ਖਹਿਰਾ ਦੀ ਗੈਰ-ਸੰਸਦੀ ਭਾਸ਼ਾ ਦਾ ਕੈਪਟਨ ਨੇ ਕੀ ਦਿੱਤਾ ਜਵਾਬ?

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਮਹਿਲਾ ਦੋਸਤ ਦੀ ਉਨ੍ਹਾਂ ਦੇ ਘਰ 'ਚ ਮੌਜੂਦਗੀ 'ਤੇ ਸਵਾਲ ਚੁੱਕੇ ਤਾਂ ਕੈਪਟਨ ਨੇ ਜਵਾਬ 'ਚ ਕਿਹਾ ਇਹ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਦਰਸਾਉਂਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਇਹ ਵਿਰੋਧੀ ਧਿਰ ਦੇ ਨੇਤਾ ਅਤੇ ਉਸਦੀ ਪਾਰਟੀ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਸੰਵਿਧਾਨਕ ਮਰਿਆਦਾ 'ਚ ਵਿਸ਼ਵਾਸ ਨਹੀਂ ਰੱਖਦੇ।''

ਕੈਪਟਨ ਅਮਰਿੰਦਰ ਸਿੰਘ ਨੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੀ ਕਾਰਵਾਈ 'ਚ ਪੈਂਦੇ ਅੜਿੱਕੇ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ।

ਉਨ੍ਹਾਂ ਕਿਹਾ, ''ਵਿਧਾਨ ਸਭਾ ਦੀ ਕਾਰਵਾਈ 'ਚ ਅੜਿੱਕਾ ਪਾਉਣਾ ਆਮ ਆਦਮੀ ਪਾਰਟੀ ਦੇ ਚਰਿੱਤਰ ਨੂੰ ਬਿਆਨ ਕਰਦਾ ਹੈ।''

ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬੁੱਧਵਾਰ ਨੂੰ ਸੀਐਮ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕੈਪਟਨ ਦੀ ਮਹਿਲਾ ਮਿੱਤਰ ਦੀ ਮੁੱਖ ਮੰਤਰੀ ਦੇ ਘਰ 'ਚ ਭੂਮਿਕਾ 'ਤੇ ਸਵਾਲ ਚੁੱਕਿਆ ਸੀ।

ਸਦਨ ਨੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਖ਼ਿਲਾਫ 'ਨਿਆਂਪਾਲਿਕਾ ਨੂੰ ਬਦਨਾਮ' ਕਰਨ ਵਾਲੀ ਇੱਕ ਆਡੀਓ ਸੀਡੀ ਰਿਲੀਜ਼ ਕਰਨ 'ਤੇ ਨਿੰਦਾ ਮਤਾ ਪਾਸ ਕੀਤਾ ਸੀ। ਇਸ ਦੇ ਸਬੰਧ 'ਚ ਖਹਿਰਾ ਮੀਡੀਆ ਨਾਲ ਮੁਖ਼ਾਤਿਬ ਹੋਏ ਸਨ।

ਬੈਂਸ ਭਰਾਵਾਂ ਨੇ ਸੋਮਵਾਰ ਨੂੰ ਇੱਕ ਆਡੀਓ ਸੀਡੀ ਰਿਲੀਜ਼ ਕੀਤੀ ਸੀ। ਸੀਡੀ 'ਚ ਕਥਿਤ ਤੌਰ 'ਤੇ ਆਮ ਆਦਮੀ ਪਾਰਟੀ ਨੇਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ ਸੰਬਧੀ ਇੱਕ ਮਾਮਲੇ 'ਚ ਸਾਜਿਸ਼ ਰਚਣ ਦੀ ਗੱਲਬਾਤ ਹੈ।

ਕੀ ਹੈ ਖਹਿਰਾ ਦਾ ਮਾਮਲਾ?

ਸੁਖਪਾਲ ਸਿੰਘ ਖਹਿਰਾ ਨੂੰ ਫ਼ਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਸੰਮਨ ਜਾਰੀ ਕੀਤੇ ਗਏ ਸਨ।

ਇਨ੍ਹਾਂ ਸੰਮਨਾਂ ਨੂੰ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ।

ਸਾਲ 2015 'ਚ ਨਸ਼ਾ ਤਸਕਰੀ ਦੇ ਮਾਮਲੇ 'ਚ ਫੜੇ ਗਏ ਦੋਸ਼ੀਆਂ ਦੇ ਉਸ ਸਮੇਂ ਦੇ ਕਾਂਗਰਸੀ ਬੁਲਾਰੇ ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)