ਕੀ ਹੋਇਆ ਕੈਪਟਨ ਦੇ ਉਨ੍ਹਾਂ 5 ਵਾਅਦਿਆਂ ਦਾ?

ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਸਖ਼ਤ ਕਦਮ ਚੁੱਕਣਗੇ।

ਕੁਝ ਦਿਨ ਪਹਿਲਾਂ ਕੈਪਟਨ ਨੇ ਇਹ ਕਿਹਾ ਕਿ ਉਹ ਬਦਲੇ ਦੀ ਸਿਆਸਤ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਿਨਾ ਸਬੂਤ ਦੇ ਮਜੀਠੀਆ ਦੇ ਖਿਲਾਫ਼ ਕੋਈ ਕਦਮ ਨਹੀਂ ਚੁੱਕਣਗੇ।

ਇਸ ਤਰ੍ਹਾਂ ਦੇ ਕਈ ਹੋਰ ਵਾਅਦੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਕੀਤੇ ਜੋ ਅਜੇ ਤੱਕ ਪੂਰੇ ਨਹੀਂ ਹੋਏ।

ਕੈਪਟਨ ਅਮਰਿੰਦਰ ਸਿੰਘ ਨੇ ਇਸੇ ਸਾਲ ਮਾਰਚ ਮਹੀਨੇ 'ਚ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਸੀ।

ਕਿਸਾਨ ਕਰਜ਼ਾ ਮੁਆਫ਼ੀ

ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣਗੇ।

ਸਰਕਾਰ ਬਣਨ ਤੋਂ ਬਾਅਦ, ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ ਜਿਨ੍ਹਾਂ ਕਿਸਾਨਾਂ ਕੋਲ 5 ਏਕੜ ਤੱਕ ਦੀ ਜ਼ਮੀਨ ਹੈ ਸਿਰਫ਼ ਉਨ੍ਹਾਂ ਦੇ 2 ਲੱਖ ਤੱਕ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ।

ਨਸ਼ਿਆਂ 'ਤੇ ਰੋਕ

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਾ ਇੱਕ ਭੱਖਦਾ ਮੁੱਦਾ ਸੀ। ਕੈਪਟਨ ਨੇ ਚੋਣ ਰੈਲੀ ਦੌਰਾਨ ਵਾਅਦਾ ਕੀਤਾ ਸੀ ਕਿ ਜੇ ਉਹ ਜਿੱਤੇ ਤਾਂ ਚਾਰ ਹਫ਼ਤਿਆਂ ਅੰਦਰ ਨਸ਼ੇ 'ਤੇ ਰੋਕ ਲਾਉਣਗੇ।

ਇਹ ਵੀ ਕਿਹਾ ਗਿਆ ਸੀ ਕਿ ਇੱਕ ਕਨੂੰਨ ਲਿਆਇਆ ਜਾਵੇਗਾ, ਜਿਸ ਦੇ ਨਾਲ ਦੋਸ਼ੀਆਂ ਨੂੰ ਛੇਤੀ ਸਜ਼ਾ ਮਿਲੇਗੀ ਅਤੇ ਉਨ੍ਹਾਂ ਦੀ ਜ਼ਮੀਨ ਜਾਇਦਾਦ ਜ਼ਬਤ ਹੋਵੇਗੀ।

ਵਾਅਦਾ ਇਹ ਵੀ ਕੀਤਾ ਗਿਆ ਸੀ ਕਿ ਨਸ਼ੇ ਸਬੰਧੀ ਕੇਸਾਂ ਦੇ ਨਿਪਟਾਰੇ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਫਾਸਟ ਟਰੈਕ ਕੋਰਟ ਬਣਾਏ ਜਾਣਗੇ।

ਸਰਕਾਰ ਨੇ ਇੱਕ ਡਰੱਗ ਐਡਵਾਈਜ਼ਰੀ ਕਮੇਟੀ ਦਾ ਗਠਨ ਕੀਤਾ ਹੈ, ਪਰ ਨਸ਼ੇ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

ਬਿਕਰਮ ਮਜੀਠੀਆ ਨੂੰ 'ਸਜ਼ਾ'

ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਸ਼ੇ ਦੇ ਕਾਰੋਬਾਰ ਵਿੱਚ ਹਿੱਸਾ ਹੈ।

ਉਨ੍ਹਾਂ ਕਿਹਾ ਸੀ ਕਿ ਉਹ ਮਜੀਠੀਆ ਦੇ ਖਿਲਾਫ਼ ਸਖ਼ਤ ਕਦਮ ਚੁਕਣਗੇ। ਇਸ ਸਮੇ ਕਾਂਗਰਸ ਵਿੱਚ ਇਸ ਮੁੱਦੇ ਨੂੰ ਲੈ ਕੇ ਵੱਖ ਵੱਖ ਰਾਏ ਨਜ਼ਰ ਆ ਰਹੀ ਹੈ।

ਪਾਰਟੀ ਦੇ ਕੁਝ ਨੇਤਾ ਚਾਹੁੰਦੇ ਹਨ ਕਿ ਮਜੀਠੀਆ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਵਿੱਚ ਫ਼ਿਰ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਲੱਗਦਾ ਹੈ ਕਿ ਮਜੀਠੀਆ ਦਾ ਨਸ਼ੇ ਦੇ ਕਾਰੋਬਾਰ ਵਿੱਚ ਹਿੱਸਾ ਹੈ, ਪਰ ਬਿਨਾ ਸਬੂਤ ਦੇ ਉਹ ਕੋਈ ਕਦਮ ਨਹੀਂ ਚੁੱਕਣਗੇ।

ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਜਿਹੜੇ ਨੇਤਾ, ਪੁਲਿਸ ਅਫ਼ਸਰ ਅਤੇ ਹੋਰ ਲੋਕ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਹਨ ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਵੇਗੀ।

ਹਰ ਘਰ ਰੁਜ਼ਗਾਰ

ਕਾਂਗਰਸ ਨੇ ਇਹ ਵਾਅਦਾ ਕੀਤਾ ਸੀ ਕਿ ਹਰ ਘਰ ਵਿੱਚ ਇੱਕ ਨੌਕਰੀ ਦਿੱਤੀ ਜਾਵੇਗੀ। ਇਸ ਦੇ ਲਈ ਹਰ ਜ਼ਿਲੇ ਵਿੱਚ ਰੁਜ਼ਗਾਰ ਬਿਊਰੋ ਖੋਲੇ ਜਾਣਗੇ।

ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਹਰ ਮਹੀਨੇ ਭੱਤਾ ਮਿਲੇਗਾ। ਇਹ ਭੱਤਾ 36 ਮਹੀਨਿਆਂ ਲਈ ਮਿਲੇਗਾ।

ਸਰਕਾਰ ਨੇ ਮੁਹਾਲੀ ਵਿੱਚ ਇੱਕ ਰੁਜ਼ਗਾਰ ਮੇਲਾ ਲਗਾਇਆ। ਸਰਕਾਰ ਦੇ ਮੁਤਾਬਕ ਇਸ ਵਿੱਚ 27000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।

ਸਰਕਾਰ ਨੇ ਅਜੇ ਤੱਕ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਹੈ।

ਨੌਜਵਾਨਾਂ ਲਈ ਸਮਾਰਟ ਫੋਨ

ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਨੌਜਵਾਨਾ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ।

ਇਹ ਕਿਹਾ ਗਿਆ ਸੀ ਕਿ ਸਰਕਾਰ ਬਣਨ ਦੇ 100 ਦਿਨਾਂ ਅੰਦਰ ਇਹ ਫੋਨ ਦੇ ਦਿੱਤੇ ਜਾਣਗੇ। ਪਰ ਅਜਿਹਾ ਨਹੀਂ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)