ਕੀ ਹਨ ਯੂ ਟਿਊਬ ਤੋਂ ਪੈਸੇ ਕਮਾਉਣ ਦੇ 5 ਤਰੀਕੇ?

ਜਦੋਂ ਯੂ-ਟਿਊਬਰ ਐਵਨ ਐਡਿੰਜਰ ਕਿਸੇ ਨੂੰ ਪਹਿਲੀ ਵਾਰੀ ਮਿਲਦੇ ਹਨ ਤਾਂ ਉਨ੍ਹਾਂ ਤੋਂ ਪਹਿਲਾ ਸਵਾਲ ਲੋਕ ਪੁੱਛਦੇ ਹਨ, "ਤੁਸੀਂ ਕਿੰਨੇ ਪੈਸੇ ਕਮਾ ਲੈਂਦੇ ਹੋ?"

"ਮੈਂ ਅੰਦਾਜ਼ਾ ਜਿਹਾ ਦੱਸ ਸਕਦਾ ਹਾਂ। ਇੰਨਾ ਕਮਾ ਲੈਂਦਾ ਹਾਂ ਕਿ ਆਪਣਾ ਕਿਰਾਇਆ ਦੇ ਸਕਾਂ ਅਤੇ ਕਦੇ-ਕਦੇ ਘੁੰਮ ਸਕਾਂ। ਇੰਨਾਂ ਮਾੜਾ ਨਹੀਂ ਹੈ।"

ਇੱਕ ਵੀ-ਲਾਗ ਵਿੱਚ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਵੇਂ ਕਰਦਾ ਹੈ।

ਉਸ ਨੇ 5 ਅਹਿਮ ਤਰੀਕੇ ਦੱਸੇ ਹਨ ਜਿਸ ਨਾਲ ਯੂ-ਟਿਊਬਰ ਕਮਾਈ ਕਰਦੇ ਹਨ।

1. ਮਸ਼ਹੂਰੀਆਂ

ਪਹਿਲਾ ਤਰੀਕਾ ਹੈ ਐਡਜ਼ (ਮਸ਼ਹੂਰੀਆਂ)। ਮਸ਼ਹੂਰੀਆਂ ਤੋਂ ਸਭ ਤੋਂ ਵੱਧ ਕਮਾਈ ਹੁੰਦੀ ਸੀ, ਪਰ ਹੌਲੀ-ਹੌਲੀ ਖਿੱਚ ਘੱਟਦੀ ਗਈ।

ਐਵਨ ਦਾ ਕਹਿਣਾ ਹੈ ਕਿ ਪੂਰੀ ਵੀਡੀਓ ਤੋਂ ਪਹਿਲਾਂ ਜੋ ਮਸ਼ਹੂਰੀ ਚੱਲਦੀ ਹੈ, ਹਰ ਹਜ਼ਾਰ ਵਾਰ ਮਸ਼ਹੂਰੀ ਚੱਲਣ 'ਤੇ ਯੂਟਿਊਬਰ ਨੂੰ ਪੈਸੇ ਮਿਲਦੇ ਹਨ।

ਇਸ ਦੀ ਕੀਮਤ ਇੱਕ ਤੋ ਪੰਜ ਡਾਲਰ ਵਿਚਾਲੇ ਹੋ ਸਕਦੀ ਹੈ।

ਹਾਲਾਂਕਿ ਅੱਜ-ਕੱਲ੍ਹ ਕੀਮਤ ਘਟਾ ਦਿੱਤੀ ਗਈ ਹੈ ਤੇ ਯੂਟਿਊਬ ਵੀ ਮਸ਼ਹੂਰੀ ਦਾ 50% ਹਿੱਸਾ ਲੈ ਲੈਂਦਾ ਹੈ।

ਯਾਨਿ ਕਿ 10 ਲੱਖ ਵਾਰੀ ਵੀਡੀਓ ਦੇਖਣ 'ਤੇ 1000 ਤੋਂ 5000 ਡਾਲਰ ਮਿਲਦੇ ਹਨ।

2.ਪੈਟਰੀਅਨ

ਐਵਨ ਦਾ ਕਹਿਣਾ ਹੈ ਕਿ ਯੂਟਿਊਬਰ ਪੈਟਰਨ ਤੋਂ ਵੀ ਪੈਸੇ ਕਮਾਉਂਦੇ ਹਨ। ਐਵਨ ਮੁਤਾਬਕ, "ਇਹ ਇੱਕ ਆਨਲਾਈਨ ਟਿਪ ਦੇਣ ਵਰਗਾ ਹੈ।"

"ਤੁਹਾਨੂੰ ਪਸੰਦ ਹੋਵੇ ਜਾਂ ਨਾ ਕੁਝ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਪਰ ਜੇ ਤੁਸੀਂ ਵਾਕਈ ਉਸ ਨੂੰ ਪਸੰਦ ਕਰਦੇ ਹੋ ਅਤੇ ਸਮਰਥਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਹਰ ਵੀਡੀਓ ਲਈ ਇੱਕ ਡਾਲਰ ਜਾਂ ਹਰ ਮਹੀਨੇ ਇੱਕ ਡਾਲਰ ਦੇ ਸਕਦੇ ਹੋ।"

ਯੂਟਿਊਬਰ ਕੁਝ ਵੱਖਰੀਆਂ ਵੀਡੀਓਜ਼ ਰਖਦਾ ਹੈ ਜੋ ਪੈਸੇ ਦੇਣ ਵਾਲੇ ਦਰਸ਼ਕ ਦੇਖ ਸਕਦੇ ਹਨ।

"ਮੇਰੇ ਕੋਲ ਇੱਕ ਸਾਲ ਤੱਕ ਪੈਟਰੀਅਨ ਸੀ ਅਤੇ ਉਹ ਦਰਸ਼ਕ ਮੇਰੀਆਂ ਵੀਡੀਓ ਕੁਝ ਪਹਿਲਾਂ ਦੇਖ ਸਕਦੇ ਹਨ ਤੇ ਸਵਾਲ ਪੁੱਛਦੇ ਹਨ। ਇਹ ਸੌਖਾ ਹੈ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ।"

3.ਮਿਲਦੇ ਜੁਲਦੇ ਲਿੰਕ

ਇਹ ਫੈਸ਼ਨ ਤੇ ਖੂਬਸਰਤੀ ਦੇ ਬਲਾਗਰਜ਼ ਲਈ ਅਹਿਮ ਹੈ ਜਦੋਂ ਕੋਈ ਬਲਾਗਰ ਕਿਸੇ ਚੀਜ਼ ਦਾ ਜ਼ਿਕਰ ਆਪਣੀ ਪੋਸਟ ਵਿੱਚ ਕਰਦਾ ਹੈ।

"ਉਹ ਕਿਸੇ ਪਸੰਦੀਦਾ ਚੀਜ਼ ਦਾ ਪ੍ਰਚਾਰ ਹੀ ਨਹੀਂ ਕਰ ਰਹੇ, ਸਗੋਂ ਉਨ੍ਹਾਂ ਨੂੰ 5-20% ਲਾਹਾ ਵੀ ਮਿਲਦਾ ਹੈ।"

ਜੇ ਤੁਸੀਂ ਕਿਸੇ ਯੂਟਿਊਬਰ ਦੇ ਪੋਸਟ ਤੋਂ ਕਲਿੱਕ ਕਰਕੇ ਕਿਸੇ ਚੀਜ਼ ਨੂੰ ਖਰੀਦਿਆ ਹੈ ਤਾਂ ਉਨ੍ਹਾਂ ਨੂੰ ਕੁਝ ਪੈਸੇ ਮਿਲਦੇ ਹਨ।

4. ਮਰਚੰਡਾਈਜ਼ (ਵੇਚਣ ਵਾਸਤੇ ਸਮਾਨ)

ਪੋਸਟਰ, ਕਲਾਈ ਦੇ ਬੈਂਡ, ਕਮੀਜ਼ਾਂ, ਫੋਨ ਦੇ ਕਵਰ-ਇੰਨ੍ਹਾਂ ਸਭ ਤੋਂ ਯੂਟਿਊਬਰ ਨੂੰ ਕਮਾਈ ਹੁੰਦੀ ਹੈ। ਇਸ ਲਈ ਕਿਸੇ ਤਰ੍ਹਾਂ ਦੇ ਵਿਸਥਾਰ ਦੀ ਕੋਈ ਲੋੜ ਨਹੀਂ ਹੈ।

5. ਬ੍ਰੈਂਡ ਦੀ ਮਸ਼ਹੂਰੀ

ਐਵਨ ਦਾ ਕਹਿਣਾ ਹੈ ਕਿ ਬ੍ਰੈਂਡ ਦੀਆਂ ਡੀਲਸ ਤੋਂ ਯੂਟਿਊਬਰਸ ਨੂੰ ਕਮਾਈ ਹੁੰਦੀ ਹੈ।

ਜਦੋਂ ਕੰਪਨੀਆਂ ਯੂਟਿਊਬਰ ਨੂੰ ਆਪਣੇ ਸਮਾਨ ਲਈ ਵੀਡੀਓ ਬਣਾਉਣ ਲਈ ਕਹਿੰਦੀਆਂ ਹਨ ਤਾਂ ਬਦਲੇ ਵਿੱਚ ਵੱਡੀ ਕੀਮਤ ਦਿੰਦੀਆਂ ਹਨ।

"ਇਹ ਕੰਪਨੀਆਂ ਮਹੀਨੇ ਦੇ ਐਡਸੈਂਸ ਤੋਂ 12 ਗੁਣਾ ਵੱਧ ਪੈਸੇ ਦਿੰਦੀਆਂ ਹਨ। ਝੂਠ ਲਗਦਾ ਹੈ, ਪਰ ਇਹ ਸੱਚ ਹੈ। ਮੇਰੇ ਨਾਲ ਘਰ ਰਹਿਣ ਵਾਲੇ ਲਿਊਕ ਨੂੰ ਇੱਕ ਕੰਪਨੀ ਤੋਂ ਬ੍ਰੈਂਡ ਡੀਲ ਨਾਲ 20 ਹਜ਼ਾਰ ਯੂਰੋ ਦੀ ਕਮਾਈ ਹੋਈ।"

ਐਵਨ ਦਾ ਕਹਿਣਾ ਹੈ ਕਿ ਸਭ ਤੋਂ ਵਧੀਆ ਬ੍ਰੈਂਡ ਡੀਲ ਉਹ ਹੁੰਦੀ ਹੈ ਜਿਸ ਵਿੱਚ ਉਹ ਯੂਟਿਊਬਰ ਨੂੰ ਸਚਮੁੱਚ ਹੀ ਉਹ ਕਰਨ ਦਿੰਦੇ ਹਨ ਜੋ ਉਹ ਚਾਹੁੰਦਾ ਹੈ ਅਤੇ ਉਸ ਤਰ੍ਹਾਂ ਦਾ ਵੀਡੀਓ ਬਣਾਉਂਦਾ ਹੈ ਜੋ ਉਹ ਉਸ ਦੀ ਮਦਦ ਤੋਂ ਬਿਨਾਂ ਨਹੀਂ ਬਣਾ ਸਕਦੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)