You’re viewing a text-only version of this website that uses less data. View the main version of the website including all images and videos.
ਕੈਪਟਨ ਅਮਰਿੰਦਰ ਸਿੰਘ: ਸੰਨੀ ਦਿਓਲ ਇੱਕ ਐਕਟਰ ਹੈ, ਐਕਟਰ ਲੋਕਾਂ ਦੇ ਕੰਮ ਨਹੀਂ ਕਰ ਸਕਦੇ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਪਟਿਆਲਾ ਸ਼ਹਿਰ ਦਾ ਮੋਤੀ ਬਾਗ਼ ਮਹਿਲ...ਤਾਪਮਾਨ 40 ਡਿਗਰੀ ਤੋਂ ਵੱਧ ਹੈ ਅਤੇ ਲੂ ਦੇ ਥਪੇੜਿਆਂ ਵਿਚਾਲੇ ਮਹਿਲ ਦੇ ਅੰਦਰ ਸਿਆਸੀ ਗਤੀਵਿਧੀਆਂ ਦੀ ਗਰਮਾਹਟ।
ਮਹਿਲ ਦੇ ਬਾਹਰ ਕਾਫ਼ੀ ਸੁਰੱਖਿਆ ਕਰਮੀ ਹੋਣ ਦੇ ਬਾਵਜੂਦ ਕਾਫ਼ੀ ਲੋਕ ਅੰਦਰ ਆਏ ਹੋਏ ਹਨ। ਲੋਕ ਸਭਾ ਚੋਣਾਂ ਬੱਸ ਕੁੱਝ ਹੀ ਦਿਨ ਦੂਰ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿੰਨ੍ਹਾਂ ਨੂੰ ਇੱਥੇ ਲੋਕ ਮਹਾਰਾਜਾ ਸਾਬ੍ਹ ਕਹਿੰਦੇ ਹਨ, ਦਾ ਬਹੁਤ ਕੁੱਝ ਦਾਅ 'ਤੇ ਲੱਗਿਆ ਹੋਇਆ ਹੈ।
ਲੋਕ ਸਭਾ ਚੋਣਾਂ ਨੂੰ ਇਸਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿ ਦੋ ਸਾਲ ਪੁਰਾਣੀ ਸਰਕਾਰ ਤੋਂ ਲੋਕ ਕਿੰਨੇ ਖ਼ੁਸ਼ ਹਨ।
ਪਟਿਆਲਾ ਵਿਖੇ ਪਰਨੀਤ ਕੌਰ, ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਮੌਜੂਦਾ ਸਾਂਸਦ ਧਰਮਵੀਰ ਗਾਂਧੀ ਵਿਚਾਲੇ ਫਸਵੀਂ ਟੱਕਰ ਹੈ।
ਮਹਿਲ ਦੇ ਅੰਦਰ ਇੱਕ ਵਿਸ਼ਾਲ ਲਾਇਬਰੇਰੀ ਵਿੱਚ ਬੈਠਕ ਹੋ ਰਹੀ ਹੈ ਜਿੱਥੇ ਪਰਨੀਤ ਕੌਰ ਆਪ ਮੌਜੂਦ ਹਨ ਤੇ ਨਾਲ ਦੇ ਡਰਾਇੰਗ ਰੂਮ ਵਿੱਚ ਪਰਿਵਾਰ ਅਤੇ ਹੋਰ ਲੋਕ ਬੈਠੇ ਹਨ।
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਬਾਅਦ ਦੁਪਹਿਰ ਇੱਕ ਕਮਰੇ ਵਿੱਚ ਦਾਖਲ ਹੋਏ ਅਤੇ ਨਾਭਾ ਤੋਂ ਆਏ ਪਾਰਟੀ ਦੇ ਦੋ ਆਗੂਆਂ ਨੂੰ ਕਮਰੇ ਵਿੱਚ ਬੈਠੇ ਵੇਖ ਕੇ ਬਹੁਤ ਖ਼ੁਸ਼ ਹੋਏ।
ਉਨ੍ਹਾਂ ਨੇ ਮਹਾਰਾਜਾ ਦੇ ਪੈਰੀਂ ਹੱਥ ਲਾਏ ਤੇ ਕੈਪਟਨ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਟਿੱਪਣੀ ਕੀਤੀ—ਤੂੰ ਤਾਂ ਬੜਾ ਬੁੱਢਾ ਹੋ ਗਿਆ ਹੈਂ। ਆਗੂ ਨੇ ਹੱਸਦੇ ਹੋਏ ਜਵਾਬ ਦਿੱਤਾ - ਤੁਹਾਡੀ ਸਿਹਤ ਕਾਇਮ ਹੈ ਤਾਂ ਅਸੀਂ ਵੀ ਕਾਇਮ ਹਾਂ।
ਹੱਥ ਵਿੱਚ ਅੰਕੜਿਆਂ ਦੀ ਫਾਈਲ ਲਏ ਕੈਪਟਨ ਅਮਰਿੰਦਰ ਸੂਬੇ ਦਾ ਦੌਰਾ ਕਰਦੇ ਹੋਏ ਸਰਦੂਲਗੜ੍ਹ ਤੋਂ ਵਾਪਿਸ ਪੁੱਜੇ ਹਨ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਹੈਲੀਕਾਪਟਰ ਰਾਹੀਂ ਪਟਿਆਲਾ ਪੁੱਜਦੇ ਉਨ੍ਹਾਂ ਦੀ ਮੀਡੀਆ ਟੀਮ ਨੇ ਸਰਦੂਲਗੜ੍ਹ ਤੋਂ ਰਿਪੋਰਟ ਤੇ ਤਸਵੀਰਾਂ ਪਹਿਲਾਂ ਹੀ ਮਹਿਲ ਵਿੱਚ ਪਹੁੰਚਾ ਦਿੱਤੀਆਂ ਹਨ।
ਸਰਦੂਲਗੜ੍ਹ ਬਠਿੰਡਾ ਹਲਕੇ ਵਿੱਚ ਆਉਂਦਾ ਹੈ ਜਿੱਥੇ ਅਕਾਲੀ ਦਲ-ਭਾਜਪਾ ਦੀ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਨਾਲ ਹੈ। ਇੱਥੇ ਕਾਂਗਰਸ ਨੇ ਬਾਦਲਾਂ ਦੀ ਨੂੰਹ ਨੂੰ ਹਰਾਉਣ ਵਾਸਤੇ ਪੂਰਾ ਜ਼ੋਰ ਲਾਇਆ ਹੋਇਆ ਹੈ।
ਅਮਰਿੰਦਰ ਦੇ ਪ੍ਰੈੱਸ ਬਿਆਨ ਵਿੱਚ ਇਹ ਵੀ ਲਿਖਿਆ ਹੈ ਕਿ ਸਰਦੂਲਗੜ੍ਹ ਵਿੱਚ ਵੜਿੰਗ ਨੇ ਲੋਕਾਂ ਨੂੰ ਕਿਹਾ ਕਿ ਅਕਾਲੀਆਂ ਨੂੰ ਵੋਟ ਪਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਗੁਨਾਹਗਾਰ ਹੋਵੇਗਾ।
ਕੈਪਟਨ ਅਮਰਿੰਦਰ ਨੂੰ ਇਹੀ ਸਵਾਲ ਕੀਤਾ ਕਿ ਤੁਹਾਡੀ ਪਾਰਟੀ ਦੇ ਉਮੀਦਵਾਰ ਚੋਣ ਰੈਲੀਆਂ ਵਿਚ ਅਰਦਾਸ ਕਰਦੇ ਹਨ ਅਤੇ ਫਿਰ ਬਾਦਲਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦੇ ਹਨ ਇਹ ਧਰਮ ਨਿਰਪੱਖਤਾ ਦੇ ਖ਼ਿਲਾਫ਼ ਨਹੀਂ ਹੈ ਜੋ ਕਾਂਗਰਸ ਦਾ ਆਧਾਰ ਹੈ।
ਉਨ੍ਹਾਂ ਦਾ ਜਵਾਬ - ਪਾਰਟੀ ਜੋ ਮਰਜ਼ੀ ਹੋਵੇ ਪਰ ਅਸੀਂ ਸਿੱਖ ਵੀ ਹਾਂ ਅਤੇ ਇਹ ਧਰਮ ਨਿਰਪੱਖਤਾ ਦੇ ਖ਼ਿਲਾਫ਼ ਨਹੀਂ ਹੈ। ਅਸੀਂ ਆਪਣੀ ਅਰਦਾਸ ਵੀ ਕਰ ਸਕਦੇ ਹਾਂ ਇਹ ਸਾਡੀ ਨਿੱਜੀ ਸੋਚ ਹੈ। ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਧਰਮ ਨਿਰਪੱਖਤਾ ਦੇ ਖ਼ਿਲਾਫ਼ ਹਨ ਇਸ ਲਈ ਮੈਂ ਉਸ ਦੀ ਮੁਖ਼ਾਲਫ਼ਤ ਕਰਦਾ ਹਾਂ।
ਇਹ ਵੀ ਪੜ੍ਹੋ:
ਕੁੱਝ ਹੋਰ ਸਵਾਲ ਤੇ ਜਵਾਬ
ਨਸ਼ੇ ਨੂੰ ਖ਼ਤਮ ਕਰਨ ਦੀ ਤੁਹਾਡੀ ਕਸਮ ਕਾਫ਼ੀ ਚਰਚਿਤ ਹੈ?
ਨਸ਼ਾ ਖ਼ਤਮ ਕਰਨ ਦੀ ਕਸਮ ਨਹੀਂ ਸੀ ਚੁੱਕੀ ਸਗੋਂ ਨਸ਼ੇ ਦਾ ਲੱਕ ਤੋੜਨ ਦੀ ਕਸਮ ਖਾਦੀ ਸੀ ਅਤੇ ਆਖਿਆ ਸੀ ਕਿ ਮੈਂ ਸਹੁੰ ਖਾਂਦਾ ਹਾਂ ਕਿ ਚਾਰ ਹਫ਼ਤਿਆਂ ਵਿੱਚ ਇਸ ਦਾ ਲੱਕ ਤੋੜਾਂਗਾ।
ਅੱਜ ਸਥਿਤੀ ਇਹ ਹੈ ਕਿ 26 ਹਜ਼ਾਰ ਬੰਦਿਆਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਹੈ ਜੋ ਕਿ ਇੱਕ ਵੱਡੀ ਗੱਲ ਹੈ। ਜੋ ਡਰ ਦੇ ਮਾਰੇ ਫ਼ਰਾਰ ਹੋਏ ਹਨ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਚੋਣਾਂ ਵਿੱਚ ਬੇਅਦਬੀ ਅਤੇ ਧਾਰਮਿਕ ਮੁੱਦਾ ਕਿਉਂ ਭਾਰੂ?
ਬੇਅਦਬੀ ਇੱਕ ਵੱਡਾ ਮੁੱਦਾ ਹੈ ਪਰ ਸਾਡੀ ਸਰਕਾਰ ਦੇ ਸਮੇਂ ਇਸ ਸਬੰਧੀ ਇੱਕ ਵੀ ਘਟਨਾ ਨਹੀਂ ਹੈ। ਜੇਕਰ ਕੋਈ ਵਿਅਕਤੀ ਅਜਿਹੀ ਘਟਨਾ ਕਰੇਗਾ ਤਾਂ ਉਸ ਨਾਲ ਸਾਡੀ ਸਰਕਾਰ ਸਖ਼ਤੀ ਨਾਲ ਨਜਿੱਠੇਗੀ।
ਘਰ-ਘਰ ਰੁਜ਼ਗਾਰ ਬਾਰੇ ਕੀ ਰਾਏ ਹੈ?
ਅਸੀਂ ਹੁਣ ਤੱਕ ਅੱਠ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਸਾਨੂੰ ਦੋ ਹੀ ਸਾਲ ਹੋਏ ਹਨ ਤੇ ਪੰਜ ਸਾਲਾਂ ਵਿੱਚ ਅਸੀਂ ਸਾਰੇ ਵਾਅਦੇ ਪੂਰੇ ਕਰਾਂਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦੀ ਗੱਲ ਕਿਉਂ ਕਰ ਰਹੇ ਹੋ?
ਕਾਂਗਰਸ ਪਾਰਟੀ ਕਿਸੇ ਵੀ ਧਾਰਮਿਕ ਚੋਣਾਂ ਵਿੱਚ ਹਿੱਸਾ ਨਹੀਂ ਲੈਂਦੀ ਪਰ ਸਿੱਖ ਹੋਣ ਦੇ ਨਾਤੇ ਮੈਂ ਉਸ ਉਮੀਦਵਾਰ ਦੀ ਹਿਮਾਇਤ ਕਰਾਂਗਾ ਜੋ ਅਕਾਲੀ ਦਲ ਦੀ ਐੱਸਜੀਪੀਸੀ ਨੂੰ ਚੁਣੌਤੀ ਦੇਣਗੇ। ਮੈ ਸਾਰੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਇੱਕਜੁੱਟ ਹੋ ਕੇ ਬਾਦਲਾਂ ਨੂੰ ਐੱਸਜੀਪੀਸੀ ਤੋਂ ਬਾਹਰ ਕਰੋ।
ਇਹ ਵੀ ਪੜ੍ਹੋ:
ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਨਹੀਂ ਬੁਲਾਇਆ ਗਿਆ?
ਇਹ ਗ਼ਲਤ ਗੱਲ ਹੈ ਮੈਂ ਇਹ ਆਖਿਆ ਹੋਇਆ ਹੈ ਕਿ ਜੋ ਵੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹਲਕੇ ਵਿੱਚ ਬੁਲਾਉਣਾ ਚਾਹੁੰਦਾ ਹੈ ਉਹ ਬੁਲਾ ਸਕਦਾ ਹੈ।
ਸਿੱਧੂ ਨੂੰ ਮੋਗਾ ਰੈਲੀ ਵਿੱਚ ਬੋਲਣ ਤੋਂ ਰੋਕਣ ਦਾ ਕੋਈ ਏਜੰਡਾ ਨਹੀਂ ਸੀ ਸਗੋਂ ਉਹ ਕਰਜ਼ਾ ਮੁਆਫ਼ੀ ਦਾ ਪ੍ਰੋਗਰਾਮ ਸੀ ਇਸ ਲਈ ਸਿੱਧੂ ਨੂੰ ਇਸ ਤੋਂ ਔਖਾ ਨਹੀਂ ਹੋਣਾ ਚਾਹੀਦਾ।
ਚੋਣਾਂ ਵਿੱਚ ਸਾਰੀਆਂ ਗੱਲਾਂ ਧਰਮ ਬਾਰੇ ਹੋ ਰਹੀਆਂ ਇਸ ਲਈ ਗੈਰ ਸਿੱਖ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ?
ਧਰਮ ਬਾਰੇ ਕੋਈ ਗੱਲ ਨਹੀਂ ਹੈ ਸਗੋਂ ਬੇਅਦਬੀ ਦੀ ਗੱਲ ਹੋ ਰਹੀ ਹੈ। ਕੋਈ ਧਰਮ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਦੀ ਇਜਾਜ਼ਤ ਨਹੀਂ ਦਿੰਦਾ।
ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਬਾਰੇ ਕੀ ਰਾਏ ਹੈ?
ਸੰਨੀ ਦਿਓਲ ਇੱਕ ਐਕਟਰ ਹੈ, ਐਕਟਰ ਲੋਕਾਂ ਦੇ ਕੰਮ ਨਹੀਂ ਕਰ ਸਕਦੇ। ਹੇਮਾ ਮਾਲਿਨੀ ਨੇ ਸਾਂਸਦ ਬਣਨ ਤੋਂ ਬਾਅਦ ਸੰਸਦ ਵਿੱਚ ਇੱਕ ਵੀ ਸਵਾਲ ਨਹੀਂ ਕੀਤਾ।
ਸੰਨੀ ਦਿਓਲ ਨੂੰ ਤਾਂ ਮੁੱਦਿਆਂ ਦੀ ਹੀ ਸਮਝ ਨਹੀਂ ਹੈ। ਉਸ ਨੂੰ ਤਾਂ ਬਾਲਾਕੋਟ ਏਅਰ ਸਟ੍ਰਾਈਕ ਬਾਰੇ ਜਾਣਕਾਰੀ ਨਹੀਂ ਹੈ।
ਕੀ ਕਾਂਗਰਸ ਪਾਰਟੀ ਵਿੱਚ ਮਜ਼ਬੂਤ ਲੀਡਰਸ਼ਿਪ ਦੀ ਕਮੀ ਹੈ?
ਸਿਆਸਤ ਪਹਿਲਵਾਨਾਂ ਦਾ ਅਖਾੜਾ ਨਹੀਂ ਹੈ। ਰਾਹੁਲ ਗਾਂਧੀ ਨੌਜਵਾਨ, ਸੂਝਵਾਨ ਅਤੇ ਸਮਝਦਾਰ ਆਗੂ ਹਨ। ਮੇਰੇ ਖ਼ਿਆਲ ਨਾਲ ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਬਣਨ ਦੀਆ ਸਾਰੀਆਂ ਖ਼ੂਬੀਆਂ ਹਨ।
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ