ ਮਿਲਣ ਵਾਲੀ ਨਿੱਜਤਾ, ਜ਼ਿਆਦਾ ਪਸੰਦ ਹੈ। ਸਰਲ ਸ਼ਬਦਾਂ ਵਿੱਚ ਕਹੀਏ ਤਾਂ ਨਵੇਂ ਨੋਟ ਤੁਹਾਡੇ ਬਟੂਏ ਦਾ ਸ਼ਿੰਗਾਰ ਹਨ ਜਿਨੀਂ ਦੇਰ ਤੁਸੀਂ ਉਨ੍ਹਾਂ ਨੂੰ ਉਸ ਵਿੱਚ ਸੰਭਾਲ ਕੇ ਰੱਖ ਸਕੋ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)