1984 ਸਿੱਖ ਕਤਲੇਆਮ: ਤ੍ਰਾਸਦੀ ਜੋ ਕਦੇ ਨਹੀਂ ਹੋਣੀ ਚਾਹੀਦੀ ਸੀ, ਪਿਤਰੋਦਾ ਮੁਆਫੀ ਮੰਗਣ - ਰਾਹੁਲ ਗਾਂਧੀ -

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਦੇ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਮੁਆਫੀ ਮੰਗਣੀ ਚਾਹੀਦੀ ਹੈ।

ਪਿਤਰੋਡਾ ਵਰਤਮਾਨ ਸਰਕਾਰ ਨੂੰ ਉਸ ਦੇ ਪੰਜ ਸਾਲਾਂ ਦੇ ਕਾਰਜ ਕਾਲ ਦੀ ਕਾਰਗੁਜ਼ਾਰੀ ਬਾਰੇ ਘੇਰ ਰਹੇ ਸਨ ਤੇ ਕਹਿ ਰਹੇ ਸਨ,"1984 ਹੋਇਆ ਸੋ ਹੋਇਆ ਪਰ ਤੁਸੀਂ ਪੰਜਾਂ ਸਾਲਾਂ ਵਿੱਚ ਕੀ ਕੀਤਾ?"

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਸੈਮ ਪਿਤਰੋਦਾ ਨੇ ਸਿੱਖ ਕਤਲੇਆਮ ਬਾਰੇ ਅਜਿਹਾ ਬਿਆਨ ਦਿੱਤਾ ਹੈ ਤਾਂ ਉਹ ਮੰਦਭਾਗਾ ਹੈ।

ਉਨ੍ਹਾਂ ਕਿਹਾ, “1984 ਦਾ ਸਿੱਖ ਕਤਲੇਆਮ ਇੱਕ ਵੱਡੀ ਤ੍ਰਾਸਦੀ ਸੀ ਅਤੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ।”

‘ਪਿਤਰੋਦਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ’

ਰਾਹੁਲ ਗਾਂਧੀ ਨੇ ਕਿਹਾ, "1984 ਦਾ ਸਿੱਖ ਕਤਲੇਆਮ ਇੱਕ ਵੱਡੀ ਤ੍ਰਾਸਦੀ ਸੀ, ਜਿਸ ਨੇ ਨਾ ਸਹਿਣ ਹੋਣ ਵਾਲਾ ਦਰਦ ਦਿੱਤਾ ਸੀ। ਮੈਂ ਮੰਨਦਾ ਹਾਂ ਕਿ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।"

"ਜੋ ਇਸ ਕਤਲੇਆਮ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਤੇ ਸੋਨੀਆ ਗਾਂਧੀ ਇਸ ਬਾਰੇ ਮੁਆਫੀ ਮੰਗ ਚੁੱਕੇ ਹਨ।"

"ਅਸੀਂ ਆਪਣਾ ਸਟੈਂਡ ਸਾਫ਼ ਕਰ ਚੁੱਕੇ ਹਾਂ। ਮੈਂ ਸੈਮ ਪਿਤਰੋਦਾ ਨਾਲ ਗੱਲ ਕਰਾਂਗਾ ਅਤੇ ਉਨ੍ਹਾਂ ਨੂੰ ਇਸ ਬਾਰੇ ਮੁਆਫੀ ਮੰਗਣੀ ਚਾਹੀਦੀ ਹੈ।"

ਇਹ ਵੀ ਪੜ੍ਹੋ:

ਸੈਮ ਪਿਤਰੋਦਾ ਦੇ ਦਿੱਤੇ ਬਿਆਨ ਬਾਰੇ ਕਾਫੀ ਵਿਵਾਦ ਭਖਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਪੰਜਾਬ ਤੇ ਹਰਿਆਣਾ ਵਿੱਚ ਕੀਤੀਆਂ ਆਪਣੀਆਂ ਰੈਲੀਆਂ ਵਿੱਚ ਇਸ ਬਾਰੇ ਕਾਂਗਰਸ ਦੀ ਨਿਖੇਧੀ ਕੀਤੀ ਗਈ ਸੀ।

ਅਕਾਲੀ ਦਲ ਵੱਲੋਂ ਵੀ ਇਸ ਮੁੱਦੇ ’ਤੇ ਸਖ਼ਤ ਸ਼ਬਦਾਂ ਵਿੱਚ ਬਿਆਨਬਾਜ਼ੀ ਕੀਤੀ ਗਈ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਦੀ ਨਿੰਦਾ ਕੀਤੀ ਸੀ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ