ਵਿਆਹ ਚੋਂ ਭੂਆ ਕੱਢਣ ਲਈ ਭਤੀਜੇ ਨੇ ਸੱਦੀ ਪੁਲਿਸ

    • ਲੇਖਕ, ਤਾਹਿਰ ਇਮਰਾਨ
    • ਰੋਲ, ਬੀਬੀਸੀ ਉਰਦੂ

ਬੇਗਾਨੀ ਸ਼ਾਦੀ ਵਿੱਚ ਅਬਦੁੱਲੇ ਦੇ ਦੀਵਾਨਾ ਹੋਣ ਦੀਆਂ ਗੱਲਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਜੇ ਭਤੀਜੇ ਜਾਂ ਭਤੀਜੀ ਦੇ ਵਿਆਹ ਵਿੱਚ ਭੂਆ-ਫੁੱਫੜ ਨਾ ਹੋਣ ਤਾਂ ਵਿਆਹ ਕਿਹੋ-ਜਿਹਾ ਹੋਵੇਗਾ?

ਹੁਣ ਜੇ ਭੂਆ ਵੀ ਬਿਨਾਂ ਸੱਦੇ ਬੁਲਾਏ ਹੀ ਪਹੁੰਚ ਜਾਵੇ, ਤਾਂ ਬੰਦਾ ਕੀ ਕਰ ਸਕਦਾ ਹੈ?

ਅਜਿਹੀ ਹੀ ਇੱਕ ਘਟਨਾ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਹੋਈ ਜਿੱਥੇ ਇੱਕ ਵਿਆਹ ਚੋਂ ਪੁਲਿਸ ਨੂੰ ਫੋਨ ਕਰਕੇ ਮਦਦ ਦੀ ਗੁਹਾਰ ਲਾਈ ਗਈ।

ਇਹ ਵੀ ਪੜ੍ਹੋ:

ਇੱਕ ਵਿਅਕਤੀ ਨੇ ਕਈ ਵਾਰ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਵਿਆਹ ਦੇ ਸਮਾਗਮ ਵਿੱਚ ਮੁਸ਼ਕਿਲ ਹੈ, ਜਿਸ ਲਈ ਉਨ੍ਹਾਂ ਨੂੰ ਪੁਲਿਸ ਦੀ ਮਦਦ ਚਾਹੀਦੀ ਹੈ।

ਪੁਲਿਸ ਲਈ ਇਹ ਜਰੂਰੀ ਹੋ ਗਿਆ ਕਿ ਉਹ ਉਸ ਫੋਨ ਉੱਪਰ ਕਾਰਵਾਈ ਕਰੇ। ਫਿਰ ਇਸ ਮਾਮਲੇ ਵਿੱਚ ਪੁਲਿਸ ਕਰਮਚਾਰੀ ਏਐੱਸਆਈ ਸ਼ੁਏਬ ਨੂੰ ਇੱਕ ਹੋਰ ਜਰੂਰੀ ਕੰਮ ਛੱਡ ਕੇ ਮੌਕੇ 'ਤੇ ਪਹੁੰਚਣਾ ਪਿਆ।

ਉਨ੍ਹਾਂ ਨੇ ਦੱਸਿਆ, ਮੈਂ ਇੱਕ ਬਹੁਤ ਹੀ ਪੇਚੀਦਾ ਕੇਸ ਦੀ ਜਾਂਚ ਵਿੱਚ ਰੁੱਝਿਆ ਹੋਇਆ ਸੀ ਅਤੇ ਮੈਨੂੰ ਇਸ ਦੀ ਜਾਂਚ ਵਿਚਾਲੇ ਹੀ ਛੱਡ ਕੇ ਫੌਰਨ ਜਾਣਾ ਪਿਆ।"

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਇੱਕ ਸਾਥੀ ਨੂੰ ਨਾਲ ਲਿਆ ਅਤੇ ਮੌਕੇ ਤੇ ਪਹੁੰਚੇ। ਅੱਗੋਂ ਇੱਕ 20 ਸਾਲਾਂ ਦਾ ਮੁੰਡਾ ਮਿਲਿਆ ਜਿਸ ਨੇ ਦੱਸਿਆ ਕਿ ਕਾਲ ਉਸੇ ਨੇ ਕੀਤੀ ਸੀ ਅਤੇ ਵਿਆਹ ਉਸੇ ਦੀ ਭੈਣ ਦਾ ਹੈ।

ਵਿਆਹ ਵਿੱਚ ਬਿਨਾਂ ਸੱਦੇ ਭੂਆ ਦੇ ਆ ਜਾਣ 'ਤੇ ਉਸਨੇ ਪੁਲਿਸ ਬੁਲਾਈ ਸੀ ਤਾਂ ਕਿ ਉਹ ਉਨ੍ਹਾਂ ਨੂੰ ਵਿਆਹ ਦੇ ਪ੍ਰੋਗਰਾਮ ਵਿੱਚੋਂ ਲੈ ਜਾਣ।

ਪੁਲਿਸ ਵਾਲਿਆਂ ਨੇ ਦੱਸਿਆ, " ਮੈਨੂੰ ਬਹੁਤ ਖਿੱਝ ਆਈ ਕਿ, ਐਨੇ ਅਹਿਮ ਕੇਸ ਦੀ ਪੜਤਾਲ ਛੱਡ ਕੇ ਮੈਂ ਇੱਥੇ ਕੀ ਕਰਾਂ। ਫਿਰ ਵੀ ਮੈਂ ਆਪਣੇ ਗੁੱਸੇ ਨੂੰ ਛੱਡ ਕੇ ਆਪਣੀ ਵਰਦੀ ਦੀ ਲਾਜ ਰਖਦੇ ਹੋਏ, ਉਸ ਮੁੰਡੇ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਵੇ।"

ਇਸ ਤੋਂ ਬਾਅਦ ਮੈਂ ਉਨ੍ਹਾਂ ਦੀ ਸਾਰੀ ਕਹਾਣੀ ਸੁਣੀ ਅਤੇ ਇਹ ਕਹਿ ਕੇ ਵਾਪਸ ਆ ਗਿਆ ਕਿ "ਮੈਂ ਮਹਿਲਾ ਪੁਲਿਸ ਲੈ ਕੇ ਵਾਪਸ ਆਉਂਦਾ ਹਾਂ ਅਤੇ ਵਾਪਸ ਥਾਣੇ ਆ ਗਿਆ।"

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਅਜਿਹੇ ਫੋਨ ਕਾਲ ਕਰਨ ਵਾਲਿਆਂ ਨੂੰ ਕੀ ਸਲਾਹ ਦੇਣਗੇ ਤਾਂ ਉਨ੍ਹਾਂ ਨੇ ਬੜੀ ਹਲੀਮੀ ਨਾਲ ਕਿਹਾ," ਜਨਾਬ ਹੁਣ ਅਸੀਂ ਚੋਰ ਫੜੀਏ ਜਾਂ ਲੋਕਾਂ ਦੀਆਂ ਭੂਆ ਹਟਾਈਏ ਪਰ ਵਰਦੀ ਪਹਿਨਦਿਆਂ ਹੀ ਸਾਡਾ ਤਾਂ ਕੰਮ ਹੀ ਇਹੀ ਹੈ।"

ਐੱਸਪੀ ਆਮਿਨਾ ਬੇਗ ਨੇ ਇਸ ਕਾਲ ਬਾਰੇ ਟਵੀਟ ਵੀ ਕੀਤਾ ਅਤੇ ਬੀਬੀਸੀ ਨੂੰ ਦੱਸਿਆ,"ਸਾਨੂੰ ਰੋਜ਼ਾਨਾ 200 ਫੋਨ ਕਾਲ ਆਉਂਦੇ ਹਨ। ਸਾਡਾ ਕੰਮ ਹਰ ਕਾਲ ਦਾ ਜਵਾਬ ਦੇਣਾ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਕਿਸਮ ਦੀ ਕਾਲ ਹੋਵੇ। ਸਾਡੇ ਲਈ ਸਾਰੇ ਅਹਿਮ ਹਨ ਕਿਉਂਕਿ ਸਾਡਾ ਕੰਮ ਸੁਰੱਖਿਆ ਦੇਣਾ ਹੈ।"

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)